ਤੇਲ ਚੋਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੌਲੇ/ਚੁਗਾਠ/ਦਿਹਲੀ ਤੇ ਸਰ੍ਹੋਂ ਦੇ ਤੇਲ ਚੋਣ ਦੀ ਰਸਮ ਕਈ ਸਮਿਆਂ ਤੇ ਕੀਤੀ ਜਾਂਦੀ ਸੀ/ਹੈ। ਪੁਰਾਣੇ ਵਡੇਰੇ ਦੱਸਦੇ ਹਨ ਕਿ ਤੇਲ ਚੋਣ ਦੀ ਰਸਮ ਉਸ ਸਮੇਂ ਸ਼ੁਰੂ 'ਹੋਈ ਸੀ ਜਦ ਘਰ ਕੱਚੇ ਹੁੰਦੇ ਸਨ। ਘਰਾਂ ਦੇ ਦਰਵਾਜੇ ਸਿੱਧੇ ਫੱਟੇ ਜੋੜ ਕੇ ਬਣਾਏ ਜਾਂਦੇ ਸਨ। ਚੁਗਾਠਾਂ ਨਹੀਂ ਲਾਈਆਂ ਜਾਂਦੀਆਂ ਸਨ। ਨਾ ਹੀ ਦਰਵਾਜੇ ਲੋਹੇ ਦੇ ਕਬਜ਼ਿਆਂ ਨਾਲ ਲਾਏ ਜਾਂਦੇ ਸਨ। ਦਰਵਾਜੇ ਟੇਟੂਆ ਤੇ ਲਾਏ ਜਾਂਦੇ ਸਨ। ਟੇਟੂਆ ਉਸ ਲੱਕੜ ਨੂੰ ਕਹਿੰਦੇ ਹਨ ਜਿਸ ਉੱਪਰ ਦਰਵਾਜੇ ਦਾ ਚੂਲਾ ਰੱਖਿਆ ਜਾਂਦਾ ਸੀ। ਇਕ ਟੇਟੂਆਂ ਧਰਤੀ ਵਿਚ ਗੱਡਿਆ ਜਾਂਦਾ ਸੀ। ਦੂਸਰਾ ਟੇਟੂਆ ਉੱਪਰ ਕੰਧ ਵਿਚ ਲਾਇਆ ਜਾਂਦਾ ਸੀ।ਟੇਟੂਏ ਦੇ ਉੱਪਰਲੇ ਹਿੱਸੇ ਦੇ ਵਿਚਾਲੇ ਥੋੜ੍ਹੀ ਖੋਡ ਕੀਤੀ ਜਾਂਦੀ ਸੀ ਜਿਸ ਉੱਪਰ ਦਰਵਾਜੇ ਦਾ ਚੂਲਾ ਟਿਕਾਇਆ ਜਾਂਦਾ ਸੀ। ਦਰਵਾਜੇ ਦਾ ਜਿਹੜਾ ਹਿੱਸਾ ਟੇਟੂਏ ਤੇ ਰੱਖਿਆ ਜਾਂਦਾ ਸੀ, ਉਸ ਨਾਲ ਲੱਕੜ ਦਾ ਚੂਲਾ ਬਣਾ ਕੇ ਲਾਇਆ ਜਾਂਦਾ ਸੀ। ਚੂਲਾ ਲੱਕੜ ਦੇ ਉਸ ਟੁਕੜੇ ਨੂੰ ਕਹਿੰਦੇ ਹਨ ਜਿਸ ਦਾ ਸਿਰਾ ਨੁਕੀਲਾ ਕੀਤਾ ਹੁੰਦਾ ਸੀ ਤੇ ਉਹ ਸਿਰਾ ਹੀ ਟੇਟੂਏ ਤੇ ਰੱਖਿਆ ਜਾਂਦਾ ਸੀ। ਟੇਟੂਆ ਲੱਕੜ ਦਾ ਹੁੰਦਾ ਸੀ। ਚੂਲਾ ਲੱਕੜ ਦਾ ਹੁੰਦਾ ਸੀ। ਇਸ ਲਈ ਦਰਵਾਜਾ ਚੱਲ-ਚੱਲ ਕੇ ਚੀਕਣ ਲੱਗ ਜਾਂਦਾ ਸੀ। ਵਿਆਹਾਂ ਵਿਚ ਦਰਵਾਜੇ ਦਾ ਚੀਕਣਾ ਚੰਗਾ ਨਹੀਂ ਮੰਨਿਆ ਜਾਂਦਾ ਸੀ। ਇਸ ਲਈ ਜਦ ਨਾਨਕਾ ਮੇਲ ਆਪਣੇ ਦੋਹਤੇ/ ਦੋਹਤੀ ਦੇ ਵਿਆਹ ਤੇ ਪਹੁੰਚਦਾ ਸੀ ਤਾਂ ਦਰਵਾਜੇ ਦੇ ਦੋਵੇਂ ਟੋਟੂਆਂ ਉੱਪਰ ਸਰ੍ਹੋਂ ਦਾ ਤੇਲ ਚੋਇਆ ਜਾਂਦਾ ਸੀ।ਟੇਟੂਆ ਉੱਪਰ ਤੇਲ ਪੈਣ ਨਾਲ ਦਰਵਾਜੇ ਚੀਕਣੋਂ ਹੱਟ ਜਾਂਦੇ ਸਨ। ਇਸ ਤਰ੍ਹਾਂ ਤੇਲ ਚੋਣ ਦੀ ਇਹ ਰਸਮ ਸ਼ੁਰੂ ਹੋਈ ਸੀ। ਇਸ ਤੋਂ ਪਿੱਛੋਂ ਤਾਂ ਅਸੀਂ ਤੇਲ ਚੋਣ ਦੀ ਰਸਮ ਨੂੰ ਖੁਸ਼ੀ ਦੇ ਸ਼ਗਨ ਵਜੋਂ ਅਪਣਾ ਲਿਆ ਹੈ।

ਹੁਣ ਦਰਵਾਜੇ ਚੁਗਾਠਾਂ ਵਿਚ ਲੱਗਦੇ ਹਨ। ਲੋਹੇ ਦੇ ਕਬਜ਼ਿਆਂ ਨਾਲ ਲੱਗਦੇ ਹਨ। ਕਬਜੇ ਦਾ ਇਕ ਪਾਸਾ ਦਰਵਾਜੇ ਦੇ ਪੱਲੇ ਨਾਲ ਫਿੱਟ ਕੀਤਾ ਜਾਂਦਾ ਹੈ। ਦੂਜਾ ਪਾਸਾ ਚੁਗਾਠ ਵਿਚ ਲਾਇਆ ਜਾਂਦਾ ਹੈ। ਦਰਵਾਜਿਆਂ ਨੂੰ ਹੁਣ ਟੇਟੂਏ ਨਹੀਂ ਲੱਗਦੇ। ਇਸ ਲਈ ਟੇਟੂਆ ਉੱਪਰ ਤੇਲ ਚੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹੁਣ ਤੇਲ ਜਾਂ ਤਾਂ ਦਰਵਾਜੇ ਦੀਆਂ ਦੋਵੇਂ ਬਾਹੀਆਂ ਤੇ ਚੋਇਆ ਜਾਂਦਾ ਹੈ। ਜਾਂ ਦਰਵਾਜੇ ਦੇ ਕੌਲਿਆਂ ਤੇ ਚੋਇਆ ਜਾਂਦਾ ਹੈ। ਹੁਣ ਜਦ ਲੜਕੀ ਦਾ ਪਿਤਾ ਅਤੇ ਹੋਰ ਰਿਸ਼ਤੇਦਾਰ ਲੜਕੀ ਦਾ ਮੰਗਣਾ ਕਰਨ ਲੜਕੇ ਦੇ ਘਰ ਜਾਂਦੇ ਹਨ ਤਾਂ ਲੜਕੇ ਦੇ ਪਰਿਵਾਰ ਵਾਲਿਆਂ ਦਾ ਕੋਈ ਲਾਗੀ ਪਹਿਲਾਂ ਦਰਵਾਜੇ ਦੇ ਕੌਲਿਆਂ ਤੇ ਤੇਲ ਚੋਂਦਾ ਹੈ, ਫੇਰ ਪ੍ਰਾਹੁਣੇ ਘਰ ਅੰਦਰ ਵੜਦੇ ਹਨ। ਜਦ ਵਿਆਹ ਸਮੇਂ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਲਿਆਉਂਦਾ ਹੈ ਤਾਂ ਘਰ ਅੰਦਰ ਜਾਣ ਤੋਂ ਪਹਿਲਾਂ ਦਰਵਾਜੇ ਦੇ ਕੌਲਿਆਂ ਤੇ ਤੇਲ ਚੋਇਆ ਜਾਂਦਾ ਹੈ। ਜਦ ਮੁੰਡੇ ਦਾ ਮਾਂ ਬਾਪ ਪਹਿਲੀ ਵਾਰ ਆਪਣੀ ਨੂੰਹ ਦੇ ਪੇਕੇ ਘਰ ਜਾਂਦੇ ਹਨ ਤਾਂ ਨੂੰਹ ਦੇ ਪਰਿਵਾਰ ਵਾਲਿਆਂ ਦਾ ਕੋਈ ਲਾਗੀ ਪਹਿਲਾਂ ਦਰਵਾਜ਼ੇ ਦੇ ਕੌਲਿਆਂ ਤੇ ਤੇਲ ਚੋਂਦਾ ਹੈ ਤੇ ਫੇਰ ਉਹ ਘਰ ਅੰਦਰ ਜਾਂਦੇ ਹਨ। ਏਸੇ ਤਰ੍ਹਾਂ ਹੀ ਕੋਈ ਮਹੱਤਵਪੂਰਨ ਪ੍ਰਾਹੁਣੇ ਆਉਣ ਤੇ ਵੀ ਤੇਲ ਚੋਇਆ ਜਾਂਦਾ ਹੈ। ਹੋਰ ਵੀ ਕਈ ਖੁਸ਼ੀ ਦੇ ਸਮਾਗਮਾਂ ਤੇ ਤੇਲ ਚੋਣ ਦੀ ਰਸਮ ਕੀਤੀ ਜਾਂਦੀ ਹੈ।

ਪਰ ਹੁਣ ਸਮਾਂ ਬਦਲ ਗਿਆ ਹੈ। ਤੇਲ ਚੋਣ ਦੀਆਂ ਰਸਮਾਂ ਹੁਣ ਪਹਿਲੇ ਜਿੰਨੀਆਂ ਨਹੀਂ ਕੀਤੀਆਂ ਜਾਂਦੀਆਂ। ਹੁਣ ਪਿਆਰ ਉੱਪਰ ਪੈਸਾ ਭਾਰੂ ਹੋ ਗਿਆ ਹੈ। ਏਸੇ ਤਰ੍ਹਾਂ ਹੀ ਹੁਣ ਰਸਮਾਂ ਨੂੰ ਪੈਸੇ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ।[1]

ਰਸਮ[ਸੋਧੋ]

ਵਿਆਹ ਸਮੇਂ ਜਦ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਲਿਆਉਂਦਾ ਹੈ ਤਾਂ ਘਰ ਦੇ ਅੰਦਰ ਜਾਣ ਤੋਂ ਪਹਿਲਾਂ ਘਰ ਵਾਲਿਆਂ ਵਲੋਂ ਦਰਵਾਜੇ ਦੇ ਕੌਲਿਆਂ ਤੇ ਤੇਲ ਚੋਇਆ ਜਾਂਦਾ ਹੈ। ਇਸ ਰਸਮ ਨੂੰ ਤੇਲ ਚੋਣਾ ਕਹਿੰਦੇ ਹਨ। ਅਸਲ ਵਿਚ ਇਹ ਨਵੀਂ ਬਹੂ ਦੀ ਆਮਦ ਨੂੰ ਜੀ ਆਇਆਂ ਆਖਣ ਦੀ ਇਕ ਖੁਸ਼ੀ ਭਰੀ ਰਸਮ ਹੈ। ਹੋਰ ਵੀ ਕਈ ਮੌਕਿਆਂ ਤੇ ਤੇਲ ਚੋਣ ਦੀ ਰਸਮ ਕੀਤੀ ਜਾਂਦੀ ਹੈ। ਜਦ ਮਹੱਤਵਪੂਰਨ ਪ੍ਰਾਹੁਣੇ ਆਉਣ ਤਾਂ ਪਹਿਲਾਂ ਤੇਲ ਚੋਇਆ ਜਾਂਦਾ ਹੈ। ਫੇਰ ਪ੍ਰਾਹੁਣੇ ਅੰਦਰ ਵੜਦੇ ਹਨ। ਜਦ ਲੜਕੀ ਦਾ ਪਿਤਾ ਅਤੇ ਹੋਰ ਰਿਸ਼ਤੇਦਾਰ ਲੜਕੀ ਦਾ ਮੰਗਣਾ ਕਰਨ ਲਈ ਲੜਕੇ ਦੇ ਘਰ ਜਾਂਦੇ ਹਨ ਤਾਂ ਲੜਕੇ ਦੇ ਪਰਿਵਾਰ ਵਾਲਿਆਂ ਦਾ ਕੋਈ ਲਾਗੀ ਪਹਿਲਾਂ ਤੇਲ ਚੋਂਦਾ ਹੈ, ਫੇਰ ਪ੍ਰਾਹੁਣੇ ਅੰਦਰ ਵੜਦੇ ਹਨ।ਲਾਗੀ ਨੂੰ ਲਾਗ ਵੀ ਦਿੰਦੇ ਹਨ । ਜਦ ਨਾਨਕੇ ਆਪਣੇ ਦੋਹਤੇ/ਦੋਹਤੀ ਦੇ ਵਿਆਹ ਤੇ ਜਾਂਦੇ ਹਨ, ਉਸ ਸਮੇਂ ਵੀ ਦਰਵਾਜਿਆਂ ਤੇ ਤੇਲ ਚੋਇਆ ਜਾਂਦਾ ਹੈ। ਫੇਰ ਨਾਨਕਾ ਮੇਲ ਅੰਦਰ ਵੜਦਾ ਹੈ। ਜਦ ਮੁੰਡੇ ਦੇ ਮਾਂ ਬਾਪ ਪਹਿਲੀ ਵੇਰ ਆਪਣੀ ਨੂੰਹ ਦੇ ਪੇਕੇ ਘਰ ਜਾਂਦੇ ਹਨ ਤਾਂ ਵੀ ਨੂੰਹ ਦੇ ਪਰਿਵਾਰ ਵਾਲਿਆਂ ਦਾ ਕੋਈ ਲਾਗੀ ਪਹਿਲਾਂ ਦਰਵਾਜੇ ਤੇ ਤੇਲ ਚੋਂਦਾ ਹੈ ਤੇ ਫੇਰ ਉਹ ਅੰਦਰ ਵੜਦੇ ਹਨ।

ਹੁਣ ਤੇਲ ਚੋਣ ਦੀਆਂ ਰਸਮਾਂ ਪਹਿਲਾਂ ਨਾਲੋਂ ਘੱਟ ਕੀਤੀਆਂ ਜਾਂਦੀਆਂ ਹਨ। ਪਰ ਪਹਿਲੇ ਜਿਹੇ ਪਿਆਰ ਤੇ ਉਤਸ਼ਾਹ ਨਾਲ ਨਹੀਂ ਕੀਤੀਆਂ ਜਾਂਦੀਆਂ। ਹੁਣ ਰਸਮਾਂ ਉੱਤੇ ਪੈਸਾ ਭਾਰੂ ਹੋ ਗਿਆ ਹੈ[2]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.