ਕਿਰਤੀ ਕਿਸਾਨ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਿਰਤੀ ਕਿਸਾਨ ਪਾਰਟੀ ਦੀ ਸਥਾਪਨਾ ਕਿਰਤੀ ਅਖਬਾਰ ਨਾਲ ਜੁੜੀ ਹੋਈ ਹੈ . 19 ਫਰਵਰੀ 1926 ਨੂੰ ਕਿਰਤੀ ਅਖ਼ਬਾਰ ਦਾ ਪਹਿਲਾ ਅੰਕ ਛਪਿਆ। ਅਪਰੈਲ 1927 ਦੇ ਪਰਚੇ ਵਿਚ ਭਾਈ ਸੰਤੋਖ ਸਿੰਘ ਨੇ ਆਪਣੇ ਲੇਖ ‘ਕਿਰਤੀ ਕਿਸਾਨ ਪਾਰਟੀ ਦੀ ਲੋੜ’ ਦੁਆਰਾ ਮਜ਼ਦੂਰਾਂ ਤੇ ਕਿਸਾਨਾਂ ਦੀ ਆਪਣੀ ਜਥੇਬੰਦੀ ਦੀ ਲੋੜ ਉਤੇ ਜ਼ੋਰ ਦਿੱਤਾ।ਭਾਈ ਸੰਤੋਖ ਸਿੰਘ ਨੇ ਲਿਖਿਆ ਕਿ ਇਹ ਅਮਰੀਕਾ, ਕੈਨੇਡਾ ਨਿਵਾਸੀ ਕਿਰਤੀ ਹਿੰਦੋਸਤਾਨੀਆਂ ਦੇ ਕੌਮੀ ਆਦਰਸ਼ ਨੂੰ ਖਲਕਤ ਦੇ ਸਾਹਮਣੇ ਲਿਆਵੇਗਾ। ਗ਼ਦਰੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਮੁੱਲ ਕੌਣ ਪਾ ਸਕੇ, ਇਸ ਦਾ ਉਪਰਾਲਾ ‘ਕਿਰਤੀ’ ਕਰੇਗਾ।[1] 1927 ਤੱਕ ਜੱਦੋਜਹਿਦ ਕਰਦਿਆਂ ਕਾਂਗਰਸ ਨੇ ਪੂਰਨ ਆਜ਼ਾਦੀ ਦੀ ਗੱਲ ਤੱਕ ਨਹੀਂ ਸੀ ਕੀਤੀ ਜਦੋਂ ਕਿ ਕਿਰਤੀਆਂ ਨੇ ‘ਕਿਰਤੀ ਰਾਜ’ ਦੀ ਸਥਾਪਨਾ ਦਾ ਉਦੇਸ਼ ਪੂਰਨ ਆਜ਼ਾਦੀ ਦੀ ਮੰਗ ਅਤੇ ਮਜ਼ਦੂਰ ਕਿਸਾਨ ਰਾਜ ਦੀ ਸਥਾਪਨਾ ਦਾ ਬਿਗਲ ਵਜਾ ਦਿੱਤਾ ਸੀ। 19 ਮਈ 1927 ਨੂੰ ਭਾਈ ਸੰਤੋਖ ਸਿੰਘ ਦੀ ਮੌਤ ਤੋਂ ਪਿੱਛੋਂ ਬਾਬਾ ਭਾਗ ਸਿੰਘ ਕੈਨੇਡੀਅਨ ‘ਕਿਰਤੀ’ ਦੇ ਪ੍ਰਬੰਧਕੀ ਪ੍ਰਧਾਨ ਬਣੇ ਅਤੇ ਉਹਨਾਂ ਅਮਰੀਕਾ ਕੈਨੇਡਾ ਦੇ ਪ੍ਰਵਾਸੀਆਂ ਤੋਂ ਮਾਲੀ ਮਦਦ ਲੈ ਕੇ ਕਿਰਤੀ ਕਿਸਾਨ ਪਾਰਟੀ ਨੂੰ ਮਜ਼ਬੂਤ ਬਣਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਨੌਜਵਾਨ ਸਭਾ ਅਤੇ ਕਿਰਤੀ ਕਿਸਾਨ ਪਾਰਟੀ ਨੇ ਅਗਸਤ, 1928 ਦੇ ਸ਼ੁਰੂ ਵਿਚ ”ਫ੍ਰੈਂਡਜ਼ ਆਫ ਰਸ਼ੀਆ ਵੀਕ” ਗਰਮਦਲੀਏ ਕਾਂਗਰਸੀਆਂ ਨਾਲ ਮਿਲ ਕੇ ਸਾਂਝੇ ਤੌਰ ’ਤੇ ਮਨਾਇਆ ਸੀ। ਭਗਤ ਸਿੰਘ ਨੇ ‘ਕਿਰਤੀ’ ਅਖ਼ਬਾਰ ਵਿਚ ਕੁਝ ਮਹੀਨੇ ਕੰਮ ਕੀਤਾ ਸੀ। ਕਿਰਤੀ ਅਖ਼ਬਾਰ ਅਤੇ ਭਾਰਤ ਨੌਜਵਾਨ ਸਭਾ ਨੇ ਕਿਰਤੀ ਕਿਸਾਨ ਲਹਿਰ ਨੂੰ ਮਜ਼ਬੂਤ ਕੀਤਾ ਸੀ। ਪੰਜਾਬ ਅੰਦਰ ਕਿਰਤੀ ਕਿਸਾਨ ਕਾਨਫਰੰਸਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। 