ਕਾਦਰੀ ਸਿਲਸਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਦਰੀ ਸੰਪ੍ਰਦਾਇ ਭਾਰਤ ਵਿੱਚ ਸਥਾਪਿਤ ਹੋਣ ਵਾਲੀਆਂ ਸੂਫ਼ੀ ਸੰਪ੍ਰਦਾਵਾਂ ਵਿਚੋਂ ਇੱਕ ਹੈ। ਕਾਦਰੀ ਸੰਪ੍ਰਦਾ ਨੇ ਸੂਫ਼ੀਵਾਦ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਕਾਫ਼ੀ ਯੋਗਦਾਨ ਪਾਇਆ ਹੈ।ਜਦੋਂ ਬਾਰਵੀਂ ਸਦੀ ਈ. ਵਿੱਚ ਸੂਫ਼ੀਆਂ ਦੀ ਸੰਪ੍ਰਦਾਵਾਂ ਹੋਂਦ ਵਿੱਚ ਆਉਣੀਆਂ ਆਰੰਭ ਹੋਈਆਂ ਤਾਂ ਪਹਿਲਾਂ ਕਾਦਰੀ ਸੰਪ੍ਰਦਾ ਹੋਂਦ ਵਿੱਚ ਆਈ। ਜਿਸ ਦੇ ਬਾਨੀ ਸੁੰਨੀ ਸੰਤ ਸ਼ੇਖ਼ ਮੁਹੀਉੱਦੀਨ ਅਬਦੁਲ ਕਾਦਿਰ ਗਿਲਾਨੀ (1077 - 1166 ਈ.) ਸਨ। ਜਿਸ ਨੂੰ ਕਈਂ ਵਿਸ਼ੇਸ਼ਣਾਂ ਨਾਲ ਨਿਵਾਜਿਆ ਗਿਆ ਜਿਵੇਂ ਪੀਰ ਏ ਦਸਤਗੀਰ, ਗੌਸੁਉਲ ਅਜ਼ਮ, ਮੁਹੀਉੱਦੀਨ ਆਦਿ। ਪੰਜਾਬੀ ਵਿੱਚ ਵਧੇਰੇ ਕਰ ਕੇ “ਕਾਦਰ” ਪ੍ਰਚੱਲਿਤ ਹੈ ਪਰ ਅਰਬੀ ਅਤੇ ਫ਼ਾਰਸੀ ਮੂਲ ਗ੍ਰੰਥਾਂ ਵਿੱਚ ਅਤੇ ਮੁਸਲਮਾਨ ਵਿਦਵਾਨਾ ਦੀਆਂ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਵਿੱਚ “ਕਾਦਿਰ” ਹੀ ਲਿਖਿਆ ਹੁੰਦਾ ਹੈ।

ਕਾਦਿਰ ਗਿਲਾਨੀ ਸਧਾਰਨ ਵਿੱਚ 11ਵੀਂ. ਵਾਲੇ ਪੀਰ ਵਜੋਂ ਪ੍ਰਸਿੱਧ ਹਨ।ਕੁਰਆਨ ਹਦੀਸ, ਫਿਕਹ ਸੰਬੰਧੀ ਗੰਭੀਰ ਜਾਣਕਾਰੀ ਰੱਖਣ ਵਾਲੇ ਹਜ਼ਰਤ ਗਿਲਾਨੀ ਉੱਚ ਕੋਟੀ ਦੇ ਵਿਦਵਾਨ ਲੇਖਕ ਤੇ ਵਕਤਾ ਸਨ ਜਿਹਨਾਂ ਆਪਣੇ ਪ੍ਰਵਚਨਾ ਰਾਹੀਂ ਮਾਨਵਤਾ ਦੇ ਦਿਲ ਵਿੱਚ ਇੱਕ ਅਧਿਆਤਮਕ ਇਨਕਲਾਬ ਪੈਦਾ ਕਰ ਦਿੱਤਾ ਸੀ।

“ਫਤੂਹ ਉਲ ਗੈਬ” ਸ਼ੇਖ਼ ਗਿਲਾਨੀ ਦੀ ਮਹੱਤਵਪੂਰਨ ਰਚਨਾ ਹੈ। ਇਸਲਾਮੀ ਸਾਹਿਤਕ ਪ੍ਰੰਪਰਾ ਅਨੁਸਾਰ ਹਰ ਸਾਹਿਤਕ ਕਿਰਤ ਦੇ ਆਰੰਭ ਵਿੱਚ ‘ਹਮਦ’ ਭਾਵ ਅੱਲਾਹ ਦੀ ਉਸਤਤ ਅਤੇ ‘ਨਾਅਤ’ ਅਰਥਾਤ ਹਜ਼ਰਤ ਪੈਗੰਬਰ ਮੁਹੰਮਦ ਦੀ ਪ੍ਰਸੰਸਾ ਕੀਤੀ ਹੈ। ਸ਼ੇਖ਼ ਅਬਦੁਲ ਕਾਦਿਰ ਨੇ ਵੀ ਆਪਣੀ ਕਿਤਾਬ ਇਸ ਪ੍ਰੰਪਰਾ ਦਾ ਅਨੁਸਰਣ ਕੀਤਾ ਹੈ। ਇਸ ਸੰਪ੍ਰਦਾ ਵਿੱਚ ਪ੍ਰਭੂ ਸਿਮਰਨ ਦੇ ਚਾਰ ਢੰਗ ਨਿਸ਼ਚਿਤ ਕੀਤੇ ਹਨ। ਯੱਕ ਜ਼ਰਬੀ, ਦੋ ਜ਼ਰਬੀ, ਸੇ ਜ਼ਰਬੀ ਅਤੇ ਚਹਾਰ ਜ਼ਰਬੀ।ਇਨਾ ਚਾਰਾਂ ਵਿੱਚ ਮੁੱਖ ਰੂਪ ਵਿੱਚ ਅੱਲਾਹ ਦੇ ਨਾਮ ਦੇ ਉੱਚਾਰਨ ਢੰਗ ਦਰਸਾਏ ਹਨ ਜਿਹਨਾਂ ਦੁਆਰਾ ਸਰੀਰਕ,ਮਾਨਸਿਕ ਅਤੇ ਰਹੱਸਵਾਦੀ ਪ੍ਰਕਿਰਿਆ ਚਲਦੀ ਹੈ।

ਭਾਰਤ ਵਿੱਚ ਕਾਦਿਰੀ ਸੰਪ੍ਰਦਾ ਦਾ ਪ੍ਰਵੇਸ਼ ਇਸ ਸੰਪ੍ਰਦਾ ਦੀ ਸਥਾਪਨਾ ਦੇ ਲਗਭਗ 300 ਸਾਲ ਬਾਅਦ ਹੋਇਆ। ਭਾਰਤ ਵਿੱਚ ਇਸ ਸੰਪ੍ਰਦਾ ਦੇ ਪ੍ਰਵੇਸ਼ ਸੰਬੰਧੀ ਵਿਦਵਾਨਾਂ ਵਿੱਚ ਮਤਭੇਦ ਹਨ। ਪ੍ਰੋ. ਗੁਲਵੰਤ ਸਿੰਘ ਦੇ ਵਿਚਾਰ ਅਨੁਸਾਰ ਹਜ਼ਰਤ ਨਿਆਮਤ ਉਲਾੱਹ ਅਤੇ ਮਖ਼ਦੂਮ ਜੀਲਾਨੀ ਕਾਦਿਰੀ ਸੰਪ੍ਰਦਾ ਦੇ ਭਾਰਤ ਵਿੱਚ ਪਹਿਲੇ ਸੰਚਾਲਕ ਸਨ।

ਡਾ. ਨਰੇਸ਼ ਨੇ ਹਜ਼ਰਤ ਮੁਹੰਮਦ ਬੰਦਗੀ ਗੌਂਸ ਤੇ ਹਜ਼ਰਤ ਸ਼ਾਹ ਕੁਮੈਸ ਨੂੰ ਭਾਰਤ ਅਤੇ ਪੰਜਾਬ ਵਿੱਚ ਇਸ ਸੰਪ੍ਰਦਾਇ ਦੇ ਪਹਿਲੇ ਪ੍ਰਵਰਤਕ ਕਰਾਰ ਦਿੱਤਾ ਹੈ।

ਕਵੀ ਬੁਲ੍ਹੇ ਸ਼ਾਹ ਅਤੇ ਸੁਲਤਾਨ ਬਾਹੂ ਦਾ ਸੰਬੰਧ ਵੀ ਕਾਦਿਰੀ ਸੰਪ੍ਰਦਾਇ ਨਾਲ ਹੈ।ਕਾਦਿਰੀ ਸੰਪ੍ਰਦਾਇ ਨਾਲ ਸੰਬੰਧਿਤ ਸੂਫ਼ੀ ਸੰਤਾਂ ਵਿੱਚ ਹਜ਼ਰਤ ਅਬਦੁਰ ਰਜ਼ਾਕ, ਸ਼ੇਖ਼ ਹਮੀਦ, ਸ਼ੇਖ਼ ਦਾਊਦ, ਸ਼ੇਖ਼ ਇਸਹਾਕ ਕਾਦਿਰੀ ਮੀਆਂ ਮੀਰ ਸ਼ੇਖ਼ ਅਬਦੁਲ ਕੁਦੁੱਸ ਗੰਗੋਹੀ ਆਦਿ ਸੂਫ਼ੀ ਸਾਧਕ ਹੋਏ ਜਿਨਾ ਦੀ ਬਦੌਲਤ ਇਸ ਸੰਪ੍ਰਦਾ ਨੇ ਬਹੁਤ ਵਿਸਥਾਰ ਕੀਤਾ।

