ਸਮੱਗਰੀ 'ਤੇ ਜਾਓ

ਤੂਤੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੂਤੀਆਂ

ਤੂਤ ਦੇ ਦਾਣੇਦਾਰ ਫਲ ਨੂੰ, ਜੋ ਖਾਣ ਵਿਚ ਮਿੱਠਾ ਹੁੰਦਾ ਹੈ, ਤੂਤੀਆਂ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਤੂਤਾਂ ਦੇ ਰੁੱਖ ਆਮ ਹੁੰਦੇ ਸਨ। ਤੂਤੀਆਂ ਵੀ ਆਮ ਹੁੰਦੀਆਂ ਸਨ। ਪਿੰਡਾਂ ਦੇ ਫਲਾਂ ਵਿਚ ਤੂਤੀਆਂ ਇਕ ਫਲ ਹੁੰਦਾ ਸੀ। ਇਹ ਫਲ ਬਹੁਤ ਨਾਜ਼ੁਕ ਹੁੰਦਾ ਸੀ। ਬਹੁਤ ਰਸਦਾਰ ਹੁੰਦਾ ਸੀ। ਜਦ ਧਰਤੀ ਦੇ ਡਿੱਗਦਾ ਸੀ ਤਾਂ ਇਸ ਨਾਲ ਮਿੱਟੀ ਲੱਗ ਜਾਂਦੀ ਸੀ। ਇਸ ਲਈ ਤੂਤੀਆਂ ਨੂੰ ਜਿਆਦਾ ਤੂਤ ਤੋਂ ਹੀ ਤੋੜਿਆ ਜਾਂਦਾ ਸੀ। ਤੂਤੀਆਂ ਤੋੜਣ ਤੇ ਖਾਣ ਸਮੇਂ ਉਂਗਲਾਂ ਲਿੱਬੜ ਜਾਂਦੀਆਂ ਸਨ। ਕੱਚੀਆਂ ਤੂਤੀਆਂ ਦਾ ਰੰਗ ਹਰਾ ਹੁੰਦਾ ਹੈ। ਜਦ ਥੋੜ੍ਹੀਆਂ ਪੱਕ ਜਾਂਦੀਆਂ ਹਨ ਤਾਂ ਤੂਤੀਆਂ ਦਾ ਰੰਗ ਬੈਂਗਣੀ ਹੋ ਜਾਂਦਾ ਹੈ। ਜਦ ਪੂਰੀਆਂ ਪੱਕ ਜਾਂਦੀਆਂ ਸਨ ਤਾਂ ਰੰਗ ਕਾਲੀ ਭਾਅ ਮਾਰਦਾ ਹੈ। ਤੂਤੀਆਂ ਤੋਂ ਸ਼ਰਾਬ ਵੀ ਬਣਾਈ ਜਾਂਦੀ ਹੈ। ਹੁਣ ਤਾਂ ਤੂਤ ਹੀ ਕਿਤੇ-ਕਿਤੇ ਰਹੇ ਹਨ। ਇਸ ਲਈ ਹੁਣ ਤੂਤੀਆਂ ਬਜ਼ਾਰ ਵਿਚ ਹੀ ਕਦੇ-ਕਦੇ ਵਿਕਦੀਆਂ ਨਜ਼ਰ ਆਉਂਦੀਆਂ ਹਨ।[1]

