ਸਮੱਗਰੀ 'ਤੇ ਜਾਓ

ਵਧਾਈ ਪੱਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਰੀਟਿੰਗ ਕਾਰਡ ਤੋਂ ਮੋੜਿਆ ਗਿਆ)
ਵਧਾਈ ਪੱਤਰ ਦੀ ਦੁਕਾਨ
ਜਨਮ ਦਿਵਸ ਦੇ ਵਧਾਈ ਪੱਤਰਾਂ ਦੀ ਦੁਕਾਨ
ਵਧਾਈ ਪੱਤਰ

ਵਧਾਈ ਪੱਤਰ ਅੱਜ-ਕੱਲ੍ਹ ਤਿਉਹਾਰਾਂ, ਕ੍ਰਿਸਮਸ ਅਤੇ ਨਵੇਂ ਸਾਲ ਜਾਂ ਹੋਰ ਖ਼ੁਸ਼ੀ ਦੇ ਮੌਕਿਆਂ ਉੱਤੇ ਇੱਕ-ਦੂਜੇ ਨੂੰ ਭੇਜੇ ਜਾਂਦੇ ਹਨ। ਨਵੇਂ ਸਾਲ ਮੌਕੇ ਵਧਾਈ ਕਾਰਡਾਂ ਦਾ ਉਦੇਸ਼ ਇੱਕ-ਦੂਜੇ ਨੂੰ ਆਉਣ ਵਾਲੇ ਸਾਲ ਲਈ ਸ਼ੁਭ ਇੱਛਾਵਾਂ ਭੇਟ ਕਰਨਾ ਹੁੰਦਾ ਹੈ। ਪੱਤਰਾਂ ਦਾ ਸਿਲਸਿਲਾ ਸਮਾਜ ਵਿੱਚ ਮੁੱਢਲੇ ਕਾਲ ਤੋਂ ਹੀ ਚੱਲਿਆ ਆ ਰਿਹਾ ਹੈ।[1]


ਪ੍ਰਾਚੀਨ ਕਾਲ

[ਸੋਧੋ]

ਮਿਸਰ ਦੇ ਪ੍ਰਾਚੀਨ ਸਥਾਨਾਂ ਦੀ ਖੁਦਾਈ ਸਮੇਂ ਮਿਲੀਆਂ ਵਸਤਾਂ ’ਤੇ ਉਕਰੀ ਹੋਈ ਸਮੱਗਰੀ ਤੋਂ ਇਸ ਸਬੰਧੀ ਕਈ ਸੰਕੇਤ ਮਿਲਦੇ ਹਨ। ਉਨ੍ਹਾਂ ਉੱਤੇ ਸੁੱਖ ਦੀਆਂ ਭਾਵਨਾਵਾਂ ਅਤੇ ਸੁਭਾਗ ਦੀ ਕਾਮਨਾ ਦੇ ਸ਼ਬਦ ਅੰਕਿਤ ਹਨ। ਪੁਰਾਣੇ ਰੋਮ ਅਤੇ ਚੀਨ ਵਿੱਚ ਵੀ ਇਸੇ ਤਰ੍ਹਾਂ ਦੀਆਂ ਵਧਾਈ ਅਤੇ ਸ਼ੁਭ ਇੱਛਾਵਾਂ ਦੇ ਸਰੂਪ ਵਾਲੀਆਂ ਚੀਜ਼ਾਂ ਦੇ ਉਪਹਾਰ ਵਿੱਚ ਦਿੱਤੇ ਜਾਣ ਦੇ ਪ੍ਰਮਾਣ ਮਿਲੇ ਹਨ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਗੋਲਡ ਮੈਡਲ, ਤਾਂਬੇ ਦੇ ਸਿੱਕੇ, ਸੁਗੰਧਤ ਬੋਤਲਾਂ ਅਤੇ ਦੀਪ ਆਦਿ ਸ਼ਾਮਲ ਹਨ।

