ਸਮੱਗਰੀ 'ਤੇ ਜਾਓ

ਤਿੰਗੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਣ ਦੀ ਰੱਸੀ ਦੀ 7/8 ਕੁ ਫੁੱਟ ਵਰਗਾਕਾਰ ਜਾਂ ਲੰਬਾਈ ਵਿਚ ਜ਼ਿਆਦਾ ਤੇ ਚੌੜਾਈ ਵਿਚ ਘੱਟ ਆਕਾਰ ਦੀ ਛੇਕਦਾਰ ਬਣੀ ਖੇਤੀ ਦੇ ਕੰਮਾਂ ਤੇ ਪਸ਼ੂਆਂ ਦੇ ਪੱਠੇ ਢੋਣ ਵਿਚ ਕੰਮ ਆਉਣ ਵਾਲੀ ਵਸਤ ਨੂੰ ਤਿੰਗੜ ਕਹਿੰਦੇ ਹਨ। ਇਸ ਦੇ ਚਾਰੇ ਕੰਨਿਆਂ ਨਾਲ 2/3 ਕੁ ਫੁੱਟ ਲੰਮੀਆਂ ਅਤੇ ਕਈਆਂ ਨਾਲ ਇਸ ਤੋਂ ਵੀ ਜ਼ਿਆਦਾ ਲੰਮੀਆਂ ਰੱਸੀਆਂ ਬੰਨ੍ਹੀਆਂ ਹੁੰਦੀਆਂ ਸਨ। ਕਈ ਤਿੰਗੜ ਲੰਬਾਈ ਅਤੇ ਚੌੜਾਈ ਵਿਚ ਬਹੁਤ ਵੱਡੇ ਹੁੰਦੇ ਹਨ। ਜਿਹੜੇ ਲੰਬਾਈ ਅਤੇ ਚੌੜਾਈ ਵਿਚ ਤਿੰਗੜ ਕਾਫੀ ਛੋਟੇ ਹੁੰਦੇ ਹਨ, ਉਨ੍ਹਾਂ ਨੂੰ ਤੰਗੜੀ ਕਹਿੰਦੇ ਹਨ।[1]

ਤਿੰਗੜ ਤਿੰਗੜੀ ਦੀ ਵਰਤੋਂ ਪਹਿਲੇ ਸਮਿਆਂ ਵਿਚ ਜਿਆਦਾ ਊਠ ਉਪਰ ਪਸ਼ੂਆਂ ਦੇ ਪੱਠੇ ਜਿਵੇਂ ਚਰੀ, ਬਾਜਰਾ,  ਚਾਰਾ, ਪਸੀਨ, ਖੱਬਲ, ਕੱਖ ਕਾਨ ਆਦਿ ਨੂੰ ਘਰ ਲਿਆਉਣ ਸਮੇਂ ਕੀਤੀ ਜਾਂਦੀ ਸੀ। ਪਹਿਲਾਂ ਇਨ੍ਹਾਂ ਪੱਠਿਆਂ ਨੂੰ ਤਿੰਗੜ ਤਿੰਗੜੀ ਵਿਚ ਬੰਨ੍ਹਿਆ ਜਾਂਦਾ ਸੀ। ਫੇਰ ਤਿੰਗੜ/ਤਿੰਗੜੀ ਵਿਚ ਬੰਨਿਆ ਪੱਠਿਆਂ ਨੂੰ ਊਠ ਦੀ ਪਿੱਠ ਦੇ ਦੋਵੇਂ ਪਾਸੇ ਲਟਕਾ ਦਿੱਤਾ ਜਾਂਦਾ ਸੀ। ਚਾਰਾ, ਪਸੀਨ, ਖੱਬਲ ਤੇ ਫਸਲਾਂ ਵਿਚੋਂ ਨਿਕਲੇ ਹੋਰ ਕੱਖ ਕੰਡੇ ਨੂੰ ਤਿੰਗੜ ਤਿਗੜੀ ਵਿਚ ਬੰਨ ਕੇ ਸਿਰ ਉਪਰ ਰੱਖ ਕੇ ਘਰ ਲਿਆਉਣ ਲਈ ਵੀ ਵਰਤ ਲੈਂਦੇ ਸਨ।

