ਖੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਹੇ ਦੀ ਗੁਲਾਈਦਾਰ ਬਣੀ ਪੱਤਰੀ ਨੂੰ, ਜੋ ਬਲਦਾਂ, ਘੋੜੇ, ਘੋੜੀਆਂ ਦੇ ਖੁਰਾਂ ਹੇਠ ਲਾਉਣ ਲਈ ਉਨ੍ਹਾਂ ਦੇ ਖੁਰਾਂ ਦੇ ਮੇਚ ਦੀ ਬਣੀ ਹੁੰਦੀ ਹੈ, ਖੁਰੀ ਕਹਿੰਦੇ ਹਨ।

ਖੁਰੀ ਦੇ ਸਿਰੇ ਤਿੱਖੇ ਹੁੰਦੇ ਹਨ। ਬਲਦਾਂ, ਘੋੜੇ, ਘੋੜੀਆਂ ਦੇ ਖੁਰ ਜਦ ਘਸ ਜਾਂਦੇ ਸਨ ਤਾਂ ਖੁਰਾਂ ਵਿਚ ਕੋਈ ਨੁਕਸ ਪੈਣ ਜਾਂ ਬਿਮਾਰੀ ਲੱਗਣ ਤੋਂ ਬਚਾਉਣ ਲਈ ਖੁਰੀਆਂ ਲਾਈਆਂ ਜਾਂਦੀਆਂ ਸਨ। ਖੁਰ ਪਸ਼ੂਆਂ ਦੇ ਪੈਰਾਂ ਦਾ ਉਹ ਹਿੱਸਾ ਹੈ ਜੋ ਧਰਤੀ 'ਤੇ ਲੱਗਦਾ ਹੈ ਤੇ ਸਖ਼ਤ ਹੁੰਦਾ ਹੈ। ਪਹਿਲੇ ਸਮਿਆਂ ਵਿੱਚ ਜੁੱਤੀ ਦੀ ਘਸੀ ਅੱਡੀ ਥੱਲੇ ਵੀ ਖੁਰੀ ਲਾਉਣ ਦਾ ਰਿਵਾਜ ਸੀ।[1]

