ਘਾਣੀ
ਘਾਣੀ ਦੀਆਂ ਕਈ ਕਿਸਮਾਂ ਹਨ। ਪਰ ਜਿਹੜੀ ਘਾਣੀ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਇਹ ਤੂੜੀ ਮਿੱਟੀ ਨਾਲ ਤਿਆਰ ਕੀਤੀ ਜਾਂਦੀ ਘਾਣੀ ਹੈ, ਜਿਸ ਨਾਲ ਘਰਾਂ ਦੀਆਂ ਕੰਧਾਂ ਤੇ ਛੱਤਾਂ ਦੀ ਲਿਪਾਈ ਕੀਤੀ ਜਾਂਦੀ ਹੈ। ਕਈ ਇਲਾਕਿਆਂ ਵਿਚ ਇਸ ਘਾਣੀ ਨੂੰ ਪੱਕੀ ਘਾਣੀ ਵੀ ਕਹਿੰਦੇ ਹਨ।
ਇਸ ਘਾਣੀ ਨੂੰ ਬਣਾਉਣ ਲਈ ਕਾਲੀ ਚਿਉਂਕਣੀ ਮਿੱਟੀ ਲੋੜ ਅਨੁਸਾਰ ਲਈ ਜਾਂਦੀ ਹੈ। ਫੇਰ ਇਸ ਮਿੱਟੀ ਵਿਚ ਪੁਰਾਣੀ ਤੂੜੀ ਮਿਲਾਈ ਜਾਂਦੀ ਹੈ। ਤੂੜੀ ਮਿਲਾਈ ਮਿੱਟੀ ਨੂੰ ਗੁਲਾਈ ਵਿਚ ਖਿਲਾਰ ਕੇ ਤੇ ਸਾਈਡਾਂ 'ਤੇ ਵੱਟਾਂ ਬਣਾ ਕੇ ਉਸ ਵਿਚ ਪਾਣੀ ਪਾਇਆ ਜਾਂਦਾ ਹੈ। ਕੁਝ ਘੰਟਿਆਂ ਦੇ ਸਮੇਂ ਪਿਛੋਂ ਜਦ ਪਾਏ ਪਾਣੀ ਨਾਲ ਮਿੱਟੀ ਬਿਲਕੁਲ ਨਰਮ ਹੋ ਜਾਵੇ ਤਾਂ ਇਕ ਬੰਦਾ ਇਸ ਵਿਚ ਵੜ ਕੇ ਕਹੀ ਨਾਲ ਤੂੜੀ ਮਿੱਟੀ ਨੂੰ ਵੱਢ-ਵੱਢ ਕੇ ਤੇ ਲੱਤਾਂ ਨਾਲ ਲਤਾੜ ਕੇ ਤੂੜੀ ਮਿੱਟੀ ਨੂੰ ਇਕ ਇਕ ਕਰ ਦਿੰਦਾ ਹੈ। ਕਈ ਦਿਨਾਂ ਤੱਕ ਫੇਰ ਘਾਣੀ ਵਿਚ ਲੋੜ ਅਨੁਸਾਰ ਪਾਣੀ ਪਾ ਕੇ ਕਹੀ ਨਾਲ ਵੱਢਿਆ ਤੇ ਲੱਤਾਂ ਨਾਲ ਲਤਾੜਿਆ ਜਾਂਦਾ ਹੈ। ਜਦ ਘਾਣੀ ਮਲਾਈ ਵਰਗੀ ਬਣ ਜਾਂਦੀ ਹੈ ਤਾਂ ਉਸ ਨਾਲ ਕੰਧਾਂ ਅਤੇ ਕੋਠਿਆਂ ਦੀਆਂ ਛੱਤਾਂ ਨੂੰ ਲਿੱਪਿਆ ਜਾਂਦਾ ਹੈ।
