ਏਬਲ ਤਸਮਾਨ ਰਾਸ਼ਟਰੀ ਪਾਰਕ
ਏਬਲ ਤਸਮਾਨ ਰਾਸ਼ਟਰੀ ਪਾਰਕ | |
---|---|
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ) | |
Map of New Zealand | |
ਸਥਿੱਤੀ | ਤਸਮਾਨ ਜ਼ਿਲਾ, ਨਿਊਜ਼ੀਲੈਂਡ |
ਨੇੜਲਾ ਸ਼ਹਿਰ | ਮੋਟੂਏਕਾ |
ਕੋਆਰਡੀਨੇਟ | 40°50′S 172°54′E / 40.833°S 172.900°Eਗੁਣਕ: 40°50′S 172°54′E / 40.833°S 172.900°E |
ਖੇਤਰਫਲ | 225 square kilometres (87 sq mi) |
ਸਥਾਪਿਤ | 1942[1] |
ਸੰਚਾਲਕ ਅਦਾਰਾ | Department of Conservation |
ਏਬਲ ਤਸਮਾਨ ਰਾਸ਼ਟਰੀ ਪਾਰਕ ਨਿਊਜ਼ੀਲੈਂਡ ਦਾ ਇੱਕ ਰਾਸ਼ਟਰੀ ਪਾਰਕ ਹੈ ਜੋ ਸੁਨਹਿਰੀ ਖਾੜੀ ਅਤੇ ਦੱਖਣੀ ਟਾਪੂ ਦੇ ਉੱਤਰੀ ਸਿਰੇ ਵਿੱਚ ਸਥਿਤ ਤਸਮਾਨ ਖਾੜੀ ਦੇ ਵਿਚਕਾਰ ਹੈ। ਇਹ ਏਬਲ ਤਸਮਾਨ ਦੇ ਨਾਮ ਉੱਪਰ ਬਣਾਈ ਗਈ ਹੈ ਜੋ 1642 ਵਿੱਚ ਪਹਿਲਾ ਯੂਰੋਪੀਅਨ ਸੀ ਜੋ ਨਿਊਜ਼ੀਲੈਂਡ ਪਹੁੰਚਿਆ ਅਤੇ ਸੁਨਹਿਰੀ ਖਾੜੀ ਦਾ ਰਸਤਾ ਲੱਭਿਆ। 1942 ਵਿੱਚ ਸਥਾਪਤ ਕੀਤਾ ਗਿਆ ਏਬਲ ਤਸਮਾਨ ਨੈਸ਼ਨਲ ਪਾਰਕ ਨਿਊਜ਼ੀਲੈਂਡ ਦਾ ਸਭ ਤੋਂ ਛੋਟਾ ਰਾਸ਼ਟਰੀ ਪਾਰਕ ਹੈ। ਇਸ ਦਾ ਖੇਤਰਫਲ 225 ਵਰਗ ਕਿਲੋਮੀਟਰ ਹੈ। ਇਹ ਪਾਰਕ ਦੇਸ਼ ਦੇ ਦੱਖਣੀ ਟਾਪੂ ਦੇ ਉੱਤਰੀ ਸਿਰੇ ’ਤੇ ਸਥਿਤ ਹੈ। ਇਸ ਪਾਰਕ ਵਿੱਚ ਦਰੱਖਤਾਂ ਨਾਲ ਲੱਦੀਆਂ ਪਹਾੜੀਆਂ, ਕੁਦਰਤੀ ਝਰਨੇ, ਨਦੀਆਂ, ਘਾਟੀਆਂ ਤੇ ਸਮੁੰਦਰੀ ਖਾੜੀਆਂ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਇਸ ਪਾਰਕ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਮੋਟੂਏਕਾ ਹੈ ਜੋ ਇਸ ਤੋਂ ਕਰੀਬ 20 ਕਿਲੋਮੀਟਰ ਦੂਰ ਹੈ।
ਇਤਿਹਾਸ[ਸੋਧੋ]
