ਐਂਤਨ ਚੈਖਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਂਤਨ ਚੈਖਵ (ਰੂਸੀ: Анто́н Па́влович Че́хов; 29 ਜਨਵਰੀ 1860 – 15 ਜੁਲਾਈ 1904) ਇੱਕ ਰੂਸੀ ਕਹਾਣੀਕਾਰ ਤੇ ਨਾਟਕਕਾਰ ਸੀ। ਉਹਦਾ ਜਨਮ ਦੱਖਣੀ ਰੂਸ ਵਿੱਚ ਹੋਇਆ। ਉਹ ਪੇਸ਼ੇ ਤੋਂ ਡਾਕਟਰ ਸੀ ਪਰ ਉਹ ਇੱਕ ਸਾਹਿਤਕਾਰ ਵਜੋਂ ਵਧੇਰੇ ਪ੍ਰਸਿੱਧ ਹੋਇਆ। ਪਹਿਲੀ ਕਿਤਾਬ ਦੇ ਛਪਣ ਮਗਰੋਂ ਉਹ ਡਾਕਟਰੀ ਛੱਡ ਕੇ ਕਹਾਣੀਆਂ ਤੇ ਡਰਾਮੇ ਲਿਖਣ ਲੱਗ ਗਿਆ। ਉਹਦੀ ਸਾਇੰਸ ਦੀ ਪੜ੍ਹਾਈ ਨੇ ਉਹਨੂੰ ਬਹੁਤ ਫ਼ਾਇਦਾ ਦਿੱਤਾ ਤੇ ਉਹਨੇ ਹਕੀਕਤਪਸੰਦੀ ਦੀ ਇੱਕ ਨਵੀਂ ਪਿਰਤ ਰੂਸੀ ਸਾਹਿਤ ਵਿੱਚ ਪਾਈ। ਪਹਿਲੇ ਤੋਂ ਹੀ ਉਸ ਦਾ ਮਨ ਰੂਸੀ ਜੀਵਨ ਦੇ ਰੋਜ਼ ਮੱਰਾ ਦੇ ਮਾਮਲਿਆਂ ਵੱਲ ਸੀ। ਇਨਸਾਨੀ ਫ਼ਿਤਰਤ ਦੀਆਂ ਕਮੀਆਂ, ਕਮੀਨਗੀਆਂ ਤੇ ਛੋਟੀਆਂ ਛੋਟੀਆਂ ਗੱਲਾਂ ’ਤੇ ਉਸਨੇ ਤਿੱਖੀ ਤਨਜ਼ ਕੀਤੀ। ਉਸਦੀਆਂ ਲਿਖਤਾਂ ਵਿੱਚ ਵਪਾਰੀ, ਪੜ੍ਹਾਕੂ, ਪਾਦਰੀ, ਉਸਤਾਦ, ਨਾਈ, ਮਜਿਸਟ੍ਰੇਟ, ਰੋਗੀ, ਪਾਗਲ, ਵੱਡੇ ਅਫ਼ਸਰ, ਸਰਕਾਰੀ ਅਫ਼ਸਰ, ਸਾਰੇ ਤਬਕਿਆਂ ਦੀ ਛੋਟੀ ਸੋਚ ਤੇ ਬੇਵਕੂਫ਼ੀ ਇਵੇਂ ਰਿਕਾਰਡ ਹੋ ਗਈ ਹੈ ਜਿਵੇਂ ਕੈਮਰੇ ਨੇ ਜੀਵਨ ਦੀ ਮੂਰਤ ਖਿੱਚ ਲਈ ਹੋਵੇ। ਚੈਖਵ ਨੂੰ ਆਧੁਨਿਕ ਕਹਾਣੀ ਕਲਾ ਦਾ ਸਰਦਾਰ ਸਮਝਿਆ ਜਾਂਦਾ ਹੈ। ਕਈ ਆਲੋਚਕਾਂ ਦੇ ਅਨੁਸਾਰ ਉਹ ਉਹ ਦੁਨੀਆ ਦਾ ਸਭ ਤੋਂ ਵੱਡਾ ਕਹਾਣੀਕਾਰ ਹੈ।

ਚੈਖਵ ਦੇ ਪੱਤਰਾਂ ਦੇ ਸੰਗ੍ਰਹਿ ਵਿੱਚ ਇੱਕ ਪੱਤਰ ਵਿੱਚ ਉਹ ਕਹਿੰਦਾ ਹੈ ਕਿ, “ਡਾਕਟਰੀ ਮੇਰੀ ਕਾਨੂੰਨੀ ਬੀਵੀ ਹੈ ਤੇ ਸਾਹਿਤ ਮੇਰੀ ਮਹਿਬੂਬਾ।”[1]

ਜੀਵਨੀ[ਸੋਧੋ]

ਬਚਪਨ[ਸੋਧੋ]

