ਅਗਨੀ ਪੁਰਾਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

thumb|ਅਗਨੀਪੁਰਾਣ

ਜਾਣ -ਪਛਾਣ:[ਸੋਧੋ]

ਅਗਨੀ ਪੁਰਾਣ(ਸੰਸਕ੍ਰਿਤ: अग्नि पुराण) 18 ਮਹਾਂਪੁਰਾਣਾਂ ਵਿੱਚੋਂ ਇੱਕ ਹੈ। ਪਰੰਪਰਾ ਦੇ ਅਨੁਸਾਰ ਇਹ ਅਗਨੀ ਦੇਵ ਦੁਆਰਾ ਵਸ਼ਿਸ਼ਟ ਰਿਸ਼ੀ ਨੂੰ ਸੁਣਾਇਆ ਗਿਆ ਸੀ। [1] ਇਹ ਸਿਮ੍ਤੀਆਂ ਦਾ ਭਾਗ ਹਨ। ਪੁਰਾਣਾਂ ਵਿੱਚ 18 ਮਹਾਂਪੁਰਾਣ ਅਤੇ 18 ਤੋਂ 88 ਤੱਕ ਉਪਪੁਰਾਣ ਸ਼ਾਮਿਲ ਹਨ। ਹਰੇਕ ਪੁਰਾਣ ਦੇ ਆਪਣੇ - ਆਪਣੇ ਲੱਛਣ ਹਨ। ਮਹਾਂਪੁਰਾਣਾਂ ਵਧੇਰੇ ਮਹੱਤਵਪੂਰਨ ਹਨ।[2] ਇਹ ਧਰਮ ਅਤੇ ਸੰਸਕ੍ਰਿਤੀ ਨਾਲ ਜੁੜੇ ਅਨੇਕ ਤੱਥਾਂ ਦਾ ਵਿਵੇਚਨ ਤਾਂ ਕਰਦਾ ਹੀ ਹੈ; ਇਸ ਵਿੱਚ ਅਨੇਕ ਸ਼ਾਸਤਰਾਂ ਦਾ ਵਿਸ਼ਲੇਸ਼ਣ ਅਤੇ ਸਾਰ ਵੀ ਪ੍ਰਾਪਤ ਹੁੰਦਾ ਹੈ। ਭਾਰਤੀ ਅਤੇ ਵਿਦੇਸ਼ੀ ਸਮਾਲੋਚਕਾਂ ਨੇ ਇਸਦੀ ਸਾਮਗਰੀ ਨੂੰ ਮਹੱਤਵਪੂਰਨ ਦੱਸਦੇ ਹੋਏ ਇਸਨੂੰ 'ਵਿਸ਼ਵਕੋਸ਼' ਦਾ ਦਰਜਾ ਦਿੱਤਾ ਹੈ।ਅਗਨੀਪੁਰਾਣਕਾਰ ਨੇ ਆਪਣੇ-ਆਪ ਵੀ ਇਸ ਦਾ ਮਹੱਤਵ ਦੱਸਦੇ ਹੋਏ ਕਿਹਾ ਹੈ ਕਿ, "ਇਸ ਅਗਨੀਪੁਰਾਣ 'ਚ ਸਾਰੀਆਂ ਵਿਦਿਆਵਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ।" ਇਸ ਵਿੱਚ 383 ਅਧਿਆਇ ਅਤੇ 11457 ਸ਼ਲੋਕ ਹਨ ਅਤੇ ਇਸਦੇ 337 ਤੋਂ 347 ਤੱਕ ਦੇ ਗਿਆਰਾਂ ਅਧਿਆਵਾਂ ਵਿੱਚ ਕਾਵਿ- ਸ਼ਾਸਤਰੀ ਸਾਮਗਰੀ ਦਾ ਪ੍ਤਿਪਾਦਨ ਉਪਲਬੱਧ ਹੈ।[3]

ਅਗਨੀ ਪੁਰਾਣਾ ਦੇ ਸਮੇਂ ਅਤੇ ਕਰਤਾ ਬਾਰੇ ਚਰਚਾ:[ਸੋਧੋ]

