ਆਦਿ ਕਾਲੀਨ ਪੰਜਾਬੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹੁਣ ਤੱਕ ਪੰਜਾਬੀ ਸਾਹਿਤ ਦੀ ਸਭ ਤੋਂ ਪ੍ਰਮਾਣਿਤ ਤੇ ਪ੍ਰਚਲਿਤ ਕਾਲ-ਵੰਡ ਡਾ.ਪਰਮਿੰਦਰ ਸਿੰਘ, ਪ੍ਰੋ. ਕਿਰਪਾਲ ਸਿੰਘ ਕਸੇਲ ਤੇ ਡਾ. ਗੋਬਿੰਦ ਸਿੰਘ ਲਾਂਬਾ ਦੁਆਰਾ ‘ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ’ ਨਾਮ ਦੀ ਪੁਸਤਕ ਵਿੱਚ ਕੀਤੀ ਗਈ ਹੈ। ਇਸ ਪੁਸਤਕ ਵਿੱਚ ਸ਼ੁਰੂ ਤੋਂ 1500 ਈ. ਤੱਕ ਦੇ ਸਮੇਂ ਨੂੰ ‘ਆਦਿ-ਕਾਲ’ ਦਾ ਨਾਮਕਨ ਦਿੱਤਾ ਗਿਆ ਹੈ। ਇਸ ਲਈ ਹੁਣ ਅਸੀਂ ਸ਼ੁਰੂ ਤੋਂ ਲੈ ਕੇ 1500 ਈ. ਤੱਕ ਪੰਜਾਬੀ ਸਾਹਤਿ ਵਿੱਚ ਪ੍ਰਚਲਿਤ ਸਾਹਿਤ ਧਰਾਵਾਂ ਬਾਰੇ ਸੰਖੇਪ ਜਿਹੀ ਚਰਚਾ ਕਰਾਂਗੇ।

ਪ੍ਰਚਲਿਤ ਸਾਹਿਤ ਧਰਾਵਾਂ[ਸੋਧੋ]

ਆਦਿ ਕਾਲ ਵਿੱਚ ਪੰਜਾਬੀ ਸਾਹਿਤ ਵਿੱਚ ਬਹੁਤ ਸਾਹਿਤਕ ਧਰਾਵਾਂ ਮੌਜੂਦ ਹੋਣਗੀਆਂ, ਪਰ ਸਾਡੇ ਤੱਕ ਜੋ ਪੰਹੁਚੀਆਂ ਜਾਂ ਜਿਹਨਾਂ ਦੀ ਖੋਜ ਕਰਨ ਉਪਰੰਤ ਪ੍ਰਾਪਤ ਹੋਇਆਂ ਹਨ ਉਹਨਾ ਵਿੱਚ ਹੇਠ ਲਿਖਿਆ ਧਾਰਾਵਾਂ ਮੌਜੂਦ ਹਨ:-

ਨਾਥ ਜੋਗੀਆਂ ਦਾ ਸਾਹਿਤ[ਸੋਧੋ]

