ਡਾ. ਰਵੀ ਦਾ ਸਾਹਿਤ ਤੇ ਚਿੰਤਨ ਸ਼ਾਸਤਰ
ਡਾ.ਰਵਿੰਦਰ ਸਿੰਘ ਰਵੀ ਮਾਰਕਸਵਦੀ ਚਿੰਤਕਾਂ ਦੀ ਉਸ ਦੂਸਰੀ ਪੀੜ੍ਹੀ ਨਾਲ ਸੰਬੰਧਿਤ ਸੀ ਜਿਸ ਵਿੱਚ ਡਾ. ਟੀ. ਆਰ. ਵਿਨੋਦ, ਡਾ. ਕੇਸਰ ਸਿੰਘ ਕੇਸਰ, ਡਾ. ਤੇਜਵੰਤ ਸਿੰਘ ਗਿੱਲ, ਡਾ. ਗੁਰਬਖਸ਼ ਸਿੰਘ ਫਰੈਂਕ ਅਤੇ ਡਾ. ਜੋਗਿੰਦਰ ਸਿੰਘ ਰਾਹੀ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਸਨ। ਹਰਿਭਜਨ ਸਿੰਘ ਭਾਟੀਆ ਅਨੁਸਾਰ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਉੱਭਰ ਰਹੀ ਇਹ ਪੀੜ੍ਹੀ ਜਿੱਥੇ ਰੂਪਵਾਦੀ/ਸੰਰਚਨਾਵਾਦੀ ਆਲੋਚਨਾ ਨਾਲ ਵਿਰੋਧ ਦਾ ਰਿਸ਼ਤਾ ਅਪਣਾਉਂਦੀ ਹੈ ਉੱਥੇ ਇਹ ਚਿੰਤਕ ਆਪਣੇ ਤੋਂ ਪੂਰਬਲੇ ਮਾਰਕਸਵਾਦੀ ਚਿੰਤਕਾਂ ਵਿਚੋਂ ਕਿਸੇ ਇੱਕ ਨੂੰ ਪ੍ਰਮਾਣਿਕ ਮਾਡਲ ਵਜੋਂ ਪ੍ਰਵਾਨ ਕਰਕੇ ਦੂਸਰੇ ਦੀਆਂ ਧਾਰਨਾਵਾਂ ਦਾ ਖੰਡਨ- ਮੰਡਨ ਜਾਂ ਵਿਰੋਧ ਕਰਦੇ ਰਹੇ ਹਨ। ਇਸ ਸਦਕਾ ਤੇਜਵੰਤ ਸਿੰਘ ਗਿੱਲ ਤੇ ਡਾ. ਰਵਿੰਦਰ ਸਿੰਘ ਰਵੀ ਦੇ ਚਿੰਤਨ ਨੂੰ ਕ੍ਰਮਵਾਰ ਸੰਤ ਸਿੰਘ ਸੇਖੋਂ ਤੇ ਪ੍ਰੋ. ਕਿਸ਼ਨ ਸਿੰਘ ਦੇ ਚਿੰਤਨ ਦਾ ਵਿਸਥਾਰ ਜਾਂ ਸੰਗੋੜ ਹੀ ਸਮਝਿਆ ਜਾਂਦਾ ਰਿਹਾ ਹੈ।
ਡਾ.ਰਵੀ ਨੇ ਸਾਹਿਤ, ਸਾਹਿਤ ਸ਼ਾਸਤਰ, ਭਾਸ਼ਾ ਤੇ ਸਭਿਆਚਾਰ ਨੂੰ ਸਮਾਜਿਕ ਸਭਿਆਚਾਰ ਤੇ ਵਿਚਾਰਧਾਰਕ ਸੰਦਰਭ ਵਿੱਚ ਰੱਖ ਕੇ ਵਾਚਣ ਦੀ ਵਕਾਲਤ ਕੀਤੀ । ਪੰਜਾਬੀ ਰਾਮ ਕਾਵਿ ਦਾ ਆਲੋਚਨਾਤਮਕ ਅਧਿਐਨ 'ਵਿਸ਼ੇ ਉਪਰ ਪੀ. ਐੱਚ. ਡੀ ਦੀ ਡਿਗਰੀ ਹਾਸਿਲ ਕੀਤੀ । ਪੰਜਾਬੀ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ ਵਿਸ਼ੇ ਉਪਰ ਵੀ ਐੱਮ. ਏ ਦੀ ਡਿਗਰੀ ਹਾਸਿਲ ਕੀਤੀ । ਉਹ ਬਹੁ - ਭਾਸ਼ੀ ਯੋਗਤਾ ਦਾ ਸੁਆਮੀ ਚਿੰਤਕ ਸੀ । ਮਸਲਿਆਂ ਬਾਰੇ ਤਰਕਸ਼ੀਲ ਅਤੇ ਵਿਗਿਆਨਿਕ ਢੰਗ ਨਾਲ ਸੋਚਣਾ, ਉਨ੍ਹਾਂ ਨੂੰ ਇਤਿਹਾਸਿਕ ਪਰਿਪੇਖ ਅਤੇ ਤੁਲਨਾਤਮਕ ਦ੍ਰਿਸ਼ਟੀ ਨਾਲ ਪਰਖਣਾ ਉਸਦੇ ਸੁਭਾਅ ਦਾ ਸਹਿਜ ਹਿੱਸਾ ਸੀ ।
ਉਨ੍ਹਾਂ ਨੇ ਬਹੁਤ ਸਾਰੀਆਂ ਲਿਖਤਾਂ ਨਾਲ ਸੰਵਾਦ ਰਚਾਇਆ l ਜਦਕਿ ਕੱਟੜ ਮਾਰਕਸਵਾਦੀ ਅਜਿਹਾ ਨਹੀਂ ਕਰਦੇ । ਉਹ ਬਹੁਤ ਅਗਾਂਹ ਵਧੂ ਆਲੋਚਕ ਸਨ । 'ਪੰਜਾਬੀ ਸੱਭਿਆਚਾਰ ਦਾ ਸੁਹਜ ਸ਼ਾਸਤਰ 'ਵਿੱਚ ਮਾਰਕਸਵਾਦੀ ਨਜ਼ਰੀਏ ਤੋਂ ਪੰਜਾਬੀ ਸੱਭਿਆਚਾਰ ਨੂੰ ਵਿਚਾਰਿਆ ।
ਜਿੱਥੇ ਡਾ. ਰਵੀ ਨੇ ਸਾਹਿਤ ਆਲੋਚਨਾ ਤੇ ਚਿੰਤਨ ਪ੍ਰਣਾਲੀ ਨੂੰ ਵਿਚਾਰਧਾਰਕ ਪੈਂਤੜੇ ਤੋਂ ਉਸ ਦੀ ਪਛਾਣ ਕਰਕੇ ਉਸਨੂੰ ਆਪਣੇ ਸੱਭਿਆਚਾਰ ਦੇ ਮੂਲ ਸੁਭਾਅ ਤੇ ਲੋਕਾਂ ਅਨੁਸਾਰ ਗ੍ਰਹਿਣ ਕਰਨ ਤੇ ਬਲ ਦਿੱਤਾ ਉਥੇ ਉਸਦਾ ਦੂਸਰਾ ਪ੍ਰਮੁੱਖ ਬਲ ਪੰਜਾਬੀ ਦੀ ਮਾਰਕਸਵਾਦੀ ਤੇ ਰੂਪਵਾਦੀ ਆਲੋਚਨਾ ਦੀਆਂ ਸੀਮਾਵਾਂ ਪਛਾਨਣ ਉੱਪਰ ਵੀ ਸੀ । ਬੁਨਿਆਦੀ ਤੌਰ ਉੱਪਰ ਵਿਗਿਆਨਕ ਤੇ ਤਾਰਕਿਕ ਦ੍ਰਿਸ਼ਟੀ ਦਾ ਧਾਰਨੀ ਹੋਣ ਸਦਕਾ "ਪੰਜਾਬੀ ਆਲੋਚਨਾ " ਅੱਗੇ ਲੱਗਾ 'ਮਾਰਕਸਵਾਦੀ ਵਿਸ਼ੇਸ਼ਣ 'ਕਦੇ ਵੀ ਉਹਦੇ ਲਈ ਧਰਮ ਵਰਗੀ ਸ਼ੈਅ ਨਹੀਂ ਬਣਿਆ । ਉਸਨੇ ਉਸਨੂੰ ਆਪਣੀ ਇਮਾਨ ਦਾ ਮੌਜੂ ਬਣਾਉਣ ਦੀ ਬਜਾਏ ਤਨਕੀਦ ਦਾ ਵਿਸ਼ਾ ਬਣਾਇਆ ।
