ਨਵ ਰਹੱਸਵਾਦੀ ਪ੍ਰਵਿਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਵ ਰਹੱਸਵਾਦ ਪ੍ਰਵਿਰਤੀ ਨੇ ਰਹੱਸਵਾਦ ਦੇ ਸਰੂਪ ਦੇ ਵਿਕਾਸ-ਪੜਾਅ ਨੂੰ ਪਾਰ ਕਰਦਿਆਂ ਅਜੋਕੇ ਰੂਪ ਅਖਤਿਆਰ ਕੀਤਾ ਹੈ। 'ਰਹੱਸ' ਸ਼ਬਦ ਰਾਜ਼, ਗੁਪਤ, ਭੇਤ ਜਾਂ ਛੁਪਾਉਣ ਲਾਇਕ ਬਾਤ ਦੇ ਕੋਸ਼ਗਤ ਅਰਥਾਂ ਦਾ ਧਾਰਨੀ ਹੈ। ਹਰ ਉਹ ਵਸਤ,ਜੋ ਇੰਦਰਿਆਵੀ ਅਨੁਭਵ ਤੋਂ ਪਾਰ ਦੀ ਹੋਵੇ, ਦੀ ਅਨੁਭੂਤੀ ਅਤੇ ਅਭਿਵਿਅਕਤੀ ਸਾਹਤਿਕ ਖੇਤਰ ਅੰਦਰ ਰਹੱਸਵਾਦ ਨਾਲ ਆ ਜੁੜਦੀ ਹੈ। ਇਹ ਇੱਕ ਅਜਿਹਾ ਅਨੁਭਵ ਹੈ ਜੋ ਸਰੂਪ ਵਜੋਂ ਅਰੂਪ ਅਤੇ ਸੁਭਾਅ ਵਜੋਂ ਅਕੱਥ ਹੈ। ਇਹ ਆਤਮਾ ਤੇ ਪਰਮਾਤਮਾ ਨਾਲ ਅਜਿਹੇ ਸੰਯੋਗਤਾਮਕ ਪਲਾਂ ਦਾ ਵਰਨਣ ਹੈ ਜਿਸ ਨੂੰ ਮਾਣਿਆ ਜਾਂ ਹੰਢਾਇਆ ਤਾਂ ਜਾ ਸਕਦਾ ਹੈ ਪਰ ਬਿਆਨਿਆ ਨਹੀਂ ਜਾ ਸਕਦਾ।[1] ਰਹੱਸਵਾਦ ਆਮ ਤੌਰ 'ਤੇ ਸ਼ਾਤ ਰਸ ਪ੍ਰਧਾਨ ਹੁੰਦਾ ਹੈ ਪਰ ਨਵ-ਰਹੱਸਵਾਦ ਕ੍ਰਾਂਤੀਕਾਰੀ ਵੀ ਹੈ। ਸਮੁੱਚੇ ਰੂਪ ਵਿੱਚ ਨਵ-ਰਹੱਸਵਾਦ ਬੋਧਿਕਤਾ ਪ੍ਰਧਾਨ, ਤਾਰਕਿਕ ਦ੍ਰਿਸ਼ਟੀ, ਵਿਗਿਆਨਕ ਖੋਜਾਂ/ਸਿਧਾਂਤਾਂ ਦੇ ਸਹਿਯੋਗੀ ਸੰਦਰਭ ਤੋਂ ਪ੍ਰਾਪਤ ਕੀਤੀ ਨਵ-ਦ੍ਰਿਸ਼ਟੀ ਦਾ ਨਾਂ ਹੈ।[2]ਜਸਵੰਤ ਸਿੰਘ ਨੇਕੀ ਦੇ ਸ਼ਬਦਾਂ ਵਿੱਚ ਨਵ-ਰਹੱਸਵਾਦ ਇਸ ਪ੍ਰਕਾਰ ਹੈ ਕਿ,"ਸਾਇੰਸ ਤੇ ਸਾਹਿਤ ਦੇ ਸੰਬੰਧਾਂ ਬਾਰੇ ਸੋਚਦਿਆਂ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਇੱਕ ਰਹੱਸ ਤਕ ਦੀ ਯਾਤਰਾ ਦੀ ਵਿਥਿਆ ਹੈ। ਜਦੋਂ ਮਨੁੱਖੀ ਗਿਆਨ ਅਜੇ ਬਹੁਤ ਊਣਾ ਸੀ, ਓੁਸ ਪੂਰਵ ਵਿਗਿਆਨ (ਪੂਰਵ-ਤਾਰਕਿਕ) ਪੜਾਓ ਤੇ ਓੁਹ ਸਭ ਕਾਸੇ ਦਾ ਕਿਆਸ ਹੀ ਲਾਉਂਦਾ ਸੀ। ਇਉਂ ਓੁਹ ਸਮਾਂ ਪਾ ਕੇ ਮਿਥਿਹਾਸ ਪਿਸ਼ਾਚ-ਵਿਦਿਆ ਤੇ ਪਰੀਆਂ, ਦੇਵਾਂ ਦੀਆਂ ਕਥਾਵਾਂ ਦਾ ਕਾਲ ਸੀ| ਜਦੋਂ ਮਨੁੱਖ ਦਾ ਗਿਆਨ ਜੁੱਗ ਅਗੇਰੇ ਹੋਇਆ ਤਾਂ ਭੌਤਿਕ ਤੇ ਪਰ-ਭੌਤਿਕ ਯਥਾਰਥ ਤੇ ਰਹੱਸ ਦਾ ਦਵੰਦ ਖੜ੍ਹਾ ਹੋ ਗਿਆ। ਮਨੁੱਖ ਰਤਾ ਗਿਆਨਵਾਨ ਹੋਇਆ ਤਾਂ ਰਹੱਸ ਤੇ ਯਥਾਰਥ ਵਿਚਾਲੇ ਸੰਬੰਧ ਸਥਾਪਤ ਕਰਕੇ ਰੋਮਾਂਟਕ ਹੋ ਗਿਆ, ਜਦੋਂ ਹੋਰ ਜਾਣਕਾਰ ਹੋਇਆ ਤਾਂ ਯਥਾਰਥਵਾਦੀ ਹੋ ਗਿਆ। ਅੱਜ ਇਉਂ ਜਾਪਦਾ ਹੈ ਕਿ ਇਹ ਸੰਬੰਧ ਪੂਰਾ ਚੱਕਰ ਕੱਟ ਕੇ ਇੱਕ ਹੋਰ ਤਰ੍ਹਾਂ ਦੇ ਰਹੱਸ ਵਿੱਚ ਦਾਖ਼ਲ ਹੋ ਗਿਆ ਹੈ। ਕਈਆਂ ਲਈ ਇਹ ਪੜਾਆ ਯਥਾਰਥਵਾਦੀ ਰਹੱਸ ਹੈ। ਕਈਆਂ ਲਈ ਨਵ-ਰਹੱਸਵਾਦੀ ਰਹੱਸ।[3] ਡਾ. ਨੇਕੀ ਦੀਆਂ ਨਿਮਨਲਿਖਤ ਕਾਵਿ-ਪੰਕਤੀਆਂ ਨਵ-ਰਹੱਸਵਾਦ ਦੀ ਪਰਿਭਾਸ਼ਾ ਨੂੰ ਨਿਸ਼ਚਿਤ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ:

 ਖੋਜ 'ਚੋਂ ਬਣਿਆ ਜਿਹੜਾ ਕਾਫ਼ਰ
 ਖੋਜ 'ਚੋਂ ਹੀ ਮੁੜ ਬਣਦਾ ਜਾਪੇ
 ਕਿਸੇ ਨਰੋਈ ਸ਼ਰਧਾ ਵਾਲਾ
 ਮੋਮਨ ਗਹਿਰ ਗੰਭੀਰ।[4]
 

ਪ੍ਰੀਭਾਸ਼ਾ[ਸੋਧੋ]

