ਗਿਆਨੀ ਸ਼ੇਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਿਆਨੀ ਸ਼ੇਰ ਸਿੰਘ
ਜਨਮ
ਸਾਧੂ ਸਿੰਘ

1890
ਮੌਤ7 ਅਕਤੂਬਰ 1944
ਰਾਸ਼ਟਰੀਅਤਾਭਾਰਤੀ
ਪੇਸ਼ਾ
  • ਰਾਜਨੀਤਿਕ ਆਗੂ
  • ਕਥਾਵਾਚਕ
  • ਅਖਬਾਰ ਸੰਪਾਦਕ
ਲਈ ਪ੍ਰਸਿੱਧਅਕਾਲੀ ਲਹਿਰ
ਜ਼ਿਕਰਯੋਗ ਕੰਮ
  • ਗੁਰੂ ਗ੍ਰੰਥ ਤੇ ਪੰਥ
  • ਗੁਰੂ ਸਾਹਿਬ ਦਾ ਵੇਦ
  • ਨਿੱਤ ਨੇਮ ਸਟੀਕ
  • ਸਟੀਕ ਆਸਾ ਦੀ ਵਾਰ

ਗਿਆਨੀ ਸ਼ੇਰ ਸਿੰਘ (ਜਨਮ ਸਾਧੂ ਸਿੰਘ, 1890-1944), ਰਾਜਨੀਤਿਕ ਆਗੂ, ਕਥਾਵਾਚਕ ਅਤੇ ਅਖਬਾਰ ਸੰਪਾਦਕ ਸਨ। ਉਹਨਾਂ ਨੇ ਗੁਰੂ ਗ੍ਰੰਥ ਤੇ ਪੰਥ, ਗੁਰੂ ਸਾਹਿਬ ਦਾ ਵੇਦ, ਨਿੱਤ ਨੇਮ ਸਟੀਕ, ਸਟੀਕ ਆਸਾ ਦੀ ਵਾਰ ਵਰਗੀਆਂ ਕਈ ਪੁਸਤਕਾਂ ਵੀ ਲਿਖੀਆਂ। ਉਹ ਮੁੱਖ ਤੌਰ 'ਤੇ ਅਕਾਲੀ ਲਹਿਰ ਵਿੱਚ ਕੀਤੇ ਯੋਗਦਾਨ ਕਰਕਾ ਜਾਣਾ ਜਾਂਦੇ ਹਨ।

ਮੁੱਢਲਾ ਜੀਵਨ[ਸੋਧੋ]

ਗਿਆਨੀ ਸ਼ੇਰ ਸਿੰਘ ਦਾ ਜਨਮ ਜਨਵਰੀ 1890 ਵਿੱਚ ਪੰਜਾਬ ਦੇ ਸੰਗਰੂਰ ਜ਼ਿਲੇ (ਹੁਣ ਬਰਨਾਲਾ) ਦੇ ਪਿੰਡ ਠੀਕਰੀਵਾਲਾ ਵਿਖੇ ਵਰਿਆਮ ਸਿੰਘ ਅਤੇ ਨੰਦ ਕੌਰ ਦੇ ਘਰ ਹੋਇਆ ਸੀ। ਬਚਪਨ ਵਿੱਚ ਕਿਸੇ ਬਿਮਾਰੀ ਦੇ ਚਲਦਿਆਂ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਫਿਰ ਵੀ ਉਹਨਾਂ ਨੇ ਆਪਣੇ ਆਪਣੀ ਪੜ੍ਹਾਈ ਜਾਰੀ ਰੱਖੀ। ਪਹਿਲਾਂ ਉਹਨਾਂ ਨੇ ਸੰਤ ਜਵਾਲਾ ਦਾਸ ਅਤੇ ਸੰਤ ਭੋਲਾ ਸਿੰਘ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਦੌਧਰ ਵਿਖੇ ਅੰਨ੍ਹੇ ਬੱਚਿਆਂ ਲਈ ਇੱਕ ਸੰਸਥਾ ਵਿੱਚ ਤਕਰੀਬਨ ਪੰਜ ਸਾਲਾਂ ਲਈ ਪੜ੍ਹਾਈ ਕੀਤੀ। ਸਿੱਖ ਧਰਮ ਬਾਰੇ ਚੋਖੀ ਜਾਣਕਾਰੀ ਹੋਣ ਕਰਕੇ ਉਹਨਾਂ ਨੂੰ ਗਿਆਨੀ ਵਜੋਂ ਜਾਣਿਆ ਜਾਣ ਲੱਗਾ।

ਧਾਰਮਿਕ ਜੀਵਨ[ਸੋਧੋ]