ਅਗਨੀਪੁਰਾਣ ਦੇ ਸਮੇਂ ਅਤੇ ਲੇਖਕ ਬਾਰੇ ਮਤ- ਮਤਾਂਤਰਾ ਤੋ ਇਲਾਵਾ ਕੁੱਝ ਪੱਲੇ ਨਹੀਂ ਪੈਂਦਾ ਹੈ।

1.ਭਾਰਤੀ ਪਰੰਪਰਾ ਅਠਾਰਾਂ ਪੁਰਾਣਾਂ ਦਾ ਲੇਖਕ 'ਮਹਾਂਰਿਸ਼ੀ ਵੇਦਵਿਆਸ' ਨੂੰ ਮੰਨਦੀ ਹੈ, ਪਰੰਤੂ ਆਧੁਨਿਕ ਆਲੋਚਕ ਇਹਨਾਂ ਨੂੰ ਇਸਦਾ ਸਿਰਫ ਸੰਪਾਦਕ ਅਤੇ ਸੰਕਲਨਕਰਤਾ ਕਹਿੰਦੇ ਹਨ।

2.ਪੌਰਾਣਿਕ ਪਰੰਪਰਾ ਦੇ ਅਨੁਸਾਰ ਇਸ ਪੁਰਾਣ ਨੂੰ ਸੂਤ ਮੁਨੀ ਨੇ ਸ਼ੋਨਕ ਆਦਿ ਰਿਸ਼ੀ ਨੂੰ ਸੁਣਾਇਆ; ਸੂਤ ਨੇ ਇਹ ਵਿਦਿਆ ਮਹਾਰਿਸ਼ੀ ਵੇਦਵਿਆਸ ਤੋ ਸਿੱਖੀ; ਵੇਦਵਿਆਸ ਨੇ ਇਹ ਵਿਦਿਆ ਮਹਾਰਿਸ਼ੀ ਵਸ਼ਿਸ਼ਠ ਕੋਲੋ ਸਿੱਖੀ ਅਤੇ ਵਸ਼ਿਸ਼ਠ ਨੇ ਇਸਦਾ ਉਪਦੇਸ਼ ' ਅਗਨੀ ' ਤੋ ਪ੍ਰਾਪਤ ਕੀਤਾ। ਇਸ ਤਰ੍ਹਾਂ ਮੂਲ ਰੂਪ 'ਚ ਇਸ ਪੁਰਾਣ ਦਾ ਉਪਦੇਸ਼ ਅਗਨੀ ਨੇ ਵਸ਼ਿਸ਼ਠ ਨੂੰ ਦਿੱਤਾ ਹੈ; ਸੋ ਇਸ ਪੁਰਾਣ ਦਾ ਲੇਖਕ 'ਅਗਨੀ' ਨੂੰ ਸਮਝਿਆ ਜਾ ਸਕਦਾ ਹੈ(ਸ਼ਾਇਦ ਅਗਨੀ ਕਿਸੇ ਰਿਸ਼ੀ ਦਾ ਨਾਮ ਹੋਵੇ)।

3. ਪ੍ਰਾਚੀਨ ਭਾਰਤੀ ਪਰੰਪਰਾ ਦੇ ਅਨੁਸਾਰ ਭਾਰਤੀ ਕਾਵਿ-ਸ਼ਾਸਤਰ ਦੇ ਸਿਧਾਂਤ ਸਭ ਤੋਂ ਪਹਿਲਾਂ 'ਅਗਨੀ ਪੁਰਾਣ' ਵਿੱਚ ਲਿਖੇ ਗਏ ਅਤੇ ਬਾਅਦ 'ਚ 'ਅਚਾਰੀਆ ਭਰਤ ' ਨੇ ਉਥੋਂ ਹੀ ਸਾਰੀ ਸਾਮਗਰੀ ਲੈ ਕੇ ਕਾਰਿਕਾਵਾਂ (ਸ਼ਲੋਕਾਂ) ' ਚ ਲਿਖ ਦਿੱਤਾ ਹੈ।ਇਸ ਤਰ੍ਹਾਂ 'ਅਗਨੀਪੁਰਾਣ' ਦਾ ਸਮਾਂ ਭਰਤ ਤੋਂ ਪਹਿਲਾਂ ਦਾ ਹੋ ਜਾਂਦਾ ਹੈ।[4]