ਐਂਤਨ ਚੈਖਵ 29 ਜਨਵਰੀ 1860 ਨੂੰ ਦੱਖਣੀ ਰੂਸ ਵਿੱਚ ਕਾਲੇ ਸਮੁੰਦਰ ਦੇ ਕੰਢੇ ਤੇ ਸ਼ਹਿਰ ਟਾਗਨਰੋਗ ਵਿੱਚ ਜਨਮਿਆ ਜਿੱਥੇ ਉਹਦੇ ਪਿਓ ਪਵੇਲ ਚੈਖਵ, ਜਿਹੜਾ ਕਿ ਇੱਕ ਗ਼ੁਲਾਮ ਦਾ ਪੁੱਤਰ ਸੀ, ਦੀ ਮੁਨਿਆਰੀ ਦੀ ਦੁਕਾਨ ਸੀ ਤੇ ਉਹ ਗਿਰਜੇ ਦੇ ਸਾਜ਼ਿੰਦਿਆਂ ਦਾ ਮੁਖੀਆ ਤੇ ਪੱਕਾ ਆਰਥੋਡੋਕਸ ਈਸਾਈ ਸੀ। ਯੋਜੀਨੀਆ, ਉਹਦੀ ਮਾਂ, ਜੀਹਦਾ ਪਿਓ ਕੱਪੜੇ ਵੇਚਦਾ ਸੀ ਤੇ ਜਿਹਦੇ ਨਾਲ ਉਹ ਸਾਰਾ ਰੂਸ ਫਿਰ ਚੁੱਕੀ ਸੀ, ਐਂਤਨ ਨੂੰ ਕਹਾਣੀਆਂ ਸੁਣਾਇਆ ਕਰਦੀ ਸੀ। ਐਂਤਨ ਦੇ ਸ਼ਬਦਾਂ ਵਿੱਚ, “ਗੁਣ ਅਸੀਂ ਆਪਣੇ ਪਿਓ ਕੋਲੋਂ ਲਏ ਤੇ ਰੂਹ ਆਪਣੀ ਮਾਂ ਕੋਲੋਂ।” ਤਾਗਨਰੋਗ ਦੇ ਜਮਨੇਜ਼ੀਅਮ ਵਿੱਚੋਂ ਪੜ੍ਹਨ ਮਗਰੋਂ ਉਹ ਯੂਨਾਨੀ ਮੁੰਡਿਆਂ ਦੇ ਸਕੂਲ ਵਿੱਚ ਪੜ੍ਹਿਆ। 1876 ਵਿੱਚ ਉਹਦੇ ਪਿਓ ਨੂੰ ਮਕਾਨ ਵਗੈਰਾ ਦਾ ਕਰਜ਼ਾ ਨਾ ਮੋੜਨ ’ਤੇ ਕੰਗਾਲ ਐਲਾਨ ਕਰ ਦਿੱਤਾ ਗਿਆ। ਐਂਤਨ ਦਾ ਸਾਰਾ ਟੱਬਰ ਮਾਸਕੋ ਨੱਸ ਗਿਆ ਪਰ ਉਹ ਓਥੇ ਹੀ ਰਿਹਾ, ਬੋਰਡਿੰਗ ਸਕੂਲ ਵਿੱਚ ਪੜ੍ਹਦਾ ਰਿਹਾ। ਇਸ ਦੁੱਖ ਨਾਲ ਉਹਦੀ ਮਾਂ ਟੁੱਟ ਗਈ। ਆਪਣੇ ਆਪ ਨੂੰ ਤੇ ਆਪਣੇ ਟੱਬਰ ਨੂੰ ਸਹਾਰਾ ਦੇਣ ਲਈ ਉਹਨੇ ਕਈ ਕੰਮ ਕੀਤੇ। ਇਹਦੇ ਨਾਲ ਉਹਨੇ ਸਰਵਾਨਟਤੇਜ਼, ਟਰਜੀਨੋਫ਼ ਤੇ ਸ਼ੋਪਨਹਾਰ ਨੂੰ ਵੀ ਪੜ੍ਹਿਆ 1879 ਵਿੱਚ ਸਕੂਲ ਦੀ ਪੜ੍ਹਾਈ ਮੁਕਾਉਣ ’ਤੇ ਉਹ ਮਾਸਕੋ ਆਇਆ ਤੇ ਇੱਕ ਮੈਡੀਕਲ ਕਾਲਜ ਵਿੱਚ ਪੜ੍ਹਨ ਲੱਗ ਗਿਆ।

ਆਪਣੇ ਟੱਬਰ ਨੂੰ ਆਸਰਾ ਦੇਣ ਲਈ ਤੇ ਨਾਲੇ ਆਪਣੀ ਪੜ੍ਹਾਈ ਦਾ ਖ਼ਰਚਾ ਚਲਾਉਣ ਲਈ ਐਂਤਨ ਨੇ ਆਮ ਰੂਸੀ ਲੋਕਾਂ ਬਾਰੇ ਲਿਖਿਆ। ਪਹਿਲਾਂ ਪਹਿਲਾਂ ਤਾਂ ਉਹਦਾ ਲਹਿਜ਼ਾ ਬੜਾ ਸਖ਼ਤ ਸੀ। ਪਰ ਵੇਲਾ ਲੰਘਣ ਨਾਲ ਉਹਦੇ ਵਿੱਚ ਠਹਿਰਾਉ ਆਉਂਦਾ ਗਿਆ। 1884 ਵਿੱਚ ਚੈਖਵ ਡਾਕਟਰ ਬਣ ਗਿਆ ਪਰ ਇਸ ਤੋਂ ਉਹਨੇ ਕੋਈ ਪੈਸੇ ਨਾ ਕਮਾਏ। ਗ਼ਰੀਬਾਂ ਦਾ ਦਵਾ ਦਾਰੂ ਮੁਫ਼ਤ ਕਰਦਾ ਰਿਹਾ। 1884 ਵਿੱਚ ਹੀ ਉਹਨਾਂ ਨੂੰ ਖ਼ੂਨ ਦੀ ਉਲਟੀ ਆਈ ਪਰ ਉਹਨੇ ਆਪਣੇ ਟੱਬਰ ਤੇ ਸੰਗੀਆਂ ਨੂੰ ਆਪਣੇ ਟੀਬੀ ਦੇ ਰੋਗ ਬਾਰੇ ਨਾ ਦੱਸਿਆ। 1886 ਵਿੱਚ ਸੇਂਟ ਪੀਟਰਜ਼ਬਰਗ ਦੇ ਸਭ ਤੋਂ ਵੱਧ ਪੜ੍ਹੇ ਜਾਣੇ ਵਾਲੇ ਅਖ਼ਬਾਰ ਨੋਵਏ ਵਰੀਮੀਆ ਵਿੱਚ ਲਿਖਣ ਲੱਗ ਪਿਆ। ਉਸ ਵੇਲੇ ਦੇ ਮੰਨੇ ਪਰਮੰਨੇ ਲਿਖਾਰੀ, ਦਮਿਤਰੀ ਗਰੀਗੋਰੀਏਵਿਚ ਨੇ ਉਹਨਾਂ ਨੂੰ ਮਸ਼ਵਰੇ ਦਿੱਤੇ। 1887 ਵਿੱਚ ਉਹਦੀਆਂ ਕਹਾਣੀਆਂ ਦੀ ਕਿਤਾਬ ਆਥਣ ਵੇਲੇ (At Dusk) ਨੇ ਪੁਸ਼ਕਿਨ ਇਨਾਮ ਜਿੱਤਿਆ।

ਉਸੇ ਵਰ੍ਹੇ ਥਕੇਵੇਂ ਤੇ ਚੋਖੇ ਕੰਮ ਤੋਂ ਕੁਝ ਰਾਹਤ ਦੇ ਲਈ ਐਂਤਨ ਯੂਕਰੇਨ ਦੀ ਯਾਤਰਾ ’ਤੇ ਨਿਕਲਿਆ। ਸਟੈਪੀ ਦੇ ਰੂਪ ਨੇ ਉਹਦੇ ਅੰਦਰ ਨਵੀਂ ਸੋਚ ਨੂੰ ਜਗਾਇਆ। ਇੱਥੋਂ ਵਾਪਸ ਆ ਕੇ ਉਹਨੇ ਨਾਵਲੀ ਅਕਾਰ ਦੀ ਨਿੱਕੀ ਕਹਾਣੀ "ਸਟੈਪੀ" ਕੁਝ ਵੱਖਰੀ ਤੇ ਨਿਵੇਕਲੀ ਸ਼ੈਲੀ ਵਿੱਚ ਲਿਖੀ। ਇਹ ਕਹਾਣੀ ਆਪਣੇ ਕਿਰਦਾਰਾਂ ਦੀਆਂ ਸੋਚਾਂ ਦੇ ਨਾਲ ਤੁਰਦੀ ਹੈ। ਇੱਕ ਟਾਂਗੇ ਰਾਹੀਂ ਸਟੈਪੀ ਦੀ ਯਾਤਰਾ ਨੂੰ ਚੈਖੋਵ ਨੇ ਇੱਕ ਮੁੰਡੇ ਦੀਆਂ ਨਜ਼ਰਾਂ ਨਾਲ ਇਸ ਕਹਾਣੀ ਵਿੱਚ ਚਿਤਰਿਆ ਹੈ ਜੋ ਆਪਣੀ ਰੋਜ਼ੀ ਰੋਟੀ ਲਈ ਆਪਣੇ ਘਰ ਤੋਂ ਦੂਰ ਜਾ ਰਿਹਾ ਹੈ ਅਤੇ ਉਹਦੇ ਨਾਲ ਇੱਕ ਪਾਦਰੀ ਤੇ ਇੱਕ ਵਪਾਰੀ ਵੀ ਹੁੰਦੇ ਹਨ। "ਸਟੈਪੀ" ਨਾਲ ਉਹਦੇ ਕੰਮ ਦਾ ਉੱਚਾ ਮੁੱਲ ਪਿਆ ਸੀ, ਜਿਹੜੀ ਕਿਸੇ ਅਖ਼ਬਾਰ ਦੇ ਬਜਾਏ ਇੱਕ ਸਾਹਿਤਕ ਰਸਾਲੇ ਵਿੱਚ ਛਪੀ। 1887 ਦੀ ਪੱਤਝੜ ਵਿੱਚ ਕੋਰਸ਼ ਨਾਂ ਦੇ ਇੱਕ ਥੀਏਟਰ ਵਾਲੇ ਨੇ ਉਸ ਨੂੰ ਇੱਕ ਡਰਾਮਾ ਲਿਖਣ ਲਈ ਕਿਹਾ। ਦੋ ਹਫ਼ਤਿਆਂ ਵਿੱਚ ਲਿਖਿਆ ਜਾਣ ਵਾਲਾ ਇਹ ਡਰਾਮਾ ਨਵੰਬਰ ਵਿੱਚ ਚੱਲਿਆ ਅਤੇ ਇਸ ਨੇ ਖ਼ੂਬ ਪ੍ਰਸੰਸਾ ਖੱਟੀ। 1889 ਵਿੱਚ ਐਂਤਨ ਦੇ ਭਰਾ ਨਿਕੋਲਾਈ ਦੀ ਟੀਬੀ ਹੱਥੋਂ ਮੌਤ ’ਤੇ ਉਹਨਾਂ ਨੇ (A Dreary Story) ਨਾਂ ਦੀ ਕਹਾਣੀ ਲਿਖੀ। ਇਹ ਇੱਕ ਐਸੇ ਬੰਦੇ ਦੀ ਕਹਾਣੀ ਹੈ ਜਿਹੜਾ ਮੌਤ ਨੂੰ ਸਾਹਮਣੇ ਵੇਖ ਰਿਹਾ ਹੈ ਤੇ ਜਿਸਨੂੰ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਦਿਸਦਾ। ਚੈਖਵ, ਜਿਹੜਾ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਨੂੰ ਆਪਣੇ ਭਰਾ ਵਿੱਚ ਉਦਾਸੀ ਦੀ ਤੇਜ਼ ਝਲਕ ਦਿਖੀ। ਉਹ ਆਪਣੀ ਪੜ੍ਹਾਈ ਲਈ ਜੇਲ੍ਹਾਂ ਬਾਰੇ ਜਾਣਕਾਰੀ ਇਕੱਤਰ ਕਰ ਰਿਹਾ ਸੀ ਤੇ ਐਂਤਨ ਚੈਖਵ ਵੀ ਆਪਣੀ ਜਿੰਦੜੀ ਦੇ ਕਿਸੇ ਮਕਸਦ ਲਈ ਜੇਲ੍ਹਾਂ ਦੇ ਸੁਧਾਰ ਦੇ ਕੰਮ ਵਿੱਚ ਪੈ ਗਿਆ।

ਸਖਾਲਿਨ[ਸੋਧੋ]

1890 ਵਿੱਚ ਚੈਖਵ ਨੇ ਟਰੇਨ, ਟਾਂਗੇ ਤੇ ਦਰਿਆ ਦੇ ਜ਼ਰੀਏ ਇੱਕ ਔਖਾ ਸਫ਼ਰ ਕੀਤਾ ਤੇ ਜਪਾਨ ਦੇ ਉੱਤਰ ਵਿੱਚ ਰੂਸੀ ਜਜ਼ੀਰੇ ਸਖਾਲਿਨ ਪਹੁੰਚਿਆ, ਜਿੱਥੇ ਉਹਨੇ ਤਿੰਨ ਮਹੀਨੇ ਲਾ ਕੇ ਉੱਥੋਂ ਦੇ ਵਾਸੀਆਂ ਤੇ ਮੁਜਰਿਮਾਂ ਦੇ ਬਾਰੇ ਗੱਲਾਂ ਇਕੱਠੀਆਂ ਕੀਤੀਆਂ। ਤੋਮਸਕ ਦੇ ਲੋਕਾਂ ਬਾਰੇ ਆਪਣੀ ਪਾਨ ਨੂੰ ਉਹ ਲਿਖਦਾ ਏ “ਤੋਮਸਕ ਇੱਕ ਸੁਸਤ ਨਗਰੀ ਏ। ਉਹ ਸ਼ਰਾਬੀ ਜਿਹਨਾਂ ਨਾਲ ਮੇਰੀ ਜਾਣ ਪਛਾਣ ਹੈ ਤੇ ਉਹ ਪੜ੍ਹੇ ਲਿਖੇ ਲੋਕ ਜਿਹੜੇ ਮੈਨੂੰ ਹੋਟਲ ਵਿੱਚ ਮਿਲਣ ਆਉਂਦੇ ਨੇ ਉਹਨਾਂ ਤੋਂ ਲਗਦਾ ਏ ਜੇ ਇਹ ਬੜੇ ਸੁਸਤ ਨੇ।” ਤੋਮਸਕ ਦੇ ਲੋਕਾਂ ਨੇ ਇਸ ਗੱਲ ਦਾ ਚੈਖਵ ਦਾ ਇੱਕ ਮਖ਼ੌਲੀਆ ਬੁੱਤ ਬਣਾ ਕੇ ਜਵਾਬ ਦਿੱਤਾ।

ਜੋ ਕੁਝ ਉਹਨੇ ਉੱਥੇ ਵੇਖਿਆ, ਉਹਦਾ ਉਹਨੂੰ ਬੜਾ ਦੁੱਖ ਹੋਇਆ : ਮਾਰਕੁੱਟ, ਸਮਾਨ ਦੀ ਚੋਰੀ, ਸਵਾਣੀਆਂ ਨਾਲ ਜ਼ਨਾਹ। ਉਹ ਲਿਖਦਾ ਹੈ, “ਕੁਝ ਐਹੋ ਜੇ ਵੇਲੇ ਵੀ ਸਨ ਜਦੋਂ ਮੈਂ ਇਨਸਾਨ ਨੂੰ ਉਹਦੀ ਸਭ ਤੋਂ ਬੁਰੀ ਸਥਿਤੀ ਵਿੱਚ ਵੇਖਿਆ।” ਮੁਜਰਿਮਾਂ ਦੀ ਇਸ ਬਸਤੀ ਵਿੱਚ ਬਾਲਾਂ ਦੀ ਸਥਿਤੀ ਤੇ ਉਹ ਬੜਾ ਦੁਖੀ ਸੀ।

ਯਾਲਟਾ[ਸੋਧੋ]

1898 ਵਿੱਚ ਚੈਖਵ ਯਾਲਟਾ ਆਇਆ ਤੇ ਇੱਥੇ ਘਰ ਬਣਾ ਲਿਆ। 25 ਮਈ 1901 ਨੂੰ ਉਹਨੇ ਓਲਗਾ ਨਿਪਰ ਨਾਲ ਵਿਆਹ ਕਰ ਲਿਆ।

ਮੌਤ[ਸੋਧੋ]

15 ਜੁਲਾਈ 1904 ਨੂੰ ਰੂਸ ਦੇ ਇਸ ਮਹਾਨ ਕਥਾਕਾਰ ਅਤੇ ਆਧੁਨਿਕ ਕਹਾਣੀ ਨੂੰ ਚਮਕਾਉਣ ਵਾਲੇ ਚੈਖਵ ਦਾ ਦੇਹਾਂਤ ਜਰਮਨੀ ਦੇ ਇੱਕ ਛੋਟੇ ਜਿਹੇ ਪਿੰਡ ਬਾਦੇਨ ਵੇਇਲਰ ਵਿੱਚ ਹੋਇਆ ਸੀ, ਜਿਸਨੂੰ ਅੱਜ ਚੈਖਵ ਗਰਾਮ ਕਿਹਾ ਜਾਂਦਾ ਹੈ ਅਤੇ ਜਿੱਥੇ ਹਰ ਸਾਲ ਹਜ਼ਾਰਾਂ-ਲੱਖਾਂ ਲੋਕ ਦੁਨੀਆ ਭਰ ਤੋਂ ਚੈਖਵ ਦਾ ਅੰਤਿਮ ਘਰ ਅਤੇ ਯਾਦਗਾਰ ਦੇਖਣ ਲਈ ਆਉਂਦੇ ਹਨ।

ਵਿਰਾਸਤ[ਸੋਧੋ]

ਚੈਖ਼ਵ ਨਾਲ ਆਧੁਨਿਕ ਕਹਾਣੀ ਦਾ ਇੱਕ ਗੌਰਵਸ਼ਾਲੀ ਅਧਿਆਇ ਸ਼ੁਰੂ ਹੁੰਦਾ ਹੈ। ਕਹਾਣੀ ਚੈਖਵ ਤੋਂ ਪਹਿਲਾਂ ਵੀ ਸੀ ਅਤੇ ਬੇਸ਼ੱਕ ਇੱਕ ਲੋਕ ਪਿਆਰੀ ਵਿਧਾ ਵੀ, ਲੇਕਿਨ ਉਸਦੀ ਬਣਾਵਟ ਵਿੱਚ ਅਤਿ-ਨਾਟਕੀਪਣਾ, ਰੁਮਾਂਸ, ਭਾਵੁਕਤਾ, ਉਪਦੇਸ਼ਾਤਮਕਤਾ, ਸੰਜੋਗਾਂ ਦਾ ਸਿਲਸਿਲਾ ਅਤੇ ਅਤਿਮਾਨਵੀ ਸ਼ਕਤੀਆਂ ਦਾ ਦਖ਼ਲ ਸੀ। ਇਸ ਲਈ ਰਹੱਸ-ਰੁਮਾਂਚ ਅਤੇ ਪਠਨੀਅਤਾ ਦੇ ਬਾਵਜੂਦ ਉਹ ਮਨੋਰੰਜਨ ਤਾਂ ਕਰਦੀ ਸੀ, ਗਿਆਨ ਨੇਤਰ ਨਹੀਂ ਦਿੰਦੀ ਸੀ। ਕ਼ਿੱਸਾ ਹੀ ਸੁਣਾਉਂਦੀ ਸੀ, ਜੀਵਨ ਦੇ ਰਹੱਸਾਂ ਨੂੰ ਭੇਦਣ ਦੀ ਸ਼ਕਤੀ ਨਹੀਂ ਦਿੰਦੀ ਸੀ। ਗੁਦਗੁਦਾਉਂਦੀ, ਬਹਿਲਾਉਂਦੀ ਜਾਂ ਰੁਆਉਂਦੀ ਤਾਂ ਸੀ, ਸਮਝਦਾਰ ਨਹੀਂ ਬਣਾਉਂਦੀ ਸੀ। ਉਸਦਾ ਸਰੋਕਾਰ ਸਮਕਾਲੀ ਸਮਾਜ ਦੀਆਂ ਗੁੱਥੀਆਂ ਨੂੰ ਸੁਲਝਾਉਣਾ ਨਹੀਂ, ਉਹਨਾਂ ਤੋਂ ਇੱਕ ਤਰ੍ਹਾਂ ਦਾ ਪਲਾਇਨ ਸੀ। ਉਸਦੀ ਭਾਸ਼ਾ ਮੁਗਧਕਾਰੀ ਅਤੇ ਅਲੰਕਾਰਿਕ ਸੀ ਅਤੇ ਅੰਤ ਝਟਕੇ ਮਾਰਨ ਵਾਲਾ। ਖ਼ੈਰ, ਚੈਖਵ ਤੋਂ ਪਹਿਲਾਂ ਦੀ ਸਾਰੀ ਕਹਾਣੀ ਨੂੰ ਤਾਂ ਉਕਤ ਟਿੱਪਣੀ ਨਾਲ ਰੱਦ ਨਹੀਂ ਕੀਤਾ ਜਾ ਸਕਦਾ, ਲੇਕਿਨ ਜਿਹਨਾਂ ਮਹਾਨ ਰਚਨਾਕਾਰਾਂ ਨੇ ਕਹਾਣੀ ਨੂੰ ਇੱਕ ਗੰਭੀਰ ਅਤੇ ਖੋਜੀ ਵਿਧਾ ਦਾ ਦਰਜਾ ਦਵਾਇਆ, ਜਿਹਨਾਂ ਨੇ ਕਹਾਣੀ ਦੀ ਚਾਲ ਵਿੱਚ ਮਨੁੱਖ ਮਨ ਦੀ ਅੰਦਰਲੀ ਉੱਥਲ-ਪੁਥਲ ਨੂੰ ਪਰਵੇਸ਼ ਦਿਵਾਇਆ, ਉਹਨਾਂ ਵਿੱਚ ਚੈਖਵ ਦਾ ਨਾਮ ਲਾਜ਼ਮੀ ਤੌਰ ’ਤੇ ਸਭ ਤੋਂ ਉੱਤੇ ਰੱਖਣਾ ਹੋਵੇਗਾ। ਚੈਖਵ ਪੇਸ਼ੇ ਤੋਂ ਡਾਕਟਰ ਸਨ ਅਤੇ ਇੱਕ ਅਤਿਅੰਤ ਸੰਵੇਦਨਸ਼ੀਲ, ਥੋੜ੍ਹਾ ਬੋਲਣ ਵਾਲੇ ਅਤੇ ਸੰਕੋਚੀ ਸੁਭਾਅ ਦੇ ਵਿਅਕਤੀ ਸਨ। ਉਹਨਾਂ ਦਾ ਜੀਵਨ ਅਨੁਭਵ ਵਿਰਾਟ ਸੀ ਅਤੇ ਮਨੁੱਖ ਦੇ ਸ਼ਖ਼ਸੀਅਤ ਦੇ ਅਨੇਕ ਅਛੋਹੇ ਪਹਿਲੂਆਂ ਨਾਲ ਉਹਨਾਂ ਦੀ ਗਹਿਨ ਅਤੇ ਅੰਤਰੰਗ ਜਾਣ ਪਹਿਚਾਣ ਸੀ। ਅਸੀਂ ਜਾਣਦੇ ਹਾਂ ਕਿ ਡਾਕਟਰ ਸਾਡੇ ਘਰਾਂ ਵਿੱਚ ਹੀ ਨਹੀਂ ਆਉਂਦਾ, ਸਾਡੀਆਂ ਪਰਿਵਾਰਿਕ, ਨਿੱਜੀ ਅਤੇ ਅਵਚੇਤਨ ਦੀਆਂ ਵਿਸੰਗਤੀਆਂ-ਵਿਡੰਬਨਾਵਾਂ ਦਾ ਵੀ ਸਭ ਤੋਂ ਨੇੜਲਾ ਭੇਤੀ ਹੋ ਜਾਂਦਾ ਹੈ। ਅਸੀਂ ਡਾਕਟਰ ਤੋਂ ਕੁੱਝ ਨਹੀਂ ਲੁਕਾਉਂਦੇ, ਲੇਕਿਨ ਡਾਕਟਰ ਸਾਡੀਆਂ ਸਾਰੀਆਂ ਗੱਲਾਂ ਸੀਨੇ ਵਿੱਚ ਲੁੱਕਾ ਕੇ ਰੱਖਦਾ ਹੈ। ਸ਼ਾਇਦ ਇਸ ਤੋਂ ਹੀ ਸੰਕੋਚ, ਵਿਦਰੂਪ ਅਤੇ ਵਿਡੰਬਨਾ ਦੀ ਭੇਦਕ ਨਜ਼ਰ ਉਪਜਦੀ ਹੈ, ਜੋ ਕਿਸੇ ਵੀ ਮਹਾਨ ਰਚਨਾ ਦੀ ਇੱਕ ਲਗਪਗ ਲਾਜ਼ਮੀ ਸ਼ਰਤ ਹੁੰਦੀ ਹੈ। ਚੈਖਵ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਹਨਾਂ ਦੀ ਭਾਸ਼ਾ ਦੀ ਕੌਸ਼ਲਤਾ ਨਹੀਂ, ਉਹਨਾਂ ਦਾ ਪਾਤਰ ਚਿਤਰਣ ਅਤੇ ਸਥਿਤੀ ਸੰਗ੍ਰਹਿ ਹੈ, ਉਹ ਕਿਤੇ ਵੀ, ਕੋਈ ਵੀ ਕਥਾਨਕ ਚੁਣ ਕੇ ਉਸ ਵਿੱਚ ਨਾਟਕੀਅਤਾ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਕਹਾਣੀ ਲਈ ਕਥਾਨਕ ਹੀ ਅਜਿਹਾ ਚੁਣਦੇ ਹਨ, ਜੋ ਭਰਪੂਰ ਨਾਟਕੀ ਹੋਵੇ। ਉਹਨਾਂ ਦੀਆਂ ਪ੍ਰਸਿੱਧ ਕਹਾਣੀਆ ‘ਗਿਰਗਟ’ ਅਤੇ ‘ਇੱਕ ਕਲਰਕ ਦੀ ਮੌਤ’ ਇਸ ਸੱਚਾਈ ਦੀਆਂ ਗਵਾਹ ਹਨ ਕਿ ਇਹਨਾਂ ਵਿੱਚ ਕਹਾਣੀਕਾਰ ਨੇ ਆਪਣੀ ਤਰਫ਼ ਤੋਂ ਕੋਈ ਨਾਟਕੀਅਤਾ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ, ਬਲਕਿ ਪੂਰੀ ਸਥਿਤੀ ਹੀ ਇੰਨੀ ਨਾਟਕੀ ਹੈ ਕਿ ਠੀਕ ਨਜ਼ਰ ਅਤੇ ਕਲਾਤਮਕ ਹੁਨਰ ਦੇ ਨਾਲ ਉਸਦਾ ਸਿੱਧਾ ਸਾਦਾ ਬਿਆਨ ਵੀ ਕਹਾਣੀ ਨੂੰ ਯਾਦਗਾਰੀ ਬਣਾ ਦਿੰਦਾ ਹੈ। ਇੱਥੇ ਚੈਖਵ ਪੁਰਾਣੇ ਕਹਾਣੀਕਾਰਾਂ ਤੋਂ ਵੱਖ ਹੋ ਜਾਂਦੇ ਹਨ ਅਤੇ ਆਪਣੀ ਕਲਾ ਦੀ ਸਾਦਗੀ ਨਾਲ ਦੁਨੀਆ ਨੂੰ ਚੌਂਕਾ ਦਿੰਦੇ ਹਨ। ਚੈਖਵ ਦਾ ਪ੍ਰਸਿੱਧ ਕਥਨ ਹੈ ਕਿ ਕਹਾਣੀ ਵਿੱਚ ਕੁੱਝ ਵੀ ਫਾਲਤੂ ਨਹੀਂ ਹੋਣਾ ਚਾਹੀਦਾ। ਜੇਕਰ ਕਹਾਣੀ ਦੇ ਪਹਿਲੇ ਭਾਗ ਵਿੱਚ ਦੀਵਾਰ ’ਤੇ ਬੰਦੂਕ ਟੰਗੀ ਵਿਖਾਈ ਗਈ ਹੈ ਤਾਂ ਕਹਾਣੀ ਦੇ ਅੰਤਿਮ ਭਾਗ ਤੱਕ ਉਸਨੂੰ ਜ਼ਰੂਰ ਚੱਲ ਜਾਣਾ ਚਾਹੀਦਾ ਹੈ। ਕੋਈ ਹੈਰਾਨੀ ਨਹੀਂ, ਜੋ ਚੈਖਵ ਦਾ ਬਾਅਦ ਦੀ ਕਹਾਣੀ ਉੱਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਿਆ ਅਤੇ ਅੱਜ ਚੈਖਵ ਦੇ ਜਾਣ ਦੇ ਸੌ ਸਾਲ ਬਾਅਦ ਵੀ ਕੋਈ ਕਹਾਣੀ ਲਿਖਣਾ ਸ਼ੁਰੂ ਕਰੇਗਾ ਤਾਂ ਉਸਨੂੰ ਚੈਖਵ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਵੇਗੀ। ਤੋਲਸਤੋਏ, ਗੋਰਕੀ, ਦੋਸਤੋਏਵਸਕੀ ਅਤੇ ਚੈਖਵ ਸੋਵੀਅਤ ਕਥਾ ਦੇ ਸਿਖਰ ਪੁਰਖ ਹਨ, ਅਸੀਂ ਇਨਕਲਾਬ ਤੋਂ ਪਹਿਲਾਂ ਦੇ ਸੋਵੀਅਤ ਸੰਘ ਦੇ ਬਾਰੇ ਵਿੱਚ ਜੋ ਵੀ ਜਾਣਦੇ ਹਾਂ, ਇਨ੍ਹਾਂ ਦੇ ਮਾਧਿਅਮ ਨਾਲ ਹੀ ਜਾਣਦੇ ਹਾਂ। ਇਹਨਾਂ ਵਿੱਚ ਤੋਲਸਤੋਏ ਉਮਰ ਵਿੱਚ ਸਭ ਤੋਂ ਵੱਡੇ ਸਨ ਅਤੇ ਗੋਰਕੀ ਸਭ ਤੋਂ ਛੋਟੇ। ਚੈਖਵ ਤੋਲਸਤੋਏ ਤੋਂ ਬੱਤੀ ਸਾਲ ਛੋਟੇ ਸਨ ਅਤੇ ਗੋਰਕੀ ਤੋਂ ਅੱਠ ਸਾਲ ਵੱਡੇ। ਅਜਿਹਾ ਅਤੇ ਇੰਨਾ ਮਹਾਨ ਕਥਾ ਸਮਾਂ ਰੂਸ ਵਿੱਚ ਫਿਰ ਕਦੇ ਨਹੀਂ ਆਇਆ। ਸ਼ਰਤ (ਕਹਾਣੀ), ਦੁੱਖ (ਕਹਾਣੀ), ਵਾਂਕਾ, ਦੁਲਹਨ, ਵਾਰਡ ਨੰਬਰ ਛੇ ਆਦਿ ਚੈਖਵ ਦੀਆਂ ਅਜਿਹੀਆਂ ਕਹਾਣੀਆਂ ਹਨ, ਜਿਹਨਾਂ ਨੂੰ ਸਦੀਆਂ ਤੱਕ ਪੜ੍ਹਿਆ ਜਾਵੇਗਾ। ਚੈਖਵ ਨੇ ਡਰਾਮੇ ਵੀ ਲਿਖੇ। ‘ਦੁਸ਼ਮਣ’ ਅਤੇ ‘ਸ਼ਾਹਦਾਨੇ ਦਾ ਬਗ਼ੀਚਾ’ ਉਹਨਾਂ ਦੇ ਮਸ਼ਹੂਰ ਡਰਾਮੇ ਹਨ। ਉਹਨਾਂ ਨੇ ਵਿਆਹ ਵੀ ਰੰਗ ਮੰਚ ਦੀ ਇੱਕ ਐਕਟ੍ਰੈਸ ਓਲਗਾ ਲਯੋਨਾਦਰੇਵਨਾ ਨਾਲ ਕੀਤਾ। ਬਾਦੇਲਵੇਇਲਰ ਵਿੱਚ ਚੈਖਵ ਦਾ ਸਮਾਰਕ ਸੀ, ਜਿੱਥੇ ਚੈਖਵ ਦੀ ਪਹਿਲੀ ਆਵਕਸ਼ ਮੂਰਤੀ ਲਗਾਈ ਗਈ ਸੀ। ਜਰਮਨ ਸਰਕਾਰ ਦੇ ਗੁਪਤ ਆਦੇਸ਼ ’ਤੇ ਇਸ ਕਾਂਸੀ ਦੀ ਮੂਰਤੀ ਨੂੰ ਇੱਥੋਂ ਹਟਾ ਦਿੱਤਾ ਗਿਆ ਅਤੇ ਗਲਾ ਦਿੱਤਾ ਗਿਆ। ਇਸਦੇ ਬਹੁਤ ਸਾਲਾਂ ਬਾਅਦ ਇਸ ਸਮਾਰਕ ਦਾ ਪੁਨਰ ਨਿਰਮਾਣ ਹੋ ਸਕਿਆ। ਹੁਣ ਸੋਚਣ ਦੀ ਗੱਲ ਇਹ ਹੈ ਕਿ ਅਸਲੀ ਸਮਰਾਟ ਕੌਣ ਹੈ? ਉਹ, ਜੋ ਲੇਖਕਾਂ ਦੀਆਂ ਮੂਰਤੀਆਂ ਨੂੰ ਉਖੜਵਾਉਂਦਾ ਅਤੇ ਗਲਵਾਉਂਦਾ ਹੈ? ਜਾਂ ਉਹ, ਜਿਸਨੂੰ ਅੱਜ ਵੀ ਦੁਨੀਆ ਦੇ ਲੱਖਾਂ-ਕਰੋੜਾਂ ਲੋਕ ਦਿਲਾਂ ਵਿੱਚ ਮੂਰਤੀ ਬਣਾ ਕੇ ਬਿਠਾ ਕੇ ਰੱਖਦੇ ਹਨ ਅਤੇ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹਨ?

‘ਦੁੱਖ’ ਇੱਕ ਗਰੀਬ ਕੋਚਵਾਨ ਲੋਨਾ ਦੀ ਕਹਾਣੀ ਹੈ, ਜਿਸਦੇ ਇਕਲੌਤੇ ਜਵਾਨ ਬੇਟੇ ਦੀ ਮੌਤ ਹੋ ਗਈ ਹੈ, ਜੋ ਕਿਸੇ ਨੂੰ ਇਸ ਬਾਰੇ ਵਿਸਥਾਰ ਨਾਲ ਦੱਸ ਕੇ ਆਪਣਾ ਦੁੱਖ ਹਲਕਾ ਕਰਨਾ ਚਾਹੁੰਦਾ ਹੈ। ਲੇਕਿਨ ਕਿਸੇ ਨੂੰ ਉਸਦੀ ਗੱਲ ਸੁਣਨ ਦੀ ਫ਼ੁਰਸਤ ਨਹੀਂ ਹੈ ਅਤੇ ਅੰਤ ਉਹ ਬੇਟੇ ਦੀ ਮੌਤ ਦਾ ਗ਼ਮ ਆਪਣੀ ਘੋੜੀ ਦੇ ਨਾਲ ਵੰਡਣ ਨੂੰ ਮਜ਼ਬੂਰ ਹੁੰਦਾ ਹੈ। ਸਾਫ਼ ਹੈ ਇਹ ਇੱਕ ਪ੍ਰਭਾਵਿਕ ਸਥਿਤੀ ਹੈ, ਜਿਸਦਾ ਨਿਰਮਾਣ ਚੈਖਵ ਨੇ ਕੋਚਵਾਨ ਲੋਨਾ ਦੇ ਮਾਧਿਅਮ ਰਾਹੀਂ ਇਸ ਵਿਡੰਬਨਾ ਨੂੰ ਚਿਤਰਿਤ ਕਰਨ ਲਈ ਕੀਤਾ ਹੈ ਕਿ ਇਨਸਾਨਾਂ ਦੀ ਧਰਤੀ ਉੱਤੇ ਅਨੇਕ ਇਨਸਾਨ ਅਜਿਹੇ ਵੀ ਹਨ, ਜੋ ਆਪਣਾ ਦੁੱਖ ਕਿਸੇ ਦੇ ਵੀ ਨਾਲ ਵੰਡ ਨਹੀਂ ਪਾਉਂਦੇ। ਇਸ ਵਿਸ਼ੇ ’ਤੇ ਇੱਕ ਅਤਿਅੰਤ ਭਾਵੁਕਤਾ ਭਰੀ ਕਹਾਣੀ ਵੀ ਲਿਖੀ ਜਾ ਸਕਦੀ ਸੀ। ਪਾਤਰਾਂ ਦੇ ਇਲਾਵਾ ਲੇਖਕ ਵੀ ਆਪਣੀ ਤਰਫ਼ ਤੋਂ ਥੋੜ੍ਹੀ ਬਹੁਤ ਹਾਏ-ਬੂਹ ਕਰ ਸਕਦਾ ਸੀ। ਲੇਕਿਨ ਫਿਰ ਇਹ ਚੈਖਵ ਦੀ ਕਹਾਣੀ ਨਾ ਹੁੰਦੀ ਅਤੇ ਆਧੁਨਿਕ ਕਹਾਣੀ ਵੀ ਨਹੀਂ। ਇਸ ਕਹਾਣੀ ਵਿੱਚ ਬੇਟੇ ਦੀ ਮੌਤ ਦਾ ਦੁੱਖ ਇੱਕ ਦੁੱਖ ਹੈ। ਇਹ ਦੁੱਖ ਕਿਸੇ ਦੇ ਨਾਲ ਵੰਡਿਆ ਨਹੀਂ ਜਾ ਸਕਿਆ - ਇਹ ਦੂਜਾ ਦੁੱਖ ਹੈ। ਲੇਕਿਨ ਇਸ ਤੋਂ ਵੀ ਵੱਡਾ ਇੱਕ ਤੀਜਾ ਦੁੱਖ ਵੀ ਹੈ। ਤੀਜਾ ਦੁੱਖ ਹੈ ਯੋਨਾ ਦਾ ਇਹ ਸੋਚਣਾ ਕਿ ਸ਼ਾਇਦ ਉਹ ਆਪਣੇ ਦੁੱਖ ਨੂੰ ਜ਼ਾਹਿਰ ਕਰਨ ਦਾ ਠੀਕ ਤਰੀਕ਼ਾ ਨਹੀਂ ਜਾਣਦਾ, ਵਰਨਾ ਲੋਕ ਜ਼ਰੂਰ ਸੁਣਦੇ, ਸਮਝਦੇ, ਦਿਲਾਸਾ ਦਿੰਦੇ ਅਤੇ ਉਸਦਾ ਜੀਅ ਥੋੜ੍ਹਾ ਹਲਕਾ ਹੋ ਜਾਂਦਾ।