ਚੱਲ ਤੂਤਾਂ ਵਾਲੇ ਮੀਲ

ਤੂਤੀਆਂ ਖਾਣ ਚੱਲੀਏ

ਲੰਘਿਆ ਵੇਲਾ ਉਹ

ਮੁੜ ਦੁਹਰਾਉਣ ਚੱਲੀਏ

ਅੱਖ ਬਚਾ ਕੇ ਘਰੋਂ

ਸਾਈਕਲ ਨੂੰ ਕੱਢੀਏ

ਹਾਕਾਂ ਮਾਰ ਮਾਰ ਸਾਰੇ

ਆੜੀਆਂ ਨੂੰ ਸੱਦੀਏ

ਮੈਂ ਚਲਾਊਂ ਤੂੰ ਧੱਕਾ ਲਾਵੀਂ

ਧੱਕਾ ਲਾ ਪਿੱਛੇ ਬਹਿ ਜਾਵੀਂ

ਹੌਲੀ ਚੱਲ ਚੈਨ ‘ਚ ਕਿਤੇ

ਪਜਾਮਾ ਫਸ ਨਾ ਜਾਵੇ

ਥੋਡੇ ਛੋਹਰ ਡਿੱਗੇ ਪਏ ਸੀ

ਘਰੇ ਕੋਈ ਦੱਸ ਨਾ ਜਾਵੇ

ਹਰੇ ਹਰੇ ਤੂਤਾਂ ਨੂੰ ਲੱਗੀਆਂ

ਚਿੱਟੀਆਂ ਤੇ ਕਾਲੀਆਂ ਤੂਤੀਆਂ

ਕਿਧਰੋਂ ਖਾਈਏ ਲੱਗੀਆਂ

ਹਰ ਪਾਸੇ ਬਾਹਲੀਆਂ ਤੂਤੀਆਂ

ਤੂਤਾਂ ‘ਤੇ ਚੜ੍ਹ ਕੇ ਕੁਝ ਤਾਂ

ਖਾ ਲਈਆਂ ਤੂਤੀਆਂ

ਬਾਕੀ ਰਹਿੰਦੀਆਂ ਜੇਬ ‘ਚ

ਪਾ ਲਈਆਂ ਤੂਤੀਆਂ

ਤੂਤੀਆਂ ਖਾ ਖਾ ਕੇ ਉਂਜ

ਭਾਵੇਂ ਰੱਜ ਗਏ ਸੀ

ਸਕੂਲ ਦੀ ਵਰਦੀ ਨੂੰ ਰੰਗ

ਤੂਤੀਆਂ ਵਾਲੇ ਲੱਗ ਗਏ ਸੀ

ਘਰੇ ਜਾ ਕੇ ਹੌਲੀ ਦੇਣੇ ਮੈਂ

ਲਾਹਤੀ ਵਰਦੀ

ਲਾਹ ਕੇ ਬੱਠਲ ਦੇ ਵਿੱਚ ਮੈਂ

ਪਾਤੀ ਵਰਦੀ

ਮਾਂ ਨੇ ਧੋਣ ਲੱਗੀ ਨੇ ਜਦ

ਵੇਖਿਆ ਝੱਗਾ

ਦੂਰੋਂ ਹੀ ਫਿਰ ਚਲਾਵਾਂ

ਥਾਪਾ ਸੀ ਵੱਜਾ

ਜਿੰਨੇ ਦਿਨ ਤੂਤੀਆਂ ਦਾ ਰੰਗ

ਨਾ ਲਿਹਾ ਸੀ

ਉਨ੍ਹੇ ਦਿਨ ਮਾਂ ਦਾ ਥਾਪਾ ਯਾਦ

ਆਉਂਦਾ ਰਿਹਾ ਸੀ

ਹੁਣ ਜਦੋਂ ਆਪ ਬੁੱਢੇ ਤੇ

ਜਵਾਕ ਜਵਾਨ ਹੋਏ ਨੇ

ਮਹਿੰਗੇ ਮਹਿੰਗੇ ਖਾਣੇ ਤੇ

ਨਵੇਂ ਨਵੇਂ ਪਕਵਾਨ ਹੋਏ ਨੇ

ਮੀਲ ‘ਚ ਖੜ੍ਹੇ ਤੂਤ ਜਵਾਕਾਂ ਨੂੰ

ਉਡੀਕ ਰਹੇ ਨੇ

ਆਜੋ ਯਾਰੋ! ਖਾ ਲਓ ਤੂਤੀਆਂ

ਉੱਚੀ ਉੱਚੀ ਚੀਕ ਰਹੇ ਨੇ।

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.