ਹਰ ਛੁਪੀ ਹੋਈ ਬਾਤ ਰਹੱਸ ਹੈ, ਜੋ ਵਸਤ ਇੰਦਰੀਆਂ ਦੇ ਸਿੱਧੇ ਅਨੁਭਵ ਰਾਹੀਂਂ ਗ੍ਰਹਿਣ ਕਰਨ ਦੇ ਸਮਰੱਥ ਨਹੀਂ ਓਹੀਂ ਰਹੱਸ ਹੈ। ਸੋ ਰਹੱਸ ਆਦਿ ਕਾਲ ਤੋਂ ਓੁਸੇ ਤਰ੍ਹਾਂ ਕਾਇਮ ਹੈ| ਸ਼ਿ੍ਸ਼ਟੀ, ਜੀਵ, ਪਰਮਾਤਮਾ, ਮੌਤ ਆਦਿ ਅਜਿਹੇ ਰਹੱਸਮਈ ਵਿਸ਼ੇ ਹਨ ਜਿਹਨਾਂ ਨੂੰ ਰਹੱਸਵਾਦ ਅਧੀਨ ਵਿਚਾਰਿਆ ਜਾਂਦਾ ਹੈ| ਰਹੱਸ ਮੁੱਢੋਂ ਹਾਜ਼ਰ ਹੈ| ਪਹਿਲਾਂ ਇਸ ਨੂੰ ਸਹਿਜ ਗਿਆਨ ਜਾਂ ਅੰਤਰ-ਮੁਖੀ ਸਾਧਨਾ ਰਾਹੀਂ ਸਮਝਣ ਦਾ ਯਤਨ ਕੀਤਾ ਜਾਂਦਾ ਸੀ ਫਿਰ ਹੌਲੀ- ਹੌਲੀ ਵਿਗਿਆਨ ਮਨੋਵਿਗਿਆਨ ਇਸੇ ਭੇਤ ਨੂੰ ਸਮਝਣ ਯੋਗ ਬਣਾਉਣ ਲਈ ਇਸ ਵਿੱਚ ਸ਼ਾਮਿਲ ਹੋ ਗਏ| ਵਿਗਿਆਨ ਦੇ ਸ਼ਾਮਿਲ ਹੋਣ ਨਾਲ ਤਰਕ ਅਤੇ ਬੌਧਿਕਤਾ ਦਾ ਪ੍ਰਵੇਸ਼ ਹੋਇਆ ਪਰ ਵਿਗਿਆਨ ਵੀ ਸ਼ਿ੍ਸ਼ਟੀ, ਜੀਵ, ਪਰਮਾਤਮਾ, ਆਦਿ ਦੇ ਰਹੱਸ ਨੂੰ ਸਮਝਣ ਤੋਂ ਕਿਸੇ ਬਿੰਦੂ 'ਤੇ ਆਪਣੀ ਅਸਮਰੱਥਾ ਪ੍ਰਗਟ ਕਰਦਾ ਹੈ| ਇਸ ਅਸਮਰੱਥਾ ਤੋਂ ਬਾਅਦ ਬੌਧਿਕ /ਤਾਰਕਿਕ ਦ੍ਰਿਸ਼ਟੀ ਰਖਣ ਵਾਲਾ ਨਵ-ਸਾਧਕ ਮੁੜ ਰਹੱਸਵਾਦ ਦੇ ਪੁਰਾਤਨ ਢੰਗ ਸਹਿਜ ਗਿਆਨ ਵੱਲ ਪਰਤ ਪੈਂਦਾ ਹੈ ਜਦੋਂ ਰਹੱਸਵਾਦ ਅਤੇ ਵਿਗਿਆਨ ਮਿਲ ਜਾਂਦੇ ਹਨ ਓੁਸ ਸੰਯੋਗ ਬਿੰਦੂ 'ਤੇ 'ਨਵ ਰਹੱਸਵਾਦ' ਪੈਦਾ ਹੁੰਦਾ ਹੈ|[5]

ਨਵ-ਰਹੱਸਵਾਦ ਦਾ ਪਸਾਰ[ਸੋਧੋ]