4. ਭਾਰਤੀ ਵਿਦੇਸ਼ੀ ਆਲੋਚਕਾਂ ਅਤੇ ਸੰਸਕ੍ਰਿਤ ਸਾਹਿਤ ਦੇ ਇਤਿਹਾਸਕਾਰਾਂ ਨੇ ਸ਼ਾਸਤਰ ਦੇ ਗ੍ਰੰਥਾਂ, ਕਾਵਿਆਂ-ਗਦਕਾਵਿਆਂ 'ਚ ਪ੍ਰਾਪਤ ਉੱਧਰਣਾਂ, ਅਗਨੀਪੁਰਾਣ 'ਚ ਵਿਵੇਚਿਤ ਕਾਵਿ-ਸ਼ਾਸਤਰ ਦੇ ਤੱਤਾਂ ਅਤੇ ਇੱਕ- ਦੂਜੇ ਤੋਂ ਅਨੁਕਰਣ ਅਥਵਾ ਵਿਰੋਧ-ਦੇ ਆਧਾਰ 'ਤੇ 'ਅਗਨੀਪੁਰਾਣ' ਨੂੰ ਬਹੁਤ ਬਾਅਦ ਦੀ ਰਚਨਾ ਕਹਿੰਦੇ ਹੋਏ ਇਸਨੂੰ ਅਚਾਰੀਆ ਭਰਤ, ਭਾਮਹ, ਦੰਡੀ, ਆਨੰਦਵਰਧਨ ਅਤੇ ਭੋਜ ਤੋਂ ਵੀ ਬਾਅਦ ਦਾ ਮੰਨਿਆ ਹੈ।[5]

5. ਡਾ. ਵਿੰਟਰਨਿਟ੍ਸ ਦਾ ਕਹਿਣਾ ਹੈ ਕਿ, "ਇਸ ਪੁਰਾਣ ਦੀ ਰਚਨਾ ਦੇ ਸਮੇਂ ਨੂੰ ਨਿਰਧਾਰਿਤ ਕਰਨਾ ਅਤਿਕਠਿਨ ਹੈ, ਕਿਉਂਕਿ ਇਸ ਵਿੱਚ ਵਿਰੋਧੀ ਵਿਚਾਰਾਂ ਦਾ ਸੰਕਲਨ ਹੈ।"[6]

6.ਇਹਨਾਂ ਦੇ ਲਿਖਣ ਦਾ ਸਮਾਂ ਨਿਸ਼ਚਿਤ ਨਹੀਂ ਪਰ ਖਿਆਲ ਹੈ, ਕਿ ਇਹ ਛੇਵੀਂ ਸਦੀ ਈ: ਤੋਂ ਲੈ ਕੇ ਸੋਲ੍ਹਵੀਂ ਸਦੀ ਈ: ਦੇ ਵਿਚਕਾਰ ਲਿਖੇ ਗਏ।[2]

7.ਪੀ.ਵੀ.ਕਾਣੇ ਨੇ ' ਸੰਸਕ੍ਰਿਤ ਕਾਵਿ- ਸ਼ਾਸਤਰ' ਦੇ ਇਤਿਹਾਸ ਵਿੱਚ ਕਈ ਜੁਗਤੀਆ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ 'ਅਗਨੀਪੁਰਾਣ' ਆਲੋਚਨਾ ਦਾ ਪਹਿਲਾ ਗ੍ਰੰਥ ਨਹੀ, ਪਹਿਲਾਂ ਆਲੋਚਨਾ ਗ੍ਰੰਥ ਤਾਂ ਭਰਤਮੁਨੀ ਦਾ 'ਨਾਟਯਸ਼ਾਸਤਰ' ਹੀ ਹੈ। [7]

ਅਗਨੀ ਪੁਰਾਣ ਦਾ ਸਰੂਪ:[ਸੋਧੋ]

