ਇਸਲਾਮ ਵਿੱਚ ਯੂਸੁਫ਼
ਯੂਸੁਫ਼ ਇਬਨ ਯਾਕੂਬ ਇਬਨ ਇਸਹਾਕ ਇਬਨ ਇਬਰਾਹੀਮ (ਅਰਬੀ: يوسف; ਅੰਦਾਜ਼ਨ ਜ਼ਮਾਨਾ ਸੋਹਲਵੀਂ ਸਦੀ ਈਪੂ[1]) ਇੱਕ ਇਸਲਾਮੀ ਪੈਗੰਬਰ ਹੈ ਜਿਸਦਾ ਕੁਰਾਨ-ਏ-ਪਾਕ ਵਿੱਚ ਜ਼ਿਕਰ ਆਇਆ ਹੈ।[2] ਇਸਦਾ ਜ਼ਿਕਰ ਯਹੂਦੀਆਂ ਦੀ ਕਿਤਾਬ ਤਨਖ਼ ਅਤੇ ਈਸਾਈਆਂ ਦੀ ਮੁਕੱਦਸ ਕਿਤਾਬ ਬਾਈਬਲ ਵਿੱਚ ਬਤੌਰ ਜੋਸਿਫ਼ ਪੁੱਤਰ ਜੈਕਬ ਮਿਲਦਾ ਹੈ। ਯੂਸੁਫ਼ ਨਾਮ ਮੱਧ ਪੂਰਬ ਵਿੱਚ ਆਮ ਪ੍ਰਚਲਿਤ ਇੱਕ ਨਾਮ ਹੈ ਜਦਕਿ ਤਮਾਮ ਇਸਲਾਮੀ ਦੇਸ਼ਾਂ ਵਿੱਚ ਵੀ ਇਸਨੂੰ ਇਸਤੇਮਾਲ ਕੀਤਾ ਜਾਂਦਾ ਹੈ। ਹਜ਼ਰਤ ਯਾਕੂਬ ਦੇ ਤਮਾਮ ਪੁੱਤਰਾਂ ਵਿੱਚੋਂ ਸਿਰਫ਼ ਹਜ਼ਰਤ ਯੂਸੁਫ਼ ਨੂੰ ਹੀ ਨਬੀ ਦਾ ਮੁਕਾਮ ਮਿਲਿਆ ਸੀ। ਬਾਕੀਆਂ ਦਾ ਤਜ਼ਕਰਾ ਕੁਰਆਨ ਦੀਆਂ ਵੱਖ ਵੱਖ ਸੂਰਤਾਂ ਵਿੱਚ ਥੋੜਾ ਥੋੜਾ ਆਇਆ ਹੈ। ਸਿਰਫ ਹਜ਼ਰਤ ਯੂਸੁਫ਼ ਦਾ ਮੁਕੰਮਲ ਬਿਰਤਾਂਤ ਇੱਕ ਮੁਕੰਮਲ ਸੂਰਤ, ਜਿਸ ਦਾ ਨਾਮ ਸੂਰਤ ਯੂਸੁਫ਼ ਹੈ, ਵਿੱਚ ਦਿੱਤਾ ਹੈ, ਤਾਂ ਜੋ ਉਸ ਨਾਲ ਵਾਪਰੇ ਵਾਕਿਆਂ ਨੂੰ ਖ਼ਾਸ ਅਹਿਮੀਅਤ ਦਿੱਤੀ ਜਾ ਸਕੇ। ਕੁਰਾਨ-ਏ-ਪਾਕ ਵਿੱਚ ਹਜ਼ਰਤ ਯੂਸੁਫ਼ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ ਵਾਕਿਆਂ ਨੂੰ ਏਨੇ ਵਿਸਤਾਰ ਨਾਲ ਬਿਆਨ ਕੀਤਾ ਗਿਆ ਹੈ ਕਿ ਕਿਸੇ ਹੋਰ ਨਬੀ ਦਾ ਇਸ ਕਦਰ ਵਿਸਤਾਰ ਨਹੀਂ ਹੈ। ਇਸ ਤਰ੍ਹਾਂ ਬਾਇਬਲ ਤੋਂ ਕੀਤੇ ਜ਼ਿਆਦਾ ਵਿਸਤਾਰ ਹਜ਼ਰਤ ਯੂਸੁਫ਼ ਬਾਬਤ ਕੁਰਾਨ-ਏ-ਪਾਕ ਵਿੱਚ ਮਿਲਦਾ ਹੈ।[3]