ਚੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੋ ਕਿਸਮ ਦੀਆਂ ਹੁੰਦੀਆਂ ਹਨ। ਇਕ ਚੂਰ ਤਾਂ ਧਰਤੀ ਦੇ ਉਪਰ ਰਸੋਈ ਵਿਚ ਆਮ ਤੌਰ 'ਤੇ ਚੁੱਲ੍ਹੇ ਦੇ ਸਾਹਮਣੇ ਬਣਾਈ ਹੁੰਦੀ ਹੈ, ਜਿਸ ਦੀ ਰੋਟੀ ਟੁੱਕ ਬਣਾਉਣ ਸਮੇਂ ਹਰ ਰੋਜ਼ ਵਰਤੋਂ ਹੁੰਦੀ ਹੈ। ਜਿਥੇ ਚੁੱਲ੍ਹੇ ਉਪਰ ਤਵਾ ਰੱਖ ਕੇ ਸਿਰਫ ਇਕ ਫੁਲਕਾ/ਰੋਟੀ ਹੀ ਪਕਾਈ ਜਾ ਸਕਦੀ ਹੈ, ਉਥੇ ਚੂਰ ਉਪਰ ਤਵੀ ਰੱਖ ਕੇ ਇਕੋ ਵੇਰ ਹੀ ਕਈ ਫੁਲਕੇ ਪਕਾਏ ਜਾ ਸਕਦੇ ਹਨ। ਬੜੇ ਪਤੀਲੇ, ਬਲਟੋਹੀਆਂ, ਬੜੀਆਂ ਕੜਾਹੀਆਂ ਵਿਚ ਖਾਣ ਵਾਲੀਆਂ ਜਿਹੜੀਆਂ ਵਸਤਾਂ ਬਣਾਉਣੀਆਂ ਹੁੰਦੀਆਂ ਹਨ, ਉਹ ਚੂਰ ਉਪਰ ਰੱਖ ਕੇ ਹੀ ਬਣਾਈਆਂ ਜਾਂਦੀਆਂ ਹਨ।

ਦੂਜੀ ਕਿਸਮ ਦੀ ਚੁਰ ਵਿਆਹਾਂ ਸਮੇਂ ਹਲਵਾਈਆਂ ਲਈ ਧਰਤੀ ਦੇ ਅੰਦਰ ਬਣਾਈ ਜਾਂਦੀ ਹੈ। ਇਸ ਚੁਰ ਨੂੰ ਭੱਠੀ ਵੀ ਕਹਿੰਦੇ ਹਨ। ਏਸ ਚੂਰ ਉਪਰ ਹਲਵਾਈ ਕੜਾਹ, ਮਠਿਆਈਆਂ, ਦਾਲਾਂ, ਸਬਜ਼ੀਆਂ, ਚੌਲ, ਰੋਟੀਆਂ ਅਤੇ ਹੋਰ ਵਿਆਹ ਵਿਚ ਲੋੜੀਂਦੀਆਂ ਖਾਣ ਵਸਤਾਂ ਤਿਆਰ ਕਰਦੇ ਹਨ। ਹੁਣ ਮੈਂ ਤੁਹਾਨੂੰ ਦੋਵਾਂ ਚੁਰਾਂ ਦੀ ਬਣਤਰ ਦੱਸਦਾ ਹਾਂ।

