ਜਮ ਮੀਨਾਰ
ਜਮ ਮੀਨਾਰ ਜੋ ਅਫ਼ਗਾਨਿਸਤਾਨ ਵਿੱਚ ਸਥਿਤ ਹੈ ਨੂੰ ਦਿੱਲੀ ਦੇ ਕੁਤਬ ਮੀਨਾਰ ਦਾ ਜਠੇਰਾ ਆਖਿਆ ਜਾ ਸਕਦਾ ਹੈ। ਯੂਨੈਸਕੋ ਵੱਲੋਂ ਇਹ ਵਿਸ਼ਵ ਵਿਰਾਸਤੀ ਸਮਾਰਕ ਐਲਾਨਿਆ ਹੋਇਆ ਹੈ। ਦਰਿਆ ਕੰਢੇ ਬਣਿਆ ਹੋਣ ਕਾਰਨ ਇਸ ਦੀ ਨੀਂਹ ਨੂੰ ਸਲ੍ਹਾਬ ਤੋਂ ਨੁਕਸਾਨ ਪਹੁੰਚ ਰਿਹਾ ਹੈ।
ਇਤਿਹਾਸ
[ਸੋਧੋ]ਜਮ ਮੀਨਾਰ ਦੀ ਉਸਾਰੀ ਪੱਛਮੀ ਅਫ਼ਗਾਨਿਸਤਾਨ ਵਿੱਚ ਹੈਰਾਤ ਤੋਂ ਲਗਪਗ 100 ਕਿਲੋਮੀਟਰ ਪੂਰਬ ਵੱਲ 2400 ਮੀਟਰ ਦੀ ਉੱਚਾਈ ਤਕ ਜਾਂਦੇ ਬੰਜਰ ਪਹਾੜਾਂ ਵਿੱਚ ਦਰਿਆ ਹਰੀਰੁਦ ਕੰਢੇ ਸੁਲਤਾਨ ਗਿਆਸੂਦੀਨ (1113-1203) ਨੇ ਕਰਵਾਈ ਸੀ। ਪੱਕੀਆਂ ਇੱਟਾਂ ਨਾਲ ਬਣੇ ਇਸ ਮੀਨਾਰ ਦੀ ਉੱਚਾਈ 65 ਮੀਟਰ ਜਾਂ 200 ਫੁੱਟ ਹੈ। ਇਸ ਮੀਨਾਰ ਦੀ ਨੀਂਹ ਭਾਵੇਂ ਅੱਠਕੋਣੀ ਹੈ ਪਰ ਇਸ ਦੀ ਉੱਪਰਲੀ ਉਸਾਰੀ ਗੋਲਾਕਾਰ ਹੈ ਜੋ ਉੱਪਰ ਨੂੰ ਵਧਦਿਆਂ ਘਟਦੀ ਜਾਂਦੀ ਹੈ ਅਤੇ ਗੋਲ ਸਿਖਰ ਉੱਤੇ ਇੱਕ ਵੱਡੀ ਲਾਲਟੈਨ ਰੂਪ ਵਿੱਚ ਬਣੀ ਹੈ। ਇਸ ਦੇ ਅੰਦਰ ਚੱਕਰਦਾਰ ਪੌੜੀਆਂ ਬਣੀਆਂ ਹਨ ਜਿਹਨਾਂ ਰਾਹੀਂ ਸਿਖਰ ਉੱਤੇ ਪਹੁੰਚਿਆ ਜਾ ਸਕਦਾ ਹੈ। ਮੀਨਾਰ ਦੇ ਕੇਂਦਰ ਵਿੱਚ ਬਣੇ ਮਜ਼ਬੂਤ ਧੁਰੇ ਜਾਂ ਲੱਠ ਦੇ ਨਾਲ-ਨਾਲ ਕਈ ਥਾਵਾਂ ਉੱਤੇ ਛੱਜੇ ਅਤੇ ਬਾਲਕੋਨੀਆਂ ਬਣੀਆਂ ਹਨ। ਕੁਤਬ-ਉਦ-ਦੀਨ ਐਬਕ ਨੇ 12ਵੀਂ ਸਦੀ ਦੇ ਅੰਤ ਵਿੱਚ ਦਿੱਲੀ ਵਿਖੇ ਕੁਤਬ ਮੀਨਾਰ ਦੀ ਉਸਾਰੀ ਕਰਵਾਈ ਸੀ ਤਾਂ ਉਸ ਦਾ ਮਨੋਰਥ ਅਫ਼ਗਾਨਿਸਤਾਨ ਵਿੱਚ ਕੁਝ ਸਮਾਂ ਪਹਿਲਾਂ ਉਸਾਰੇ ਗਏ ਜਮ ਮੀਨਾਰ ਤੋਂ ਵੱਧ ਕਲਾਤਮਿਕ ਅਤੇ ਵੱਧ ਉੱਚਾਈ ਵਾਲਾ ਮੀਨਾਰ ਉਸਾਰਨਾ ਸੀ। ਭਾਵੇਂ ਕੁਤਬ ਮੀਨਾਰ ਦੀ ਉਸਾਰੀ ਕੁਤਬ-ਉਦ-ਦੀਨ ਐਬਕ ਦੇ ਮਰਨ ਉੱਪਰੰਤ ਦਿੱਲੀ ਦੇ ਬਾਅਦ ਦੇ ਸ਼ਾਸਕਾਂ ਵੱਲੋਂ ਸੰਪੂਰਨ ਕਰਵਾਈ ਗਈ ਸੀ ਪਰ ਉਹਨਾਂ ਨੇ ਕੁਤਬ ਮੀਨਾਰ ਦੀ ਉੱਚਾਈ ਨੂੰ ਅਫ਼ਗਾਨਿਸਤਾਨ ਦੇ ਜਮ ਮੀਨਾਰ ਤੋਂ ਸੱਤ ਮੀਟਰ ਜ਼ਿਆਦਾ ਰੱਖ ਕੇ ਕੁਤਬ-ਉਦ-ਦੀਨ ਐਬਕ ਦੇ ਮਨੋਰਥ ਨੂੰ ਪੂਰਾ ਕਰ ਦਿੱਤਾ ਸੀ।