ਖੁਰੀਆਂ ਬਣਾਉਣ ਲਈ ਪਹਿਲਾਂ ਲੋਹੇ ਦੀਆਂ ਪੱਤਰੀਆਂ ਕੱਟੀਆਂ ਜਾਂਦੀਆਂ ਸਨ। ਫੇਰ ਇਨ੍ਹਾਂ ਪੱਤਰੀਆਂ ਨੂੰ ਭੱਠੀ ਵਿਚ ਸੇਕ ਦੇ ਕੇ ਗੁਲਾਈਦਾਰ ਬਣਾਇਆ ਜਾਂਦਾ ਸੀ। ਸਿਰਿਆਂ ਨੂੰ ਤਿੱਖਾ ਕੀਤਾ ਜਾਂਦਾ ਸੀ। ਵਿਚ ਗਲੀਆਂ ਕੱਢੀਆਂ ਜਾਂਦੀਆਂ ਸਨ। ਖੁਰੀ ਲਾਉਣ ਲਈ ਪਸ਼ੂ ਨੂੰ ਪਹਿਲਾਂ ਧਰਤੀ ਉੱਪਰ ਬਿਠਾਇਆ ਜਾਂਦਾ ਸੀ। ਫੇਰ ਉਸ ਦੇ ਚਾਰੇ ਪੈਰਾਂ ਨੂੰ ਰੱਸੇ ਨਾਲ ਬੰਨ੍ਹਿਆ ਜਾਂਦਾ ਸੀ। ਬੰਨ੍ਹੇ ਹੋਏ ਪੈਰਾਂ ਦੇ ਵਿਚਾਲੇ ਇਕ ਖਾਸ ਕਿਸਮ ਦਾ ਬਣਾਇਆ ਹੋਇਆ ਡੰਡਾ, ਜਿਸ ਵਿਚ ਇਕ ਚੰਮ ਦੀ ਜਾਂ ਨੁਮਾਰ ਦੀ ਵੱਧਰੀ ਲੱਗੀ ਹੁੰਦੀ ਸੀ, ਅੜਾਇਆ ਜਾਂਦਾ ਸੀ। ਇਸ ਡੰਡੇ ਦੇ ਅੜਾਉਣ ਨਾਲ ਪੈਰ ਧਰਤੀ ਤੋਂ ਉਪਰ ਉਠ ਖੜਦੇ ਸਨ। ਪਸ਼ੂ ਨੂੰ ਕਾਬੂ ਰੱਖਣ ਲਈ ਪੈਰਾਂ ਵਿਚ ਇਕ ਰੱਸਾ ਵੀ ਬੰਨ੍ਹਿਆ ਜਾਂਦਾ ਸੀ। ਖੁਰੀ ਲਾਉਣ ਵਾਲਾ ਮਿਸਤਰੀ ਫੇਰ ਇਕ ਖਾਸ ਕਿਸਮ ਦੇ ਪਸ਼ੂਆਂ ਦੇ ਖੁਰਾਂ ਦੇ ਹੇਠਲੇ ਖਰਾਬ ਹੋਏ ਹਿੱਸੇ ਨੂੰ ਸਾਫ ਕਰਨ ਤੇ ਇਕ ਪੱਧਰ ਦਾ ਕਰਨ ਵਾਲੇ ਦਾਹ (ਸੰਦ) ਨਾਲ ਸਾਫ ਕਰਦਾ ਸੀ। ਫੇਰ ਖੁਰੀ ਨੂੰ ਮੇਖਾਂ ਨਾਲ ਲਾ ਦਿੰਦਾ ਸੀ। ਖੁਰੀ ਲਾਉਣ ਵਾਲੀਆਂ ਮੇਖਾਂ ਵੀ ਖਾਸ ਕਿਸਮ ਦੀਆਂ ਹੁੰਦੀਆਂ ਸਨ। ਖੁਰੀਆਂ ਲਾਉਣ ਤੋਂ ਪਿਛੋਂ ਪਸ਼ੂ ਦੀਆਂ ਲੱਤਾਂ ਵਿਚੋਂ ਡੰਡਾ ਕੱਢ ਦਿੱਤਾ ਜਾਂਦਾ ਸੀ। ਜੂੜੀਆਂ ਲੱਤਾਂ ਨੂੰ ਖੋਲ ਦਿੰਦੇ ਸਨ।

ਹੁਣ ਪੰਜਾਬ ਵਿਚ ਕੋਈ ਵੀ ਬਲਦਾਂ ਨਾਲ ਖੇਤੀ ਨਹੀਂ ਕਰਦਾ। ਨਾ ਹੀ ਬਲਦਾਂ ਨਾਲ ਫਲ੍ਹਿਆਂ ਨਾਲ ਫਸਲਾਂ ਦੀ ਗਾਹੀ ਕਰਕੇ ਦਾਣੇ ਕੱਢੇ ਜਾਂਦੇ ਹਨ। ਨਾ ਹੀ ਘੋੜੇ, ਘੋੜੀਆਂ ਨਾਲ ਤਾਂਗੇ ਚਲਾਏ ਜਾਂਦੇ ਹਨ। ਇਸ ਲਈ ਬਲਦਾਂ, ਘੋੜੇ, ਘੋੜੀਆਂ ਦੇ ਖੁਰੀਆਂ ਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਂ! ਕਈ ਲੋਕ ਆਪਣੀਆਂ ਜੁੱਤੀਆਂ, ਗੁਰਗਾਬੀਆਂ ਅਤੇ ਬੂਟਾਂ ਹੇਠ ਖੁਰੀਆਂ ਜ਼ਰੂਰ ਲਵਾ ਲੈਂਦੇ ਹਨ।[2]

ਹਵਾਲੇ[ਸੋਧੋ]

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)