ਨਾਰੀਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਰੀਕੇ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਮਲੇਰਕੋਟਲਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਲੇਰਕੋਟਲਾ

ਨਾਰੀਕੇ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ। ਇਹ ਪਿੰਡ ਮਲੇਰਕੋਟਲੇ ਤੋਂ ਖੰਨਾ ਜਾਣ ਵਾਲੀ ਸੜਕ ਤੇ ਸਥਿਤ ਹੈ। ਆਸਮਾਨੋਂ (ਸੇਟੇਲਾਇਟ ਰਾਹੀਂ) ਦੇਖਿਆਂ ਇਸ ਪਿੰਡ ਦਾ ਆਕਾਰ ਬਿਲਕੁਲ ਚੌਰਸ (ਚੌਕੋਰ) ਹੈ। ਇਸ ਪਿੰਡ ਦੀ ਆਬਾਦੀ ਲਗਭਗ 2200 ਹੈ। ਪਿੰਡ ਦੇ ਬਹੁਤੇਰੇ ਲੋਕਾਂ ਦਾ ਗੋਤ 'ਬੜਿੰਗ' ਹੈ। ਪਿੰਡ ਵਿੱਚ ਤਿੰਨ ਗੁਰਦਵਾਰੇ ਹਨ। ਜਿਹਨਾਂ ਵਿਚੋਂ ਪਿੰਡ ਦੇ ਬਾਹਰਵਾਰ ਇੱਕ ਗੁਰਦੁਆਰਾ 'ਬਾਬੇ ਸ਼ਹੀਦਾਂ' ਹੈ। ਇਹ ਸ਼ਹੀਦ ਅਠਾਰਵੀਂ ਸਦੀ ਦੇ ਵੱਡੇ ਘੱਲੂਘਾਰੇ ਦੇ ਸਮੇਂ ਹੋਏ ਹਨ। ਕਿਉਂਕਿ ਵੱਡੇ ਘੱਲੂਘਾਰੇ ਦਾ ਅਸਲ ਸਥਾਨ ਪਿੰਡ ਕੁੱਪ ਰੋਹੀੜਾ ਇਥੋਂ ਜਿਆਦਾ ਦੂਰ ਨਹੀਂ ਹੈ ਸੋ ਉਸ ਸਮੇਂ ਸਿੰਘ ਲੜਦੇ-ਲੜਦੇ ਆਸੇ ਪਾਸੇ ਦੇ ਪਿੰਡਾਂ ਵੱਲ ਕਾਫ਼ੀ ਦੂਰ ਤੱਕ ਨਿੱਕਲ ਗਏ ਸਨ। ਜਿਸ ਸਥਾਨ ਉੱਪਰ ਇਹ ਗੁਰੂ ਘਰ ਸਥਿਤ ਹੈ, ਪਹਿਲਾਂ ਇਥੇ ਬਹੁਤ ਸੰਘਣੀ ਝਿੜੀ ਹੁੰਦੀ ਸੀ ਜੋ ਕਿ 1990ਵਿਆਂ ਦੇ ਅੱਧ ਤੱਕ ਵੀ ਰਹੀ ਹੈ। ਕੁਝ ਇਤਿਹਾਸਕ ਹਵਾਲੇ ਸਾਨੂੰ ਮਿਲਦੇ ਹਨ ਜਿਨ੍ਹਾਂ ਤੋਂ ਇਹ ਸੰਕੇਤ ਪ੍ਰਾਪਤ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਪ੍ਰਾਪਤ "ਦਮਦਮੀ ਬੀੜ" ਜਿਸਨੂੰ ਦਸਮ ਪਾਤਸ਼ਾਹ ਨੇ ਨਾਂਦੇੜ ਵਿਖੇ ਗੁਰਿਆਈ ਦਿੱਤੀ ਸੀ, ਉਹ ਇਸੇ ਝਿੜੀ ਵਿੱਚ ਪ੍ਰਕਾਸ਼ਮਾਨ ਰਹੀ ਹੋਵੇ (1910 ਦੇ ਲਗਭਗ ਤੱਕ)। ਕਿਉਂਕਿ ਸਿੰਘਾਂ ਦੇ ਦਲ ਜਿੱਥੇ ਜਾਂਦੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਜਾਂਦੇ ਸਨ ਅਤੇ ਝਿੜੀ ਇਸ ਪੱਖੋਂ ਵੀ ਸੁਰੱਖਿਆ ਪ੍ਰਦਾਨ ਕਰਦੀ ਸੀ, ਸੋ ਅਜਿਹੇ ਸਥਾਨ ਉਤਾਰਿਆਂ ਲਈ ਵਿਸ਼ੇਸ਼ ਢੁਕਵੇਂ ਹੁੰਦੇ ਸਨ ਅਤੇ ਚੁਣੇ ਜਾਂਦੇ ਸਨ। ਇਸ ਗੁਰਦੁਆਰਾ ਸਿੰਘਾਂ ਸ਼ਹੀਦਾਂ ਸਾਹਿਬ ਵਿਖੇ ਹਰ ਦਸਵੀਂ ਨੂੰ ਸੰਗਤ ਦੂਰੋਂ ਦੂਰੋਂ ਪਹੁੰਚਦੀ ਹੈ। ਪਿੰਡ ਦੇ ਉੱਤਰ ਪੂਰਬੀ ਕੋਨੇ ਉੱਤੇ ਪਿੰਡ ਦਾ ਗੁਰਦੁਆਰਾ 'ਪਿਪਲੀ ਸਾਹਿਬ' ਹੈ। ਪਿੰਡ ਦੇ ਕੇਂਦਰ ਵਿੱਚ ਗੁਰਦੁਆਰਾ 'ਭਗਤ ਰਵਿਦਾਸ ਜੀ' ਡੇਰਾ ਬਾਬਾ ਭਗਵਾਨ ਦਾਸ ਜੀ ਸਥਿਤ ਹੈ। ਪਿੰਡ ਵਿੱਚ ਬਾਰ੍ਹਵੀਂ ਤੱਕ ਸਕੂਲ, ਪੰਚਾਇਤ ਘਰ ਅਤੇ ਪੀਣ ਵਾਲੇ ਪਾਣੀ ਦੀ ਟੈਂਕੀ ਹੈ। ਪਿੰਡ ਵਿੱਚ ਇੱਕ ਪੁਰਾਤਨ ਸ਼ਿਵਾਲਾ ਮੰਦਿਰ ਅਤੇ ਮਸਜਿਦ ਵੀ ਹੈ। ਪ੍ਰਸਿੱਧ ਸਿੱਖ ਵਿਦਵਾਨ ਸ਼ਮਸ਼ੇਰ ਸਿੰਘ ਅਸ਼ੋਕ (ਜਿਨ੍ਹਾਂ ਦਾ ਪਿੰਡ ਗੁਆਰਾ ਨਾਲ਼ ਲੱਗਵਾਂ ਹੀ ਹੈ) ਨੇ ਫ਼ਾਰਸੀ ਦੀ ਵਿੱਦਿਆ ਇਸੇ ਪਿੰਡ ਦੇ ਇੱਕ ਮੌਲਵੀ ਤੋਂ ਪ੍ਰਾਪਤ ਕੀਤੀ ਸੀ। 19ਵੀਂ ਸਦੀ ਦੇ ਮੁੱਢ (ਤਕਰੀਬਨ 1813 ਈਸਵੀ ਤੋਂ 1829 ਈਸਵੀ ਤੱਕ) ਵਿੱਚ ਪਿੰਡ ਨਾਰੀਕੇ ਦੇ 'ਮਿੱਸਰ ਨੌਧ ਰਾਇ' ਜੀ ਮਹਾਰਾਜਾ ਪਟਿਆਲਾ ਦੇ ਕਾਫੀ ਨਜ਼ਦੀਕੀ ਅਤੇ ਮਹਾਰਾਜਾ ਪਟਿਆਲਾ ਦੇ ਬਾਲਗ ਨਾ ਹੋਣ ਕਾਰਨ ਪਟਿਆਲਾ ਰਿਆਸਤ ਦਾ ਰਾਜਕਾਜ ਚਲਾਉਂਦੇ ਰਹੇ ਸਨ। ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ 'ਮਹਾਨਕੋਸ਼' ਵਿੱਚ ਇਨ੍ਹਾਂ ਬਾਰੇ ਇਹ ਇੰਦਰਾਜ ਹੈ: "ਨੌਧਾ - ਰਿਆਸਤ ਪਟਿਆਲ਼ੇ ਦਾ ਦੀਵਾਨ ਮਿੱਸਰ ਨੌਧਾ ਜੋ ਰਾਜਾ ਸਾਹਿਬ ਸਿੰਘ ਅਤੇ ਰਾਣੀ ਸਾਹਿਬਾਂ ਆਸ ਕੌਰ ਦੀ ਅਮਲਦਾਰੀ ਵਿੱਚ ਰਾਜ ਦਾ ਉੱਤਮ ਪ੍ਰਬੰਧ ਕਰਦਾ ਰਿਹਾ।"