ਇਤਿਹਾਸ

[ਸੋਧੋ]

ਵਧਾਈ ਵਸਤਾਂ ਦੀ ਸ਼ੁਰੂਆਤ 14ਵੀਂ ਸ਼ਤਾਬਦੀ ਵਿੱਚ ਜਰਮਨੀ ’ਚ ਲੱਕੜੀ ਨੂੰ ਦਿਲ-ਖਿੱਚਵੇਂ ਢੰਗ ਨਾਲ ਕੱਟ ਕੇ ਨਵੇਂ ਸ਼ਗਨ ਦੀ ਵਧਾਈ ਦੇਣ ਦੀ ਪਰੰਪਰਾ ਤੋਂ ਸ਼ੁਰੂ ਹੋਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਭੇਡ, ਬੱਕਰੇ ਦੀ ਖੱਲ ਨੂੰ ਵਧਾਈ ਸੰਦੇਸ਼ ਦੇਣ ਲਈ ਵਰਤਿਆ ਜਾਣ ਲੱਗਿਆ। ਇਹ ਪਰੰਪਰਾ ਵੀ ਜ਼ਿਆਦਾ ਦੇਰ ਨਾ ਚੱਲ ਸਕੀ ਅਤੇ ਫਿਰ ਕਾਗਜ਼ ਦੀ ਵਰਤੋਂ ਹੋਣ ਲੱਗੀ। ਸਤਾਰਵੀਂ ਸਦੀ ਵਿੱਚ ਸਮਾਚਾਰ ਪੱਤਰ ਨਵੇਂ ਸਾਲ ਦੀ ਖ਼ੁਸ਼ੀ ਵਿੱਚ ਅਜਿਹੀਆਂ ਕਵਿਤਾਵਾਂ ਛਾਪਦੇ ਸਨ। ਕ੍ਰਿਸਮਸ ਕਾਰਡਾਂ ਦੀ ਸ਼ੁਰੂਆਤ 18ਵੀਂ ਸਦੀ ਵਿੱਚ ਕੁਝ ਅੰਗਰੇਜ਼ੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਪਣੀ ਪੜ੍ਹਾਈ ਬਾਰੇ ਦੱਸਣ ਲਈ ਮਾਪਿਆਂ ਨੂੰ ਸੁੰਦਰ ਲਿਖਾਈ ਵਿੱਚ ਲਿਖ ਕੇ ਭੇਜੇ ਕਾਰਡਾਂ ਤੋਂ ਹੋਈ। ਇਸੇ ਸਦੀ ਵਿੱਚ ਹੀ ਧਾਰਮਿਕ ਵਿਚਾਰਾਂ ਦੇ ਲੋਕਾਂ ਦੇ ਹੱਥਾਂ ਨਾਲ ਲਿਖੀਆਂ ਸ਼ੁਭ ਇੱਛਾਵਾਂ ਦੇ ਕਾਰਡ ਭੇਜੇ ਜਾਣ ਦੇ ਪ੍ਰਮਾਣ ਵੀ ਮਿਲਦੇ ਹਨ। ਜਾਣਕਾਰੀ ਅਨੁਸਾਰ

ਪੁਰਾਣਾ ਗਰੀਟਿੰਗ ਕਾਰਡ

[ਸੋਧੋ]