1930-35 ਵਿਚ ਲਗਾਨ, ਆਬਿਆਨਾ ਅਤੇ ਕਰਜ਼ੇ ਦੀ ਮਨਸੂਖੀ ਆਦਿ ਮੰਗਾਂ ਲਈ ਲੜਾਈ ਨੇ ਮੱਧ ਵਰਗ ਨੂੰ ਆਪਣੇ ਵੱਲ ਖਿੱਚਿਆ ਸੀ। ਕਰਜ਼ੇ ਦੇ ਕਾਰਨ ਜ਼ਮੀਨ ਕਿਸਾਨੀ ਹੇਠੋਂ ਨਿਕਲ ਕੇ ਸ਼ਾਹੂਕਾਰਾਂ, ਸਰਮਾਏਦਾਰਾਂ ਅਤੇ ਜ਼ਮੀਂਦਾਰਾਂ ਦੇ ਹੱਥਾਂ ਵਿਚ ਜਾ ਰਹੀ ਸੀ। ਇਨ੍ਹਾਂ ਸਮੱਸਿਆਵਾਂ ਨੇ ਹੋਰ ਵੀ ਨਵੇਂ ਸੰਗਠਨ ਹੋਂਦ ਵਿਚ ਲਿਆਂਦੇ ਪ੍ਰੰਤੂ ਕਿਸਾਨ ਮਜ਼ਦੂਰ ਇਸ ਪ੍ਰਭਾਵੀ ਕੰਮ ਵਿਚ ਅੱਗੇ ਆਏ ਜੋ ਕਿਰਤੀ ਕਿਸਾਨ ਲਹਿਰ ਪਿੱਛੇ ਲਾਮਬੰਦ ਹੋਏ। ਇਸ ਲਾਮਬੰਦੀ ਨੂੰ ਹੋਰ ਤਾਕਤ ਮਿਲੀ ਜਦੋਂ ਗ਼ਦਰੀ ਕੈਦੀ ਰਿਹਾਅ ਹੋਏ ਅਤੇ 80 ਦੇ ਕਰੀਬ ਉਹ ਕਮਿਊਨਿਸਟ ਜਿਹੜੇ ਮਾਸਕੋ ਤੋਂ ਪੜ੍ਹ ਕੇ ਭਾਰਤ ਆਏ ਅਤੇ ਉਹਨਾਂ ਮਜ਼ਦੂਰ ਕਿਸਾਨਾਂ ਦੇ ਮੋਰਚਿਆਂ ਉਤੇ ਕੰਮ ਸੰਭਾਲੇ। ਦੂਜੇ ਪਾਸੇ 1934 ਵਿਚ ਬਣੀ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਕਾਰਕੁਨਾਂ ਨੇ ਮਜ਼ਦੂਰ ਮੋਰਚਿਆਂ ਉਪਰ ਪ੍ਰਭਾਵੀ ਕੰਮ ਕੀਤਾ। ਅੰਗਰੇਜ਼ੀ ਸਰਕਾਰ ਨੇ ਮਾਸਕੋ ਤੋਂ ਪਰਤਣ ਵਾਲਿਆਂ ਤੋਂ ਬਹੁਤ ਭੈਅ-ਭੀਤ ਹੋ ਕੇ ਕਿਰਤੀ ਕਮਿਊਨਿਸਟ ਪਾਰਟੀ ਦੀਆਂ ਸਹਾਇਕ ਜਥੇਬੰਦੀਆਂ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਸੀ।[2]

ਹਵਾਲੇ[ਸੋਧੋ]

  1. ਹਰਦੀਪ ਸਿੰਘ ਝੱਜ (2018-06-26). "ਕਿਰਤੀ ਲਹਿਰ ਦੇ ਮੋਢੀ ਭਾਈ ਸੰਤੋਖ ਸਿੰਘ ਧਰਦਿਓ - Tribune Punjabi". Tribune Punjabi. Retrieved 2018-10-10. 
  2. ਚਰੰਜੀ ਲਾਲ ਕੰਗਣੀਵਾਲ (2018-07-17). "ਕਿਰਤੀ ਕਿਸਾਨ ਪਾਰਟੀ: ਸਥਾਪਨਾ ਤੇ ਮਹੱਤਵ - Tribune Punjabi". Tribune Punjabi. Retrieved 2018-10-09.