ਖੇਤਾਂ ਵਿਚੋਂ ਚੁਗੀ ਕਪਾਹ ਤੇ ਨਰਮੇ ਨੂੰ ਪੰਡਾਂ ਵਿਚ ਬੰਨ੍ਹ ਕੇ ਤੇ ਪੰਡਾਂ ਨੂੰ ਵੱਡੇ ਤਿੰਗੜ ਵਿਚ ਪਾ ਕੇ ਉਣ ਦੀ ਪਿੱਠ ਦੇ ਦੋਵੇਂ ਪਾਸੇ ਲਟਕਾ ਕੇ ਘਰ ਲਿਆਉਂਦੇ ਸਨ। ਬੜੇ ਆਕਾਰ ਦੇ ਤਿੰਗੜਾ ਨੂੰ ਪਿੜ ਵਿੱਚ ਕੱਢੀ ਪਈ ਤੂੜੀ ਨੂੰ ਤੇਜ਼ ਗਤੀ ਵਿਚ ਉੱਡਣ ਤੋਂ ਬਚਾਉਣ ਲਈ ਤੂੜੀ ਉਪਰ ਦੇਣ ਲਈ ਵੀ ਵਰਤਦੇ ਸਨ। ਲੜਾਈ ਸਮੇਂ ਫੌਜੀ ਟਰੱਕਾ ਅਤੇ ਜੰਗੀ ਮਸ਼ੀਨਰੀ ਨੂੰ ਦੁਸ਼ਮਣ ਨੂੰ ਪਤਾ ਲੱਗਣ ਤੋਂ ਬਚਾਉਣ ਲਈ ਬੜੇ ਤਿੰਗੜਾ ਨਾਲ ਢੱਕਿਆ ਜਾਂਦਾ ਹੈ।

[2]