ਘਰ ਦੀ ਰਸੋਈ ਵਿਚ ਚੂਰ ਤੂੜੀ ਮਿੱਟੀ ਨਾਲ ਬਣਾਈ ਜਾਂਦੀ ਹੈ। ਚੂਰ ਦਾ ਮੂੰਹ 11 ਕੁ ਇੰਚ ਦਾ ਹੁੰਦਾ ਹੈ। ਮੂੰਹ ਦੇ ਅੰਦਰ ਵਿਚਕਾਰ ਜਿਹੇ ਚੁਰ ਦੀ ਥੋੜ੍ਹੀ ਜਿਹੀ ਗੁਲਾਈ 13 ਕੁ ਇੰਚ ਦੀ ਹੁੰਦੀ ਹੈ। ਚੂਰ ਦੀ ਲੰਬਾਈ 14 ਕੁ ਇੰਚ ਹੁੰਦੀ ਹੈ। ਚੁਰ ਦੀਆਂ ਵੱਟਾਂ ਦੀ ਉਚਾਈ 11 ਕੁ ਇੰਚ ਦੀ ਹੁੰਦੀ ਹੈ ਤੇ ਮੁਟਾਈ 3 ਕੁ ਇੰਚ ਦੀ ਹੁੰਦੀ ਹੈ। ਏਸ ਤਰ੍ਹਾਂ ਚੁਰ ਦੀ ਬਣਤਰ ਥੋੜ੍ਹੀ ਜਿਹੀ ਗੋਲ ਜਿਹੀ ਹੁੰਦੀ ਹੈ। ਇਹ ਗਿਣਤੀ ਮਿਣਤੀ ਮੈਂ ਆਮ ਚੁਰ ਦੀ ਲਿਖੀ ਹੈ। ਚੂਰਾਂ ਲੋੜ ਅਨੁਸਾਰ ਵੱਡੀਆਂ ਵੀ ਬਣਦੀਆਂ ਹਨ। ਚੂਰ ਦੀ ਉਸਾਰੀ ਇੰਨ-ਬਿੰਨ ਚੁੱਲ੍ਹੇ ਦੀ ਉਸਾਰੀ ਦੀ ਤਰ੍ਹਾਂ ਹੀ ਕੀਤੀ ਜਾਂਦੀ ਹੈ।(ਵੇਖੋ ਚੁੱਲ੍ਹਾ) ਚੂਰ ਪੱਕੀਆਂ ਇੱਟਾਂ ਤੇ ਮਿੱਟੀ ਲਾ ਕੇ ਵੀ ਬਣਾਈ ਜਾਂਦੀ ਹੈ।

ਹਲਵਾਈ ਵਾਲੀ ਚੂਰ ਵਿਆਹ ਸਮੇਂ ਧਰਤੀ ਵਿਚ ਬਣਾਈ ਜਾਂਦੀ ਹੈ। ਜਿਥੇ ਚੂਰ ਪੱਟਣੀ ਹੁੰਦੀ ਹੈ, ਪਹਿਲਾਂ ਉਸ ਥਾਂ ’ਤੇ ਗੁੜ ਤੇ ਸਰ੍ਹੋਂ ਦਾ ਤੇਲ ਪਾ ਕੇ ਸ਼ਗਨ ਕੀਤਾ ਜਾਂਦਾ ਹੈ। ਇਹ ਗੋਲ ਚੂਰ ਹੁੰਦੀ ਹੈ। ਇਸ ਦੀ ਗੁਲਾਈ 20 ਕੁ ਇੰਚ ਵਿਆਸ ਦੀ ਹੁੰਦੀ ਹੈ। ਡੂੰਘਾਈ 28 ਕੁ ਇੰਚ ਤੱਕ ਦੀ ਹੁੰਦੀ ਹੈ। ਚੂਰ ਦੀ ਗੁਲਾਈ ਦੇ ਉਪਰਲੇ ਹਿੱਸੇ ਉਪਰ ਪੱਕੀਆਂ ਇੱਟਾਂ ਲਾਈਆਂ ਜਾਂਦੀਆਂ ਹਨ। ਪੱਕੀਆਂ ਇੱਟਾਂ ਲਾਣ ਨਾਲ ਚੁਰ ਦੇ ਮਿੱਟੀ ਦੇ ਕਿਨਾਰੇ ਨਹੀਂ ਭਰਦੇ। ਦੂਸਰੇ ਚੁਰ ਉਪਰ ਬਰਤਨ ਸਹੀ ਢੰਗ ਨਾਲ ਟਿਕਾਏ ਜਾ ਸਕਦੇ ਹਨ। ਚੂਰ ਵਿਚ ਬਾਲਣ ਪਾਉਣ ਲਈ ਚੁਰ ਦੇ ਇਕ ਪਾਸੇ ਤਿਰਛਾ ਜਿਹਾ ਮੂੰਹ ਬਣਾਇਆ ਹੁੰਦਾ ਹੈ।

ਅੱਜਕੱਲ੍ਹ ਤਾਂ ਹਲਵਾਈਆਂ ਕੋਲ ਤੇਲ ਦੇ ਖਾਲੀ ਢੋਲਾਂ ਨੂੰ ਵੱਢ ਕੇ ਆਪਣੀਆਂ ਚੱਕਮੀਆਂ ਚੂਰਾਂ ਬਣਾਈਆਂ ਹੋਈਆਂ ਹਨ। ਹੁਣ ਲੱਕੜ ਮਹਿੰਗੀ ਹੈ। ਇਸ ਲਈ ਵਿਆਹਾਂ ਵਾਲੀਆਂ ਚੂਰਾਂ ਵਿਚ ਜਾਂ ਪੱਥਰ ਦਾ ਕੋਲਾ ਬਾਲਿਆ ਜਾਂਦਾ ਹੈ। ਜਾਂ ਗੈਸ ਬਾਲੀ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.