ਨਵ-ਰਹੱਸਵਾਦੀ ਚੇਤਨਾ ਦੇ ਸੂਖਮ ਪ੍ਰਗਟਾਅ ਲਈ ਨਵੀਨ ਕਾਵਿ ਵਿਧੀਆਂ ਦੀ ਵਰਤੋਂ ਕੀਤੀ ਗਈ ਹੈ। ਕਵੀ ਦੇ ਅਨੁਭਵ ਦਾ ਘੇਰਾ ਬਹੁਤ ਵਿਸ਼ਾਲ ਹੈ ਇਸ ਵਿੱਚ ਗਿਆਨ, ਵਿਗਿਆਨ, ਮਨੋਵਿਗਿਆਨ ਦੇ ਨਾਲ-ਨਾਲ ਸਹਿਜ ਅਨੁਭਵ ਵੀ ਸ਼ਾਮਿਲ ਹੈ| ਇਸ ਸਹਿਜ ਅਨੁਭਵ ਨੇ ਕਵੀ ਦੇ ਪ੍ਰਤੱਖਣ ਨੂੰ ਨਵੀਨ ਦਿਸ਼ਾ ਪ੍ਰਦਾਨ ਕੀਤੀ ਹੈ। ਕਵੀ ਨੇ ਵਿਅਕਤਿਤਵ ਦੇ ਬਹੁਪੱਖੀ ਪਸਾਰਾਂ ਨੂੰ ਸੁਮੇਲ ਰੂਪ ਵਿੱਚ ਕਾਵਿ ਦਾ ਹਿੱਸਾ ਬਣਾਇਆ ਹੈ। ਪ੍ਰਗੀਤ ਕਾਵਿ ਰੂਪਾਕਾਰ ਸ਼ੋਕ-ਗੀਤ ਅਤੇ ਸੰਬੋਧਨ ਗੀਤ ਦੀ ਵਰਤੋਂ ਨਵ-ਰਹੱਸਵਾਦੀ ਚੇਤਨਾ ਦਾ ਸੰਚਾਰ ਸਾਧਨ ਸਿੱਧ ਹੋਈ ਹੈ। ਦ੍ਰਿਸ਼, ਅਦ੍ਰਿਸ਼ ਪਾਤਰਾਂ ਨੂੰ ਕੀਤੀਆਂ ਸੰਬੋਧਨੀ ਸੁਰਾਂ ਨਵ-ਰਹੱਸਵਾਦ ਦੇ ਸੰਪੂਰਨ ਪ੍ਰਗਟਾ ਦਾ ਨਵ-ਰਹੱਸਵਾਦੀ ਮਾਧਿਅਮ ਬਣੀਆਂ ਹਨ। ਇਸੇ ਚੇਤਨਾ ਦਾ ਪ੍ਰਗਟਾਅ ਮਾਧਿਅਮ ਬਣੀਆਂ ਕਾਵਿ ਦੀਆਂ ਅਰਥ-ਵਿਮੁਕਤ ਇਕਾਈਆਂ (ਅਲੰਕਾਰ, ਬਿੰਬ, ਕਲਪਨਾ, ਪ੍ਰਤੀਕ, ਕਾਵਿ-ਭਾਸ਼ਾ ਆਦਿ) ਦੀ ਵਰਤੋਂ ਸਾਰਥਕ ਪੱਧਰ 'ਤੇ ਹੋਈ ਹੈ। ਕਵੀ ਦੀ ਵਿਕੋਲਿਤਰੀ ਵਿਸ਼ੇਸ਼ਤਾ ਨਵੀਨ ਵਿਧੀਆਂ ਰਾਹੀਂ ਭਾਵਾਂ ਦੇ ਕੀਤੇ ਸੰਪੂਰਨ ਸੰਚਾਰ ਦੀ ਹੈ।[6] ਅਜੋਕੇ ਯੁੱਗ ਵਿੱਚ ਹੋਈਆਂ ਖੋਜਾਂ ਤੇ ਨਵੇਂ ਸਿਧਾਤਾਂ ਕਾਰਨ ਮਨੁੱਖੀ ਦ੍ਰਿਸ਼ਟੀ ਵਿਚਲੇ ਬਦਲਾਵ ਸਦਕਾ ਪੁਰਾਤਨ ਰਹੱਸਵਾਦ ਨੇ ਆਧੁਨਿਕ ਸਮੇਂ ਵਿੱਚ ਨਵ-ਰਹੱਸਵਾਦ ਦਾ ਸਰੂਪ ਧਾਰਨ ਕਰ ਲਿਆ ਹੈ। ਕੋਈ ਵੀ ਵਾਦ ਜਾਂ ਵਿਚਾਰ ਖ਼ਲਾਅ ਦੀ ਉਪਜ ਨਹੀਂ ਹੁੰਦਾ। ਇਸ ਲਈ ਨਵ ਰਹੱਸਵਾਦ ਵੀ ਇੱਕ ਦਮ ਪੈਦਾ ਹੋਇਆ ਨਵੀਨ ਵਾਦ ਨਹੀਂ ਹੈ। ਸਗੋਂ ਇਸਦੇ ਬੀਜ ਪੁਰਾਤਨ ਵੈਦਿਕ ਕਾਲ ਦੇ ਰਹੱਸਵਾਦੀ ਸਾਹਿਤ ਵੇਦਾਂ, ਉਪਨਿਸ਼ਦਾਂ ਵਿੱਚ ਅਤੇ ਹੋਰ ਉਸੇ ਕਾਲ ਦੀਆਂ ਧਾਰਮਿਕ ਪੁਸਤਕਾਂ ਵਿੱਚ ਪਏ ਵੇਖੇ ਜਾ ਸਕਦੇ ਹਨ।[7]

