ਡੋਲੀ ਤੋਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੜਕੀ ਨੂੰ ਵਿਆਹ ਪਿੱਛੋਂ ਵਿਦਾ ਕਰਨ ਦੀ ਰਸਮ ਨੂੰ ਡੋਲੀ ਤੋਰਨਾ ਕਹਿੰਦੇ ਹਨ। ਵਦਾਇਗੀ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਲੜਕੀ ਨੂੰ ਪਾਲਕੀ/ ਡੋਲੀ ਵਿਚ ਬਿਠਾ ਕੇ ਸਹੁਰੇ ਘਰ ਭੇਜਿਆ ਜਾਂਦਾ ਸੀ। ਇਸ ਕਰਕੇ ਹੀ ਇਸ ਰਸਮ ਨੂੰ ਡੋਲੀ ਤੋਰਨਾ ਕਹਿੰਦੇ ਹਨ। ਡੋਲੀ ਨੂੰ ਕੁਹਾਰ ਚੱਕ ਕੇ ਲਿਜਾਂਦੇ ਹਨ।ਕੁਹਾਰਾਂ ਤੋਂ ਬਾਅਦ ਫੇਰ ਗੱਡਿਆਂ ਵਿਚ ਡੋਲੀ ਤੋਰੀ ਜਾਣ ਲੱਗੀ। ਗੱਡਿਆਂ ਤੋਂ ਬਾਅਦ ਡੋਲੀ ਰਥਾਂ ਵਿਚ ਭੇਜੀ ਜਾਣ ਲੱਗੀ। ਪਾਲੀ-ਪਲੋਸੀ ਮੁਟਿਆਰ ਧੀ ਨੂੰ ਇਕ ਅਜਨਬੀ, ਵਿਗਾਨੇ ਘਰ ਭੇਜਣ ਕਰਕੇ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਉੱਪਰ ਵਿਛੋੜਾ ਭਾਰੂ ਹੁੰਦਾ ਹੈ। ਇਸ ਲਈ ਡੋਲੀ ਤੋਰਨ ਸਮੇਂ ਸਾਰਿਆਂ ਦੇ ਦਿਲ ਮੋਮ ਹੋਏ ਹੁੰਦੇ ਹਨ। ਪਿਘਲੇ ਹੁੰਦੇ ਹਨ। ਅੱਖਾਂ ਵਿਚ ਹੰਝੂ ਹੁੰਦੇ ਹਨ। ਰਹਿੰਦੀ ਕਸਰ ਕੁੜੀਆਂ ਵਦਾਇਗੀ ਦੇ ਗੀਤ ਗਾ ਕੇ ਪੂਰੀ ਕਰ ਦਿੰਦੀਆਂ ਸਨ। ਇਸ ਸਾਰੇ ਮਾਹੌਲ ਕਰਕੇ ਵਿਆਂਹਦੜ ਲੜਕੀ ਵੀ ਰੋਣ ਲੱਗ ਜਾਂਦੀ ਸੀ। ਰੋਂਦੀ ਲੜਕੀ ਨੂੰ ਹੀ ਸ਼ਗਨ ਦੇ ਕੇ ਡੋਲੀ/ਰਥ ਵਿਚ ਬਿਠਾ ਦਿੱਤਾ ਜਾਂਦਾ ਸੀ। ਨਾਲ ਨੈਣ ਬੈਠ ਜਾਂਦੀ ਸੀ।

ਸੱਸ ਆਪਣੇ ਜੁਆਈ ਦਾ ਸਿਰ ਪਲੋਸ ਕੇ ਸ਼ਗਨ ਦਿੰਦੀ ਸੀ। ਫੇਰ ਹੋਰ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਸ਼ਗਨ ਦਿੰਦੇ ਸਨ। ਪ੍ਰਾਹੁਣਾ ਫੇਰ ਰਥ ਵਿਚ ਬੈਠ ਜਾਂਦਾ ਸੀ। ਰਥਵਾਣ ਡੋਲੀ ਨੂੰ ਲੈ ਕੇ ਰਥ ਤੋਰ ਲੈਂਦਾ ਸੀ। ਤੁਰਦੇ ਰਥ ਉੱਪਰੋਂ ਦੀ ਮੁੰਡੇ ਦਾ ਬਾਪ, ਮਾਮਾ ਅਤੇ ਹੋਰ ਰਿਸ਼ਤੇਦਾਰ ਰੂਪੈ ਪੈਸੇ ਸਿੱਟਦੇ ਜਾਂਦੇ ਸਨ ਜਿਨ੍ਹਾਂ ਨੂੰ ਲਾਗੀ, ਗਰੀਬ ਗੁਰਬੇ ਅਤੇ ਬੱਚੇ ਚੁੱਕਦੇ ਰਹਿੰਦੇ ਸਨ।

ਪਹਿਲਾਂ ਲੜਕੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ। ਘਰ ਤੱਕ ਹੀ ਸੀਮਿਤ ਰੱਖਿਆ ਜਾਂਦਾ ਸੀ। ਹੁਣ ਲੜਕੀਆਂ ਪੜ੍ਹਦੀਆਂ ਹਨ। ਇਸ ਲਈ ਡੋਲੀ ਤੋਰਨ ਸਮੇਂ ਹੁਣ ਪਹਿਲੇ ਜਿਹਾ ਮਾਹੌਲ ਨਹੀਂ ਹੁੰਦਾ। ਰੋਣ-ਧੋਣ ਘੱਟ ਹੀ ਹੁੰਦਾ ਹੈ।ਨਾ ਹੀ ਹੁਣ ਡੋਲੀ ਨਾਲ ਨੈਣ ਜਾਂਦੀ ਹੈ। ਡੋਲੀ ਹੁਣ ਰਥਾਂ ਦੀ ਥਾਂ ਫੁੱਲਾਂ ਲੱਦੀ ਕਾਰ ਵਿਚ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.