ਕੋਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੂਹ ਵਿਚੋਂ ਪਾਣੀ ਕੱਢਣ ਵਾਲੇ ਚਮੜੇ ਦੇ ਬਣੇ ਵੱਡੇ ਸਾਰੇ ਬੋਕੇ ਨੂੰ ਕੋਹ ਕਹਿੰਦੇ ਹਨ। ਕੋਹ ਨਾਲ ਖੂਹ ਵਿਚੋਂ ਪਾਣੀ ਕੱਢ ਕੇ ਫਸਲਾਂ ਦੀ ਸਿੰਜਾਈ ਕੀਤੀ ਜਾਂਦੀ ਸੀ। ਕਈ ਇਲਾਕਿਆਂ ਵਿਚ ਕੋਹ ਨੂੰ ਚਰਸ, ਬਾਰਾ ਤੇ ਕਈ ਇਲਾਕਿਆਂ ਵਿਚ ਬੜਾ ਬਕਾ ਵੀ ਕਹਿੰਦੇ ਸਨ। ਕੋਹ ਆਮ ਤੌਰ 'ਤੇ ਊਠ ਦੇ ਚਮੜੇ ਦੇ ਬਣੇ ਹੁੰਦੇ ਸਨ। ਇਸ ਦੀ ਬਣਤਰ ਖੂਹ/ਖੂਹੀਆਂ ਵਿਚੋਂ ਪਾਣੀ ਕੱਢਣ ਵਾਲੇ ਲੋਹੇ ਦੇ ਡੋਲ੍ਹ ਵਰਗੀ ਹੁੰਦੀ ਸੀ। ਪਰ ਸਾਈਜ਼ ਡੋਲ੍ਹ ਨਾਲੋਂ ਬਹੁਤ ਬੜਾ ਹੁੰਦਾ ਸੀ। ਇਸ ਵਿਚ ਆਮ ਤੌਰ 'ਤੇ 80 ਕੁ ਕਿਲੋ ਤੱਕ ਪਾਣੀ ਆ ਜਾਂਦਾ ਸੀ। ਇਸ ਦੇ ਮੂੰਹ ਵਾਲੇ ਹਿੱਸੇ ਵਿਚ ਗੋਲ ਜਿਹੇ ਆਕਾਰ ਦਾ ਲੋਹੇ ਦਾ ਕੜਾ ਫਿੱਟ ਹੁੰਦਾ ਸੀ। ਕਈ ਇਲਾਕਿਆਂ ਵਿਚ ਕੜੇ ਨੂੰ ਕੁੰਡਲ ਕਹਿੰਦੇ ਸਨ। ਇਸ ਕੜੇ/ਕੁੰਡਲ ਵਿਚ ਲੋਹੇ ਦੇ ਕੁੰਡੇ ਲੱਗੇ ਹੁੰਦੇ ਸਨ। ਕਈਆਂ ਵਿਚ ਲੋਹ ਦਾ ਡੰਡਾ ਲੱਗਿਆ ਹੁੰਦਾ ਸੀ। ਇਨ੍ਹਾਂ ਕੁੰਡਿਆਂ/ਡੰਡੇ ਵਿਚ ਰੱਸਾ ਪਾ ਕੇ ਕੋਹ ਨੂੰ ਖੂਹ ਵਿਚ ਲਮਕਾਉਂਦੇ ਸਨ।[1]

