ਸਮੱਗਰੀ 'ਤੇ ਜਾਓ

ਡੁਮੇਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੁਮੇਲੀ ਭਾਰਤੀ ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਕਪੂਰਥਲਾ ਰਿਆਸਤ ਦਾ ਇਹ ਜ਼ੈਲ ਪਿੰਡ ਹੁਸ਼ਿਆਰਪੁਰ-ਫਗਵਾੜਾ ਸੜਕ ਉੱਤੇ ਤਕਰੀਬਨ ਅੱਧ-ਵਿਚਕਾਰ, ਅੱਡਾ ਅਹਿਰਾਣਾ ਜੱਟਾ ਦੀ ਲਹਿੰਦੀ ਬਾਹੀ ਦੋ ਕੁ ਮੀਲ ਪਰ੍ਹੇ ਵੱਸਦਾ ਹੈ। ਇੱਥੋਂ ਇੱਕ ਸੜਕ ਸਿੱਧੀ ਸਪਾਟ ਲਹਿੰਦੇ ਨੂੰ ਮੂੰਹ ਕਰਕੇ ਜੰਡੂ ਸਿੰਘਾ-ਜਲੰਧਰ ਨੂੰ ਹੋ ਤੁਰਦੀ ਹੈ। ਤਹਿਸੀਲ ਫਗਵਾੜਾ ਦੇ ਜਲੰਧਰ-ਹੁਸ਼ਿਆਰਪੁਰ ਹੱਦਾ ਉੱਤੇ ਵੱਸਦੇ ਆਖਰੀ ਪਿੰਡਾਂ ਸਮੇਤ ਪੈਂਦਾ ਇਹ ਹੁਣ ਵੀ ਕਪੂਰਥਲੇ ਜ਼ਿਲੇ 'ਚ ਹੀ ਹੈ। ਜਿਸਦੇ ਜਾਏ ਇਤਿਹਾਸਕਾਰ ਡਾ. ਬੀ.ਐਸ. ਨਿੱਜਰ ਦੀ ਤੱਥ ਅਧਾਰਿਤ ਹਵਾਲਾ ਪੁਸਤਕ 'ਹਿਸਟਰੀ ਆਫ ਦਾ ਬੱਬਰ ਅਕਾਲੀ'ਜ਼' ਸੰਸਾਰ ਪ੍ਰਸਿੱਧ ਹੈ। ਇਸੇ ਪਿੰਡ ਦੇ ਇੱਕ ਹਮਸਾਏ ਠੇਕੇਦਾਰ ਖੇਮ ਸੰਹੁ ਰਾਮਗੜ੍ਹੀਏ ਦੀ ਖੇਤਾਂ-ਬੇਲਿਆਂ ਵਿਚਲੀ ਕੋਠੀ, ਜਿਥੋਂ ਬੱਬਰਾਂ ਦੀ ਡਾਕ ਵੀ ਚੱਲਦੀ ਸੀ, ਇਸ ਪਿੰਡ ਦੇ ਬਹੁ-ਪਰਤੀ ਦੇਸ਼ਭਗਤ ਹੋਣ ਦੀ ਗਵਾਹੀ ਭਰਦੀ ਹੈ।

ਇਤਿਹਾਸ

[ਸੋਧੋ]