1842 ਈਸਵੀ ਵਿੱਚ ਬਣਿਆ ਇੱਕ ਗਰੀਟਿੰਗ ਕਾਰਡ ਅੱਜ ਵੀ ਬ੍ਰਿਟਿਸ਼ ਅਜਾਇਬਘਰ[2] ਵਿੱਚ ਰੱਖਿਆ ਹੋਇਆ ਮਿਲਦਾ ਹੈ ਜਿਸ ’ਤੇ ਇੱਕ 16 ਸਾਲਾ ਲੜਕੇ ਨੇ ਈਸਾ ਮਸੀਹ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਦੇ ਚਿੱਤਰ ਬਣਾਏ ਸਨ। 1843 ਵਿੱਚ ਹੈਨਰੀ ਕਲੇ ਨਾਮੀ ਇੱਕ ਅੰਗਰੇਜ਼ ਨੇ ਆਪਣੇ ਕਲਾਕਾਰ ਮਿੱਤਰ ਜਾਨ ਕਾਲਕਾਟ ਹੋਰਸਲੇ ਨੂੰ ਇੱਕ ਕਲਾ ਯੁਕਤ ਕ੍ਰਿਸਮਸ ਵਧਾਈ ਕਾਰਡ ਬਣਾਉਣ ਲਈ ਕਿਹਾ। ਉਸ ਨੇ ਕਾਰਡ ’ਤੇ ਦਿੱਲ-ਖਿਚਵੇਂ ਤਿੰਨ ਚਿੱਤਰ ਬਣਾਏ। ਹੈਨਰੀ ਕੇਲੇ ਨੂੰ ਇਹ ਕਾਰਡ ਬੇਹੱਦ ਪਸੰਦ ਆਇਆ ਅਤੇ ਉਸ ਨੇ ਆਪਣੇ ਕਲਾਕਾਰ ਮਿੱਤਰ ਤੋਂ ਉਸ ਤਰ੍ਹਾਂ ਦੇ 4-5 ਹੋਰ ਕਾਰਡ ਬਣਵਾਏ ਤੇ ਪਿੱਛੋਂ ਇਸ ਕਾਰਡ ਦੀਆਂ ਇੱਕ ਹਜ਼ਾਰ ਕਾਪੀਆਂ ਵਿਕਰੀ ਲਈ ਤਿਆਰ ਕੀਤੀਆਂ ਗਈਆਂ। ਇਸ ਤਰ੍ਹਾਂ ਪਹਿਲੀ ਵਾਰ ਬਾਜ਼ਾਰ ਵਿੱਚ ਕ੍ਰਿਸਮਸ ਕਾਰਡ ਵਿਕੇ। ਇਸ ਮਗਰੋਂ ਵਧਾਈ ਪੱਤਰਾਂ ਦੀ ਲੋਕਪ੍ਰਿਯਤਾ ਅਚਾਨਕ ਹੀ ਵਧ ਗਈ ਅਤੇ ਮਗਰੋਂ ਅਨੇਕਾਂ ਤਰ੍ਹਾਂ ਦੇ ਕਾਰਡ ਬਣ ਕੇ ਵਿਕਣ ਲੱਗੇ।

ਵਧਾਈ ਕਾਰਡਾਂ ਵਿੱਚ ਕ੍ਰਾਂਤੀਕਾਰੀ

[ਸੋਧੋ]