ਅਮ੍ਰਿਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਸਾਧੂ ਸਿੰਘ ਤੋਂ ਸ਼ੇਰ ਸਿੰਘ ਰੱਖ ਦਿੱਤਾ ਗਿਆ। ਉਹ ਪਿੰਡ ਹਠੂਰ ਅਤੇ ਦੌਧਰ ਵਿਖੇ ਕਥਾ ਕਰਿਆ ਕਰਦੇ ਸਨ। ਦੌਧਰ ਵਿਖੇ ਉਹ ਨੇਤ੍ਰਹੀਨ ਲੋਕਾਂ ਨੂੰ ਪੜ੍ਹਾਉਂਦੇ ਸਨ। ਇਸੇ ਸਮੇਂ ਦੌਰਾਨ ਉਹਨਾਂ ਨੇ ਪਿਸ਼ਾਵਰ ਵਿਖੇ ਵੀ ਕਥਾ ਵਿਆਖਿਆਨ ਕੀਤਾ। ਪਿਸ਼ਾਵਰ ਵਿਖੇ ਇਸਾਈਆਂ ਦਾ ਇੱਕ ਵੱਡਾ ਪ੍ਰਚਾਰ ਕੇਂਦਰ ਸੀ। ਜਿਥੇ ਉਹਨਾਂ ਨੇ ਪਾਦਰੀ ਤੋਂ ਅੰਗਰੇਜੀ ਦਾ ਅਧਿਐਨ ਕੀਤਾ। ਇਥੇ ਉਹ 1911 ਤੋਂ 1915 ਤੱਕ ਰਹੇ।. ਪਿਸ਼ਾਵਰ ਵਿਖੇ ਰਾਵਲਪਿੰਡੀ ਦੀਆਂ ਸੰਗਤਾਂ ਦਾ ਬਹੁਤ ਆਉਣਾ ਜਾਣਾ ਸੀ ਜਿਸ ਕਰਕੇ ਰਾਵਲਪਿੰਡੀ ਦੀਆਂ ਸੰਗਤਾਂ ਦੀ ਬੇਨਤੀ ‘ਤੇ ਉਹ ਰਾਵਲਪਿੰਡੀ ਚਲੇ ਗਏ।. ਇਥੇ ਉਹਨਾਂ ਦੀ ਜਾਣ ਪਛਾਣ ਨਾਨਕ ਸਿੰਘ ਨਾਲ ਹੋਈ। ਇਸੇ ਸਮੇਂ ਦੌਰਾਨ ਗਿਆਨੀ ਸ਼ੇਰ ਸਿੰਘ ਨੇ ਕਈ ਪੁਸਤਕਾਂ ਲਿਖੀਆਂ ਜਿਹਨਾਂ ਵਿਚੋਂ ਨਿਤਨੇਮ ਅਤੇ ਆਸਾ ਦੀ ਵਾਰ ਪ੍ਰਮੁੱਖ ਹਨ।

ਸਿਆਸੀ ਜੀਵਨ[ਸੋਧੋ]

ਰਾਵਲਪਿੰਡੀ ਤੋਂ ਅੰਮ੍ਰਿਤਸਰ ਆਉਣ ਤੋਂ ਬਾਅਦ ਉਹਨਾਂ ਨੇ ਪ੍ਰਦੇਸੀ ਖਾਲਸਾ, ਰੋਜ਼ਾਨਾ ਕੌਮੀ ਦਰਬਾਰ, ਕੌਮੀ ਦਰਦ, ਸਿੱਖ ਸੇਵਕ ਅਤੇ ਖ਼ਾਲਸਾ ਸੇਵਕ ਅਖਬਾਰ ਦਾ ਲਗਾਤਾਰ ਸੰਪਾਦਨ ਕੀਤਾ। ਇੱਕ ਅਖਬਾਰ ਸੰਪਾਦਕ ਵਜੋਂ, ਗਿਆਨੀ ਸ਼ੇਰ ਸਿੰਘ ਨੇ ਲੋਕਾਂ ‘ਤੇ ਚੰਗਾ ਪ੍ਰਭਾਵ ਪਾਇਆ। ਉਹ ਸਿੱਖ ਅਧਿਕਾਰਾਂ ਅਤੇ ਹਿਤਾਂ ਦੀ ਪੁਰਜ਼ੋਰ ਵਕਾਲਤ ਕਰਦੇ ਸਨ। ਪੱਤਰਕਾਰੀ ਤੋਂ ਇਲਾਵਾ ਗਿਆਨੀ ਸ਼ੇਰ ਸਿੰਘ ਨੇ ਰਾਜਨੀਤੀ ਵਿੱਚ ਵੀ ਸਰਗਰਮ ਹਿੱਸਾ ਲਿਆ। ਉਹਨਾਂ ਨੇ ਕਾਂਗਰਸ ਦੇ ਪਲੇਟਫਾਰਮ ਤੋਂ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ ਅਤੇ ਇਹਨਾਂ ਵਿਚੋਂ ਇੱਕ ਭਾਸ਼ਣ ਲਈ ਸ਼ੇਰ ਸਿੰਘ ਨੂੰ (23 ਜੂਨ 1922 ਤੋਂ 30 ਜੂਨ 1923) ਹਿਰਾਸਤ ਵਿੱਚ ਰਖਿਆ ਗਿਆ ਸੀ।[1]

