ਸਮੱਗਰੀ 'ਤੇ ਜਾਓ

ਜੰਞ ਬੰਨਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੰਞ ਜਾਂ ਪੱਤਲ ਬੰਨਣਾ ਜੰਞ ਦੇ ਰੋਟੀ ਖਾਣ ਸਮੇਂ ਗਾਈ ਜਾਣ ਵਾਲੀ ਰਚਨਾ ਹੋਣ ਕਰਾਨ ਇਸ ਨੂੰ ਜੰਞ ਕਿਹਾ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਜਦੋਂ ਅਜੇ ਮਿੱਟੀ ਦੇ ਬਰਤਨ ਨਹੀਂ ਸਨ ਪ੍ਰਚੱਲਿਤ ਹੋਏ ਤਾਂ ਬ੍ਰਿਛ-ਬੂਟਿਆਂ ਦੇ ਪੱਤਿਆਂ ਉੱਤੇ ਹੀ ਭੋਜਨ ਛਕਿਆ-ਛਕਾਇਆ ਜਾਂਦਾ ਸੀ। ਇਹਨਾਂ ਨੂੰ ਪੱਤਲ ਜਾਂ ਪੱਤਲਿ {ਸੰਸਕ੍ਰਿਤ: ਪੱਤਿਆਂ ਦੀ ਥਾਲੀ} ਕਿਹਾ ਜਾਂਦਾ ਸੀ। ਜਾਂ ਪੱਤਲ ਜਾਂ ਜੰਞ, ਛੰਦਾ-ਬੰਦੀ ਵਿੱਚ ਰਚੀ ਉਸ ਰਚਨਾ ਨੂੰ ਕਹਿੰਦੇ ਹਨ, ਜੋ ਬਰਾਤੀਆਂ ਲਈ ਪਰੋਸੇ ਗਏ ਭੋਜਨ ਨੂੰ ਔਰਤਾਂ ਵੱਲੋਂ ਬੰਨ੍ਹਣ ਜਾਂ ਇਸਤਰੀਆਂ ਦੁਆਰਾ ਬੱਧੀ ਰੋਟੀ ਨੂੰ ਛੁਡਾਉਣ ਲਈ ਬਰਾਤੀਆਂ ਵਿਚੋਂ ਕਿਸੇ ਇੱਕ ਦੁਆਰਾ ਗਾਈ ਜਾਂਦੀ ਹੈ।

ਜੰਞ (ਪੱਤਲ) ਬੰਨ੍ਹਣ ਛੁਡਾਉਣ ਦਾ ਆਰੰਭ

[ਸੋਧੋ]

ਆਪਣੇ ਵਰਤਮਾਨ ਸਰੂਪ ਵਿੱਚ ਪੱਤਲ ਜਾਂ ਜੰਞ ਬੰਨਣ ਅਤੇ ਖੋਲਣ ਦੀ ਰਸਮ ਕਦੋਂ ਸ਼ੁਰੂ ਹੋਈ ਇਸ ਬਾਰੇ ਨਿਸ਼ਚਿਤ ਰੂਪ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਪਰ ਦਮੋਦਰ ਨੇ ਆਪਣੇ ਕਿਸੇ ਹੀਰ ਵਿੱਚ ਹੀਰ ਦੇ ਵਿਆਹ ਸਮੇਂ ਜੰਞ ਦੇ ਢੁਕਾਉ ਅਤੇ ਖਟ ਦਾ ਸਵਿਸਥਾਰ ਜ਼ਿਕਰ ਕੀਤਾ ਹੈ। ਵਾਰਿਸ ਸ਼ਾਹ ਨੇ ਢੁਕਾਉ ਸਮੇਂ ਬਰਾਤ ਦੀ ਚੜ੍ਹਤ ਅਤੇ ਉਸ ਨੂੰ ਪਰੋਸੇ ਜਾਣ ਵਾਲੇ ਪਕਵਾਨਾਂ, ਪਹਿਨੇ ਜਾਣ ਵਾਲੇ ਗਹਿਣਿਆ, ਬਸਤਰਾਂ ਆਦਿ ਨੂੰ ਵੇਰਵੇ ਨਾਲ ਬਿਆਨਿਆ ਹੈ।[1]

ਜੰਞ (ਪੱਤਲ) ਬੰਨਣ ਦਾ ਸਮਾਂ

[ਸੋਧੋ]

ਵਿਆਹ ਸਮਾਗਮ ਦੌਰਾਨ ਇਸ ਰਸਮ ਦੇ ਨਿਭਾ-ਸਮੇਂ ਬਾਰੇ ਸਦੀ ਦੇ ਚਾਲ੍ਹੀਵਿਆਂ ਵਿੱਚ ਇਹ ਰਸਮ ਅਨੰਦ ਕਾਰਜ ਹੋ ਜਾਣ ਪਿੱਛੋ ਦੁਪਹਿਰ ਦੇ ਭੋਜਨ ਸਮੇਂ ਕੀਤੀ ਜਾਂਦੀ ਸੀ। ਸਮਾਂ ਕੋਈ ਵੀ ਹੋਵੇ ਖਾਣੇ ਦੇ ਵਕਤ ਭੋਜਨ ਪਰੋਸੇ ਜਾਣ ਤੋਂ ਉੱਪਰੰਤ ਕੋਈ ਜ਼ਨਾਨੀ ਕੁਝ ਕਾਵਿ-ਸਤਰਾਂ ਗਾ ਕੇ ਜੰਞ ਨੂੰ ਰੋਟੀ ਖਾਣ ਤੋਂ ਵਰਜ ਦਿੰਦੀ ਇਸ ਨੂੰ ਜੰਞ ਬੰਨਣਾ ਆਖਿਆ ਜਾਂਦਾ ਸੀ।[2]

ਬੰਨੀ ਜੰਞ ਨੂੰ ਛੁਡਾਉਣਾ

[ਸੋਧੋ]

ਬੱਧੀ ਰੋਟੀ ਛੁਡਾਉਣ ਸਮੇਂ ਜੰਞ ਬੋਲਣ[3] ਲਈ ਵੀ ਨਿਸ਼ਚਿਤ ਵਿਧੀ ਹੁੰਦੀ ਸੀ। ਬਰਾਤੀਆਂ ਵੱਲੋ ਹੇਠੀ ਤੋਂ ਬਚਣ ਲਈ ਕਿਸੇ ਅਜਿਹੇ ਵਿਅਕਤੀ ਨੂੰ ਲੈਕੇ ਜਾਂਦੇ ਸਨ ਜਿਸ ਨੂੰ ਜੰਞ ਬੰਨਣ ਦੀ ਜਾਚ ਆਉਦੀ ਹੋਣੇ ਸੋ ਜੰਞ ਛੁਡਾਉਣ ਵਾਲਾ ਉਠ ਕੇ ਖੜਾ ਹੋ ਜਾਂਦਾ ਹੈ ਅਤੇ ਨਾਈ ਦੇ ਹੱਥ ਪਾਣੀ ਦਾ ਗੜਵਾ ਫੜਾ ਕੇ ਆਪਣੇ ਖੱਬੇ ਪਾਸੇ ਖੜਾ ਕਰ ਲੈਂਦਾ ਹੈ ਅਤੇ ਜੰਞ ਛੁਡਾਉਣ ਲਈ ਗਾਉਣਾ ਸ਼ੁਰੂ ਕਰਦਾ ਹੈ।

ਜੰਞ ਬੰਨਣ ਦੀ ਕਾਵਿ

[ਸੋਧੋ]
ਜੰਨ ਖਾਣੇ ਛੱਤੀ ਬੰਨ੍ਹ 'ਤੁ ਬਠਾਇ ਕੇ
ਅੱਡੀ, ਚੋਟੀ, ਲੱਕ, ਧੋਣ, ਜਿੰਦੇ ਲਾਇ ਕੇ।.....
ਕੋਟ, ਚੋਗੇ, ਕੁੜਤੇ, ਰੁਮਾਲ ਬੰਨਿ੍ਹਆ,
ਪੱਗ, ਸਾਫਾ, ਚੀਰਾ, ਭੋਥਾ ਨਾਲ ਬੰਨਿ੍ਹਆ।....
  • ਲੱਡੂ ਪੇੜਾ ਬਰਫੀ ਪਤੀਲੇ ਥਾਲੀਆਂ।
ਗੜਵੇ ਗਲਾਸ ਬੰਨ੍ਹ ਦਿਆਂ ਪਿਆਲੀਆਂ।।
ਬੰਨ੍ਹਾ ਘਿਉ ਖੰਡ ਵਿੱਚ ਪਾਏ ਥਾਲ ਵੇ।
ਬੰਨ੍ਹਾ ਤੇਰੇ ਮਿੱਤਰ ਪਿਆਰੇ ਨਾਲ ਵੇ।।
ਬੰਨ੍ਹਾ ਥੋਡੀ ਮਾਸੀ ਤਿੱਖੇ ਤਿੱਖੇ ਨੈਣ ਵੇ।
ਬੰਨ੍ਹਾ ਸੋਡੀ ਭੂਆ ਤੇ ਭਤੀਜੀ ਭੈਣ ਵੇ।।
ਬੰਨ੍ਹ ਦਿਆਂ ਪਤੌੜ ਦੁੱਧ ਦਹੀਂ ਖੀਰ ਵੇ।
ਲੰਮੇ ਲੁੰਜੇ ਬੰਨ੍ਹਾਂ ਮਧਰੇ ਸਰੀਰ ਵੇ।।
ਝਟਕਾ ਸ਼ਰਾਬ ਬੰਨ੍ਹਾਂ ਸਣੇ ਬੋਟਾਂ ਦੇ।
ਬੰਨ੍ਹਾਂ ਥੋਡੇ ਬਟੂਏ ਜੋ ਡੱਕੇ ਨੋਟਾਂ ਦੇ।।
ਕੁੜਤੇ ਪਜਾਮੇ ਬੰਨ੍ਹ ਦੇਵਾਂ ਧੋਤੀਆਂ।
ਊਠ ਘੋੜੇ ਬੰਨ੍ਹਾਂ ਪਿੰਡ ਦੀਆਂ ਖੋਤੀਆਂ।।
ਜੁੱਤੀਆਂ ਜੁਰਾਬਾਂ ਬੰਨ੍ਹ ਦੇਵਾਂ ਬੂਟ ਵੇ।
ਕੋਟ ਪਤਲੂਨ ਜੋ ਹੰਢਾਉਂਦੇ ਸੂਟ ਵੇ।।.......

