ਦਲੀਪ ਸਿੰਘ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਲੀਪ ਸਿੰਘ ਗਿੱਲ ਭਾਰਤੀ ਆਜ਼ਾਦੀ ਸੰਗਰਾਮੀਆ ਅਤੇ ਗਦਰੀ ਦੇਸ਼ਭਗਤ ਸੀ। ਉਸ ਦਾ ਜਨਮ ਪਿੰਡ ਬੁਧ ਸਿੰਘ ਵਾਲਾ, ਪੰਜਾਬ ਵਿੱਚ 1888 ਦੇ ਨੇੜੇ ਤੇੜੇ ਹੋਇਆ। ਉਹ ਜਰਮਨੀ, ਰੂਸ, ਬਰਤਾਨੀਆ ਵਿੱਚ ਗਦਰ ਪਾਰਟੀ ਲਈ ਕੰਮ ਕਰਦਾ ਰਿਹਾ। ਉਸ ਨੂੰ ਲੇਨਿਨ, ਸਟਾਲਿਨ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। 1919 ਵਿੱਚ ਉਹ ਜਰਮਨ ਪਾਸਪੋਰਟ ਉੱਤੇ ਕੁਰਤਜ਼ਬਰਗ, ਲਾਤਵੀਆ ਰਾਹੀਂ ਮਹਿੰਦਰ ਪ੍ਰਤਾਪ ਤੇ ਹੋਰਨਾਂ ਦੇ ਨਾਲ ਬਾਲਸ਼ਵਿਕ ਰੂਸ ਵਿੱਚ ਦਾਖਲ ਹੋਣ ਦਾ ਯਤਨ ਕੀਤਾ, ਜਰਮਨ ਕਮਿਊਨਿਸਟਾਂ ਦੇ ਪਛਾਣ ਪੱਤਰ ਨਾਲ ਰੂਸ ਦਾ ਦੌਰਾ (ਜੁਲਾਈ), ਜਰਮਨੀ ਵਿੱਚ ਵਾਪਸੀ ਉਪਰੰਤ ਬਰਲਿਨ ਵਿੱਚ ਬਰਤਾਨਵੀ ਹਿੰਦੁਸਾਨੀਆਂ ਦੀ ਇੱੱਕ ਗੁਪਤ ਜਥੇਬੰਦੀ ‘ਹਿੰਦੋਸਤਾਨੀ ਸਭਾ’ ਦਾ ਗਠਨ ਕੀਤਾ।[1] ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਉਪਰੰਤ ਕਮਿਊਨਿਸਟ ਆਗੂਆਂ ਦੀ ਫੜੋ-ਫੜੀ ਸ਼ੁਰੂ ਹੋਈ ਤਾਂ ਦਲੀਪ ਸਿੰਘ ਗਿੱਲ ਨੂੰ ਵੀ ਚੀਫ ਕਮਿਸ਼ਨਰ ਦਿੱਲੀ ਵੱਲੋਂ 1939 ਦੇ ਡਿਫੈਂਸ ਆਫ ਇੰਡੀਆ ਰੂਲਜ਼ ਦੀ ਦਫ਼ਾ 129 ਅਧੀਨ ਜਾਰੀ ਹੁਕਮ ਤਹਿਤ ਦਿੱਲੀ ਪੁਲੀਸ ਨੇ 1 ਨਵੰਬਰ, 1940 ਨੂੰ ਉਸ ਦੇ ਦਰਿਆਗੰਜ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ। ਇਹ ਗ੍ਰਿਫ਼ਤਾਰੀ ਇੱੱਕ ਮਹੀਨੇ ਲਈ ਸੀ ਪਰ 30 ਨਵੰਬਰ, 1940 ਦੇ ਹੁਕਮ ਦੁਆਰਾ ਇਸ ਨੂੰ 31 ਦਸੰਬਰ, 1940 ਤੱਕ ਵਧਾ ਦਿੱਤਾ ਗਿਆ। ਪੁਲਸ ਦੁਆਰਾ ਉਸ ਦੀ ਪੁੱਛ ਪੜਤਾਲ ਕੀਤੇ ਜਾਣ ਲਈ ਉਸ ਨੂੰ ਕੁਝ ਸਮਾਂ ਦਿੱਲੀ ਕਿਲ੍ਹੇ ਵਿੱਚ ਰੱਖਣ ਪਿੱਛੋਂ ਦਿੱਲੀ ਜ਼ਿਲ੍ਹਾ ਜੇਲ੍ਹ ਵਿੱਚ ਭੇਜਿਆ ਗਿਆ। ਇਸ ਅਰਸੇ ਦੌਰਾਨ ਖੁਫੀਆ ਮਹਿਕਮੇ ਨੇ ਉਸ ਦੇ ਪੋਤੜੇ ਤੱਕ ਫਰੋਲ ਦਿੱਤੇ। ਦਿੱਲੀ ਬੈਠੇ ਅਫਸਰਾਂ ਦੀ ਇਹੀ ਰਾਇ ਸੀ ਕਿ ਜੰਗ ਦੌਰਾਨ ਦਲੀਪ ਸਿੰਘ ਗਿੱਲ ਨੂੰ ਬਰਤਾਨਵੀ ਹਿਤਾਂ ਲਈ ਖ਼ਤਰਾ ਮੰਨਦਿਆਂ ਉਸ ਨੂੰ ਖੁੱਲ੍ਹੇ ਛੱਡ ਦੇਣ ਦਾ ਖਤਰਾ ਨਹੀਂ ਸਹੇੜਨਾ ਚਾਹੀਦਾ। ਜਦ ਦਲੀਪ ਸਿੰਘ ਗਿੱਲ ਨੂੰ ਉਸ ਦੇ ਜੱਦੀ ਪਿੰਡ ਬੁੱਧ ਸਿੰਘ ਵਾਲਾ ਵਿੱਚ ਜੂਹਬੰਦ ਕਰਨ ਬਾਰੇ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਤਾਂ ਪੰਜਾਬ ਸਰਕਾਰ ਨੇ ਇਸ ਨੂੰ ਹਲਕੀ ਕਾਰਵਾਈ ਗਰਦਾਨਦਿਆਂ ਦਲੀਪ ਸਿੰਘ ਗਿੱਲ ਨੂੰ ਬੰਦੀ ਬਣਾਉਣ ਦੀ ਸਲਾਹ ਦਿੱਤੀ। ਫਲਸਰੂਪ ਹਿੰਦੁਸਤਾਨ ਸਰਕਾਰ ਨੇ ਦਲੀਪ ਸਿੰਘ ਗਿੱਲ ਨੂੰ ਜਨਤਕ ਅਮਨ ਦੀ ਸੁਰੱਖਿਆ ਬਰਕਰਾਰ ਰੱਖਣ ਅਤੇ ਜੰਗ ਦੇ ਸੁਚਾਰੂ ਅਮਲ ਵਿੱਚ ਵਿਘਨ ਪਾਉਣ ਤੋਂ ਰੋਕਣ ਵਾਸਤੇ ਉਸ ਨੂੰ ਗ੍ਰਹਿ ਵਿਭਾਗ ਦੇ ਹੁਕਮ ਨੰਬਰ 7/1/40- ਪੁਲਿਟੀਕਲ (1) ਮਿਤੀ 31 ਦਸੰਬਰ 1940 ਦੁਆਰਾ ਡਿਫੈਂਸ ਆਫ ਇੰਡੀਆ ਰੂਲਜ਼ ਦੇ ਨਿਯਮ 26 ਦੀ ਉਪ-ਧਾਰਾ (1) ਅਧੀਨ ਅਗਲੇ ਹੁਕਮਾਂ ਤੱਕ ਜੇਲ੍ਹ ਵਿੱਚ ਰੱਖਣ ਦੇ ਹੁਕਮ ਜਾਰੀ ਕੀਤੇ। ਛੇਤੀ ਹੀ ਪਿੱਛੋਂ ਉਸ ਨੂੰ ਪੰਜਾਬ ਦੀ ਨਵੀਂ ਸਬ ਜੇਲ੍ਹ ਗੁਜਰਾਤ ਵਿੱਚ ਭੇਜ ਦਿੱਤਾ ਗਿਆ।[2][3]

