ਆਜ਼ਰਬਾਈਜਾਨੀ ਥੀਏਟਰ
ਅਜ਼ਰਬਾਈਜਾਨੀ ਥੀਏਟਰ (Azerbaijani: Azərbaycan teatrı) – ਅਜ਼ਰਬਾਈਜਾਨੀ ਲੋਕਾਂ ਦੀ ਇੱਕ ਥੀਏਟਰ ਕਲਾ ਹੈ।
ਇਤਿਹਾਸ
[ਸੋਧੋ]ਅਜ਼ਰਬਾਈਜਾਨੀ ਥੀਏਟਰ ਕਲਾ ਦੇ ਸਰੋਤ ਪ੍ਰਾਚੀਨ ਛੁੱਟੀਆਂ ਅਤੇ ਨਾਚ ਕਲਾਵਾਂ ਵਿੱਚ ਮਿਲਦੇ ਹਨ।
ਅਜ਼ਰਬਾਈਜਾਨੀ ਲੋਕਾਂ ਦੀ ਰਚਨਾਤਮਕਤਾ ਦੀਆਂ ਬਹੁਤ ਸਾਰੀਆਂ ਕਿਸਮਾਂ ਵਿੱਚ ਥੀਏਟਰੀਕਲ ਐਕਸ਼ਨ ਦੇ ਤੱਤ ਮਿਲਦੇ ਹਨ – ਖੇਡਾਂ ਵਿੱਚ ("gizlanpach" – ਲੁਕਣ ਮੀਟੀ, "kosaldigach" – ਪੋਲੋ ਖੇਡ), ਖੇਡ ਗੀਤ ("kepenek" – ਤਿੱਤਲੀ, "banovsha" – ਬਨਸਫ਼ਾ), ਵਿਆਹ ਪਰੰਪਰਾਵਾਂ ("nishan" – ਕੁੜਮਾਈ, "duvakhgalma" – ਘੁੰਡ ਚੁਕਾਈ, "ਖਿਡੌਣਾ" – ਵਿਆਹ) ਅਤੇ ਛੁੱਟੀਆਂ ("Nowruz" – ਬਸੰਤ ਦੀ ਆਮਦ, "kev-sej" – ਸਰਦੀ ਦੀ ਤਿਆਰੀ)।
ਸਮੂਹਿਕ ਮਰਦ ਨਾਚ "yally", ਸਕੋਮੋਰੋਖ, ਕੰਦੀਰਬਾਜ਼ (ਰੱਸੀ ਤੇ ਤੁਰਨ ਵਾਲੇ), ਮੁਖਰਾਡੁਜ਼ ਅਤੇ ਮੁਖਰਾਬਾਜ਼, ਦਰਵੇਸ਼ ਅਤੇ ਸਪੇਰਿਆਂ ਦੇ ਤਮਾਸ਼ੇ ਥੀਏਟਰੀਕਲ ਸਰਗਰਮੀਆਂ ਦੇ ਸ਼ੁਰੂਆਤੀ ਰੂਪ ਹਨ। ਮੋਟੇ ਤੌਰ 'ਤੇ ਮਸ਼ਹੂਰ ਕੌਮੀ ਸੀਨ, ਕੋਸਾ-ਕੋਸਾ", "ਗਰਾਵੇਲੀ", "ਸ਼ਾਹ ਸਲੀਮ", "ਕੇਚਲ ਪਹਲਵਾਨ"(ਗੰਜਾ ਭਲਵਾਨ), "ਜੇਰਾਨ ਖਾਨਿਮ" (ਸ੍ਰੀਮਤੀ ਜੇਰਾਨ), "ਮਾਰਲ ਓਯੂਨੁ" (ਹਿਰਨ ਦੀ ਖੇਡ), "ਕਫਤਾਰਕੋਸ" (ਲੱਕੜਬੱਘਾ), "ਖਾਨ-ਖਾਨ" (ਹਾਕਮ ਅਤੇ ਜੱਜ), "ਤਪਦਿਗ ਚੋਬਾਂ" (ਅਯਾਲੀ ਤਪਦਿਗ) ਅਤੇ "ਤੇਨਬੇਲ ਗਰਦਸ਼" (ਆਲਸੀ ਭਰਾ) ਬਗੈਰਾ ਕੌਮੀ ਅਜ਼ਰਬਾਈਜਾਨੀ ਥੀਏਟਰ ਦੇ ਨਿਰਮਾਣ ਵਿੱਚ ਬਹੁਤ ਮਹੱਤਵ ਹੈ। "ਕਿਲਿਮ ਅਰਾਸੀ" (ਕਾਲੀਨ ਦੇ ਵਿੱਚੋਂ) ਕਠਪੁਤਲੀ ਥੀਏਟਰ, ਜਿਸ ਦੇ ਤਮਾਸ਼ਿਆਂ ਵਿੱਚ ਰੋਜ਼ਾਨਾ ਦੀ ਜ਼ਿੰਦਗੀ ਦੇ ਬਦਸੂਰਤ ਰੂਪ, ਸਮਾਜਿਕ ਅਸਮਾਨਤਾ ਅਤੇ ਬੇਇਨਸਾਫ਼ੀ ਦੀ ਭੰਡੀ ਕੀਤੀ ਗਈ ਹੁੰਦੀ ਸੀ, ਅਜ਼ਰਬਾਈਜਾਨੀ ਥੀਏਟਰ ਕਲਾ ਦੀ ਇੱਕ ਪ੍ਰਾਚੀਨ ਕਿਸਮ ਹੈ।
ਮੱਧਕਾਲ ਵਿੱਚ ਧਾਰਮਿਕ-ਰਹੱਸਵਾਦੀ ਤਮਾਸ਼ੇ ਵਿਆਪਕ ਤੌਰ 'ਤੇ ਪ੍ਰਚਲਿਤ ਸਨ। ਨਾਟਕੀ "ਸ਼ਬੀਹ" ਪਰੰਪਰਾ, ਜੋ ਕਿ ਆਮ ਤੌਰ 'ਤੇ ਗਮਗੀਨ ਮੁਹੱਰਮ ਮਹੀਨੇ ਵਿੱਚ ਆਯੋਜਿਤ ਕੀਤੀ ਜਾਂਦੀ ਸੀ, ਇਹੋ ਜਿਹੇ ਤਮਾਸ਼ਿਆਂ ਵਿੱਚੋਂ ਇੱਕ ਹੈ।
ਕੌਮੀ ਅਜ਼ਰਬਾਈਜਾਨੀ ਥੀਏਟਰ ਦਾ ਮੁਢ - ਦੇਰ 19ਵੀਂ ਸਦੀ, ਸ਼ੁਰੂ 20ਵੀਂ ਸਦੀ
[ਸੋਧੋ]ਨੈਸ਼ਨਲ ਅਜ਼ਰਬਾਈਜਾਨੀ ਥੀਏਟਰ ਦਾ ਮੁਢ 19ਵੀਂ ਸਦੀ ਦੇ ਦੂਜੇ ਅੱਧ ਵਿੱਚ ਪਹਿਲੇ ਅਜ਼ਰਬਾਈਜਾਨੀ ਨਾਟਕਕਾਰ, ਉੱਘੇ ਚਿੰਤਕ ਅਤੇ ਆਜ਼ੇਰਬਾਈਜ਼ਾਨ ਦੇ ਫ਼ਿਲਾਸਫ਼ਰ ਮਿਰਜ਼ਾ ਫਾਤਾਲੀ ਆਖੁੰਦੋਵ ਦੀ ਇੱਕ ਕਾਮੇਡੀ ਦੇ ਆਧਾਰ ਤੇ ਬਝਿਆ ਸੀ।
ਅਜ਼ਰਬਾਈਜਾਨੀ ਭਾਸ਼ਾ ਵਿੱਚ ਪਹਿਲਾ ਪੇਸ਼ੇਵਰ ਤਮਾਸ਼ਾ 23 ਮਾਰਚ, 1873 ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਰੀਅਲ ਸਕੂਲ ਦਾ ਪੇਡਾਗੋਗ ਹਸਨਬੇ ਮਾਲਿਕੋਵ-ਜ਼ਾਰਦਾਬੀ ਅਤੇ ਸਕੂਲ ਦਾ ਵਿਦਿਆਰਥੀ ਨਜਫਗੁਲੂ ਬੇ ਵਾਜ਼ੀਰੋਵ ਇਸ ਤਮਾਸ਼ੇ ਦੇ ਨਿਰਮਾਤਾ ਸਨ। ਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਬਾਕੂ ਪਬਲਿਕ ਅਸੰਬਲੀ ਦੇ ਮੰਚ ਤੇ ਐਮ ਐਫ ਆਖੁੰਦੋਵ ਦੁਆਰਾ ਲਿਖਿਆ ਨਾਟਕ “ਲੰਕਾਰਨ ਖਾਨਾਤ ਦਾ ਵਜ਼ੀਰ” ਖੇਡਿਆ। ਦੂਜਾ ਸ਼ੋ – ਐਮ ਐਫ ਆਖੁੰਦੋਵ ਦੀ ਇੱਕ ਹੋਰ ਕਮੇਡੀ “ਹਾਜੀ ਗਾਰਾ” (ਕੰਜੂਸ ਦੇ ਪੰਗੇ) - ਬਾਕੂ ਪਬਲਿਕ ਅਸੰਬਲੀ ਦੇ ਹਾਲ ਵਿੱਚ 17 ਅਪ੍ਰੈਲ 1873 ਨੂੰ ਦਿਖਾਇਆ ਗਿਆ। ਪੇਸ਼ੇਵਰ ਥੀਏਟਰ ਦਾ ਸੰਗਠਨ ਅਤੇ ਬਾਕੂ ਵਿੱਚ ਨਾਟਕਾਂ ਦੀ ਸਟੇਜਿੰਗ ਪਹਿਲੇ ਸ਼ੋ ਦੇ ਬਾਅਦ ਬੰਦ ਹੋ ਗਈ ਸੀ। ਜ਼ਾਰਦਾਬੀ "ਅਕਿਨਚੀ" ਅਖਬਾਰ ਦੀ ਸਿਰਜਣਾ ਦੇ ਨਾਲ ਵਿਅਸਤ ਸੀ, ਅਤੇ ਨਜਫ ਬੇ ਵਾਜ਼ੀਰੋਵ ਪੜ੍ਹਨ ਲਈ ਰੂਸ ਚਲਾ ਗਿਆ। 1881 ਵਿੱਚ ਸ਼ੁਸ਼ਾ ਵਿੱਚ ਰੀਅਲ ਸਕੂਲ ਅਤੇ 1894 ਵਿੱਚ ਐਲੀਮੈਂਟਰੀ ਨਾਰੀ ਸਕੂਲ ਖੁੱਲਣ ਅਤੇ ਸੰਗੀਤ ਆਲੋਚਕ ਖਰਾਤ ਗੁਲੂ ਦੁਆਰਾ ਇੱਕ ਸੰਗੀਤ ਸਕੂਲ ਖੋਲ੍ਹਣ ਅਤੇ ਉਥੇ ਨੌਜਵਾਨ ਗਾਇਕਾਂ ਦੀ ਸ਼ਮੂਲੀਅਤ ਨੇ ਥੀਏਟਰ ਵਿੱਚ ਸਥਾਨਕ ਬੁੱਧੀਜੀਵੀ ਵਰਗ ਦੀ ਦਿਲਚਸਪੀ ਜਗਾਈ ਇਸ ਲਈ ਨੌਜਵਾਨ ਅਧਿਆਪਕਾਂ ਦੁਆਰਾ ਸ਼ੁਸ਼ਾ ਵਿੱਚ, ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਸ਼ੌਕੀਆ ਨਾਟਕਾਂ ਦਾ ਮੰਚਨ ਕੀਤਾ ਗਿਆ ਸੀ। ਪਹਿਲੇ ਸਾਲਾਂ ਦੌਰਾਨ ਐਮ ਐਫ ਆਖੁੰਦੋਵ ਦੇ ਨਾਟਕ ਕੀਤੇ ਗਏ ਸਨ।