ਤੁਰਲੇ ਵਾਲੀ ਪੱਗ
ਟੌਰੇ ਨੂੰ ਤੁਰਲਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਤੁਰਲੇ ਨੂੰ ਸ਼ਮਲਾ/ਤੁਰਾ ਕਹਿੰਦੇ ਸਨ। ਸਿਰ ਉੱਪਰ ਬੰਨ੍ਹਣ ਵਾਲੇ ਪੰਜ ਕੁ ਮੀਟਰ ਮਲਮਲ ਜਾਂ ਵੈਲ ਦੇ ਕੱਪੜੇ ਨੂੰ ਪੱਗ ਕਹਿੰਦੇ ਹਨ। ਇਸ ਤਰ੍ਹਾਂ ਸਿਰ ਉੱਪਰ ਜੋ ਪੱਗ ਤੁਰਲਾ ਛੱਡ ਕੇ ਬੰਨ੍ਹੀ ਜਾਂਦੀ ਹੈ, ਉਸ ਨੂੰ ਤੁਰਲੇ ਵਾਲੀ ਪੱਗ ਕਹਿੰਦੇ ਹਨ। ਪਹਿਲਾਂ ਪੱਗਾਂ ਬਗੈਰ ਮਾਵਾ ਲਾਇਆਂ ਬੰਨ੍ਹੀਆਂ ਜਾਂਦੀਆਂ ਸਨ। ਜਦ ਪੱਗਾਂ ਨੂੰ ਮਾਵਾ ਲਾ ਕੇ ਬੰਨ੍ਹਿਆ ਜਾਣ ਲੱਗਿਆ, ਉਸ ਸਮੇਂ ਹੀ ਤੁਰਲੇ ਵਾਲੀ ਪੱਗ ਬੰਨ੍ਹਣ ਦਾ ਰਿਵਾਜ ਪਿਆ। ਤੁਰਲੇ ਵਾਲੀ ਪੱਗ ਬੰਨ੍ਹ ਕੇ ਲੋਕ ਮੇਲਿਆਂ ਤੇ ਜਾਂਦੇ ਸਨ। ਵਿਆਹਾਂ ਵਿਚ ਤੁਰਲੇ ਵਾਲੀ ਪੱਗ ਬੰਨ੍ਹੀ ਜਾਂਦੀ ਸੀ। ਜਦ ਗੱਭਰੂ ਸਹੁਰੇ ਜਾਂਦੇ ਸਨ, ਉਸ ਸਮੇਂ ਤੁਰਲੇ ਵਾਲੀ ਪੱਗ ਬੰਨ੍ਹ ਕੇ ਜਾਂਦੇ ਸਨ। ਸਾਲ 1947 ਤੋਂ ਪਹਿਲਾਂ ਕਈ ਰਿਆਸਤਾਂ ਨੇ ਆਪਣੇ ਕਰਮਚਾਰੀਆਂ ਨੂੰ ਤੁਰਲੇ ਵਾਲੀ ਪੱਗ ਬੰਨ੍ਹਣੀ ਨੀਯਤ ਕੀਤੀ ਹੋਈ ਸੀ। ਠਾਣੇਦਾਰ ਵੀ ਤੁਰਲੇ ਵਾਲੀ ਪੱਗ ਬੰਨ੍ਹਦੇ ਸਨ।ਢੱਡ ਸਾਰੰਗੀ ਨਾਲ ਗਾਉਣ ਵਾਲੇ ਗਵੱਈਏ ਆਮ ਤੌਰ ਤੇ ਚਿੱਟੀ ਤੁਰਲੇ ਵਾਲੀ ਪੱਗ ਬੰਨ੍ਹਦੇ ਸਨ। ਪਹਿਲੇ ਸਮਿਆਂ ਵਿਚ ਸੱਜ ਵਿਆਹੀ ਮੁਟਿਆਰ ਆਪਣੇ ਬਾਂਕੇ ਪਤੀ ਦੀ ਪਛਾਣ “ਮਾਹੀ ਮੇਰਾ ਤੁਰਲੇ ਵਾਲਾ" ਦੱਸ ਕੇ ਮਾਣ ਮਹਿਸੂਸ ਕਰਦੀ ਸੀ।
ਪੱਗ ਦਾ ਜਿਸ ਲੜ ਦਾ ਤੁਰਲਾ ਛੱਡਣਾ ਹੁੰਦਾ ਹੈ, ਉਸ ਲੜ੍ਹ ਨੂੰ ਜਿਆਦਾ ਮਾਵਾ ਦਿੱਤਾ ਹੁੰਦਾ ਹੈ। ਸਾਰੀ ਪੱਗ ਬੰਨ੍ਹ ਕੇ ਆਖ਼ਰ ਵਾਲੇ ਉਤਲੇ ਲੜ੍ਹ ਦਾ ਤੁਰਲਾ ਛੱਡਿਆ ਜਾਂਦਾ ਹੈ। ਪੱਗ ਦਾ ਪਹਿਲਾ ਲੜ੍ਹ ਗਿੱਚੀ ਤੋਂ ਹੇਠਾਂ ਨੂੰ ਲਮਕਦਾ ਹੁੰਦਾ ਹੈ। ਹੁਣ ਕੋਈ ਵੀ ਪੰਜਾਬੀ ਤੁਰਲੇ ਵਾਲੀ ਪੱਗ ਨਹੀਂ ਬੰਨ੍ਹਦਾ। ਹਾਂ, ਸਟੇਜਾਂ ਤੇ ਭੰਗੜਾ ਪਾ ਰਹੇ ਕਲਾਕਾਰਾਂ ਦੇ ਤੁਰਲੇ ਵਾਲੀਆਂ ਪੱਗਾਂ ਜ਼ਰੂਰ ਬੰਨ੍ਹੀਆਂ ਹੁੰਦੀਆਂ ਹਨ।[1]
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.