ਮੌਤ[ਸੋਧੋ]

ਦਲੀਪ ਸਿੰਘ ਗਿੱਲ ਦੀ ਮੌਤ ਕਦੋਂ ਤੇ ਕਿੱਥੇ ਹੋਈ, ਇਸ ਬਾਰੇ ਕੋਈ ਪੁਖਤਾ ਸਬੂਤ ਅਜੇ ਤਕ ਉਪਲਬਧ ਨਹੀਂ ਹੈ।

ਹਵਾਲੇ[ਸੋਧੋ]

  1. ਗੁਰਦੇਵ ਸਿੰਘ ਸਿੱਧੂ (ਡਾ.) (2018-09-11). "ਅਣਗੌਲਿਆ ਗ਼ਦਰੀ ਦਲੀਪ ਸਿੰਘ ਗਿੱਲ - Tribune Punjabi". Tribune Punjabi. Retrieved 2018-09-29. 
  2. ਗੁਰਦੇਵ ਸਿੰਘ ਸਿੱਧੂ (ਡਾ.) (2018-09-18). "ਅਣਗੌਲਿਆ ਗ਼ਦਰੀ ਦਲੀਪ ਸਿੰਘ ਗਿੱਲ - Tribune Punjabi". Tribune Punjabi. Retrieved 2018-09-29. 
  3. ਗੁਰਦੇਵ ਸਿੰਘ ਸਿੱਧੂ (ਡਾ.) (2018-09-04). "ਅਣਗੌਲਿਆ ਗ਼ਦਰੀ: ਦਲੀਪ ਸਿੰਘ ਗਿੱਲ - Tribune Punjabi". Tribune Punjabi. Retrieved 2018-09-29.