ਅਗਨੀ ਪੁਰਾਣ ਵਿੱਚ ਭਾਰਤੀ ਆਲੋਚਨਾ ਦੇ ਸਾਰਿਆਂ ਮੁੱਖ- ਮੁੱਖ ਸਿਧਾਂਤ ਦੇ ਹਵਾਲੇ ਮਿਲਦੇ ਹਨ ਅਤੇ ਕਾਫੀ ਭਰਪੂਰ ਤਰੀਕੇ ਨਾਲ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹਨਾਂ ਵਿੱਚ ਕਾਵਿ ਦੇ ਪ੍ਕਾਰ, ਨਾਟਕ ਦੀ ਕਲਾ, ਕਾਵਿ-ਰਸ, ਨਾਇਕ-ਨਾਇਕਾ ਦੇ ਭੇਦ, ਰੀਤੀ (ਸ਼ੈਲੀ), ਐਕਟਿੰਗ ਦੇ ਪ੍ਕਾਰ, ਅਲੰਕਾਰ, ਕਾਵਿ ਦੋਸ਼ ਆਦਿ ਸਾਰੇ ਅੰਗ ਹਨ।[8]

 1. 'ਅਗਨੀਪੁਰਾਣ' ਵਿੱਚ ਗੁਣਾਂ ਦਾ ਲੱਛਣ ਨਿਰਧਾਰਿਤ ਕਰਦਿਆਂ ਲਿਖਿਆ ਗਿਆ ਹੈ, "ਕਾਵਿ ਵਿੱਚ ਅਨੁਪਮ ਸ਼ੋਭਾ ਪੈਦਾ ਕਰਨ ਵਾਲੇ ਤੱਤ ਗੁਣ ਹਨ।

2.'ਅਗਨੀਪੁਰਾਣ' ਨੇ ਗੁਣ ਤੇ ਅਲੰਕਾਰ ਦਾ ਭੇਦ ਸਪਸ਼ਟ ਕਰਦਿਆਂ ਅਲੰਕਾਰਾ ਨੂੰ ਇਸਤਰੀ ਦੇ ਗਹਿਣੇ ਅਤੇ ਗੁਣਾਂ ਨੂੰ ਇਸਤਰੀ ਦੀ ਸੁੰਦਰਤਾ ਦੱਸਿਆ ਹੈ।[9]

ਭਾਰਤੀ ਕਾਵਿ-ਸ਼ਾਸਤਰ ਦੇ ਦ੍ਰਿਸ਼ਟੀਕੋਣ ਤੋਂ 'ਅਗਨੀਪੁਰਾਣ' ਦਾ ਵਿਵੇਚਨ:[ਸੋਧੋ]

ਚਾਹੇ 'ਅਗਨੀਪੁਰਾਣ' ਵਿੱਚ ਅਨੇਕ ਸ਼ਾਸਤਰਾਂ ਦੇ ਸਾਰੇ ਅਨਗਣਿਤ ਵਿਸ਼ਿਆਂ ਦਾ ਪ੍ਤਿਪਾਲ ਅਥਵਾ ਸਕੰਲਨ ਹੋਇਆ ਹੈ, ਪਰ ਸਾਨੂੰ ਤਾਂ ਸਿਰਫ ਕਾਵਿ- ਸ਼ਾਸਤਰੀ ਤੱਤਾਂ ਦਾ ਵਿਵੇਚਨ ਹੀ ਅਭਿਲਕਸ਼ਿਤ ਹੈ। ਸੋ 'ਅਗਨੀਪੁਰਾਣ' ਦੇ 337 ਤੋਂ 347 ਤੱਕ ਗਿਅਰਾਂ ਅਧਿਆਵਾਂ ਵਿੱਚ ਕਾਵਿ- ਸ਼ਾਸਤਰ ਦੇ ਅਨੇਕ ਵਿਸ਼ਿਆਂ ਦਾ ਨਿਰੂਪਣ ਹੋਇਆ ਹੈ ਅਤੇ ਇਹਨਾਂ ਅਧਿਆਵਾਂ ਵਿੱਚ ਕੁੱਲ 362 ਸ਼ਲੋਕ ਮਿਲਦੇ ਹਨ। ਇਹਨਾਂ ਅਧਿਆਵਾਂ ਵਿੱਚ ਵਿਸ਼ੈ-ਵਸਤੂ ਦਾ ਨਿਰੂਪਣ ਰੂਪ ਚ ਮਿਲਦਾ ਹੈ: -

 1. ਅਧਿਆਇ 337 ਵਿੱਚ ਕਾਵਿ ਦਾ ਮਹੱਤਵ, ਲਕ੍ਸ਼ਣ ਅਤੇ ਕਾਵਿਭੇਦ; ਗਦ-ਕਾਵਿ ਦੇ ਭੇਦਾਂ-ਉਪਭੇਦਾਂ ਦਾ ਵਿਵੇਚਨ; ਪਦ-ਕਾਵਿ ਦੇ ਭੇਦਾਂ ਦਾ ਉੱਲੇਖ ਕਰਕੇ ਮਹਾਕਾਵਿ ਦੇ ਸਰੂਪ ਦਾ ਵਿਸਤ੍ਰਿਤ ਪ੍ਤਿਪਾਦਨ ਅਤੇ ਦੂਜੇ ਕਾਵਿਭੇਦਾਂ ਦਾ ਸੰਖਿਪਤ ਸਰੂਪ ਹੈ।
 2. ਅਧਿਆਇ 338 ਵਿੱਚ ਨਾਟ੍ਯਸੰਬੰਧੀ ਵਿਸ਼ਿਆਂ ਨੂੰ ਅੰਕਿਤ ਕਰਕੇ ਇਸ ਵਿੱਚ ਰੂਪਕ (ਨਾਟਕ) ਦੇ ਦਸ ਭੇਦਾਂ ਅਤੇ ਉਪਰੂਪਕਾਂ ਦਾ ਪ੍ਤਿਪਾਦਨ; ਨਾਟਕੀਯ ਸਾਮਗਰੀਪ੍ਸਤਾਵਨਾ, ਪੰਜ ਅਰਥਪ੍ਕ੍ਰਿਤੀਆਂ, ਪੰਜ ਸੰਧੀਆਂ ਆਦਿ ਉੱਲੇਖ; ਅੰਤ 'ਚ ਸਭ ਤੋਂ ਚੰਗੇ ਨਾਟਕ ਦੇ ਗੁਣ ਅਤੇ ਉਨ੍ਹਾਂ 'ਚ ਜ਼ਰੂਰੀ ਚਾਹੀਦੇ ਦੇਸ਼-ਕਾਲ 'ਤੇ ਵਿਚਾਰ ਹੋਇਆ ਹੈ।
 3. ਅਧਿਆਇ 339 ਵਿੱਚ ਰਸ, ਸਥਾਈਭਾਵ, ਵਿਅਭਿਚਾਰਿਭਾਵ, ਆਲੰਬਨ ਅਤੇ ਉੱਦੀਪਨ ਵਿਭਾਵ ਦਾ ਵਿਵੇਚਨ; ਨਾਇਕ- ਨਾਇਕਾ ਦੇ ਭੇਦਾਂ ਅਤੇ ਉਨ੍ਹਾਂ ਦੇ ਗੁਣਾਂ ਦਾ ਪ੍ਤਿਪਾਦਨ ਹੈ।
 4. ਅਧਿਆਇ 340 ਵਿੱਚ ਪਾਂਚਾਲੀ, ਗੌੜ੍ਹੀ, ਵੈਦਰਭੀ, ਲਾਟੀ ਰੀਤੀਆਂ, ਭਾਰਤੀ, ਸਾੱਤਵਤੀ, ਕੈਸ਼ਿਕੀ, ਆਰਭਟੀ-ਚਾਰ ਵ੍ਰਿੱਤੀਆਂ ਦਾ ਵਿਵੇਚਨ ਹੈ
 5. ਅਧਿਆਇ 341 ਵਿੱਚ ਨਾਇਕਾਵਾਂ ਦੀਆਂ ਚੇਸ਼ਟਾਵਾਂ; ਉਹਨਾਂ ਦੇ ਹਾਵ-ਭਾਵਾਂ; ਨ੍ਰਿੱਤਕਲਾ 'ਚ ਪ੍ਯੁਕਤ ਹੋਣ ਵਾਲੇ ਅੰਗਾਂ- ਹੱਥ, ਪੈਰ,ਅੱਖ, ਪਲਕ ਆਦਿ -ਦੇ ਸੰਚਾਲਨ ਦੀ ਵਿਧੀ ਵਰਣਿਤ ਹੈ
 6. ਆਧਿਆਇ 342 ਵਿੱਚ ਸਾੱਤ੍ਰਵਿਕ,ਵਾਚਿਕ,ਆਂਗਿਕ,ਆਹਾਰਯ-ਅਭਿਨੈ ਦੇ ਚਾਰ ਅੰਗਾਂ ;ਸ਼੍ਰਿੰਗਾਰ ਆਦਿ ਰਸਾਂ ਦੇ ਲਕ੍ਰਸ਼ਣ ਅਤੇ ਭੇਦ; ਅਲੰਕਾਰ ਦਾ ਲਕ੍ਰਸ਼ਣ, ਉਸਦੇ ਭੇਦ ਅਤੇ ਕੁੱਝ ਸ਼ਬਦਾਲੰਕਾਰਾਂ ਦਾ ਨਿਰੂਪਣ ਹੈ।
 7. ਆਧਿਆਇ 343 ਵਿੱਚ ਸ਼ਬਦਾਲੰਕਾਰਾਂ ਦੇ ਪ੍ਰਸੰਗ 'ਚ ਅਨੁਪ੍ਰਾਸ, ਯਮਕ; ਉਸਦੇ ਦੂਜੇ ਭੇਦ ; ਚਿਤ੍ਰਕਾਵਿ ਅਤੇ ਉਸਦੇ ਸੱਤ ਭੇਦ ; ਪ੍ਰਹੇਲਿਕਾ ਅਤੇ ਉਸਦੇ ਸੋਲਾਂ ਭੇਦ; ਗੋਮੂਤ੍ਰਿਕਾ, ਸਰਵਤੋਭਦ੍ ਆਦਿ ਬੰਧ (ਵਿਸ਼ੇਸ਼ ਰੂਪ ਵਾਲੇ ਜਿਵੇਂ ਖੜਗਬੰਧ ਆਦਿ) ਅਲੰਕਾਰ ਹਨ।
 8. ਆਧਿਆਇ 344 ਵਿੱਚ ਅਰਥਾਲੰਕਾਰਾਂ 'ਚ-ਉਪਮਾ,ਰੂਪਕ,ਸਹੋਕਤੀ,ਅਰਥਾਂਤਰਨਿਆਸ ਆਦਿ ਅਲੰਕਾਰਾਂ ਦੇ ਲਕ੍ਰਸ਼ਣ ਅਤੇ ਭੇਦ ਹਨ।
 9. ਆਧਿਆਇ 345 ਵਿੱਚ ਸ਼ਬਦ ਅਤੇ ਅਥਾਲੰਕਾਰ ਪ੍ਰਸ਼ਸਤੀ,ਕਾਂਤੀ,ਔਚਿਤਯ,ਸੰਕ੍ਰਸ਼ੇਪ,ਯਾਵਦਰਥਤਾ ਅਤੇ ਅਭਿਵਿਅਕਤੀ-ਛੇ ਭੇਦਾਂ ਦਾ ਨਿਰੂਪਣ ਕਰਕੇ -ਸਮਾਧੀ, ਆਕ੍ਰਸ਼ੇਪ,ਸਮਾਸੋਕਤੀ,ਅਪਹਨੁਤੀ, ਪਰਯਾਯੋਕਤ-ਅਲੰਕਾਰਾਂ ਦਾ ਵਿਵੇਚਨ; ਧੁਨੀ ਦਾ ਇਹਨਾਂ ਅਲੰਕਾਰਾਂ 'ਚ ਹੀ ਅੰਤਰਭਾਵ ਕੀਤਾ ਹੈ
 10. ਆਧਿਆਇ 346 ਵਿੱਚ ਗੁਣਾਂ ਦੀ ਪਰਿਭਾਸ਼ਾ, ਮਹਤੱਵ ਅਤੇ ਭੇਦਾਂ ਵਿਵੇਚਨ; ਸੱਤ ਸ਼ਬਦਗੁਣਾਂ; ਛੇ ਅਰਥਗੁਣਾਂ ਅਤੇ ਛੇ ਹੀ ਸ਼ਬਦਾਰਥ ਗੁਣਾਂ ਦਾ ਨਿਰੂਪਣ ਹੈ।
 11. ਆਧਿਆਇ 347 ਵਿੱਚ ਕਾਵਿਗਤ ਦੋਸ਼ਾਂ ਦਾ ਵਿਵੇਚਨ ਕਰਦੇ ਹੋਏ ਸੱਤ ਪ੍ਰਮੁੱਖ ਦੋਸ਼ਾਂ ਨੂੰ ਦੱਸ ਕੇ ਉਨ੍ਹਾਂ ਦੇ ਭੇਦ; ਦੋਸ਼ਾਂ ਦੇ ਪਰਿਹਾਰ (ਦੂਰ ਕਰਨ) ਦਾ ਉਪਾਇ; ਅੰਤ 'ਚ ਕਵੀਆਂ ਦੇ ਸਮੁਦਾਚਾਰ ( ਉਚਿਤ ਵਿਵਹਾਰ) ਦਾ ਵਰਣਨ।[10]

ਪ੍ਰਾਚੀਨ ਭਾਰਤੀ ਸੰਸਕ੍ਰਿਤ ਸਾਹਿਤ ਵਿੱਚ ਅਗਨੀਪੁਰਾਣ ਦਾ ਵਿਸ਼ੇਸ਼ ਮਹੱਤਵ ਹੈ, ਅਤੇ ਇਹਨਾਂ ਨੂੰ ਭਾਰਤੀ ਗਿਆਨ -ਵਿਗਿਆਨ ਦਾ ਕੋਸ਼,ਭਾਰਤੀ ਧਰਮ,ਸੰਸਕ੍ਰਿਤ, ਸਮਾਜਿਕ ਪਰੰਪਰਾਵਾਂ ਦਾ ਸੰਗ੍ਰਹਿ ਅਤੇ ਹਿੰਦੂ ਧਰਮ ਦਾ ਆਧਾਰ ਮੰਨਿਆ ਜਾਂਦਾ ਹੈ।[11]

ਹਵਾਲੇ :[ਸੋਧੋ]

 1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਭਾਗ ਪਹਿਲਾ. ਭਾਸ਼ਾ ਵਿਭਾਗ ਪੰਜਾਬ. p. 54.
 2. 2.0 2.1 ਗਿੱਲ, ਰਛਪਾਲ ਸਿੰਘ (2004). ਪੰਜਾਬ ਕੋਸ਼ ਭਾਗ ਪਹਿਲਾ. ਭਾਸ਼ਾ ਵਿਭਾਗ, ਪੰਜਾਬ. p. 54.
 3. ਸ਼ਰਮਾ, ਪ੍ਰੋ.ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. ISBN 978-81-302-0462-8.
 4. ਸ਼ਰਮਾ, ਪ੍ਰੋ.ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ. p. 281. ISBN 978-81-302-0462-8.
 5. ਕੁਮਾਰ, ਕ੍ਰਿਸ਼ਣ. ਅਲੰਕਾਰਸ਼ਾਸਤ੍ ਦਾ ਇਤਿਹਾਸ. p. 63.
 6. ਵਿੰਟਰਨਿਟ੍ਸ, ਮੌਰਿਸ. ਏ ਹਿਸਟਰੀ ਆਫ ਇੰਡੀਅਨ ਲਿਟਰੇਚਰ- 1. p. 566.
 7. ਧਾਲੀਵਾਲ, ਪ੍ਰੋ .ਪ੍ਰੇਮ ਪ੍ਰਕਾਸ਼ ਸਿੰਘ. ਭਾਰਤੀ ਕਾਵਿ -ਸ਼ਾਸਤਰ. ਮਦਾਨ ਪਬਲੀਕੇਸ਼ਨ, ਪਟਿਆਲਾ. pp. 2–3.
 8. ਧਾਲੀਵਾਲ, ਪ੍ਰੋ .ਪ੍ਰੇਮ ਪ੍ਰਕਾਸ਼ ਸਿੰਘ. ਭਾਰਤੀ ਕਾਵਿ-ਸ਼ਾਸਤਰ. ਮਦਾਨ ਪਬਲੀਕੇਸ਼ਨ, ਪਟਿਆਲਾ. p. 2.
 9. ਕੌਰ, ਉਪਕਾਰ (1986). ਭਾਰਤੀ ਸਮੀਖਿਆ ਸ਼ਾਸਤ੍. ਪਟਿਆਲਾ. p. 60.{{cite book}}: CS1 maint: location missing publisher (link)
 10. ਸ਼ਰਮਾ, ਪ੍ਰੋ ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ. pp. 282, 283. ISBN 978-81-302-0462-8.
 11. ਸ਼ਰਮਾ, ਪ੍ਰੋ ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 281. ISBN 978-81-302-0462-8.