ਤਿੰਗੜ ਬਣਾਉਣ ਲਈ ਢੇਰੇ ਨਾਲ ਸਣ ਦੀ ਰੱਸੀ ਵੱਟੀ ਜਾਂਦੀ ਸੀ। ਵੱਟੀ ਰੱਸੀ ਦੇ ਲੱਛੇ ਬਣਾਏ ਜਾਂਦੇ ਸਨ। ਬਣੇ ਲੱਛਿਆਂ ਨੂੰ ਪਾਣੀ ਵਿਚ ਭਿਉਂ ਕੇ ਥਾਪੀ ਨਾਲ ਚੰਗੀ ਤਰ੍ਹਾਂ ਕੁੱਟਕੇ ਸਾਰੀ ਮੈਲ ਕੱਢੀ ਜਾਂਦੀ ਸੀ। ਥਾਪੀ ਨਾਲ ਪਾਣੀ ਵਿਚ ਭਿਉਂਤੀ ਰੱਸੀ ਕੁੱਟਣ ਨੂੰ ਰੱਸੀ ਚਿਪਣਾ ਕਹਿੰਦੇ ਹਨ। ਚਿੱਪੀ ਹੋਈ ਗਿੱਲੀ ਰੱਸੀ ਨੂੰ ਫੇਰ ਵੱਟ ਚਾੜਿਆ ਜਾਂਦਾ ਸੀ। ਵੱਟ ਚੜ੍ਹੀ ਰੱਸੀ ਨੂੰ ਕੱਪੜੇ ਨਾਲ ਸੂਤਾ ਫੇਰ ਕੇ ਪਾਣੀ ਕੱਢਿਆ ਜਾਂਦਾ ਸੀ। ਫੇਰ ਇਸ ਰੱਸੀ ਨੂੰ ਧੁੱਪੇ ਬੰਨ੍ਹ ਕੇ ਸੁਕਾਇਆ ਜਾਂਦਾ ਸੀ। ਸੁੱਕੀ ਹੋਈ ਰੱਸੀ ਨੂੰ ਦੋ ਬੰਦੇ ਦੋਵੇਂ ਸਿਰਿਆਂ ਤੋਂ ਫੜ੍ਹ ਕੇ ਵੱਟ ਚਾੜੀ ਜਾਂਦੇ ਸਨ। ਤੀਸਰਾ ਬੰਦਾ ਦੋਵਾਂ ਬੰਦਿਆਂ  ਵੱਲੋਂ ਵੱਟ ਚਾੜ੍ਹੀ ਜਾਂਦੀ ਰੱਸੀ ਨੂੰ ਇਕ ਥਾਂ ਮੇਲਦਾ ਜਾਂਦਾ ਸੀ ਅਤੇ ਨਾਲ ਦੀ ਨਾਲ ਤਿੰਗੜ ਦੇ ਜਿੰਨੇ ਜਿੰਨੇ ਇੰਚ ਦੇ ਛੇਕਦਾਰ ਡੱਬੇ ਬਣਾਉਣ ਹੁੰਦੇ ਸਨ, ਉਹ ਬਣਾਈ ਜਾਂਦਾ ਸੀ। ਇਸ ਤਰ੍ਹਾਂ ਤਿਗੜ ਬੁਣ ਕੇ ਮੁਕੰਮਲ ਕੀਤਾ ਜਾਂਦਾ ਸੀ। ਫੇਰ ਤਿੰਗੜ ਦੇ ਚਾਰੇ ਕੋਨਿਆਂ ਤੇ 2/3 ਕੁ ਫੁੱਟ ਜਾਂ ਜਿੰਨੀਆਂ ਲੰਮੀਆਂ ਰੱਸੀਆਂ ਦੀ ਲੋੜ ਹੁੰਦੀ ਸੀ, ਉਹ ਬੰਨ੍ਹ ਦਿੱਤੀਆਂ ਜਾਂਦੀਆਂ ਸਨ। ਕਈ ਫੇਰ ਤਿੰਗੜ ਦੇ ਇਕ ਪਾਸੇ ਦੇ ਦੋ ਕੋਨਿਆਂ ਤੇ ਰੱਸੀਆਂ ਬੰਨ੍ਹੀਆਂ ਜਾਂਦੀਆਂ ਸਨ ਤੇ ਦੂਸਰੇ ਪਾਸੇ ਦੇ ਕਿਨਾਰਿਆਂ ਨਾਲ ਲੱਕੜ ਦੀਆਂ 120 ਡਿਗਰੀ ਤੱਕ ਮੁੜੀਆਂ ਹੋਈਆਂ ਗੁੱਲੀਆਂ ਬੰਨ੍ਹ ਦਿੰਦੇ ਸਨ। ਜਾਂ ਲੱਕੜ ਦੀਆਂ ਬਣੀਆਂ ਹੋਈਆਂ ਰੀਲਾਂ ਬੰਨ੍ਹ ਦਿੰਦੇ ਸਨ। ਇਨ੍ਹਾਂ ਲੱਕੜ ਦੀਆਂ ਗੁੱਲੀਆਂ, ਰੀਲਾਂ ਨਾਲ ਪੱਠਿਆਂ ਨੂੰ ਤਿੰਗੜ ਵਿਚ ਬੰਨ੍ਹਣਾ ਤੇ ਖੋਲ੍ਹਣਾ ਸੌਖਾ ਹੁੰਦਾ ਸੀ। ਇਸ ਤਰ੍ਹਾਂ ਤਿੰਗੜ ਬਣਦਾ ਸੀ। ਤਿਲੜ ਦੀ ਵਰਤੋਂ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਹੁੰਦੀ ਹੈ।

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Uni star. p. 59. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Uni star. p. 59. ISBN 978-93-82246-99-2.