ਮਾਰਚ, 2016 ਵਿੱਚ ਭਾਰਤੀਯ ਮਹਿਲਾ ਬੈਂਕhttp://www.bmb.co.in/press-release/bharatiyamahila-bank-opens-its-narike-branch-punjab ਨੇ ਪਿੰਡ ਨਾਰੀਕੇ ਵਿਖੇ ਆਪਣੀ ਬਰਾਂਚ ਖੋਲ੍ਹੀ ਹੈ, ਜੋ ਇਸ ਪਿੰਡ ਲਈ ਮਾਣ ਵਾਲ਼ੀ ਗੱਲ ਹੈ।

ਇਸ ਪਿੰਡ ਵਿੱਚ ਤਿੰਨ ਮੁੱਖ ਮੇਲੇ ਪ੍ਰਸਿੱਧ ਹਨ: - 1. ਭੂਆ ਸਤੀ ਦਾ ਮੇਲਾ 2. ਬਾਬਾ ਧੀਰ ਸਿੱਧ ਦਾ ਮੇਲਾ (ਇਸ ਮੇਲੇ ਵਿੱਚ ਦੂਰੋਂ ਦੂਰੋਂ 'ਬੜਿੰਗ ਗੋਤ' ਵਾਲੇ ਸ਼ਿਰਕਤ ਕਰਨ ਲਈ ਆਉਂਦੇ ਹਨ) 3. ਬਾਬਾ ਕੰਮੇ ਸ਼ਾਹ ਦਾ ਮੇਲਾ (ਪਿੰਡ ਸਲਾਰ ਨੂੰ ਜਾਂਦੀ ਸੜਕ ਉੱਤੇ ਸਥਿਤ ਖ਼ਾਨਗਾਹ)

ਇਸ ਪਿੰਡ ਦੇ ਪ੍ਰਸਿੱਧ ਵਸਨੀਕ: 1. ਸ. ਮੁਖਤਿਆਰ ਸਿੰਘ ਨਾਰੀਕੇ (ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ) 2. ਸ. ਗੁਰਪ੍ਰੀਤ ਸਿੰਘ (ਸਵ.) (ਡੀ. ਜੀ. ਐਮ. ਫੂਡ ਕਾਰਪੋਰੇਸ਼ਨ ਆਫ਼ ਇੰਡੀਆ) 3. ਡਾਕਟਰ ਦਲਜੀਤ ਸਿੰਘ 4. ਡਾਕਟਰ ਚਮਨਜੋਤ ਸਿੰਘ (MS, MBBS), ਪ੍ਰਸਿੱਧ ਸਰਜਨ, ਡਾਕਟਰ ਬਲਪ੍ਰੀਤ ਕੌਰ (MD ਰੇਡੀਓਲਾਜੀ) 5. ਡਾਕਟਰ ਗੁੰਜਨਜੋਤ ਕੌਰ, ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

[1] ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਲੇਰਕੋਟਲਾ ਹੈ।

ਹਵਾਲੇ[ਸੋਧੋ]

  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ.