ਓਸ਼ੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਜਨੀਸ਼ (ਓਸ਼ੋ)
ਜਨਮ
ਚੰਦਰ ਮੋਹਨ ਜੈਨ

(1931-12-11)11 ਦਸੰਬਰ 1931
ਮੌਤ19 ਜਨਵਰੀ 1990 (ਉਮਰ 58)
ਰਾਸ਼ਟਰੀਅਤਾਭਾਰਤੀ
ਸਿੱਖਿਆਸਾਗਰ ਯੂਨੀਵਰਸਿਟੀ
ਲਈ ਪ੍ਰਸਿੱਧਰੂਹਾਨੀਅਤ, ਰਹੱਸਵਾਦ
ਜ਼ਿਕਰਯੋਗ ਕੰਮ600 ਤੋਂ ਵੱਧ ਕਿਤਾਬਾਂ
ਲਹਿਰਜੀਵਨ ਜਾਗ੍ਰਿਤੀ ਅੰਦੋਲਨ; ਨਵ-ਸਨਿਆਸ

ਓਸ਼ੋ (ਉੱਚਾਰਨ ; 11 ਦਸੰਬਰ 1931–19 ਜਨਵਰੀ 1990) ਇੱਕ ਭਾਰਤੀ ਰਹੱਸਵਾਦੀ ਅਤੇ ਧਾਰਮਕ ਗੁਰੂ ਸਨ।[5] ਉਹਨਾਂ ਦਾ ਜਨਮ ਦਾ ਨਾਂ ਚੰਦਰ ਮੋਹਨ ਜੈਨ ਹੈ ਅਤੇ 1960 ਤੋਂ ਉਹਨਾਂ ਨੂੰ ਅਚਾਰੀਆ ਰਜਨੀਸ਼, 1970 ਅਤੇ 80ਵਿਆਂ ਦੇ ਵਿੱਚ ਭਗਵਾਨ ਸ਼੍ਰੀ ਰਜਨੀਸ਼ ਅਤੇ 1989 ਤੋਂ ਲੈ ਕੇ ਓਸ਼ੋ ਕਿਹਾ ਜਾਂਦਾ ਹੈ। ਮੱਧ ਪ੍ਰਦੇਸ਼ ਦੇ ਕੁਛਵਾੜਾ ਪਿੰਡ ਵਿੱਚ 11 ਦਸੰਬਰ 1931 ਨੂੰ ਜਨਮੇ ਓਸ਼ੋ (ਰਜਨੀਸ਼ ਚੰਦਰਮੋਹਨ) ਦੇ ਆਗਮਨ ਨਾਲ ਮਾਨਵੀ ਇਤਿਹਾਸ ਦੇ ਇੱਕ ਨਵੇਂ ਅਤੇ ਵੱਖਰੇ ਯੁੱਗ ਦਾ ਆਰੰਭ ਹੋਇਆ।

ਉਹ ਫ਼ਲਸਫ਼ੇ ਦੇ ਪ੍ਰੋਫ਼ੈਸਰ ਸਨ। ਉਹਨਾਂ ਕਾਮੁਕਤਾ ਪ੍ਰਤੀ ਖੁੱਲ੍ਹਾ ਨਜ਼ਰੀਆ ਅਪਣਾਇਆ ਜਿਸ ਕਰ ਕੇ ਭਾਰਤੀ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਉਹਨਾਂ ਨੂੰ ਕਾਮ ਗੁਰੂ ਵੀ ਕਿਹਾ ਗਿਆ।[5]

ਮਹਾਨ ਵਿਚਾਰਕ[ਸੋਧੋ]

ਪਿਛਲੀ ਸਦੀ ਦਾ ਮਹਾਨ ਵਿਚਾਰਕ ਅਤੇ ਅਧਿਆਤਮਕ ਨੇਤਾ ਓਸ਼ੋ, ਭਾਵਨਾਵਾਂ ਦਾ ਇੱਕ ਅਜਿਹਾ ਸੰਗੀਤਕ ਤੇ ਲੈਅਬੱਧ ਆਪਮੁਹਾਰਾ ਪ੍ਰਵਾਹ ਹੈ ਜਿਸ ਵਿੱਚ ਮਾਨਵੀ ਜੀਵਨ ਦੀਆਂ ਮੂੜਤਾਵਾਂ ਦੀ ਆਲੋਚਨਾ ਵੀ ਹੈ ਅਤੇ ਇੱਕ ਨਵੀਂ ਕ੍ਰਾਂਤੀ ਦੀ ਸੂਚਨਾ ਵੀ। ਉਸ ਦੇ ਵਿਚਾਰਾਂ ਵਿੱਚ ਬੌਧਿਕਤਾ ਅਤੇ ਭਾਵਨਾਵਾਂ ਦੀ ਇੱਕ ਅਜਿਹੀ ਸਮਤਾ ਹੈ, ਜੋ ਸਾਡੇ ਹਿਰਦਿਆਂ ਵਿੱਚ ਜਿੱਥੇ ਆਨੰਦਮਈ ਭਾਵਾਂ ਦਾ ਹੜ੍ਹ ਪੈਦਾ ਕਰਦੀ ਹੈ, ਉੱਥੇ ਸਾਨੂੰ ਉਹ ਕੁਝ ਵੀ ਵੇਖਣ ਦੇ ਯੋਗ ਬਣਾਉਂਦੀ ਹੈ ਜਿਸ ਨੂੰ ਅਸੀਂ ਪ੍ਰੰਪਰਾਗਤ ਮਾਨਤਾਵਾਂ ਅਤੇ ਸੰਸਕ੍ਰਿਤੀਆਂ ਦੀ ਗੁਲਾਮੀ ਕਾਰਨ ਵੇਖਣਾ ਨਹੀਂ ਚਾਹੁੰਦੇ। ਜਿਸ ਨੇ ਮਨੁੱਖ ਨੂੰ ਵਿਅਕਤੀਗਤ ਪੱਧਰ ‘ਤੇ ਉਸ ਦੀ ਚਰਮ ਸੀਮਾ ਤਕ ਪਹੁੰਚਣ ਦੀ ਪੂਰੀ ਆਜ਼ਾਦੀ ਦਿੱਤੀ।

ਜੀਵਨ ਨੂੰ ਉਸ ਦੀ ਸੰਪੂਰਨਤਾ[ਸੋਧੋ]

ਓਸ਼ੋ ਜੀਵਨ ਨੂੰ ਉਸ ਦੀ ਸੰਪੂਰਨਤਾ ਵਿੱਚ ਸਵੀਕਾਰਦੇ ਹਨ। ਉਹ ਪ੍ਰਿਥਵੀ ਅਤੇ ਸਵਰਗ, ਪਦਾਰਥਵਾਦੀ ਜਗਤ ਅਤੇ ਅਧਿਆਤਮ ਨੂੰ ਜੋੜਨ ਵਾਲੇ ਪਹਿਲੇ ਪੁਲ ਹਨ। ਬੁੱਧ, ਮਹਾਂਵੀਰ, ਕ੍ਰਿਸ਼ਨ, ਸ਼ਿਵ, ਨਾਰਦ, ਗੋਰਖ, ਕਬੀਰ, ਗੁਰੂ ਨਾਨਕ, ਮਲੂਕਦਾਸ, ਦਰਿਆ ਦਾਸ, ਮੀਰਾ ਆਦਿ ਉੱਪਰ ਆਪ ਦੇ ਹਜ਼ਾਰਾਂ ਪ੍ਰਵਚਨ ਹਨ, ਜੋ ਛੇ ਸੌ ਤੋਂ ਵੀ ਵੱਧ ਪੁਸਤਕਾਂ ਦੇ ਰੂਪ ਵਿੱਚ ਉਪਲਬਧ ਹਨ। ਧਰਮ, ਰਾਜਨੀਤੀ, ਕਲਾ ਅਤੇ ਸਿੱਖਿਆ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਨੂੰ ਓਸ਼ੋ ਨੇ ਚਰਚਾ ਦਾ ਵਿਸ਼ਾ ਨਾ ਬਣਾਇਆ ਹੋਵੇ।

ਮੈਡੀਟੇਸ਼ਨ, ਪ੍ਰੇਮ ਅਤੇ ਖੁਸ਼ੀ[ਸੋਧੋ]

ਆਧੁਨਿਕ ਯੁੱਗ ਵਿੱਚ ਜਦ ਪੂਰਬ-ਪੱਛਮ ਦੋਵਾਂ ਨੂੰ ਪਦਾਰਥਵਾਦ ਨੇ ਬੁਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ ਹੈ ਅਤੇ ਮਾਨਵਤਾ ਖੰਭ ਲਾ ਕੇ ਉਡਾਰੀਆਂ ਮਾਰਦੀ ਜਾ ਰਹੀ ਹੈ, ਅਜਿਹੇ ਅਧੋਗਤੀ ਦੇ ਦੌਰ ਵਿੱਚ ਓਸ਼ੋ ਨੇ ਮਨੁੱਖ ਨੂੰ ਉਸ ਦੇ ਆਪੇ ਨਾਲ ਸੁਰ ਕਰਨ ਲਈ ਆਪਣੇ ਪ੍ਰਵਚਨਾਂ ਅਤੇ ਧਿਆਨ ਵਿਧੀਆਂ ਰਾਹੀਂ ਕ੍ਰਾਂਤੀ ਦੀ ਇੱਕ ਨਵੀਂ ਲਹਿਰ ਆਰੰਭ ਕੀਤੀ। ਓਸ਼ੋ ਅਨੁਸਾਰ, ਅਖੌਤੀ ਰਾਜਨੇਤਾਵਾਂ ਅਤੇ ਧਾਰਮਿਕ ਆਗੂਆਂ ਦੀਆਂ ਸਵਾਰਥੀ ਰੁਚੀਆਂ ਕਾਰਨ ਮਨੁੱਖ ਦਾ ਭਵਿੱਖ-ਸਰਬਨਾਸ਼, ਪ੍ਰਿਥਵੀ ਦੇ ਸਮੂਹਿਕ ਰੂਪ ਵਿੱਚ ਨਸ਼ਟ ਹੋਣ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਮੈਡੀਟੇਸ਼ਨ, ਪ੍ਰੇਮ ਅਤੇ ਖੁਸ਼ੀ ਅਜਿਹੇ ਵਿਸ਼ੇ ਹਨ, ਜਿਹਨਾਂ ਉੱਪਰ ਓਸ਼ੋ ਨੇ ਜੀਵਨ ਭਰ ਸਭ ਤੋਂ ਵੱਧ ਵਿਚਾਰ ਪੇਸ਼ ਕੀਤੇ। ਉਹਨਾਂ ਅਨੁਸਾਰ, ਅਧਿਆਤਮ ਨੂੰ ਆਤਮਸਾਤ ਕਰਨ ਲਈ ਜਿਵੇਂ ਸੈਂਕੜੇ ਧਿਆਨ ਵਿਧੀਆਂ ਹਨ, ਉਸੇ ਤਰ੍ਹਾਂ ਪ੍ਰੇਮ ਦੇ ਵੀ ਰੰਗ ਅਣਗਿਣਤ ਹਨ। ਦੁਨਿਆਵੀ ਪ੍ਰੇਮ ਤੋਂ ਦੈਵੀ ਪ੍ਰੇਮ ਵੱਲ ਸੰਕੇਤ ਕਰਨ ਵਾਲੀ ਉਹਨਾਂ ਦੀ ਪੁਸਤਕ ‘ਸੰਭੋਗ ਸੇ ਸਮਾਧੀ ਕੀ ਔਰ’ ਅੱਜ ਤਕ ਸਭ ਤੋਂ ਵੱਧ ਚਰਚਿਤ ਅਤੇ ਵਿਵਾਦਾਂ ਵਿੱਚ ਘਿਰੀ ਪੁਸਤਕ ਹੈ, ਜਿਸ ਵਿੱਚ ਉਹਨਾਂ ਪ੍ਰੇਮ ਦੀਆਂ ਕਈ ਪਰਤਾਂ ਦੀ ਵਿਆਖਿਆ ਕਰਦਿਆਂ, ਇਸ ਰਾਹੀਂ ਪਰਮ-ਸੱਤ ਨਾਲ ਜੁੜਨ ‘ਤੇ ਜ਼ੋਰ ਦਿੱਤਾ ਹੈ।

ਮੂਲ ਪ੍ਰਵਿਰਤੀ[ਸੋਧੋ]

ਮਨੁੱਖ ਦੀ ਮੂਲ ਪ੍ਰਵਿਰਤੀ ਪ੍ਰੇਮ ਬਾਰੇ ਓਸ਼ੋ ਦਾ ਕਹਿਣਾ ਹੈ ਜਦੋਂ ਪ੍ਰੇਮ, ਅਕਾਰਨ, ਬਿਨਾਂ ਕਿਸੇ ਸ਼ਰਤ ਤੋਂ ਆਪਣੇ ਸ਼ੁੱਧ ਰੂਪ ਵਿੱਚ ਪ੍ਰਗਟ ਹੁੰਦਾ ਹੈ ਤਾਂ ਮੰਦਿਰ ਬਣ ਜਾਂਦਾ ਹੈ, ਜਦ ਪ੍ਰੇਮ ਅਸ਼ੁੱਧ ਰੂਪ ਵਿੱਚ ਵਾਸਨਾ, ਸ਼ੋਸ਼ਣ ਅਤੇ ਕਬਜ਼ੇ ਦੀ ਤਰ੍ਹਾਂ ਪ੍ਰਗਟ ਹੁੰਦਾ ਹੈ ਤਾਂ ਪ੍ਰੇਮ ਕੈਦ ਬਣ ਜਾਂਦਾ ਹੈ। ਫਿਰ ਮਨੁੱਖ ਇਸ ਕੈਦ ਤੋਂ ਮੁਕਤ ਹੋਣ ਦੀ ਇੱਛਾ ਰੱਖਦਾ ਹੋਇਆ ਵੀ ਮੁਕਤ ਨਹੀਂ ਹੋ ਸਕਦਾ। ਓਸ਼ੋ ਅਨੁਸਾਰ, ਸਭ ਤੋਂ ਵੱਡੀ ਕਲਾ ਅਤੇ ਸਭ ਤੋਂ ਵੱਡਾ ਗਿਆਨ ‘ਪ੍ਰੇਮ’ ਹੈ, ਜਿਸ ਦੇ ਕਈ ਰੂਪ ਹਨ। ਅੱਖਾਂ ਖੁੱਲ੍ਹੀਆਂ ਰੱਖ ਕੇ ਜੋ ਪ੍ਰੇਮ ਹੁੰਦਾ ਹੈ, ਉਹ ਰੂਪ ਨਾਲ ਹੈ। ਅੱਖਾਂ ਬੰਦ ਕਰ ਕੇ ਜੋ ਪ੍ਰੇਮ ਹੁੰਦਾ ਹੈ, ਉਹ ਅਰੂਪ ਨਾਲ ਹੈ। ਕੁਝ ਪਾ ਲੈਣ ਦੀ ਇੱਛਾ ਨਾਲ ਜੋ ਪ੍ਰੇਮ ਹੁੰਦਾ ਹੈ, ਉਹ ਲੋਭ ਹੈ ਅਤੇ ਆਪਣੇ-ਆਪ ਨੂੰ ਸਮਰਪਿਤ ਕਰਨ ਦਾ ਜੋ ਇੱਕ ਪ੍ਰੇਮ ਹੈ, ਉਹ ਭਗਤੀ ਹੈ। ਅਜਿਹਾ ਸ਼ੁੱਧ ਪ੍ਰੇਮ ਹੀ ਇੱਕ ਦਿਨ ਪ੍ਰਮਾਤਮਾ ਦੇ ਦੁਆਰ ਤਕ ਪਹੁੰਚਾ ਦੇਂਦਾ ਹੈ। ਓਸ਼ੋ ਵੱਲੋਂ ਆਰੰਭ ਕੀਤਾ ਗਿਆ ਨਵ-ਸੰਨਿਆਸ ਵੀ ਇੱਥੇ ਵਿਚਾਰਯੋਗ ਹੈ। ਇਸ ਤੋਂ ਪਹਿਲਾਂ ਸੰਸਾਰ ਦੇ ਤਿਆਗ ਨੂੰ ਸੰਨਿਆਸ ਸਮਝਿਆ ਜਾਂਦਾ ਸੀ ਪਰ ਓਸ਼ੋ ਦੀਆਂ ਨਜ਼ਰਾਂ ਵਿੱਚ ਜਿੱਥੇ ਧਿਆਨ ਅਤੇ ਪ੍ਰੇਮ ਦਾ ਮਿਲਨ ਹੁੰਦਾ ਹੈ, ਉਸ ਸੰਗਮ ਦਾ ਨਾਂ ਸੰਨਿਆਸ ਹੈ। ਸੰਨਿਆਸੀ ਉਹ ਹੈ ਜੋ ਆਪਣੇ ਘਰ, ਸੰਸਾਰ, ਪਤਨੀ, ਬੱਚਿਆਂ ਨਾਲ ਰਹਿੰਦਿਆਂ, ਧਿਆਨ ਅਤੇ ਸਤਸੰਗ ਰਾਹੀਂ ਸਚਿਆਰਾ ਬਣੇ।

ਧਰਮ ਅਤੇ ਦਰਸ਼ਨ[ਸੋਧੋ]

ਇਸ ਨਵੇਂ ਸੰਨਿਆਸ ਵਿੱਚ ਬੁੱਧ ਦਾ ਧਿਆਨ, ਕ੍ਰਿਸ਼ਨ ਦੀ ਬੰਸਰੀ, ਮੀਰਾ ਦੇ ਘੁੰਗਰੂ ਗਰੂ ਅਤੇ ਕਬੀਰ ਦੀ ਮਸਤੀ ਸ਼ਾਮਲ ਹੈ। ਭਾਰਤ ਵਿੱਚ ਧਰਮ ਅਤੇ ਦਰਸ਼ਨ ਦੇ ਸਮੇਂ-ਸਮੇਂ ਸਿਰ ਅਨੇਕ ਮੱਤ ਵਿਕਸਤ ਹੋਏ, ਜਿਹੜੇ ਬਾਅਦ ਵਿੱਚ ਅੰਧ-ਵਿਸ਼ਵਾਸੀ ਵਿਆਖਿਆ ਕਾਰਨ ਅਤੇ ਤਰਕ ਤੇ ਵਿਗਿਆਨ ਨੂੰ ਅੱਖੋਂ ਓਹਲੇ ਕਰਨ ਕਾਰਨ ਗੁੰਝਲਦਾਰ ਬਣਦੇ ਗਏ। ਧਰਮ ਬਾਰੇ ਓਸ਼ੋ ਦਾ ਵਿਚਾਰ ਹੈ ਕਿ ਮਨੁੱਖ ਪਾਸ ਜੋ ਵੀ ਥੋੜ੍ਹੀ ਬਹੁਤੀ ਚੇਤਨਾ ਹੈ, ਉਹ ਧਰਮ ਕਾਰਨ ਹੈ। ਧਰਮਾਂ ਦੇ ਸੰਸਥਾਗਤ ਰੂਪ ਨੂੰ ਪਕੜ ਕੇ ਬੈਠਣ ਦੀ ਥਾਂ ਇਸ ਦੇ ਡੰੂਘੇਰੇ ਭੇਦ ਜਾਣ ਕੇ ਇਸ ਨੂੰ ਆਚਰਣ ਵਿੱਚ ਸਮੋਣ ਦੀ ਲੋੜ ਹੈ। ਧਰਮਾਂ ਦੀ ਨਹੀਂ, ਸੰਸਾਰ ਨੂੰ ਧਾਰਮਿਕਤਾ ਦੀ ਲੋੜ ਹੈ। ਅਖੰਡਿਤ, ਵਿਗਿਆਨਕ ਤੇ ਸੰਸਾਰਿਕ ਧਰਮ ਦੀ ਲੋੜ ਹੈ। ਪ੍ਰਮਾਤਮਾ ਨੂੰ ਪਾ ਲੈਣਾ ਹਰ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ।

ਮੁਸ਼ਕਿਲਾਂ[ਸੋਧੋ]

ਕੂੜ ਜਹਾਨ ‘ਚ ਸੱਚ ਦਾ ਹੋਕਾ ਦੇਣ ਕਾਰਨ ਓਸ਼ੋ ਨੂੰ ਆਪਣੇ ਜੀਵਨ ਦੌਰਾਨ ਕਦਮ-ਕਦਮ ‘ਤੇ ਅਨੇਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਨੇਰੇ ਦੇ ਆਦੀ ਲੋਕਾਂ ਨੇ ਉਹਨਾਂ ਨੂੰ ਸੈਕਸ ਗੁਰੂ ਵਜੋਂ ਪ੍ਰਚਾਰਿਆ ਤੇ ਕਾਤਲਾਨਾ ਹਮਲੇ ਕੀਤੇ। ਉਹਨਾਂ ਦੀ ਬੌਧਿਕ ਪ੍ਰਤਿਭਾ ਤੋਂ ਪੱਛਮ ਦੀ ਜਨਤਾ ਇਸ ਕਦਰ ਪ੍ਰਭਾਵਿਤ ਹੋਈ ਕਿ ਭੈਅ ਕਾਰਨ ਅਮਰੀਕਾ ਦੀ ਰੀਗਨ ਸਰਕਾਰ ਨੇ ਓਸ਼ੋ ਨੂੰ ਇੱਕ ਖ਼ਤਰਨਾਕ ਮੁਜਰਿਮ ਦੀ ਤਰ੍ਹਾਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਕੇ ਅਤੀ ਘਟੀਆ ਸਲੂਕ ਕੀਤਾ।

ਦੇਹ-ਮੁਕਤ[ਸੋਧੋ]

ਜ਼ਹਿਰ ਬਦਲੇ ਅੰਮ੍ਰਿਤ ਵੰਡਣ ਵਾਲੇ ਪਿਆਰ ਦੇ ਮਸੀਹਾ ਓਸ਼ੋ ਬੇਸ਼ੱਕ 19 ਜਨਵਰੀ 1990 ਦੇ ਦਿਨ ਆਪਣੇ ਆਸ਼ਰਮ ਪੂਨੇ ਵਿਖੇ ਦੇਹ-ਮੁਕਤ ਹੋ ਗਏ ਪਰ ਉਹਨਾਂ ਵੱਲੋਂ ਚਲਾਈ ਗਈ ਪ੍ਰੇਮ, ਜਾਗਰੂਕਤਾ, ਸਿਰਜਨਾ ਦੀ ਲਹਿਰ ਹੁਣ ਪੂਰੀ ਦੁਨੀਆ ‘ਚ ਫੈਲਦੀ ਜਾ ਰਹੀ ਹੈ।

ਹਵਾਲੇ[ਸੋਧੋ]

  1. Rahul Sharma webpage
  2. "The uncensored Vinod Khanna"
  3. Die Tageszeitung interview (13 June 2006), interview Archived 2013-03-01 at the Wayback Machine. in Lettre International (ਜਰਮਨ). Retrieved 9 July 2011.
  4. "http://www.hollywoodreporter.com/news/lady-gaga-reveals-love-books-254661"
  5. 5.0 5.1 "The uncensored Vinod Khanna". ਦ ਟਾਈਮਜ਼ ਆੱਫ਼ ਇੰਡੀਆ. ਜੁਲਾਈ 27, 2002. Retrieved ਨਵੰਬਰ 17, 2012.

ਬਾਹਰੀ ਲਿੰਕ[ਸੋਧੋ]

https://punajbi22.blogspot.com/2022/11/osho.html