ਕੋਹ ਨੂੰ ਖੂਹ ਵਿਚ ਲਮਕਾਉਣ ਲਈ ਖੂਹ ਦੀ ਮੌਣ ਦੇ ਨਾਲ ਦੋ ਮਜ਼ਬੂਤ ਲੱਕੜਾਂ ਗੱਡੀਆਂ ਹੁੰਦੀਆਂ ਸਨ। ਜਾਂ ਇਕ ਮਜ਼ਬੂਤ ਦੋਸਾਂਗੜ ਲੱਕੜ ਗੱਡੀ ਹੁੰਦੀ ਸੀ। ਇਨ੍ਹਾਂ ਦੋਵਾਂ ਲੱਕੜਾਂ/ਦੋਸਾਂਗੜ ਦੇ ਵਿਚਾਲੇ ਇਕ ਲੋਹੇ ਦਾ ਮੋਟਾ ਸਰੀਆ ਪਾਇਆ ਹੁੰਦਾ ਸੀ। ਇਸ ਸਰੀਏ ਵਿਚ ਭੌਣੀ ਪਾਈ ਹੁੰਦੀ ਸੀ। ਕੋਹ ਨੂੰ ਦੋ ਬੰਦੇ ਚਲਾਉਂਦੇ ਸਨ। ਇਕ ਬੰਦਾ ਖੂਹ ਦੀ ਮੌਣ ਦੇ ਕੋਲੇ ਖੜ੍ਹ ਕੇ ਕੋਹ ਨੂੰ ਭੌਣੀ ਰਾਹੀਂ ਖੂਹ ਵਿਚ ਲਮਕਾਉਂਦਾ ਸੀ। ਜਦ ਉਹ ਪਾਣੀ ਨਾਲ ਭਰ ਜਾਂਦਾ ਤਾਂ ਰੱਸੇ ਦੇ ਦੂਸਰੇ ਸਿਰੇ ਨੂੰ ਬਲਦਾਂ ਦੇ ਗਲ ਪਾਈ ਪੰਜਾਲੀ ਵਿਚ ਇਕ ਕੀਲੀ ਵਿਚ ਪਾਇਆ ਜਾਂਦਾ ਸੀ।

ਫੇਰ ਦੂਸਰਾ ਬੰਦਾ ਬਲਦਾਂ ਦੀ ਜੋੜੀ ਨਾਲ ਭਰੇ ਹੋਏ ਕੋਹ ਨੂੰ ਖੂਹ ਵਿਚੋਂ ਬਾਹਰ ਕੱਢਦਾ ਸੀ। ਜਦ ਕੋਹ ਖੂਹ ਦੀ ਮੌਣ ਦੇ ਬਰਾਬਰ ਆ ਜਾਂਦਾ ਸੀ ਤਾਂ ਪੰਜਾਲੀ ਵਿਚੋਂ ਰੱਸੇ ਦੀ ਕੀਲੀ ਕੱਢ ਦਿੱਤੀ ਜਾਂਦੀ ਸੀ ਤੇ ਮੌਣ ਦੇ ਕੋਲ ਖੜ੍ਹਾ ਪਹਿਲਾ ਬੰਦਾ ਕੋਹ ਨੂੰ ਫੜਕੇ ਮੌਣ ਦੇ ਨਾਲ ਹੀ ਬਣੇ ਔਲੂ/ਚੁਬੱਚੇ ਵਿਚ ਉਲਟਾ ਦਿੰਦਾ ਸੀ। ਔਲੂ ਵਿਚੋਂ ਪਾਣੀ ਖਾਲ ਵਿਚੋਂ ਦੀ ਹੁੰਦਾ ਹੋਇਆ ਬੀਜੀ ਫਸਲ ਦੇ ਕਿਆਰਿਆਂ ਵਿਚ ਪਹੁੰਚ ਜਣਦਾ ਸੀ। ਏਸ ਤਰ੍ਹਾਂ ਕੋਹ ਰਾਹੀਂ ਖੂਹਾਂ ਵਿਚੋਂ ਪਾਣੀ ਕੱਢ ਕੇ ਫਸਲਾਂ ਦੀ ਸਿੰਜਾਈ ਕੀਤੀ ਜਾਂਦੀ ਸੀ। ਹੁਣ ਕੋਹ ਸ਼ਾਇਦ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅਜਾਇਬ ਘਰ ਵਿਚ ਹੀ ਵੇਖਣ ਨੂੰ ਮਿਲੇ ?[2]

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)