ਤਕਰੀਬਨ 500 ਸਾਲ ਪਹਿਲਾਂ ਇਸ ਤੱਟ ’ਤੇ ਨਿਊਜ਼ੀਲੈਂਡ ਦੇ ਮੂਲ ਨਿਵਾਸੀ ਮਾਓਰੀ ਲੋਕ ਰਹਿੰਦੇ ਸਨ ਜੋ ਜੰਗਲਾਂ-ਪਹਾੜਾਂ ਤੇ ਸਮੁੰਦਰ ਵਿੱਚੋਂ ਆਪਣਾ ਭੋਜਨ ਇਕੱਠਾ ਕਰਦੇ ਸਨ। ਸੰਨ 1855 ਦੇ ਆਸ-ਪਾਸ ਇਸ ਖੇਤਰ ਵਿੱਚ ਯੂਰਪੀ ਲੋਕਾਂ ਨੇ ਆਪਣੇ ਪੱਕੇ ਟਿਕਾਣੇ ਬਣਾ ਲਏ ਅਤੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਸ਼ੁਰੂ ਕੀਤੀ ਤਾਂ ਜੋ ਇਮਾਰਤਾਂ ਅਤੇ ਜਹਾਜ਼ਾਂ ਦਾ ਨਿਰਮਾਣ ਕੀਤਾ ਜਾ ਸਕੇ। ਇਸ ਤਰ੍ਹਾਂ ਜਲਦੀ ਹੀ ਇਹ ਪਹਾੜੀਆਂ ਸੁੰਨਸਾਨ ਹੋ ਗਈਆਂ। ਅਖ਼ੀਰ 1942 ਵਿੱਚ ਏਬਲ ਤਸਮਾਨ ਦੀ ਯਾਤਰਾ ਤੋਂ ਪੂਰੇ 300 ਸਾਲ ਬਾਅਦ ਇਸ ਖੇਤਰ ਨੂੰ ਮੁੜ ਹਰਿਆ-ਭਰਿਆ ਬਣਾ ਕੇ ਨੈਸ਼ਨਲ ਪਾਰਕ ਬਣਾਇਆ ਗਿਆ।
ਭੂਗੋਲ[ਸੋਧੋ]
ਇਸ ਪਾਰਕ ਦੀ ਬਨਸਪਤੀ ਅੱਜ ਵੀ ਜੰਗਲੀ ਅੱਗਾਂ ਅਤੇ ਕਟਾਈ ਦਾ ਇਤਿਹਾਸ ਬਿਆਨ ਕਰਦੀ ਹੈ। ਪਾਰਕ ਦੇ ਕਿਨਾਰਿਆਂ ’ਤੇ ਸਥਿਤ ਰੇਤ ਦੇ ਸੁਨਹਿਰੀ ਬੀਚ ਅਤੇ ਗ੍ਰੇਨਾਈਟ ਦੀਆਂ ਚੱਟਾਨਾਂ ਇਸ ਨੂੰ ਹੋਰ ਦਿਲ ਖਿੱਚਵਾਂ ਬਣਾਉਂਦੇ ਹਨ। ਇਸ ਪਾਰਕ ਵਿੱਚ ਕਈ ਕਿਸਮਾਂ ਦੇ ਪੰਛੀ ਜਿਵੇਂ ਟੂਈ, ਬੈਲਬਰਡ ਅਤੇ ਪੂਕੈਕੋ ਆਦਿ ਮਿਲਦੇ ਹਨ। ਪੂਰੇ ਏਬਲ ਤਸਮਾਨ ਰਾਸ਼ਟਰੀ ਪਾਰਕ ਵਿੱਚ ਟ੍ਰੈਕਿੰਗ ਲਈ ਦੋ ਰਸਤੇ ਅੰਦਰੂਨੀ ਤੇ ਬਾਹਰੀ ਮੌਜੂਦ ਹਨ। ਬਾਹਰੀ ਤੱਟੀ ਟ੍ਰੈਕ ਆਸਾਨ ਅਤੇ ਵਧੀਆ ਹੈ। ਇਸ ਤੋਂ ਇਲਾਵਾ ਛੋਟੇ ਟ੍ਰੈਕਿੰਗ ਚੱਕਰ ਵੀ ਮੌਜੂਦ ਹਨ ਜੋ ਘੱਟ ਸਮੇਂ ਵਿੱਚ ਪੂਰੇ ਕੀਤੇ ਜਾ ਸਕਦੇ ਹਨ। ਇੱਥੇ ਸਮੁੰਦਰੀ ਕਿਸ਼ਤੀ ਦੀ ਯਾਤਰਾ ਦਾ ਵੀ ਪ੍ਰਬੰਧ ਹੈ। ਮੋਟਰਸਾਈਕਲਾਂ ਰਾਹੀਂ ਪਹਾੜੀਆਂ ਦੀ ਚੜ੍ਹਾਈ ਵੀ ਇਸ ਪਾਰਕ ਦਾ ਆਕਰਸ਼ਣ ਹੈ ਪਰ ਇਹ ਸਿਰਫ਼ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਨਿਰਧਾਰਤ ਰਸਤਿਆਂ ’ਤੇ ਹੀ ਕੀਤੀ ਜਾ ਸਕਦੀ ਹੈ। ਇੱਥੋਂ ਦਾ ਸਮੁੰਦਰੀ ਕੰਢਾ ਖ਼ਤਰਨਾਕ ਨਹੀਂ ਹੈ। ਇਸ ਲਈ ਸਮੁੰਦਰ ਵਿੱਚ ਇਸ਼ਨਾਨ ਅਤੇ ਤੈਰਾਕੀ ਦਾ ਆਨੰਦ ਮਾਣਿਆ ਜਾ ਸਕਦਾ ਹੈ। ਸਮੁੰਦਰ ਵਿੱਚ ਛੋਟੇ ਨੀਲੇ ਪੈਂਗੁਇਨ ਵੀ ਦੇਖੇ ਜਾ ਸਕਦੇ ਹਨ।
ਇਸ ਪਾਰਕ ਵਿਚਲਾ ਵੱਡਾ ਝੂਲਦਾ ਹੋਇਆ ਪੁਲ ਦੇਖਣਯੋਗ ਹੈ। ਇਹ ਸਮੁੰਦਰੀ ਕੰਢਾ ਪੂਰੇ ਨਿਊਜ਼ੀਲੈਂਡ ਵਿੱਚ ਜਵਾਰਭਾਟਿਆਂ ਲਈ ਪ੍ਰਸਿੱਧ ਹੈੈ। ਕਈ ਵਾਰ ਜਵਾਰਭਾਟਿਆਂ ਦੌਰਾਨ ਸਮੁੰਦਰੀ ਲਹਿਰਾਂ 15 ਫੁੱਟ ਤੱਕ ਉੱਚੀਆਂ ਹੋ ਜਾਂਦੀਆਂ ਹਨ। ਦਸੰਬਰ ਤੋਂ ਫਰਵਰੀ ਜਦੋਂ ਇਸ ਦੇਸ਼ ਵਿੱਚ ਗਰਮੀ ਦੀ ਰੁੱਤ ਹੁੰਦੀ ਹੈ ਅਤੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ ਹਨ ਤਾਂ ਇੱਥੇ ਵਿਦੇਸ਼ੀ ਸੈਲਾਨੀਆਂ ਦੀ ਭਰਮਾਰ ਹੋ ਜਾਂਦੀ ਹੈ। ਇੱਥੋਂ ਦੀ ਯਾਤਰਾ ਕਰਨ ਲਈ ਇਹੀ ਸਮਾਂ ਸਭ ਤੋਂ ਢੁੱਕਵਾਂ ਹੁੰਦਾ ਹੈ। ਤਿੰਨ ਵੱਡੇ ਟਾਪੂ ਟੋਂਗਾ, ਐਡਲੀ ਅਤੇ ਫਿਸ਼ਰਮੈਨ ਵੀ ਏਬਲ ਤਸਮਾਨ ਰਾਸ਼ਟਰੀ ਪਾਰਕ ਦਾ ਹਿੱਸਾ ਹਨ। ਇਨ੍ਹਾਂ ਟਾਪੂਆਂ ’ਤੇ ਜਾਨਵਰਾਂ ਤੇ ਪੌਦਿਆਂ ਦੀਆਂ ਕਈ ਅਜਿਹੀਆਂ ਕਿਸਮਾਂ ਮੌਜੂਦ ਹਨ ਜਿਹਨਾਂ ਦੀ ਗਿਣਤੀ ਕਾਫ਼ੀ ਘੱਟ ਹੈ ਤੇ ਜੋ ਬਾਕੀ ਮੁੱਖ ਭੂਮੀ ’ਤੇ ਵੀ ਨਹੀਂ ਮਿਲਦੇੋ। ਇਸ ਲਈ ਇਨ੍ਹਾਂ ਨੂੰ ਬਚਾਈ ਰੱਖਣ ਦਾ ਕੰਮ ਵੀ ਨਾਲੋ-ਨਾਲ ਜਾਰੀ ਹੈ। ਟੋਂਗਾ ਟਾਪੂ ਸੀਲ ਮੱਛੀਆਂ ਦਾ ਪ੍ਰਜਨਣ ਖੇਤਰ ਹੈ। ਇੱਥੇ ਸ਼ੈੱਲ ਫਿਸ਼, ਪੈਂਗੁਇਨ ਤੇ ਕਈ ਹੋਰ ਪ੍ਰਜਾਤੀਆਂ ਦੇ ਸਮੁੰਦਰੀ ਪੰਛੀਆਂ ਦੀ ਵੱਡੀ ਆਬਾਦੀ ਮੌਜੂਦ ਹੈ ਪਰ ਸੈਲਾਨੀਆਂ ਨੂੰ ਇਸ ਟਾਪੂ ’ਤੇ ਜਾਣ ਦੀ ਮਨਾਹੀ ਹੈ ਤਾਂ ਜੋ ਇਨ੍ਹਾਂ ਜਾਨਵਰਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਐਡਲੀ ਅਤੇ ਫਿਸ਼ਰਮੈਨ ਟਾਪੂ ਸੈਲਾਨੀਆਂ ਲਈ ਖੁੱਲ੍ਹੇ ਹਨ। ਇਨ੍ਹਾਂ ਟਾਪੂਆਂ ’ਤੇ ਕਿਸੇ ਵੀ ਸ਼ਿਕਾਰੀ ਪ੍ਰਜਾਤੀ ਦੇ ਜਾਨਵਰ ਮੌਜੂਦ ਨਹੀਂ ਹਨ। ਐਡਲੀ ਟਾਪੂ ’ਤੇ ਕਈ ਸੁੰਦਰ ਬੀਚ ਹਨ। ਸੈਲਾਨੀ ਇਨ੍ਹਾਂ ਟਾਪੂਆਂ ’ਤੇ ਪੜਾਅ ਨਹੀਂ ਕਰ ਸਕਦੇ ਤੇ ਨਿਰਧਾਰਤ ਸਮੇਂ ਅੰਦਰ ਵਾਪਸ ਆਉਣਾ ਹੁੰਦਾ ਹੈ। ਮੁੱਖ ਭੂਮੀ ਤੋਂ ਇਨ੍ਹਾਂ ਟਾਪੂਆਂ ’ਤੇ ਜਾਣ ਲੱਗਿਆਂ ਆਪਣੇ ਬੂਟਾਂ ਤੇ ਕੱਪੜਿਆਂ ਨਾਲ ਲੱਗੀ ਮਿੱਟੀ ਤੇ ਘਾਹ-ਫੂਸ ਸਾਫ਼ ਕਰਨਾ ਪੈਂਦਾ ਹੈ ਤੇ ਕਿਸੇ ਕਿਸਮ ਦੇ ਬੀਜ ਲਿਜਾਣ ਦੀ ਵੀ ਮਨਾਹੀ ਹੈ। ਨਾਲ ਲਿਜਾਏ ਜਾ ਰਹੇ ਭੋਜਨ ਵਿੱਚ ਕੀੜੀਆਂ ਤੇ ਮੱਕੜੀਆਂ ਜਾਂ ਸੁੰਡੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹ ਸਭ ਕੁਝ ਇਨ੍ਹਾਂ ਟਾਪੂਆਂ ਦੇ ਮੂਲ ਨਿਵਾਸੀ ਜੀਵਾਂ ਤੇ ਪੌਦਿਆਂ ਨੂੰ ਬਚਾਉਣ ਲਈ ਕੀਤਾ ਜਾਂਦਾ ਹੈ। ਇਸ ਪਾਰਕ ਵਿੱਚ ਸੈਲਾਨੀਆਂ ਦੇ ਰਾਤ ਠਹਿਰਨ ਲਈ ਕਈ ਝੌਂਪੜੀਨੁਮਾ ਕਮਰੇ ਮੌਜੂਦ ਹਨ ਜਿਹਨਾਂ ਦਾ ਪ੍ਰਬੰਧ ਸਥਾਨਕ ਪ੍ਰਸ਼ਾਸਨ ਕੋਲ ਹੈ। ਇਨ੍ਹਾਂ ਦੀ ਵਰਤੋਂ ਕਰਨ ਲਈ ਅਗਾਊਂ ਬੁਕਿੰਗ ਕਰਵਾਉਣੀ ਲਾਜ਼ਮੀ ਹੈ। ਆਰਾਮਦਾਇਕ ਨੀਂਦ ਦੀ ਇੱਛਾ ਰੱਖਣ ਵਾਲਿਆਂ ਨੂੰ ਨਜ਼ਦੀਕੀ ਸ਼ਹਿਰਾਂ ਵਿੱਚ ਬਣੇ ਹੋਟਲਾਂ ਵਿੱਚ ਰਹਿਣਾ ਪੈਂਦਾ ਹੈ ਪਰ ਤਾਰਿਆਂ ਦੀ ਛਾਂ ਹੇਠ ਝੌਂਪੜੀਆਂ ਵਿੱਚ ਰਹਿ ਕੇ ਹੀ ਸਹੀ ਮਾਅਨਿਆਂ ਵਿੱਚ ਪਾਰਕ ਦੀ ਸੁੰਦਰਤਾ ਦਾ ਆਨੰਦ ਮਾਣਿਆ ਜਾ ਸਕਦਾ ਹੈ।
ਹਵਾਲੇ[ਸੋਧੋ]
- ↑ Hoiberg, Dale H., ed. (2010). "Abel Tasman National Park". Encyclopedia Britannica. I: A-ak Bayes (15th ed.). Chicago, IL: Encyclopedia Britannica Inc.. pp. 25. ISBN 978-1-59339-837-8.