ਛੋਪ
ਛੋਪ ਇਕ ਮੁਟਿਆਰ ਦੀਆਂ ਰੂੰ ਦੀਆਂ ਚਾਰ ਪੂਣੀਆਂ (ਕਈ ਵੇਰ ਘੱਟ ਵੱਧ ਵੀ ਉੱਤੇ ਦੂਜੀ ਮੁਟਿਆਰ ਦੀਆਂ ਚਾਰ ਪੂਣੀਆਂ ਨੂੰ ਕਰਾਸ ਬਣਾਕੇ ਰੱਖਣ ਤੇ ਫੇਰ ਤੀਜੀ ਮੁਟਿਆਰ ਦੀਆਂ ਚਾਰ ਪੂਣੀਆਂ ਨੂੰ ਕਰਾਸ ਬਣਾ ਕੇ ਰੱਖਣ ਤੇ ਏਸੇ ਤਰਾਂ ਜਿੰਨੀਆਂ ਮੁਟਿਆਰਾਂ ਨੇ ਇਸ ਵਿਧੀ ਅਨੁਸਾਰ ਪੂਣੀਆਂ ਇਕੱਠੀਆਂ ਕਰਕੇ ਛੱਜ ਵਿਚ ਪਾ ਕੇ ਰੱਖੀਆਂ ਹੁੰਦੀਆਂ ਹਨ, ਨੂੰ ਛੋਪ ਕਹਿੰਦੇ ਹਨ। ਛੋਪ ਜ਼ਿਆਦਾਤਰ ਆਂਡ-ਗੁਆਂਢ ਦੀਆਂ ਮੁਟਿਆਰਾਂ ਪਾਉਂਦੀਆਂ ਸਨ। ਗਰਮੀ ਦੀ ਰੁੱਤ ਵਿਚ ਮੁਟਿਆਰਾਂ ਛੋਪ ਦੁਪਹਿਰਾਂ ਨੂੰ ਘਰਾਂ ਦੀ ਸਬਾਤਾਂ ਵਿਚ ਬੈਠ ਕੇ ਕੱਤਦੀਆਂ ਸਨ। ਸਰਦੀ ਦੀ ਰੁੱਤ ਵਿਚ ਰਾਤਾਂ ਨੂੰ ਕੱਤਦੀਆਂ ਹੁੰਦੀਆਂ ਸਨ। ਛੱਜ ਵਿਚ ਪਏ ਛੋਪ ਨੂੰ ਉਸ ਮੁਟਿਆਰ ਕੋਲ ਰੱਖਿਆ ਜਾਂਦਾ ਸੀ ਜਿਹੜੀ ਮੁਟਿਆਰ ਚਰਖਾ ਕੱਤਣ ਵਿਚ ਸਭ ਤੋਂ ਤੇਜ਼ ਹੁੰਦੀ ਸੀ। ਇਕ ਤਰ੍ਹਾਂ ਨਾਲ ਇਹ ਮੁਟਿਆਰ ਛੋਪ ਕੱਤਣ ਵਾਲੀਆਂ ਮੁਟਿਆਰਾਂ ਦੀ ਲੀਡਰ ਹੁੰਦੀ ਸੀ। ਸਾਰੀਆਂ ਕੁੜੀਆਂ ਦੇ ਗੋਲ ਘੇਰੇ ਵਿਚ ਚਰਖੇ ਡਾਹੇ ਹੁੰਦੇ ਸਨ। ਲੀਡਰ ਮੁਟਿਆਰ ਜਿਸ ਤਰਤੀਬ ਅਨੁਸਾਰ ਛੋਪ ਪਾਇਆ ਹੁੰਦਾ ਸੀ ਉਸ ਤਰਤੀਬ ਅਨੁਸਾਰ ਹੀ ਛੋਪ ਦੀਆਂ ਪੂਣੀਆਂ ਵੰਡ ਦਿੰਦੀ ਸੀ। ਫੇਰ ਕੱਤਣਾ ਸ਼ੁਰੂ ਕੀਤਾ ਜਾਂਦਾ ਸੀ। ਇਸ ਤਰ੍ਹਾਂ ਛੋਪ ਕੱਤਿਆ ਜਾਂਦਾ ਸੀ।
ਪਹਿਲੇ ਸਮਿਆਂ ਵਿਚ ਲੜਕੀਆਂ ਨੂੰ ਪੜ੍ਹਾਉਣ ਦਾ ਰਿਵਾਜ਼ ਨਹੀਂ ਸੀ। ਇਸ ਲਈ ਲੜਕੀਆਂ ਦਾ ਬਹੁਤਾ ਸਮਾਂ ਸੂਤ ਕੱਤਣ, ਦਰੀਆਂ ਬੁਣਨ, ਕਢਾਈ ਕਰਨ ਤੇ ਹੋਰ ਬੁਣਾਈ ਕਰਨ ਵਿਚ ਲੱਗਦਾ ਸੀ। ਲੜਕੀਆਂ ਆਪਣਾ ਦਾਜ ਆਪ ਤਿਆਰ ਕਰਦੀਆਂ ਸਨ। ਹੁਣ ਸਾਰੀਆਂ ਕੁੜੀਆਂ ਪੜ੍ਹਦੀਆਂ ਹਨ। ਇਸ ਕਰਕੇ ਚਰਖਾ ਨਾ ਮਾਤਰ ਹੀ ਕੱਤਿਆ ਜਾਂਦਾ ਹੈ। ਇਸ ਲਈ ਹੁਣ ਛੋਪ ਪਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigarh: Unistar Book Pvt.Ltd. p. 178. ISBN 978-93-82246-99-2.