ਹੁਣ ਲਗਪਗ ਸਾਰੇ ਘਰ ਪੱਕੇ ਹਨ। ਬਹੁਤੇ ਘਰਾਂ ਦੀਆਂ ਛੱਤਾਂ ਉਪਰ ਵੀ ਇੱਟਾਂ ਦੇ ਫਰਸ਼ ਲਾਏ ਜਾਂਦੇ ਹਨ। ਹੁਣ ਬਹੁਤ ਘੱਟ ਘਰ ਕੱਚੇ ਹਨ, ਜਿਨ੍ਹਾਂ ਨੂੰ ਲਿੱਪਣ ਲਈ ਘਾਣੀ ਤਿਆਰ ਕੀਤੀ ਜਾਂਦੀ ਹੈ।[1]
ਰਸ ਕੱਢਣ ਲਈ ਘੁਲਾੜੀ ਵਿਚ ਇਕ ਬੰਦਾ ਗੰਨੇ ਲਾਉਂਦਾ ਸੀ। ਗੰਨੇ ਦਾ ਰਸ ਨਿਕਲ ਕੇ ਘੁਲਾੜੀ ਦੇ ਪਰਨਾਲੇ ਹੇਠ ਰੱਖੇ ਪੀਪੇ ਵਿਚ ਪੈਂਦਾ ਰਹਿੰਦਾ ਸੀ। ਜਦ ਘਾਣੀ ਦੀ ਮਿਕਦਾਰ ਜੋਗੇ ਰਸ ਦੇ ਪੀਪੇ ਭਰ ਜਾਂਦੇ ਸਨ ਤਾਂ ਉਨ੍ਹਾਂ ਭਰੇ ਪੀਪਿਆਂ ਨੂੰ ਬਹਿਣੀ ਉਪਰ ਰੱਖੇ ਕੜਾਹੇ ਵਿਚ ਪਾ ਦਿੱਤਾ ਜਾਂਦਾ ਸੀ। ਕੜਾਹੇ ਵਿਚ ਪਾਈ ਰਸ ਦੀ ਘਾਣੀ ਨੂੰ ਵਹਿਣੀ ਹੇਠ ਬਲਦੀ ਅੱਗ ਦੇ ਸੇਕ ਨਾਲ ਪਕਾਇਆ ਜਾਂਦਾ ਸੀ। ਜਦੋਂ ਘਾਣੀ ਸੇਕ ਨਾਲ ਪੱਕ ਕੇ ਗੁੜ ਬਣਨ ਯੋਗ ਹੋ ਜਾਂਦੀ ਸੀ ਤਾਂ ਉਸ ਪੱਕੀ ਰਸ ਦੀ ਘਾਣੀ ਨੂੰ ਕੜਾਹੇ ਵਿਚੋਂ ਕੱਢ ਕੇ ਗੰਡ ਵਿਚ ਪਾਇਆ ਜਾਂਦਾ ਸੀ। ਜਦ ਉਹ ਥੋੜ੍ਹੀ ਠੰਢੀ ਹੋ ਜਾਂਦੀ ਸੀ ਤਾਂ ਉਸ ਨੂੰ ਲੋਹੇ ਦੇ ਵੱਡੇ-ਵੱਡੇ ਖੁਰਚਿਆਂ ਨਾਲ ਜਿਸ ਨੂੰ ਚੰਡਣੀਆਂ ਕਹਿੰਦੇ ਹਨ, ਚੰਡ ਕੇ ਲੋੜ ਅਨੁਸਾਰ ਗੁੜ ਜਾਂ ਸ਼ੱਕਰ ਬਣਾ ਲੈਂਦੇ ਸਨ। ਇਸ ਵਿਧੀ ਨਾਲ ਰਸ ਦੀ ਘਾਣੀ ਤੋਂ ਤਿਆਰ ਵਸਤ ਗੁੜ/ਸ਼ੱਕਰ ਬਣ ਜਾਂਦੀ ਸੀ।[2]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigarh: Unistar books pvt.ltd. p. 512. ISBN 978-93-82246-99-2.
- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.