ਚੈਖਵ ਓਨਾ ਹੀ ਬੋਲਦੇ ਹਨ, ਜਿੰਨਾ ਕੁ ਬੋਲੇ ਬਗ਼ੈਰ ਕੰਮ ਹੀ ਨਾ ਚਲੇ। ਉਹਨਾਂ ਦੀਆਂ ਕਹਾਣੀਆਂ ਵਿੱਚ ਇੱਕ ਸ਼ਬਦ, ਦ੍ਰਿਸ਼, ਡਿਟੇਲ ਜਾਂ ਵੇਰਵਾ ਫਾਲਤੂ ਜਾਂ ਗ਼ੈਰਜਰੂਰੀ ਨਹੀਂ ਹੁੰਦਾ। ਚੈਖਵ ਦੀ ਕਲਾ ਇਸ ਗੱਲ ਵਿੱਚ ਹੈ ਕਿ ਉਹ ਘੱਟ ਤੋਂ ਘੱਟ ਸ਼ਬਦਾਂ ਵਿੱਚ ਪੂਰਾ ਮਾਹੌਲ ਹੀ ਨਹੀਂ, ਪਾਤਰਾਂ ਦੀ ਮਨੋਦਸ਼ਾ ਨੂੰ ਵੀ ਪੂਰੀ ਤਰ੍ਹਾਂ ਸੰਪ੍ਰੇਸ਼ਿਤ ਕਰ ਦਿੰਦੇ ਹਨ। ਉੱਥੇ ਕਥਨ ਦੀਆਂ ਭੰਗਿਮਾਵਾਂ ਨਾਲ ਨਾਟਕੀਅਤਾ ਪੈਦਾ ਨਹੀਂ ਕੀਤੀ ਜਾਂਦੀ। ਨਾਟਕੀਅਤਾ ਉਸ ਸਥਿਤੀ ਵਿੱਚ ਹੀ ਅੰਤਰਨਿਹਿਤ ਹੁੰਦੀ ਹੈ, ਜਿਸਦਾ ਚੈਖਵ ਨੇ ਸੰਗ੍ਰਹਿ ਕੀਤਾ ਹੈ। ਕੋਚਵਾਨਾਂ ਬਾਰੇ ਉਹਨਾਂ ਨੇ ਹੋਰ ਵੀ ਕਹਾਣੀਆਂ ਲਿਖੀਆਂ ਹਨ। ਸਾਊ ਬੱਚਿਆਂ, ਭੋਲੀਆਂ ਨੌਕਰਾਨੀਆਂ, ਸਤਾਏ ਹੋਏ ਕਰਮਚਾਰੀਆਂ ਅਤੇ ਠਗੇ ਗਏ ਮਾਯੂਸ ਲੋਕਾਂ ਬਾਰੇ ਵੀ। ਚੈਖਵ ਦੀ ਕਰੁਣਾ ਅਤੇ ਮਮਤਾ ਸਹਿਜ ਹੀ ਇਹਨਾਂ ਦੀ ਤਰਫ਼ ਝੁਕਦੀ ਹੈ। ਇਸਦੇ ਉਲਟ ਜਦੋਂ ਉਹ ਰਈਸਾਂ, ਐਯਾਸ਼ਾਂ, ਪਰਜੀਵੀਆਂ ਅਤੇ ਘਮੰਡੀਆਂ ਦਾ ਚਿਤਰਣ ਕਰਦੇ ਹਨ ਤਾਂ ਅਕਸਰ ਆਪਣੇ ਵੱਲੋਂ ਇੱਕ ਵੀ ਸ਼ਬਦ ਕਹੇ ਬਿਨਾਂ ਪਾਠਕਾਂ ਨੂੰ ਉਹਨਾਂ ਦੇ ‘ਅਸਲੀ ਰੰਗ’ ਤੋਂ ਵਾਕਿਫ਼ ਕਰਾ ਦਿੰਦੇ ਹਨ। ਲੇਖਕੀ ਦਖ਼ਲ, ਚੇਤਨਾ, ਨੀਤੀਵਾਕ, ਉਪਦੇਸ਼, ਪ੍ਰਵਚਨ, ਸੂਕਤੀਕਥਨ - ਇਹ ਸਭ ਚੈਖਵ ਦੇ ਕੰਮ ਦੀ ਚੀਜ਼ ਨਹੀਂ ਸਨ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Letters of Anton Chekhov by Anton Pavlovich Chekhov". Project Gutenberg. Retrieved 26 ਨਵੰਬਰ 2012.

ਬਾਹਰੀ ਸ੍ਰੋਤ[ਸੋਧੋ]