ਜੰਞ ਛੁਡਾਉਣੀ ਦੀ ਕਾਵਿ

[ਸੋਧੋ]
ਲਾੜਾ ਛੁਟਿਆ ਨਿਰਾਲਾ, ਫੇਰ ਬਾਲਾ ਸਰਬਾਲਾ,
ਉੱਚਾ ਸਿੰਘਾਂ ਦਾ ਦੁਮਾਲਾ, ਮੱਲ ਪੂਰੀ ਬਾਤ ਦੇ।....
ਰੱਥ, ਗੱਡੀਆਂ ਸ਼ਿੰਗਾਰਾਂ, ਲਾਰੀ, ਸਾਈਕਲ ਤੇ ਕਾਰਾਂ,
ਛੁੱਟੇ ਸਣੇ ਅਸਵਾਰਾਂ, ਊਠ, ਘੋੜੇ, ਘੋੜੀਆਂ।...
ਲੱਡੂ ਪੇੜਾ ਬਰਫੀ ਛੁਡਾਵਾਂ ਘਿਉਰ ਨੀ,
ਸੱਸ ਤੇ ਪ੍ਰਾਹੁਣਾ ਤੇਰਾ ਬੰਨ੍ਹਾ ਦਿਉਰ ਨੀ।..
ਛੁਟ ਗਏ ਪਕੌੜੇ, ਸਣੇ ਤੇਲ ਮੱਠੀਆਂ
ਬੰਨ੍ਹ ਦੇਵਾ ਨਾਰੀਆਂ ਤਮਾਮ ਕੱਠੀਆਂ
ਛੁੱਟ ਗਏ ਸੱਕਰਪਾਰੇ, ਦੁੱਧ ਘਿਉ ਨੀ,
ਮਾਤਾ, ਭੈਣ, ਭਾਈ, ਤੇਰਾ ਬੰਨ੍ਹਾਂ ਪਿਉ ਨੀ।...
ਛੁਟ ਗਏ ਸ਼ਰਾਬ, ਮੁੰਡੇ ਖਾਣ ਝੱਟਕਾ,
ਬੰਨ੍ਹਾਂ ਪਰੀਬੰਦ, ਬਾਲੇ ਲੈਣ ਲਟਕਾ।...

ਹਵਾਲੇ

[ਸੋਧੋ]
  1. ਡਾ ਗੁਰਦੇਵ ਸਿੰਘ ਹੀਰ ਦਮੋਦਰ, ਲਾਹੌਰ ਬੁਕ ਸ਼ਾਪ ਲੁਧਿਆਣਾ 1968 ਪੰਨਾ 135
  2. ਜੀਤ ਸਿੰਘ ਸਿਤਲ 'ਹੀਰ ਵਾਰਿਸ' ਨਵਯੁਗ ਪਬਲਿਸ਼ਰਜ਼ ਦਿਲੀ 1963 ਪੰਨਾ 188
  3. ਡਾ ਗੁਰਦੇਵ ਸਿੰਘ ਪੰਜਾਬੀ ਜੰਞਾਂ ਪਟਿਆਲਾ