ਨਵ-ਰਹੱਸਵਾਦ: ਭਾਰਤੀ ਪ੍ਰਸੰਗ[ਸੋਧੋ]

ਰਹੱਸਵਾਦ ਦੇ ਭਾਰਤੀ ਪ੍ਰਸੰਗ ਦਾ ਵਿਸਲੇਸ਼ਣ ਕਰਦਿਆਂ ਨਜ਼ਰੀ ਪੈਂਦਾ ਹੈ ਕਿ ਨਵ-ਰਹੱਸਵਾਦ ਦੇ ਅਜੋਕੇ ਸਰੂਪ ਲਈ ਸਹਾਈ ਬਣੇ ਕਾਰਨ ਬੀਜ ਰੂਪ ਵਿੱਚ ਵੈਦਿਕ ਕਾਲ 'ਚ ਹੀ ਦੇਖਣ ਨੂੰ ਮਿਲਦੇ ਹਨ ਭਾਰਤ ਵਿੱਚ ਰਹੱਸਵਾਦ ਨਾਲ ਸੰਬੰਧਤ ਪਹਿਲਾ ਲਿਖਤੀ ਸੋਮਾ 'ਵੇਦ' ਹਨ। ਵੈਦਿਕ ਰਿਸ਼ੀਆਂ ਨੇ ਪਰਮਤੱਤ ਦਾ ਪਰਿਚਯ ਸੂਰਜ-ਬ੍ਰਹਮ, ਅਗਨੀਂ-ਬ੍ਰਹਮ, ਪ੍ਰਾਣ ਬ੍ਰਹਮ, ਇੰਦ੍-ਬ੍ਰਹਮ, ਆਦਿ ਦੇ ਰੂਪ ਵਿੱਚ ਦਿੱਤਾ ਹੈ| ਵੈਦਿਕ ਰਹੱਸਵਾਦ ਕਰਮਕਾਂਡ ਪ੍ਰਧਾਨ ਰਹੱਸਵਾਦ ਸੀ| ਵੈਦਿਕ ਰਿਸ਼ੀ ਦੈਵੀ ਸ਼ਕਤੀਆਂ ਦੀ ਅਰਾਧਨਾ ਪਦਾਰਥਕ ਸੁੱਖ ਸ਼ਾਂਤੀ ਅਧੀਨ ਕਰਦੇ ਪ੍ਰਤੀਤ ਹੁੰਦੇ ਹਨ|[7]

ਨਵ-ਰਹੱਸਵਾਦ: ਪੱਛਮੀ ਪ੍ਰਸੰਗ[ਸੋਧੋ]

ਪੱਛਮੀ ਰਹੱਸਵਾਦ ਦਾ ਮੁੱਢ ਪ੍ਰਸਿੱਧ ਫਿਲਾਸਫਰ ਪੈਥਾਗੋਰਸ ਤੋਂ ਬੱਝਦਾ ਹੈ| ਇਹ ਰੇਖਾ ਗਣਿਤ ਅਤੇ ਖ਼ਗੋਲ ਦਾ ਚੰਗਾ ਜਾਣੂ ਸੀ| ਇਹ ਆਤਮਾ, ਆਵਾਗਮਨ ਅਤੇ ਤਪ ਕਰਨ ਵਿੱਚ ਯਕੀਨ ਰਖਦਾ ਸੀ| ਇਸ ਤੋਂ ਬਾਅਦ ਸੁਕਰਾਤ ਨੇ ਯੂਨਾਨ ਦੀਆਂ ਕੁਰੀਤੀਆਂ ਅਤੇ ਪਾਖੰਡਾਂ ਦਾ ਖੰਡਨ ਕੀਤਾ। ਓੁਹ ਗਿਆਨ ਦਾ ਪ੍ਰਚਾਰਕ ਸੀ। ਓੁਹ ਇਸ ਮੱਤ ਦਾ ਧਾਰਨੀ ਸੀ ਕਿ ਗਿਆਨ ਪ੍ਰਾਪਤੀ ਹਮੇਸ਼ਾ ਸੰਭਵ ਹੈ ਬਸ਼ਰਤੇ ਕਿ ਓੁਸ ਲਈ ਠੀਕ ਯਤਨ ਕੀਤਾ ਜਾਵੇ| ਓੁਹ ਗੱਲਾਂ ਜੋ ਮਨੁੱਖ ਦੀ ਸਮਝ ਵਿੱਚ ਆਈਆਂ ਹਨ ਓੁਹਨਾ ਦੀ ਪਰਖ ਤਜਰਬੇ ਨਾਲ ਕੀਤੀ ਜਾਵੇ। ਇਸ ਤਰ੍ਹਾਂ ਵਾਰ-ਵਾਰ ਪਰਖਣ ਨਾਲ ਮਨੁੱਖ ਸੱਚਾਈ ਦੇ ਭੇਤ ਨੂੰ ਜਾਣ ਸਕੇਗਾ|[8]

ਨਵ-ਰਹੱਸਵਾਦੀ ਦਿ੍ਸ਼ਟੀ[ਸੋਧੋ]

ਸਤਿ ਅਤੇ ਤਰਕ, ਆਧਆਤਮਿਕ ਅਤੇ ਵਿਗਿਆਨਿਕ ਨਜ਼ਰੀਏ ਦੇ ਤਣਾਓ ਨੇ ਮਨੁੱਖੀ ਦ੍ਰਿਸ਼ਟੀ ਨੂੰ ਨਵੀਨ ਚੇਤਨਾ ਪ੍ਰਦਾਨ ਕੀਤੀ ਹੈ ਜੋ ਕਿ ਨਵ-ਰਹੱਸਵਾਦ ਦਾ ਆਧਾਰ ਹੈ। ਮਨੁੱਖੀ ਸੁਭਾਅ ਆਪਣੀ ਬੁੱਧੀ ਸਦਕਾ ਆਲੇ-ਦੁਆਲੇ ਦੀ ਹਰ ਕਿਰਿਆ ਪ੍ਰਤੀਕਿਰਿਆ ਨੂੰ ਬੜੇ ਧਿਆਨ ਨਾਲ ਵਾਚਦਾ ਹੈ ਅਤੇ ਜੀਵਨ ਪ੍ਰਤੀ ਆਪਣਾ ਵਿਲੱਖਣ ਦ੍ਰਿਸ਼ਟੀਕੋਣ ਬਣਾਉਂਦਾ ਹੈ| ਸਮੇਂ ਦੇ ਬੀਤਣ ਨਾਲ ਓੁਸਦੀ ਸੋਚ ਵਿੱਚ ਪਰਿਵਰਤਨ ਵੀ ਵਾਪਰਦਾ ਰਹਿੰਦਾ ਹੈ। ਅਜਿਹਾ ਕਰਦੇ ਹੋਏ ਓੁਹ ਅਤੀਤ ਦੇ ਤਜਰਬੇ ਨੂੰ ਵੀ ਸਾਮਹਣੇ ਰੱਖਦਾ ਹੈ| ਇਸ ਤਰਾਂ ਓੁਸਦੀ ਤਾਰਕਿਕ ਸ਼ਕਤੀ ਦਾ ਵਿਕਾਸ ਹੁੰਦਾ ਰਹਿੰਦਾ ਹੈ। ਅਸਲ ਵਿੱਚ ਤਰਕ ਭਿੰਨ- ਭਿੰਨ ਤਜਰਬਿਆਂ ਰਾਹੀੰ ਉਪਜੇ ਭਿੰਨ-ਭਿੰਨ ਵਿਚਾਰਾਂ ਦਾ ਆਪਸੀ ਤਾਲਮੇਲ ਹੈ| ਇਸ ਦਾ ਮੁੱਖ ਕਾਰਨ ਕਾਰਣਿਕਤਾ ਦਾ ਨਿਯਮ ਹੈ| ਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਣ ਹੁੰਦਾ ਹੈ| ਜਦੋਂ ਮਨੁੱਖ ਘਟਨਾ ਦੇ ਕਾਰਨਾਂ ਨੂੰ ਜਾਣਨ ਦੀ ਚੇਸ਼ਟਾ ਕਰਨ ਲੱਗਾ ਤਾਂ ਤਰਕ ਦਾ ਵਿਕਾਸ ਹੋਇਆ। ਅਧਿਆਤਮਿਕ ਅਤੇ ਵਿਗਿਆਨਿਕ ਨਜ਼ਰੀਏ ਦਾ ਤਣਾਓ ਓੁਸ ਪੱਧਰ ਉੱਤੇ ਸਿਖਰ 'ਤੇ ਅੱਪੜਦਾ ਹੈ। ਜਦੋਂ ਵਿਗਿਆਨਿਕ ਨਜ਼ਰੀਏ ਦੀ ਹਾਮੀ ਭਰਦਾ ਆਧੁਨਿਕ ਮਨੁੱਖ ਘਟਨਾ ਦੇ ਕਾਰਨਾਂ ਨੂੰ ਜਾਣਨਾ ਹੀ ਨਹੀਂ ਸਗੋਂ ਪਰਖਣਾ ਲੋਚਦਾ ਹੈ ਪਰ ਅਧਿਆਤਮਕ ਨਜ਼ਰੀਏ ਦਾ ਮਾਲਕ ਹਰ ਘਟਨਾ ਦਾ ਕਾਰਨ ਅਕਾਲਪੁਰਖ ਨੂੰ ਪ੍ਰਵਾਨ ਕਰ ਲੈਂਦਾ ਹੈ।ਇਸੇ ਤਣਾਓ ਨੇ ਨਵੀਨ ਦਿ੍ਸ਼ਟੀ ਨੂੰ ਜਨਮ ਦਿੱਤਾ| ਕੁਲ ਮਿਲਾ ਕੇ ਇਸੇ ਨਵੀਨ ਦ੍ਰਿਸ਼ਟੀ ਤੋਂ ਨਵ-ਰਹੱਸਵਾਦ ਉਪਜਦਾ ਹੈ।[9] ਇਸ ਲਈ ਆਧੁਨਿਕ ਕਾਲ ਵਿੱਚ ਅਸੀਂ ਜਿਸ ਤਰਕ, ਬੁੱਧੀ, ਖੋਜ, ਵਿਗਿਆਨ ਅਤੇ ਸਿਧਾਂਤਾਂ ਨੂੰ ਨਵ ਰਹੱਸਵਾਦ ਦਾ ਵਿਕਾਸ-ਆਧਾਰ ਮਿਥਿਆ ਹੈ ਓੁਸਦੇ ਮੁੱਢਲੇ ਬੀਜ ਵੈਦਿਕ ਕਾਲ ਦੇ ਰਹੱਸਵਾਦ ਵਿੱਚ ਮੋਜੂਦ ਸਨ| ਪਰ ਸਮਾਂ ਪਾ ਕੇ ਵਿਕਸਿਤ ਹੋਏ ਸਿਧਾਂਤਾਂ ਅਤੇ ਖੋਜਾਂ ਦਾ ਜ਼ਿਕਰ ਕਰਨਾ ਇਥੇ ਜ਼ਰੂਰੀ ਜਾਪਦਾ ਹੈ ਜਿਹਨਾਂ ਨੇ ਨਵ-ਰਹੱਸਵਾਦ ਦੀ ਵਿਕਾਸ ਭੂਮੀ ਨੂੰ ਤਿਆਰ ਕੀਤਾ ਅਤੇ ਮਨੁੱਖ ਦੇ ਪੁਰਾਤਨ ਅਤਾਰਕਿਕ ਵਿਸ਼ਵਾਸ-ਪ੍ਰਬੰਧ ਦਾ ਖੰਡਨ ਕਰਕੇ ਨਵੀਨ ਬੌਧਿਕ ਵਿਸ਼ਵਾਸ-ਪ੍ਰਬੰਧ ਦੀ ਸਥਾਪਨਾ ਕੀਤੀ ਹੈ|[9]

ਲੱਛਣ[ਸੋਧੋ]