ਡਾ. ਮੋਹਨ ਸਿੰਘ ਅਨੁਸਾਰ ਪੰਜਾਬੀ ਸਹਿਤ, ਅੱਠਵੀਂ-ਨੋਵੀਂ ਸਦੀ ਵਿੱਚ ਲਿਖਿਆ ਜਾਣ ਲੱਗ ਪਿਆ ਸੀ ਤੇ ਪਹਿਲਾਂ ਪਹਿਲੇ ਸਾਹਿਤਕਾਰ ਨਾਥ ਜੋਗੀ ਸਨ। ਇਨ੍ਹਾਂ ਨੇ ਭਾਰਤ ਤੇ ਹੋਰਨਾਂ ਗੁਆਢੀ ਦੇਸ਼ਾਂ ਵਿੱਚ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਦਿਆਂ ਬਹੁਤ ਸਾਰੇ ਅਧਿਆਤਮਿਕ ਸਾਹਿਤ ਦੀ ਰਚਨਾ ਕੀਤੀ। ਡਾ. ਮੋਹਨ ਸਿੰਘ ਅਨੁਸਾਰ ਪੰਜਾਬ ਦਾ ਚੱਪਾ-ਚੱਪਾ ਨਾਥ-ਜੋਗੀਆਂ ਦੇ ਟਿਕਾਣਿਆਂ ਨਾਲ ਭਰਪੂਰ ਹੈ। ਪੰਜਾਬੀ ਦਾ ਪ੍ਰਥਮ ਕਵੀ ਗੋਰਖ ਨਾਥ, ਮਛੰਦਰ ਨਾਥ ਦਾ ਚੇਲਾ ਸੀ। ਉਝ ਗੁਰੂ ਮਛੰਦਰ ਨਾਥ ਤੇ ਉਸ ਦੇ ਸਮਾਕਾਲੀ ਜਲੰਧਰ ਨਾਥ ਦੀ ਰਚਨਾ ਵਿੱਚ ਵੀ ਪੰਜਾਬੀ ਦੇ ਸ਼ਬਦ ਮਿਲਦੇ ਹਨ ਪਰੰਤੂ ਉਹਨਾਂ ਦੀ ਭਾਸ਼ਾਂ ਮੁੱਖ ਰੂਪ ਵਿੱਚ ਸਧੁਕੜੀ ਸੀ ਤੇ ਉਸ ਉੱਪਰ ਅਪਭ੍ਰੰਸ਼ ਦਾ ਬਹੁਤ ਪ੍ਰਭਾਵ ਸੀ। ਉਝ ਨਾਥ-ਜੋਗੀਆਂ ਵਿਚੋਂ ਪ੍ਰਥਮ ਕਵੀ ਮਛੰਦਰ ਨਾਥ ਸੀ। ਇਹ ਜੋਗੀ ਬਾਹਰੀ ਭੇਖ ਦੀ ਥਾਂ ਅੰਦਰੂਨੀ ਜੋਗ ਨੂੰ ਹੀ ਸਾਰਥਕ ਮਨੰਦੇ ਸਨ। ਇਹਨਾਂ ਨੇ ਇਸਤਰੀ ਦਾ ਕਾਫੀ ਵਿਰੋਧ ਕੀਤਾ। ਇਸਤਰੀ ਨੂੰ ਇਨ੍ਹਾਂ ਨੇ ਬਾਘਣ, ਡਾਇਨ ਨਾਵਾਂ ਨਾਲ ਸੰਬੋਧਨ ਕੀਤਾ। ਜਿਵੇਂ : “ਦਾਮਿ ਕਾਢ ਬਾਘਨਿ ਲੈ ਆਇਆ, ਮਾਉ ਕਹੇ ਮੇਰਾ ਪੁਤ ਬੇਆਹਿਆ” ਨਾਥ ਜੋਗੀ ਸਾਹਿਤ ਵਿੱਚ ਗੋਰਖ ਨਾਥ ਦਾ ਨਾਮ ਕਾਫੀ ਚਰਚਿਤ ਰਿਹਾ ਹੈ, ਪਰ ਇਹਨਾਂ ਤੋਂ ਇਲਾਵਾਂ ਚੌਰੰਗੀ ਨਾਥ, ਰਤਨ ਨਾਥ ਤੇ ਗੋਪੀ ਚੰਦ ਵੀ ਨਾਥ ਜੋਗੀਆ ਵਿੱਚ ਵਰਣਨ ਯੋਗ ਨਾਮ ਹਨ।

ਸੂਫ਼ੀ ਕਾਵਿ-ਧਾਰਾ[ਸੋਧੋ]