'ਵਿਰਸਾ ਤੇ ਵਰਤਮਾਨ'(1986 ) ਕਿਤਾਬ ਵਿਚ ਪੰਜਾਬੀ ਭਾਸ਼ਾ, ਕਵਿਤਾ ,ਸਾਹਿਤ, ਸਭਿਆਚਾਰ ਤੇ ਪੱਛਮੀ ਚਿੰਤਨ ਨਾਲ ਸੰਬੰਧਿਤ ਦਸ ਲੇਖ ਸ਼ਾਮਿਲ ਹਨ । ਇਸ ਕਿਤਾਬ ਵਿੱਚ ਡਾ.ਰਵੀ ਮੱਧਕਾਲੀ ਸਾਹਿਤ ਦੀਆਂ ਵਿਭਿੰਨ ਧਾਰਾਵਾਂ ਜਿਵੇਂ ਗੁਰਬਾਣੀ , ਸੂਫ਼ੀ ਸਾਹਿਤ , ਕਿੱਸਾ ਕਾਵਿ ਤੇ ਵਾਰ ਕਾਵਿ ਸੰਬੰਧੀ ਵਿਚਾਰਧਾਰਕ ਨੁਕਤੇ ਤੋਂ ਆਪਣੀ ਸਥਾਪਨਾ ਇਸ ਤਰ੍ਹਾਂ ਦਿੰਦਾ ਹੈ : ਪੰਜਾਬ ਦੇ ਇਤਿਹਾਸ ਦਾ ਇਹ ਇੱਕ ਅਜਿਹਾ ਦੌਰ ਹੈ ਜਿਸ ਵਿੱਚ ਸਮਾਜ ਦੀ ਫਿਊਡਲ ਨੀਂਹ ਦੇ ਬਾਵਜੂਦ ਸਮਾਜਕ ਸਾਰ ਦੇ ਮੁਕਾਬਲਤਨ ਇਨਕਲਾਬੀ ਸੁਭਾਅ ਕਾਰਣ ਧਰਮ, ਸਾਹਿਤ ਅਤੇ ਰਾਜਨੀਤੀ ਦਾ ਵਿਚਾਰਧਾਰਕ ਰੂਪ ਸਥਾਪਤ ਸਮਾਜਕ ਬਣਤਰ ਦੇ ਵਿਰੁੱਧ ਲੋਕ - ਮੁਹਾਜ਼ ਦੇ ਇਨਕਲਾਬੀ ਪੈਂਤੜੇ ਵਾਲਾ ਰਿਹਾ।
ਵਿਰਸਾ ਤੇ ਵਰਤਮਾਨ ਕਿਤਾਬ ਦਾ 'ਪੰਜਾਬੀ ਕਵਿਤਾ ਦਾ ਵਿਕਾਸ-ਰੁਖ਼ (1970-75) ', 'ਜੁਝਾਰ ਕਾਵਿ- ਧਾਰਾ : ਇਕ ਪੁਨਰ ਮੁਲਾਕਣ' 'ਸਮਕਾਲੀ ਯਥਾਰਥ ਅਤੇ ਆਧੁਨਿਕ ਕਵਿਤਾ ' ਲੇਖਾਂ ਵਿੱਚ ਡਾ.ਰਵੀ ਕਵਿਤਾ ਨੂੰ ਆਪਣੀ ਅਧਿਐਨ ਵਸਤੂ ਬਣਾਉਂਦਾ ਹੈ । ਪ੍ਰਗਤੀਵਾਦੀ ਲਹਿਰ ਨਾਲ ਸੰਬੰਧਿਤ ਸਾਹਿਤ ਬਾਰੇ ਡਾ.ਰਵੀ ਦੀ ਧਾਰਨਾ ਹੈ ਕਿ ਇਸ ਸਾਹਿਤ ਦਾ ਮੁਹਾਵਰਾ ਤਾਂ ਲੋਕਹਿਤ-ਮੁਖੀ , ਮਨੁੱਖੀਵਾਦੀ ਅਤੇ ਉਸਾਰੂ ਹੈ ਪਰ ਇਸ ਦਾ ਵਸਤੂ ਫ਼ਿਊਡਲ ਪੈਟੀ- ਬੁਰਜੂਆ ਅਤੇ ਆਪਣੇ ਅੰਤਿਮ ਰੂਪ ਵਿੱਚ ਪ੍ਰਤਿਗਾਮੀ ਹੈ । ਇਸ ਲਹਿਰ ਨਾਲ ਸੰਬੰਧਿਤ ਕਵਿਤਾ ਦਾ ਸਮਕਾਲੀ ਆਰਥਿਕ, ਸਮਾਜਿਕ, ਰਾਜਨੀਤਿਕ ਚੁਣੌਤੀਆਂ ਨਾਲ ਕੋਈ ਸਰੋਕਾਰ ਨਹੀਂ ਸੀ ।
'ਸਾਹਿਤਿਕ ਕ੍ਰਿਤ ਦੀ ਹੋਂਦ ਵਿਧੀ : 'ਮਾਰਕਸਵਾਦੀ ਦ੍ਰਿਸ਼ਟੀਕੋਣ' ਲੇਖ ਵਿੱਚ ਡਾ.ਰਵੀ ਸਾਹਿਤਿਕ ਕ੍ਰਿਤ ਦੀ ਵਿਧੀ ਦੇ ਅਧਾਰ ਨੂੰ ਮਾਰਕਸਵਾਦੀ ਜਾਵੀਏ ਤੋਂ ਵਾਚਦਾ ਹੈ । ਡਾ.ਰਵੀ ਦਾ ਮੰਨਣਾ ਹੈ ਕਿ ਪੱਛਮ ਤੇ ਪੂਰਬ ਦੀਆਂ ਆਲੋਚਨਾ ਪ੍ਰਣਾਲੀਆਂ ਸਾਹਿਤ ਦੀ ਹੋਂਦ - ਵਿਧੀ ਮਸਲੇ ਨੂੰ ਸਿੱਧੇ ਤੇ ਸਪੱਸ਼ਟ ਰੂਪ ਵਿਚ ਮੁਖ਼ਾਤਿਬ ਨਹੀਂ ਹੁੰਦੀਆਂ । ਇਨ੍ਹਾਂ ਵਿੱਚ ਜਾ ਤਾਂ ਸਾਹਿਤਿਕ ਕ੍ਰਿਤ ਦੇ ਕਿਸੇ ਇਕ ਤੱਤ ਨੂੰ ਓਸ ਦੀ ਹੋਂਦ ਵਿਧੀ ਦਾ ਆਧਾਰ ਨਿਰਧਾਰਿਤ ਕਰਨ ਦੀ ਰੁਚੀ ਪ੍ਰਬਲ ਰਹੀ ਹੈ ਜਿਵੇਂ ਬਣਤਰ ਤੇ ਬੁਣਤਰ (ਰੈਨਸਮ ), ਜੇਸਚਰ (ਬਲੈਕਮਰ), ਤਣਾਉ (ਐਲਨ ਟੇਟ) ਵਰਗੇ ਪੱਛਮੀ ਆਲੋਚਨਾਤਮਕ ਪ੍ਰਵਰਗ ਜਾਂ ਸੰਸਕ੍ਰਿਤ ਕਾਵਿ - ਸ਼ਾਸਤਰ ਦੇ ਅਲੰਕਾਰ, ਵਕ੍ਰੋਕਤੀ, ਰੀਤੀ ਵਰਗੇ ਸੰਪ੍ਰਦਾਇ ਅਤੇ ਜਾਂ ਫਿਰ ਸਾਹਿਤਕ ਕ੍ਰਿਤ ਨੂੰ ਸੰਪੂਰਨ ਭਾਸ਼ਗਤ ਇਕਾਈ ਵਜੋਂ ਪਛਾਨਣ ਦੀ ਰੁਚੀ ਭਾਰੂ ਰਹੀ ਹੈਂ ਜਿਵੇਂ ਪਾਠ, ਚਿੰਨ੍ਹ (ਰੋਲਾਂ ਬਾਰਤ), ਸੰਰਚਨਾ ( ਲੈਵੀ ਸਤਰਾਸ) ਤੇ ਸੰਸਕ੍ਰਿਤ ਕਾਵਿ - ਸ਼ਾਸਤਰ ਵਿੱਚ ਰਸ ਤੇ ਧੁਨੀ ਸੰਪ੍ਰਦਾਇ । ਇਹ ਦੂਜਾ ਰੁਝਾਨ ਭਾਵੇਂ ਸਾਹਿਤਿਕ ਕ੍ਰਿਤ ਨੂੰ ਇਕ ਸੰਗਠਿਤ ਇਕਾਈ ਵਜੋਂ ਦੇਖਦਾ ਹੈ ਪਰ ਇਹ ਵੀ ਪਾਠ /ਰੂਪ/ਪਰਉਸਾਰ ਅਤੇ ਪ੍ਰਸੰਗ / ਸਾਰ / ਨੀਂਹ ਨੂੰ ਵਿਰੋਧੀ ਰੂਪ ਵਿਚ ਪੇਸ਼ ਕਰਦਾ ਹੈ ਇਨ੍ਹਾਂ ਦੇ ਦਵੰਦਤਾਮਕ ਸੰਬੰਧਾਂ ਨੂੰ ਪਛਾਨਣ ਤੋਂ ਅਸਮਰੱਥ ਰਹਿੰਦਾ ਹੈ ।