ਅਨੋਖੀ ਸ਼ਿਲਪਕਾਰੀ
[ਸੋਧੋ]ਜਮ ਮੀਨਾਰ ਦੇ ਬਾਹਰਲੇ ਪਾਸੇ ਕਈ ਪ੍ਰਕਾਰ ਦੀ ਅਨੋਖੀ ਸ਼ਿਲਪਕਾਰੀ ਦੇ ਨਾਲ-ਨਾਲ ਸ਼ਾਨਦਾਰ ਕਲਾਤਮਿਕ ਕੰਮ ਹੋਇਆ ਹੈ। ਇਸ ਕਾਰਨ ਇਸ ਇਲਾਕੇ ਵਿੱਚ ਇਸ ਨੂੰ ਇਸਲਾਮੀ ਭਵਨ ਕਲਾ ਦਾ ਪ੍ਰਮੁੱਖ ਨਮੂਨਾ ਮੰਨਿਆ ਗਿਆ ਹੈ। ਇੱਟਾਂ ਨੂੰ ਜਟਿਲ ਰੂਪ ਵਿੱਚ ਚਿਣ ਕੇ ਬਣਾਏ ਰੇਖਾ-ਗਣਿਤ ਅਤੇ ਫੁੱਲ-ਪੱਤੀਆਂ ਦੇ ਡਿਜ਼ਾਈਨ ਬਹੁਰੂਪਤਾ ਭਰੇ ਹਨ। ਸ਼ੀਸ਼ੇ ਦੇ ਰੋਗਨ ਦਾ ਚਮਕੀਲਾ ਕੰਮ ਫਿਰੋਜ਼ੀ ਰੰਗ ਵਿੱਚ ਕੀਤਾ ਗਿਆ ਹੈ। ਇਸ ਵਿੱਚ ਰੇਖਾ-ਗਣਿਤ ਨਮੂਨੇ, ਕੂਫੀ (ਮੂਲ ਅਰਬੀ ਵਰਣਮਾਲਾ) ਸੁਲੇਖ ਦਾ ਕੰਮ ਅਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ।
ਦੂਜੇ ਨੰਬਰ ਉੱਤੇ ਮੀਨਾਰ
[ਸੋਧੋ]11ਵੀਂ ਸਦੀ ਤੋਂ 13ਵੀਂ ਸਦੀ ਦੌਰਾਨ ਮੱਧ-ਏਸ਼ੀਆ, ਈਰਾਨ ਅਤੇ ਅਫ਼ਗਾਨਿਸਤਾਨ ਵਿੱਚ ਲਗਪਗ 60 ਮੀਨਾਰ ਉਸਾਰੇ ਗਏ ਸਨ ਜਿਹਨਾਂ ਵਿੱਚੋਂ ਸਭ ਤੋਂ ਉੱਚਾ ਦਿੱਲੀ ਸਥਿਤ ਕੁਤਬ ਮੀਨਾਰ ਹੈ। ਦੂਜੇ ਨੰਬਰ ਉੱਤੇ ਜਮ ਮੀਨਾਰ ਆਉਂਦਾ ਹੈ। ਕਈ ਇਸ ਨੂੰ ‘ਫ਼ਤਿਹ ਬੁਰਜ’ ਸਮਝਦੇ ਹਨ, ਜਿਸ ਤੋਂ ਭਾਵ ਇਸਲਾਮ ਦੀ ਇਸ ਖੇਤਰ ਵਿੱਚ ਫ਼ਤਿਹ ਹੋਣਾ ਹੈ। ਇਸ ਮੀਨਾਰ ਦੇ ਨੇੜੇ ਕਿਲ੍ਹੇ ਅਤੇ ਮਹਿਲਾਂ ਆਦਿ ਦੇ ਪੁਰਾਤਤਵ ਚਿੰਨ੍ਹ ਪ੍ਰਾਪਤ ਹੋਏ ਹਨ ਪਰ ਅਫ਼ਗਾਨਿਸਤਾਨ ਦੀ ਡਾਵਾਂਡੋਲ ਸਿਆਸੀ ਸਥਿਤੀ ਨੇ ਇਸ ਦੀ ਪੁਰਾਤਤਵ ਖੋਜ ਦੇ ਕੰਮ ਨੂੰ ਸਿਰੇ ਚੜ੍ਹਨ ਤੋਂ ਰੋਕਿਆ ਹੋਇਆ ਹੈ। ਪੁਰਾਤਤਵ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇੱਥੇ ਸ਼ਹਿਰ ਵਰਗੀ ਵਸੋਂ ਸੀ ਅਤੇ ਇਸ ਸ਼ਹਿਰ ਨੂੰ ਮੰਗੋਲ ਧਾੜਵੀ ਚੰਗੇਜ਼ ਖ਼ਾਨ ਨੇ ਬਰਬਾਦ ਕਰ ਦਿੱਤਾ ਸੀ।