ਭਾਰਤ ਦੇ ਵਿਭਿੰਨ ਖੇਤਰਾਂ ਵਿੱਚ ਫੈਲਣ ਵਾਲੇ ਇਸ ਸੰਪ੍ਰਦਾ ਦੀਆਂ ਉਪ ਸੰਪ੍ਰਦਾਵਾਂ ਹੋਈਆਂ ਹਨ, ਜਿਨਾ ਵਿਚੋਂ ਕਿਊਮੀਸ਼ੀਆਂ, ਬਹਿਲੋਲ ਸ਼ਾਹੀ, ਮੁਕੀਮ ਸ਼ਾਹੀ, ਨਵਾਬ ਸ਼ਾਹੀ,ਹੁਸੈਨ ਸ਼ਾਹੀ, ਮੀਆਂ ਖੇਲ ਆਦਿ ਸੰਪ੍ਰਦਾ ਵਿਸ਼ੇਸ਼ ਮਹੱਤਵ ਦੀ ਲਖਾਇਕ ਹਨ।ਕਾਦਿਰੀ ਸੰਪ੍ਰਦਾ ਦੇ ਅਨੁਯਾਈ ਆਪਣੇ ਮੁਰਸ਼ਦ ਦੀ ਭਗਤੀ ਵਿੱਚ ਮਸਤ ਹੋ ਕੇ ਵੈਸ਼ਣਵਾਂ ਵਾਂਗ ਗਾਉਂਦੇ ਤੇ ਨੱਚਦੇ ਹਨ।ਨੱਚਦੇ ਨੱਚਦੇ ਮਸਤੀ ਵਿੱਚ ਬੇਸੁੱਧ ਹੋ ਜਾਂਦੇ ਹਨ। ਇਸ ਨੂੰ ‘ਹਾਲ ਪੈਣਾ’ ਵੀ ਕਿਹਾ ਜਾਂਦਾ ਹੈ।ਇਸ ਸੰਪ੍ਰਦਾ ਦੇ ਸਾਧਕ ਧਾਰਮਿਕ ਕਰਮ ਕਾਂਡ ਅਤੇ ਰਸਮਾਂ ਰੀਤਾਂ ਤੋਂ ਮੁਕਤ ਹੁੰਦੇ ਹਨ।ਕਾਦਿਰੀ ਸੰਪ੍ਰਦਾ ਵਿੱਚ ਸਹਿਣਸ਼ੀਲਤਾ, ਨਿਮਰਤਾ ਆਦਿ ਦੇ ਗੁਣ ਵਿਸ਼ੇਸ਼ ਹਨ।

ਹਵਾਲੇ[ਸੋਧੋ]

1. ਇਸਲਾਮ ਅਤੇ ਸੂਫੀਵਾਦ - ਗੁਲਵੰਤ ਸਿੰਘ 2. ਸੂਫ਼ੀਅਤ ਅਤੇ ਪੰਜਾਬੀ ਸੂਫ਼ੀ ਕਾਵਿ - ਪ੍ਰੋਰ. ਬਿਕਰਮ ਸਿੰਘ ਘੁੰਮਣ 3. ਪੰਜਾਬੀ ਸੂਫ਼ੀ ਕਾਵਿ ਦਾ ਸੰਚਾਰ - ਵਿਧਾਨ - ਡਾ. ਹਰਪ੍ਰੀਤ ਰੂਬੀ 4. ਇਸਲਾਮੀ ਚਿੰਤਨ ਅਤੇ ਪੰਜਾਬੀ ਸੂਫ਼ੀ ਕਵਿਤਾ - ਡਾ. ਅਨਵਰ ਚਿਰਾਗ 5. ਸੂਫ਼ੀਵਾਦ ਅਤੇ ਪੰਜਾਬੀ ਸੂਫ਼ੀ ਕਾਵਿ ਪ੍ਰਵਚਨ - ਡਾ. ਭਲਿੰਦਰ ਸਿੰਘ