ਨਾਥ-ਜੋਗੀਆਂ ਵਾਂਗ ਮੁਸਲਮਾਨ ਤੇ ਸੂਫ਼ੀ ਕਵੀਆਂ ਦੀ ਪੁਰਾਤਨ ਤੇ ਮੱਧ-ਕਾਲੀਨ ਪੰਜਾਬੀ ਸਾਹਿਤ ਨੂੰ ਵੱਡਮੁਲੀ ਦੇਣ ਹੈ। ਸੂਫ਼ੀ ਵਿਚਾਰਧਾਰਾ ਦਾ ਪਿਤਾਮਾ ਸ਼ੇਖ ਫਰੀਦੱਦੀਨ ਮਸਊਦ ਸ਼ਕਰਗੰਜ (1173 - 1266 ਈ) ਹੈ, ਜੋ ਸ਼ੇਖ ਫਰੀਦ ਦੇ ਨਾਂ ਨਾਲ ਮਸ਼ਹੂਰ ਹੈ। ਸ਼ੇਖ ਫ਼ਰੀਦ ਸੂਫੀਆਂ ਦੇ ਚਿਸ਼ਤੀ ਸਿਲਸਿਲੇ ਦਾ ਅਨੁਯਾਈ ਸੀ ਤੇ ਖਵਾਜਾ ਬਖ਼ਤਾਯਾਰ ਕਾਕੀ ਦਾ ਮੁਰੀਦ ਸੀ। ਫਰੀਦ ਜੀ ਦੇ 112 ਮਲੋਕ ਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਹਿਬ ਵਿੱਚ ਦਰਜ ਹਨ। ਇਸ ਰਚਨਾਂ ਤੋਂ ਬਿਨਾਂ 39 ਦੋਹੇ ਹੱਥ-ਲਿਖਤਾਂ ਵਿੱਚ ਮਿਲਦੇ ਹਨ। ਫ਼ਰੀਦ ਜੀ ਦੀ ਰਚਨਾ ਦੀ ਭਾਸ਼ਾ ਲਹਿੰਦੀ ਜਾਂ ਮੁਲਤਾਨੀ ਹੈ। ਅਸਲ ਵਿੱਚ ਅਪਭ੍ਰੰਸ਼ ਦੇ ਪ੍ਰਭਾਵ ਤੋਂ ਮੁੱਕਤ ਸ਼ੁੱਧ ਪੰਜਾਬੀ ਵਿੱਚ ਲਿਖਣ ਵਾਲਾ ਪਹਿਲਾ ਕਵੀ ਸ਼ੇਖ ਫ਼ਰੀਦ ਹੀ ਸੀ। ਫ਼ਰੀਦ ਜੀ ਨੂੰ ਵਿਚਾਰ ਦਾ ਪੁਰਾਣਾ ਤੇ ਭਾਸ਼ਾ ਦਾ ਨਵਾਂ ਕਵੀ ਕਿਹਾ ਜਾਂਦਾ ਹੈ। ਫ਼ਰੀਦ ਦੀ ਰਚਨਾ ਨੂੰ ਪੜ ਕੇ ਇਹ ਨਿਰਣਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਵਰਤਮਾਨ ਬੋਲੀ ਹੈ ਜਾਂ 800 ਸਾਲ ਪੁਰਾਣੀ ਹੈ। ਦੇਖੋ ਨਮੁਨਾ:

“ਰੁਖੀ ਸੁਖੀ ਖਾ ਕੇ ਠੰਡਾ ਪਾਣੀ ਪੀਉ।
ਫ਼ਰੀਦਾ ਦੇਖ ਪਰਾਈਆਂ ਚੋਪੜੀਆਂ ਨਾ ਤਰਸਾਏ ਜੀਉ।”

ਇਹ ਪਿਆਰ ਦੇ ਰਾਹ ਉੱਤੇ ਚਲ ਕੇ ਰੱਬ ਨੂੰ ਪ੍ਰਾਪਤ ਕਰਨਾ ਲੋਚਦੇ ਸਨ ਬਾਬਾ ਫ਼ਰੀਦ ਸ਼ਕਰਗੰਜ ਤੋਂ ਇਲਾਵਾ ਦਾਤਾ ਗੰਜੂ ਬਖ਼ਸ਼ ਤੇ ਸ਼ਰਫ ਦੀਲ ਬੂ ਅਲੀ ਕਲੰਦਰ ਉੱਘੇ ਸੂਫ਼ੀ ਕਵੀ ਸਨ, ਜਿਨਾਂ ਨੇ ਸੂਫ਼ੀ ਵਿਚਾਰਧਾਰਾ ਨੂੰ ਪ੍ਰਗਟਾਉਣ ਲਈ ਲੋਕ-ਕਾਵਿ ਰੂਪਾਂ, ਕਾਫ਼ੀਆਂ ਤੇ ਦੋਹਿਆਂ ਦੀ ਵਰਤੋਂ ਕੀਤੀ।

ਭਗਤੀ ਮੱਤ ਦਾ ਸਾਹਿਤ[ਸੋਧੋ]

ਅਠਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ਵਿੱਚ ਭਗਤੀ ਲਹਿਰ ਦਾ ਆਰੰਭ ਹੋਇਆ। ਭਗਤੀ ਸਾਹਿਤ ਵਿੱਚ ਜਾਤ-ਪਾਤ ਦਾ ਖੰਡਨ ਕੀਤਾ ਗਿਆ। ਇਹ ਹਉਮੈਂ ਤੋ਼ ਦੂਰ ਰਹਿਣ ਦਾ ਆਦੇਸ਼ ਦਿੰਦੇ ਰਹੇ ਤੇ ਪ੍ਰਭੂ ਦਾ ਸਿਮਰਨ ਕਰਦੇ ਰਹਿਣ ਦਾ ਉਪਦੇਸ਼ ਵੀ ਦਿੱਤਾ। ਇਹਨਾਂ ਨੇ ਮਨੁੱਖ ਨੂੰ ਅੰਦਰੋਂ ਸੱਚਾ ਹੋਣ ਦਾ ਉਪਦੇਸ਼ ਦਿੱਤਾ ਤੇ ਭਗਤੀ ਵਿੱਚ ਲੱਗੇ ਰਹਿਣ ਲਈ ਕਿਹਾ। ਇਨ੍ਹਾਂ ਨੇ ਕਿਹਾ ਕਿ ਮਨੁੱਖ ਨੂੰ “ਅੰਜਨ ਮਾਹਿ ਨਿਰੰਜਨ ਰਹਿਣਾ” ਚਾਹੀਦਾ ਹੈ। ਇਸ ਮਤ ਦਾ ਮੋਢੀ ਰਾਮਾਨੰਦ ਨੂੰ ਮੰਨਿਆ ਜਾਂਦਾ ਹੈ। ਇਹਨਾਂ ਤੋਂ ਇਲਾਵਾਂ ਜੈ-ਦੇਵ, ਤ੍ਰਿਲੋਚਨ, ਧੰਨਾ, ਨਾਮਦੇਵ ਹੋਏ ਹਨ। ਇਹਨਾਂ ਵਿਚੋਂ ਭਗਤ ਨਾਮਦੇਵ, ਕਬੀਰ ਤੇ ਰਵਿਦਾਸ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਥਾਨ ਪ੍ਰਾਪਤ ਹੈ।

ਬੀਰ-ਰਸੀ ਸਾਹਿਤ[ਸੋਧੋ]