ਡਾ. ਰਵੀ ਦਾ ਚਿੰਤਨ -ਸਫ਼ਰ 'ਪੰਜਾਬੀ ਰਾਮ ਕਾਵਿ ਦੇ ਆਲੋਚਨਾਤਮਕ ਅਧਿਐਨ ਤੋਂ ਸ਼ੁਰੂ ਹੋ ਕਿ ਰਵੀ ਚੇਤਨਾ ਤੱਕ ਅੱਪੜਿਆ ।ਡਾ. ਰਵੀ ਦੂਸਰੇ ਪੜਾਅ ਦਾ ਮਾਰਕਸਵਾਦੀ ਪੰਜਾਬੀ ਆਲੋਚਨਾ ਦਾ ਪ੍ਰਤੀਨਿਧ ਹਸਤਾਖਰ ਵਜੋਂ ਉੱਭਰ ਕਿ ਸਾਹਮਣੇ ਆਇਆ । ਉਸਨੇ ਆਪਣੇ ਤੋਂ ਪੂਰਵਲੀ ਪਹਿਲੇ ਪੜਾਅ ਦੀ ਮਾਰਕਸਵਾਦੀ ਸਮੀਖਿਆ ਨਾਲ ਸੰਵਾਦ ਰਚਾ ਕਿ ਉਸਦੇ ਮਕਾਨਕੀ, ਸਿੱਧੜ ਅਤੇ ਅਰੋਪਣ -ਮੁਖੀ ਪਸਾਰਾਂ ਨੂੰ ਸਾਹਮਣੇ ਲਿਆਂਦਾ ।ਆਧੁਨਿਕ ਪੰਜਾਬੀ ਸਾਹਿਤ ਨੂੰ ਉਸਨੇ ਇਤਿਹਾਸਿਕ ਪ੍ਰਸਥਿਤੀਆਂ, ਵਿਚਾਰਧਾਰਕ ਪ੍ਰਸੰਗਾਂ, ਵਿਸ਼ਵ ਦ੍ਰਿਸ਼ਟੀਕੋਣ ਅਤੇ ਸੁਹਜ ਮੁੱਲਾਂ ਆਦਿ ਦੀ ਮਦਦ ਨਾਲ ਬਹੁ -ਕੋਣਾ ਤੋਂ ਪਰਖਿਆ-ਜੋੋੋਖਿਆ ਸਾਹਿਤ ਨੂੰ ਜਿੰਦਗੀ ਦੇ ਅਹਿਸਾਸ ਦਾ ਢੰਗ ਅਤੇ ਉਸਨੂੰ ਪ੍ਰਤੀਕਮਈ ਅਟਕਲ ਨਾਲ ਚਿਤਰਨ ਦਾ ਜ਼ਰੀਆ ਮੰਨਦੇ ਹੋਏ ਉਸ ਜੁਝਾਰੂ ਵਿਦਰੋਹੀ ਕਾਵਿ ਅਤੇ ਪੰਜਾਬ ਸੰਤਾਪ ਸੰਬੰਧੀ ਲਿਖੀ ਸ਼ਾਇਰੀ ਬਾਰੇ ਪ੍ਰਮਾਣਿਕ ਸਥਾਪਨਾਵਾਂ ਪੇਸ਼ ਕੀਤੀਆਂ l[1]
- ↑ ਡਾ . ਰਵਿੰਦਰ ਸਿੰਘ ਰਵੀ (2016). ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ : ਇਤਿਹਾਸਿਕ ਪਰਿਪੇਖ , ਡਾ.ਰਵਿੰਦਰ ਸਿੰਘ ਰਵੀ ਦਾ ਸਮੀਖਿਆ ਦਰਸ਼ਨ ।. India: ਸੰਪਾ. ਯੋਗਰਾਜ, ਪਬਲੀਕੇਸ਼ਨ ਬਿਯੂਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ।.