ਪੁਰਾਤਤਵ ਸੋਮੇ ਇਸ ਖੈੜੇ ਦੇ ਇਤਿਹਾਸ ਨੂੰ ਮਹਾਂਭਾਰਤ ਦੇ ਯੁੱਗ ਤੋਂ ਵੀ ਪਿਛਾਂਹ ਲੈ ਖੜਦੇ ਹਨ। ਇਤਿਹਾਸਕ-ਮਿਥਿਹਾਸਕ ਤ੍ਰੈ-ਗਤ ਲਿਖਤ ਅਨੁਸਾਰ ਜਦ ਸਮਰਾਟ ਜਲੰਧਰ ਦੈਂਤ ਦਾ ਰਾਜ ਮੁਲਤਾਨ ਤੋਂ ਹਿਮਾਲੀਆਂ ਤੱਕ ਫੈਲਿਆਂ-ਪਸਰਿਆ ਹੋਇਆ ਸੀ ਤਾਂ ਸ਼ਿਵਾਲਕੀ ਸਰਦਾਰ,ਕਬੀਲੇ, ਉਸਦੀ ਹਾਜ਼ਰੀ ਭਰਨ ਲਈ ਪਹਾੜੋਂ ਉੱਤਰ ਵਰਾਸਤਾ ਜੈਜੋਂ/ਬਜਵਾੜਾ ਦੇ ਦਰਿਆਂ ਰਾਹੀਂ ਵਰਾਸਤਾ ਡੁਮੇਲੀ ਜਲੰਧਰ ਪੁੰਹਚਦੇ ਸਨ। ਦੰਦ ਕਥਾਵਾਂ ਅਨੁਸਾਰ ਡੁਮੇਲੀ ਉਦੋਂ ਘੁੱਗ ਵੱਸਦਾ ਸੀ,ਮਗਰੋਂ; ਉਹ ਅਤੇ ਉਸ ਨਾਲ ਜੁੜਵੈਂ ਕਈ ਖੈੜੇ-ਮੁਕਾਮ ਕੁਦਰਤੀ ਕਰੋਪੀਆਂ ਅਤੇ ਲੜਾਈਆਂ-ਭੜਾਈਆਂ ਕਾਰਨ ਥੇਹ ਹੋ ਗਏ ਸਨ।

ਪਰ; ਹੁਣ ਵਾਲਾ ਡੁਮੇਲੀ, ਜਿਸਨੂੰ ਨਿੱਜ਼ਰ ਜੱਟਾਂ ਨੇ ਮੁੜ ਬੰਨਿਆਂ ਸੀ,ਥੇਹਾਂ 'ਚ ਘਿਰਿਆ ਪਿੰਡ ਨਹੀਂ ਸਗੋਂ ਖੁਦ ਇੱਕ ਥੇਹ ਉੱਤੇ ਬਿਰਾਜਮਾਨ ਨਗਰ ਹੈ। ਕਿਸੇ ਵੀ ਕਾਰਨ,ਜਦ ਇਸ ਦਾ ਢਿੱਡ ਫਰੋਲਿਆਂ ਗਿਆ ਤਾਂ ਸਤਯੁੱਗੀ ਇੱਟਾ ਸਮੇਤ ਇਥੋਂ ਮੋਰੀਆਂ ਕਾਲ (320-185 ਈ. ਪੂਰਬ) ਅਤੇ ਬਾਅਦ ਦੀਆਂ ਵੀ ਸਿਲਾਂ ਅਤੇ ਬਰਤਨ-ਸਿੱਕੇ ਪ੍ਰਾਾਪਤ ਹੋਏ। ਇਹੀ ਨਹੀਂ ਕਰੀਬ ਸੱਤ-ਅੱਠ ਹੱਥ ਡੂੰਘੀਆਂ ਦੱਬ ਹੋਈਆਂ ਕਰਮੀ-ਧਰਮੀ ਵਸਤਾਂ ਸਮੇਤ ਚਹੁ-ਮੁੱਖੀਏ ਧਾਂਤੂ ਦੀਵੇ, ਸਿੱਕੇ-ਢਾਲੇ, ਖੂਹੀਆਂ-ਬੋਲ੍ਹੀਆਂ ਇਸ ਖੈੜੇ ਨੂੰ 23-24 ਸਦੀਆਂ ਪਿਛਾਂਹ ਲੈ ਟੁਰਦੇ ਹਨ। ਯੁੱਗਾਂ-ਯੁਗਾਂਤਰਾਂ ਤੋਂ ਵਿਸ਼ੇਸ ਸਥਿਤੀਆਂ-ਪ੍ਰਸਥਿਤੀਆਂ ਅਤੇ ਜਲਵਾਯੂ ਤੇ ਭੁਗੋਲਕੀ ਕਾਰਨਾਂ ਕਰਕੇ ਇਹ ਵਾਪਰਦਾ ਆਇਆ ਹੈ ਕਿ ਕਿਸੇ ਖਿੱਤਾ ਵਿਸ਼ੇਸ ਦੀ ਵਸੋਂ ਕਿਤੇ ਹੋਰ ਤੁਰ ਗਈ ਹੋਵੇ ਜਾਂ ਉਹ ਇਲਾਕਾ ਹੀ ਗਰਕ ਗਿਆ ਹੋਵੇ। ਪ੍ਰਾਚੀਨ ਡੁਮੇਲੀ, ਉਦੋਂ ਇਸਦਾ ਨਾਂਅ ਕੋਈ ਵੀ ਹੋਰ ਕਿਂਓ ਨਾ ਹੋਵੇ, ਨਾਲ ਵੀ ਇਵੇਂ ਹੀ ਵਾਪਰਿਆਂ ਹੋਵੇਗਾ।

ਅਜੋਕੇ ਡੁਮੇਲੀ[1] ਦਾ ਭੂਗੋਲਕੀ ਸਰਵੇਖਣ ਸਿੱਧ ਕਰਦਾ ਹੈ ਕਿ ਇਹ ਖਿੱਤਾ ਜਰੂਰ ਜਲ-ਥਲ ਰਿਹਾ ਹੋਵੇਗਾ, ਜਿਹੜਾ ਪ੍ਰਾਚੀਨ ਡੁਮੇਲੀ ਦੀ ਬਲੀ ਦਾ ਕਾਰਨ ਬਣਿਆਂ। ਖੁਹਾਂ ਦੇ ਪਾੜ ਪੁੱਟਣ ਸਮੇਂ ਦਰਿਆਈ ਰੇਤਾ,ਬੇੜੀਆਂ ਦੀ ਧਾਤੂ ਪੱਚਰਾਂ ਅਤੇ ਮੱਛੀਆਂ ਫੜਨ ਵਾਲੀਆਂ ਪੱਥਰ-ਕੁੰਡੀਆਂ ਜਲ-ਥਲੀ ਵਰਤਾਰੇ ਦਾ ਸੰਕੇਤ ਕਰਦੀਆਂ ਹਨ। ਜਲਮੰਡਲੀ ਤਵਾਰੀਖ ਅਨੁਸਾਰ ਇਥੇ ਕਦੇ ਸਤਲੁੱਜ-ਬਿਆਸ ਦਾ ਸੰਗਮ ਸੀ। ਜੇ ਇਹ ਗੱਲ ਅੱਧ-ਅਧੂਰੀ ਵੀ ਕਿਂਓ ਨਾ ਹੋਵੇ ਇਹ ਜਰੂਰ ਸੱਚ ਹੈ ਕਿ ਇਹ ਖਿੱਤਾ ਉਹਨਾਂ ਦਰਿਆਵਾਂ ਦੀਆਂ ਸਹਾਇਕ ਨਦੀਆਂ,ਖੋਰੂ ਪਾਉਂਦੇ ਬਰਸਾਤੀ ਚੋਂਆਂ, ਦਾ ਜਰੂਰ ਸੰਗਮ ਰਿਹਾ ਹੋਵੇਗਾ। ਜਿਹਨਾਂ ਬਦੋਲਤ ਇਥੇ ਉੱਗਮੇ ਜਲ-ਡੂੰਮਾਂ ਤਹਿਤ ਇਸਦਾ ਨਾਂ ਡੁੰਮਾਂ ਤੋ ਡੁੱਮਾਂਵਾਲੀ ਮਗਰੋਂ ਡੁਮੇਲੀ ਜਾਂ ਦੋ ਜਲ-ਵਹਿਣਾਂ ਦੇ ਮੇਲ,ਦੋ-ਮੇਲ,ਤੋਂ ਵਿਗੜਦਾ ਸੰਵਰਦਾ ਡੁਮੇਲੀ ਪੈ ਗਿਆ ਹੋਵੇ।

ਵਸੋਂ ਬਣਤਰ ਅਨੁਸਾਰ ਆਖਰੀ ਵਾਰ ਅਤੇ ਇਸ ਰੂਪ 'ਚ ਇਸਦੀ ਮੋੜ੍ਹੀ ਨਿੱਝਰ ਜੱਟਾਂ ਨੇ ਬੰਨੀ ਸੀ। ਹੁਣ ਵੀ ਇਥੇ ਉਹਨਾਂ ਦੀ ਬਹੁਤਾਤ ਹੈ, ਭਾਵੇਂ ਕਿ ਹੋਰਾਂ ਜਾਤਾਂ ਵੀ ਇਥੇ ਆ ਵਸਦੀਆਂ ਰਹੀਆਂ। ਕਾਰਨ;ਪੁਰਾਣੇ ਭਾਰਤੀ ਪਿੰਡਾਂ ਵਿੱਚ ਕੋਈ ਵੀ ਜਾਤੀ ਸਵੈ-ਨਿਰਭਰ ਨਹੀਂ ਸੀ।ਉਸਨੂੰ ਹੋਰ ਕਿੱਤਾ ਜਾਤੀਆਂ, ਜਿਹਨਾਂ ਕੋਲ ਵਿਸ਼ੇਸ ਧੰਦਿਆ, ਹੁਨਰਾਂ ਜਾਂ ਕੋਈ ਹੋਰ ਮੁਹਾਰਿਤ ਹੁੰਦੀ ਸੀ, ਦੀ ਜਰੂਰਤ ਪੈਂਦੀ ਸੀ। ਉਹਨਾਂ ਦੇ ਵਸੇਬ ਨਾਲ ਹੀ ਕਿਸੇ ਪਿੰਡ ਦੀ ਉਸਾਰੀ ਸੰਪੂਰਨ ਹੁੰਦੀ ਸੀ। ਡੁਮੇਲੀ ਵੀ ਇਸ ਪੱਖੋ ਸੁਲੱਖਣਾ ਪਿੰਡ ਹੈ। ਇਥੇ ਤਾਅ-ਜਾਤਾਂ ਧਰਮ ਵੱਸਦੇ ਸਨ/ਹਨ। ਮੁਸਲਮਾਨਾਂ ਦਾ ਰੈਣ-ਵਸੇਰਾ ਮੁੱਢੋ-ਸੁਢੌਂ ਸੀ,ਪਰ ਸਨ ਇਹ ਨਿਰੋਲ ਕਾਮੇ। ਗੁੱਜਰ ਭੇਡਾਂ-ਬੱਕਰੀਆਂ ਪਾਲਦੇ। ਅਰਾਂਈ ਸਬਜ਼ੀਆਂ ਉਗਾਂਉਦੇ, ਅੱਧ-ਵਟਾਈ 'ਤੇ ਖੇਤੀ ਕਰਦੇ। ਤੇਲੀ ਕੋਹਲੂ ਬੀੜਦੇ। ਲਲਾਰੀ ਕੱਪੜੇ ਰੰਗਦੇ, ਨਿਲਾਰੀ ਸੂਤ ਨੂੰ ਨੀਲ ਕਰਦੇ।ਕੁੱਝ ਮੁਸਲਿਮ ਕੱਪੜਾ ਬੁਣਦੇ,ਬਹੁਤੇ ਲੁਹਾਰਾਂ ਕੰਮ ਕਰਦੇ। ਮੁਸਲਮਾਨਾਂ ਦੇ ਆਪਣੇ ਖਰਾਸ ਵੀ ਸਨ। ਭਿੱਤ ਕੁੱਟਣ ਵਿੱਚ ਵੀ ਉਹਨਾਂ ਦਾ ਕੋਈ ਸਾਨੀ ਨਹੀਂ ਸੀ, ਬੁਹਤੇ ਰੈਣ-ਵਸੇਰੇ ਉਹਨਾਂ ਹੱਥੋਂ ਹੀ ਬਣੇ ਹੋਏ ਸਨ।

ਇਹ ਛੰਦ-ਬੱਧ ਪੰਜਾਬੀ ਸ਼ਾਇਰ ਬਲਵੀਰ ਸਿੰਘ ਡੁਮੇਲੀ ਦਾ ਪਿੰਡ ਹੈ।

ਹਵਾਲੇ

[ਸੋਧੋ]
  1. "ਡੁਮੇਲੀ - ਪੰਜਾਬੀ ਪੀਡੀਆ". punjabipedia.org. Retrieved 2024-05-07.