ਬੀਰ ਕਾਵਿ-ਧਾਰਾ ‘ਪ੍ਰਾਚੀਨ ਵਾਰਾਂ’ ਰਾਹੀ ਸਾਹਮਣੇ ਆਈ।ਇਸ ਕਾਲ ਦੀਆਂ ਛੇ ਪ੍ਰਸਿੱਧ ਲੋਕ-ਵਾਰਾਂ ਰਾਏ ਕਮਾਲ ਦੀ ਮੌਜਦੀ ਕੀ ਵਾਰ, ਟੁੰਡੇ ਅਸਰਾਜੇ ਕੀ ਵਾਰ੍ਹ, ਲਲਾ ਬਹਿਲੀਮਾ ਕੀ ਵਾਰ, ਹਸਨੇ ਮਹਿਮਨੇ ਕੀ ਵਾਰ ਤੇ ਮੂਸੇ ਕੀ ਵਾਰ, ਰਚੀਆਂ ਗਈਆਂ, ਇਨ੍ਹਾਂ ਦੀ ਰਚਨਾਂ ਪਾਉੜੀਆਂ ਵਿੱਚ ਹੋਈ। ਇਨ੍ਹਾਂ ਵਾਰਾਂ ਦੀਆਂ ਧੁਨੀਆਂ ਉੱਪਰ ਗੁਰੂ ਗ੍ਰੰਥ ਸਾਹਿਬ ਵਿੱਚ ਆਈਆ ਛੇ ਵਾਰਾਂ ਨੂੰ ਗਾਉਣ ਦੀ ਹਦਾਇਤ ਕੀਤੀ ਗਈ ਹੈ। ਇਹ ਵਾਰਾਂ ਆਪਣੇ ਮੁਕੰਮਲ ਰੂਪ ਵਿੱਚ ਸਾਡੇ ਤੱਕ ਨਹੀ਼ ਪੁੱਜੀਆਂ। ਇਨ੍ਹਾਂ ਵਾਰਾਂ ਦੀ ਭਾਸ਼ਾ ਠੇਠ ਪੰਜਾਬੀ ਹੈ। ਇਹ ਰੂਪਕਾਂ, ਉਪਮਾਵਾਂ ਤੇ ਦ੍ਰਿਸ਼ ਚਿਤਰਾਂ ਨਾਲ ਸੁੱਮਜਤ ਹਨ। ਇਨ੍ਹਾਂ ਵਿੱਚ ਅਣਖ ਤੇ ਗੌਰਵ ਦੇ ਭਾਵ ਭਰੇ ਹੋਏ ਹਨ। ਜਿਵੇ:

ਭਬਕਿਉ ਸ਼ੇਰ ਸਰਦੁਲ ਰਾਇ ਰਣ ਮਾਰੂ ਵੱਜੇ।
ਖਾਨ ਸੁਲਤਾਨ ਬਡ ਸੂਰਮੇ ਵਿੱਚ ਰਣ ਦੇ ਗੱਜੇ (ਟੁੰਡੇ ਅਸਰਾਜੇ ਕੀ ਵਾਰ)

ਲੋਕ-ਸਾਹਿਤ[ਸੋਧੋ]

ਇਹ ਕਾਲ ਇੱਕ ਤਰ੍ਹਾਂ ਨਾਲ ਲੋਕ-ਸਾਹਿਤ ਦਾ ਹੀ ਯੁਗ ਸੀ। ਇਸ ਧਾਰਾਂ ਨੇ ਅਨੇਕਾਂ ਕਾਵਿ-ਰੂਪਾਂ ਦੀ ਵਰਤੋਂ ਕੀਤੀ ਅਨੇਕਾਂ ਗੀਤ, ਵਾਰਾਂ, ਬੋਲੀਆਂ, ਕਹਾਵਤਾਂ, ਬੁਝਾਰਤਾਂ, ਘੋੜੀਆਂ, ਸੱਦਾ, ਸੁਹਾਗ, ਸਿੱਠਣੀਆ, ਅਲਾਹੁਣੀਆਂ, ਪੱਟੀਆ, ਅਖਰੀਆਂ, ਬਰਾਂਮਾਹ, ਸਤਵਾਰੇ ਆਦਿ ਲੋਕ-ਸਾਹਿਤ ਦੇ ਉੱਤਮ ਨਮੂਨੇ ਬਣੇ। ਕਿਸੇ ਦੇਸ਼ ਦਾ ਵਿਸ਼ਿਸਟ ਸਾਹਿਤ ਉਦੋਂ ਤੱਕ ਹੋਂਦ ਵਿੱਚ ਨਹੀਂ ਆਉਂਦਾ ਜਦ ਤੱਕ ਉਸ ਦੇਸ਼ ਕੋਲ ਕੋਈ ਲੋਕ ਸਾਹਿਤ ਨਾਂ ਹੋਵੇ। ਲੋਕ-ਸਾਹਿਤ ਵਿੱਚ ਮੁੱਖ ਤੌਰ 'ਤੇ ਲੋਕ ਗੀਤ ਤੇ ਬੁਝਾਰਤਾਂ ਸ਼ਾਮਲ ਹਨ। ਇਹਨਾਂ ਦੇ ਰਚਨਹਾਰਿਆ ਦਾ ਕੋਈ ਨਾਂ ਜਾਂ ਪਛਾਣ ਨਹੀਂ ਹੁੰਦੀ ਇਹ ਆਮ ਲੋਕ ਹੁੰਦੇ ਹਨ। ਲੋਕ-ਗੀਤ ਦੀ ਉਦਾਹਰਣ ਪੇਸ਼ ਹੈ।

 
 ਤੇਰੇ ਲੌਂਗ ਦਾ ਵੱਜਾ ਲਿਸ਼ਕਾਰਾਂ,
ਹਾਲੀਆਂ ਨੇ ਹੱਲ ਡੱਕ ਲਏ।
 

ਬੁਝਾਰਤਾਂ ਦੀ ਬੋਲੀ ਵਰਤਮਾਨ ਪੰਜਾਬੀ ਨਾਲ ਬਹੁਤ ਮਿਲਦੀ ਹੈ। ਇਸ ਸਮੇਂ ਇੱਕ ਪੰਡਿਤ ‘ਸੁਰਤਾ’ ਹੋਇਆ ਹੈ, ਜਿਸ ਦੀਆਂ ਬੁਝਰਤਾਂ ਬਹੁਤ ਪ੍ਰਸਿੱਧ ਹਨ। ਇਹ ਕਵੀ ਗੁਰੂ ਨਾਨਕ ਤੋਂ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ। ਉਦਾਹਰਨ: ਚੂਨੇ ਗੱਚ ਕੋਠੜੀ ਦਰਵਾਜ਼ਾ ਹੈ ਈ ਨਾ। (ਅੰਡਾ)

ਸਾਰ-ਅੰਸ਼[ਸੋਧੋ]

ਇਸ ਕਾਲ ਵਿੱਚ ਇਸ ਤੋਂ ਅਗਲੇ ਸਮਿਆਂ ਨਾਲੋਂ ਬਹੁਤ ਘੱਟ ਪੰਜਾਬੀ ਸਾਹਿਤ ਪੈਦਾ ਹੋਇਆ ਪਰ ਇਹ ਮੰਨਣ ਯੋਗ ਹੈ ਕਿ ਅੱਜ ਜੋ ਪੰਜਾਬੀ ਬੋਲੀ ਤੇ ਸਾਹਿਤ ਨੇ ਵਿਕਾਸ ਕੀਤਾ ਹੈ ਉਸਦੀਆਂ ਜੜ੍ਹਾਂ ਇਸ ਕਾਲ ਨਾਲ ਜਰੂਰ ਜੁੜੀਆਂ ਹੋਈਆਂ ਹਨ ਤੇ ਇਸ ਕਾਲ ਵਿਚੋਂ ਗੁਜਰ ਕੇ ਹੀ ਇਸ ਨੇ ਤਰੱਕੀ ਕੀਤੀ ਹੈ। ਅੱਜ ਦਾ ਪੰਜਾਬੀ ਸਾਹਿਤ ਸਿੱਧੇ ਜਾ ਅਸਿੱਧੇ ਰੂਪ ਵਿੱਚ ਕਿਸੇ ਕਾਲ ਦੀ ਹੀ ਦੇਣ ਹੈ। ਇਸ ਕਾਲ ਵਿੱਚ ਜਿਆਦਾਤਰ ਅਧਿਆਤਮਕ ਰਚਨਾ ਹੀ ਹੋਈ ਹੈ।

ਬਾਹਰੀ ਕੜੀਆਂ[ਸੋਧੋ]

http://www.apnaorg.com/