ਪਿੰਡ ਡਸਕਾ ਵਿਖੇ ਅਕਾਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਲਈ ਗਿਆਨੀ ਸ਼ੇਰ ਸਿੰਘ ਨੂੰ 16 ਨਵੰਬਰ 1931 ਤੋਂ 17 ਮਈ 1932 ਤਕ ਜੇਲ ਵਿੱਚ ਰੱਖਿਆ ਗਿਆ। 1926 ਵਿੱਚ ਸਿੱਖ ਗੁਰਦੁਆਰਾ ਐਕਟ ਅਧੀਨ ਹੋਈਆਂ ਪਹਿਲੀ ਚੋਣਾਂ ਵਿੱਚ ਗਿਆਨੀ ਸ਼ੇਰ ਸਿੰਘ ਨੂੰ ਸਰਬਸਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵਿਰੋਧੀ ਧਿਰ ਦੇ ਨੇਤਾ ਵਜੋਂ ਚੁਣਿਆ ਗਿਆ ਸੀ। ਉਹਨਾਂ ਨੇ ਲੰਬੇ ਸਮੇਂ ਤੱਕ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਪਾਰਟੀ ਵਿੱਚ ਕੰਮ ਕੀਤਾ। ਸੈਂਟਰਲ ਸਿੱਖ ਲੀਗ ਦੇ ਮੀਤ ਪ੍ਰਧਾਨ ਵਜੋਂ ਗਿਆਨੀ ਸ਼ੇਰ ਸਿੰਘ ਨੇ ਅਗਸਤ 1928 ਵਿੱਚ ਲਖਨਊ ਵਿਖੇ ਆਲ ਪਾਰਟੀਆਂ ਕਾਨਫਰੰਸ ਅਤੇ ਮਦਨ ਮੋਹਨ ਮਾਲਵੀਆ ਅਤੇ ਸ਼ੌਕਤ ਅਲਟ ਦੁਆਰਾ ਨਵੰਬਰ 1932 ਵਿੱਚ ਅਲਾਹਾਬਾਦ ਵਿਖੇ ਆਯੋਜਿਤ ਏਕਤਾ ਕਾਨਫ਼ਰੰਸ ਵਰਗੇ ਆਲ ਇੰਡੀਆ ਫੋਰਮਾਂ ਵਿੱਚ ਸਿੱਖਾਂ ਦੀ ਨੁਮਾਇੰਦਗੀ ਕੀਤੀ ਸੀ।

ਨਹਿਰੂ ਰਿਪੋਰਟ ਦਾ ਵਿਰੋਧ[ਸੋਧੋ]

ਅਲਾਹਾਬਾਦ ਵਿਖੇ ਉਹਨਾਂ ਨੇ “ਨਹਿਰੂ ਰਿਪੋਰਟ” ਦੀ ਸਖਤ ਆਲੋਚਨਾ ਕੀਤੀ ਜੋ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਬਹੁਗਿਣਤੀ ਵਾਲੇ ਹੱਕ ਦੇਣ ਦੀ ਗੱਲ ਕਰਦੀ ਸੀ। ਇਹ ਦੇਖਦਿਆਂ ਸਿਖ ਲੀਡਰਾਂ ਨੇ ਨੇ ਵੀ ਸਿੱਖਾਂ ਲਈ ਇਸੇ ਸਹੂਲਤਾਂ ਦੀ ਮੰਗ ਕੀਤੀ ਪਰ ਕਾਂਗਰਸ ਵੱਲੋਂ ਇਹ ਮੰਗ ਠੁਕਰਾ ਦਿੱਤੀ ਗਈ। ਸਿੱਖ ਉਸ ਕਾਨਫਰੰਸ ਵਿਚੋਂ ਵਾਕ ਆਊਟ ਕਰ ਆਏ ਅਤੇ ਪੰਜਾਬ ਆਕੇ ਐਜੀਟਸ਼ਨ ਆਰੰਭ ਕਰ ਦਿੱਤੀ ਜਿਸਦੇ ਵੱਡੇ ਵਿਆਖਿਆਕਾਰ ਸ਼ੇਰ ਸਿੰਘ ਹੁੰਦੇ ਸਨ। “ਨਹਿਰੂ ਰਿਪੋਰਟ” ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿੱਚ ਇੱਕ ਜਲੂਸ ਕੱਢਿਆ ਗਿਆ ਜਿਸ ਵਿੱਚ ਸਿੱਖਾਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ।

ਮੌਤ[ਸੋਧੋ]

ਗਿਆਨੀ ਸ਼ੇਰ ਸਿੰਘ ਦੀ 7 ਅਕਤੂਬਰ 1944 ਨੂੰ ਬ੍ਰੇਨ ਟਿਊਮਰ ਕਾਰਨ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ।

ਹਵਾਲੇ[ਸੋਧੋ]

  1. Gujral, Maninder S. "SHER SINGH, GIANI". The Sikh Encyclopedia -ਸਿੱਖ ਧਰਮ ਵਿਸ਼ਵਕੋਸ਼ (ਅੰਗਰੇਜ਼ੀ). Retrieved 2020-06-26.