ਵਧਾਈ ਕਾਰਡਾਂ ਵਿੱਚ 1875 ਦਾ ਸਾਲ ਕ੍ਰਾਂਤੀਕਾਰੀ ਸੀ। ਇਸ ਸਾਲ ਜਰਮਨੀ ਤੋਂ ਅਮਰੀਕਾ ਆਏ ਉਦਯੋਗਪਤੀ ਲੂਈ ਪ੍ਰਾਂਗ ਨੇ ਕਾਰਡਾਂ ਦੇ ਖੇਤਰ ਵਿੱਚ ਕਈ ਪ੍ਰਯੋਗ ਕੀਤੇ ਅਤੇ ਉਹ ਆਪਣੇ ਪ੍ਰਯੋਗਾਂ ਵਿੱਚ ਸਫ਼ਲ ਹੋ ਗਿਆ। ਉਸ ਨੇ ਕਾਰਡਾਂ ਨੂੰ ਦਿਲ-ਖਿੱਚਵਾਂ ਬਣਾਉਣ ਲਈ ਡਿਜ਼ਾਈਨ ਪ੍ਰਤੀਯੋਗਤਾਵਾਂ ਕਰਵਾਈਆਂ ਅਤੇ ਇਨਾਮ ਹਾਸਲ ਕਰਨ ਵਾਲੇ ਡਿਜ਼ਾਈਨਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਕਾਰਡ ਛਪਣ ਲੱਗੇ, ਜਿਸ ਵਿੱਚ ਈਸਟਰ ਕਾਰਡ, ਜਨਮ ਦਿਵਸ ਵਧਾਈ ਕਾਰਡ, ਧੰਨਵਾਦ ਕਾਰਡ ਅਤੇ ਅਨੇਕਾਂ ਹੋਰ ਕਾਰਡ ਸਨ। 1880 ਈਸਵੀ ਵਿੱਚ ਅਮਰੀਕੀ ਕਾਰਡ ਦੇ ਜਨਕ ਬੋਸਟਨ ਲੂਈ ਪ੍ਰਾਂਗ ਨੇ ਲਗਪਗ 50 ਲੱਖ ਕਾਰਡ ਬਣਾਏ ਸਨ, ਜਿਹੜੇ ਕਿ ਲਿਥੋ ਪ੍ਰੈੱਸ ’ਤੇ ਕਈ ਰੰਗਾਂ ਵਿੱਚ ਛਪੇ ਸਨ। ਇਨ੍ਹਾਂ ਕਾਰਡਾਂ ’ਤੇ ਈਸਾ ਦੇ ਜਨਮ ਅਤੇ ਧਰਮ ਪ੍ਰਸੰਗਾਂ ਦੇ ਚਿੱਤਰ ਸਨ।

ਗਰੀਟਿੰਗ ਕਾਰਡ ਅਤੇ ਅਮਰੀਕਾ

[ਸੋਧੋ]

ਇੰਗਲੈਂਡ ਦੇ ਪਹਿਲੇ ਯੁੱਧ ਦੇ ਸਮੇਂ ਤੋਂ ਹੀ ਗਰੀਟਿੰਗ ਕਾਰਡਾਂ ਦਾ ਚਲਣ ਤੇਜ਼ੀ ਨਾਲ ਵਧਿਆ। ਇਨ੍ਹਾਂ ਦੀ ਲੋਕਪ੍ਰਿਯਤਾ ਅੰਗਰੇਜ਼ੀ ਰਾਜ ਦੌਰਾਨ ਵਧੀ। ਅੱਜ ਵੀ ਅਮਰੀਕਾ ਵਿੱਚ ਹੀ ਇਨ੍ਹਾਂ ਦੀ ਲੋਕਪ੍ਰਿਯਤਾ ਵਿੱਚ ਸਭ ਤੋਂ ਜ਼ਿਆਦਾ ਹੈ ਅਤੇ ਸਭ ਤੋਂ ਵਧੇਰੇ ਇਨ੍ਹਾਂ ਕਾਰਡਾਂ ਦੀ ਖਪਤ ਅਮਰੀਕਾ ਵਿੱਚ ਹੀ ਹੈ। ਸੰਨ 1950 ਵਿੱਚ ਅਮਰੀਕਾ ਦੇ ਲਗਪਗ 300 ਪ੍ਰਕਾਸ਼ਕਾਂ ਨੇ 5 ਅਰਬ ਵਧਾਈ ਕਾਰਡ ਛਾਪੇ ਸਨ। ਅਮਰੀਕਾ ਦੀ ਇੱਕ ਸੰਸਥਾ ਅਨੁਸਾਰ ਇਸ ਵੇਲੇ ਅਮਰੀਕਾ ਵਿੱਚ ਹਰ ਸਾਲ ਲਗਪਗ 30 ਅਰਬ ਤੋਂ ਵੀ ਜ਼ਿਆਦਾ ਵਧਾਈ ਕਾਰਡ ਵਿਕ ਜਾਂਦੇ ਹਨ, ਜਿਨ੍ਹਾਂ ਵਿੱਚੋਂ ਲਗਪਗ ਅੱਧੇ ਕ੍ਰਿਸਮਸ ਕਾਰਡ ਹੁੰਦੇ ਹਨ। ਅਮਰੀਕਾ ਦੇ ਲੋਕਾਂ ਨੇ 1952 ਵਿੱਚ ਇਨ੍ਹਾਂ ਕਾਰਡਾਂ ਤੇ ਡਾਕ ਟਿਕਟਾਂ ’ਤੇ ਹੀ ਲਗਪਗ 10 ਕਰੋੜ ਡਾਲਰ ਖਰਚ ਕੀਤੇ ਸਨ। ਇਹ ਰਕਮ ਵਧ ਕੇ 1985 ਤਕ 30 ਕਰੋੜ ਡਾਲਰ ਤਕ ਪੁੱਜ ਗਈ ਸੀ।

ਗਰੀਟਿੰਗ ਕਾਰਡ ਅਤੇ ਭਾਰਤ ਦਾ ਰਿਕਾਰਡ

[ਸੋਧੋ]

ਵਧਾਈ ਕਾਰਡਾਂ ਦੀ ਵਧਦੀ ਹੋਈ ਲੋਕਪ੍ਰਿਯਤਾ ਅੱਜ-ਕੱਲ੍ਹ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਦੇਖੀ ਜਾਂਦੀ ਹੈ, ਭਾਵੇਂ ਕਿ ਵਧਾਈ ਕਾਰਡਾਂ ਦੀ ਸ਼ੁਰੂਆਤ ਯੂਰਪ ’ਚ ਹੋਈ ਅਤੇ ਇਸ ਦੇ ਸਭ ਤੋਂ ਵੱਧ ਕਾਰਡ ਇੱਕ ਹੀ ਵਿਅਕਤੀ ਵੱਲੋਂ ਪਾਏ ਜਾਣ ਦਾ ਰਿਕਾਰਡ ਭਾਰਤ ਦੇ ਹੈਦਰਾਬਾਦ ਦੇ ਨਿਜ਼ਾਮ ਨੇ ਕਾਇਮ ਕੀਤਾ ਹੈ ਜਿਨ੍ਹਾਂ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ’ਤੇ 50 ਹਜ਼ਾਰ ਵਧਾਈ ਕਾਰਡ ਭੇਜੇ ਸਨ। 1920 ਵਿੱਚ ਸਭ ਤੋਂ ਛੋਟੇ ਆਕਾਰ ਦਾ ਗ੍ਰੀਟਿੰਗ ਕਾਰਡ ਚਾਵਲ ਦੇ ਦਾਣੇ ’ਤੇ ਲਿਖਿਆ ਪ੍ਰਿੰਸ ਆਫ ਵੇਲਜ਼ ਨੂੰ ਮਿਲਿਆ ਜਿਸ ’ਤੇ 22 ਸ਼ਬਦ ਅੰਕਿਤ ਸਨ। ਸੰਨ1980 ਵਿੱਚ ਤਿੰਨ ਮੀਟਰ ਲੰਮਾ ਇੱਕ ਕਾਰਡ ਅਮਰੀਕਾ[3] ਵਾਸੀਆਂ ਨੇ ਈਰਾਨ ਵਿੱਚ ਬੰਧੂਆਂ ਅਮਰੀਕੀਆਂ ਨੂੰ ਭੇਜਿਆ ਸੀ ਜਿਸ ਦਾ ਵਜ਼ਨ 27 ਕਿਲੋ ਸੀ। ਇਸ ਤਰ੍ਹਾਂ ਕਾਰਡ ਦੀ ਲੰਬਾਈ ਤੇ ਵਜ਼ਨ ਦਾ ਰਿਕਾਰਡ ਅਮਰੀਕਾ ਨੇ ਕਾਇਮ ਕੀਤਾ ਹੈ। ਇਸ ਤੋਂ ਪਹਿਲਾਂ ਸੰਨ1968 ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਦੋ ਮੀਟਰ ਲੰਮਾ ਅਤੇ ਸਵਾ ਮੀਟਰ ਚੌੜਾ ਕਾਰਡ ਭੇਜਿਆ ਗਿਆ ਸੀ। ==ਗਰੀਟਿੰਗ ਕਾਰਡ ਅਤੇ ਭਾਰਤ ਭਾਰਤ ਵਿੱਚ ਭਾਵੇਂ ਕਿ ਇੰਨੇ ਲੰਮੇ, ਚੌੜੇ ਜਾਂ ਵਜ਼ਨੀ ਵਧਾਈ ਕਾਰਡਾਂ ਦੀ ਰਿਵਾਜ ਨਹੀਂ ਹੈ। ਅੱਜ ਦੇ ਜ਼ਮਾਨੇ ਵਿੱਚ ਹਰ ਚੀਜ਼ ਛੋਟੀ ਪਸੰਦ ਕੀਤੀ ਜਾਂਦੀ ਹੈ। ਹੁਣ ਤਾਂ ਕੰਪਿਊਟਰ ’ਤੇ ਬੜੇ ਛੋਟੇ ਸਾਈਜ਼ ਦੇ ਛਪਦੇ ਕਾਰਡ ਵੀ ਵਧੇਰੇ ਪਸੰਦ ਕੀਤੇ ਜਾਂਦੇ ਹਨ। ਭਾਵੇਂ ਅਮਰੀਕੀ ਗਿਣਤੀ, ਖਰਚ ਅਤੇ ਵਜ਼ਨ ਵਿੱਚ ਅੱਗੇ ਹਨ ਪਰ ਭਾਰਤ ਵੀ ਵਧਾਈ ਕਾਰਡਾਂ ਵਿੱਚ ਪਿੱਛੇ ਨਹੀਂ ਹੈ। ਇੱਥੇ ਇੱਕ ਨਹੀਂ ਅਨੇਕਾਂ ਮੌਕਿਆਂ ਹੋਲੀ, ਦੀਵਾਲੀ, ਈਦ, ਜਨਮ ਦਿਨ, ਵਿਆਹ ਅਤੇ ਹੋਰ ਵੀ ਅਨੇਕਾਂ ਮੌਕਿਆਂ ’ਤੇ ਵਧਾਈ ਕਾਰਡ ਹੀ ਨਹੀਂ, ਰੰਗਦਾਰ ਵਧਾਈ ਤਾਰਾਂ ਵੀ ਭੇਜੀਆਂ ਜਾਂਦੀਆਂ ਹਨ ਪਰ ਹੁਣ ਤਾਂ ਇੰਟਰਨੈੱਟ/ਈ-ਮੇਲ ਰਾਹੀਂ ਵੀ ਖ਼ੂਬਸੂਰਤ ਵਧਾਈ ਸੰਦੇਸ਼ ਭੇਜੇ ਜਾਂਦੇ ਹਨ। ਮੋਬਾਈਲ ਫੋਨ ਰਾਹੀਂ ਸੰਦੇਸ਼ਾਂ ਨੇ ਭਾਵੇਂ ਵਧਾਈ ਕਾਰਡਾਂ ਦਾ ਰੰਗ ਫਿੱਕਾ ਕਰ ਦਿੱਤਾ ਹੈ ਪਰ ਹਾਲੇ ਵੀ ਇਨ੍ਹਾਂ ਦੀ ਅਹਿਮੀਅਤ ਬਰਕਰਾਰ ਹੈ।

ਹਵਾਲੇ

[ਸੋਧੋ]
  1. ਵਧਾਈ ਪੱਤਰhttp://en.wikipedia.org/wiki/Greeting_card
  2. Michele Karl (January 2003). Greetings With Love: The Book of Valentines. Pelican Publishing. p. 19. ISBN 978-1-56554-993-7.
  3. The British Postal Museum & Archive — Rowland Hill’s Postal Reforms