ਸਮੁੱਚੇ ਅਧਿਐਨ ਦੇ ਅਧਾਰ ਤੇ ਨਵ-ਰਹੱਸਵਾਦ ਦੇ ਸਰੂਪ ਦੇ ਕੁਝ ਨਿਖੜਵੇਂ ਲੱਛਣ ਸਾਹਮਣੇ ਆਉਂਦੇ ਹਨ ਜੋ ਇਸ ਤਰ੍ਹਾਂ ਹਨ: 1. ਨਵ-ਰਹੱਸਵਾਦੀ ਸਾਧਕ ਲਈ ਆਨੰਦ ਦੀ ਅਵਸਥਾ ਓੁਹ ਸਥਿਤੀ ਹੈ ਜਿਥੇ ਓੁਹ ਸੱਚ ਨੂੰ ਖੋਜ ਦੇ ਆਸਰੇ ਆਪਣੇ ਗਿਆਨ ਦਾ ਅੰਗ ਬਣਾ ਲੈਂਦਾ ਹੈ| ਇਸ ਗਿਆਨ ਦੇ ਦਾਇਰੇ ਵਿੱਚ ਸ਼ਾਮਿਲ ਸਚ ਨੂੰ ਹੀ ਨੇਕੀ ਗੀਤ ਆਖਦਾ ਹੈ ਅਤੇ ਗਿਆਨ ਦੇ ਦਾਇਰੇ ਤੋਂ ਬਾਹਰਲੇ ਸੱਚ ਨੂੰ ਸੰਸਾ ਆਖਦਾ ਹੈ| 2. ਨਵ-ਰਹੱਸਵਾਦੀ ਸਾਧਕ ਦੀ ਸਾਧਨਾ ਪੁਰਾਤਨ ਰਹੱਸਵਾਦੀ ਸਾਧਕ ਵਾਂਗ ਕੇਵਲ ਭਗਤੀ ਜਾਂ ਧਾਰਮਿਕ ਕਰਮ ਕਾਂਡ ਨਹੀਂ ਹਨ ਸਗੋਂ ਓੁਸ ਦਾ ਸਾਧਨ ਓੁਹ ਅੰਤਰ-ਦਿ੍ਸ਼ਟੀਆਂ ਹਨ ਜਿਹਨਾਂ ਵਿੱਚ ਗਿਆਨ, ਵਿਗਾਆਨ, ਮਨੋਵਿਗਿਆਨ, ਬੌਧਿਕਤਾ ਅਤੇ ਅਲੌਕਿਕ ਅਨੁਭਵ ਸ਼ਾਮਿਲ ਹਨ| 3. ਨਵ-ਰਹੱਸਵਾਦੀ ਸਾਧਕ ਦੀ ਮਨੋ-ਅਵਸਥਾ ਵਿੱਚ ਤਣਾਓ ਅਤੇ ਦੁਚਿਤੀਆਂ ਦੀ ਭਰਮਾਰ ਹੈ| ਓੁਹ ਸਹਿਜ ਗਿਆਨ ਪ੍ਰਾਪਤ ਸਾਧਕ ਵਾਂਗ ਇੱਕ ਚਿੱਤ ਨਹੀਂ ਹੁੰਦਾ ਸਗੋਂ ਦੁਬਿਧਾ ਦੀ ਹੋਂਦ ਹਮੇਸ਼ਾ ਭਾਰੂ ਰਹਿੰਦੀ ਹੈ| 4. ਪੂਰਬਲੇ ਕਰਮਾਂ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ ਸਗੋਂ ਚੰਗੇ/ਮਾੜੇ ਦੋਹਾਂ ਤਰ੍ਹਾਂ ਦੇ ਕਰਮਾਂ ਨੂੰ ਆਤਮਾ ਦਾ ਬੰਧਨ ਸਵੀਕਾਰ ਕੀਤਾ ਗਿਆ ਹੈ| 5. ਨਵ-ਰਹੱਸਵਾਦੀ ਸਾਧਕ ਸੁਰਤ ਨੂੰ ਅਭੇਦ ਕਰਨ ਦੀ ਬਜਾਏ ਚੇਤਨ ਕਰਨ ਤੇ ਬਲ ਦਿੰਦਾ ਹੈ| ਓੁਸ ਅਨੁਸਾਰ ਚੇਤਨਤਾ ਹੀ ਮੁਕਤੀ ਹੈ| 6. ਨਵੀਨ ਚੇਤਨਾ ਅਧੀਨ ਅਸੀਮ ਸੱਚ ਦੀ ਖੋਜ ਵੱਲ ਰੁਚੀ ਦੇ ਨਾਲ-ਨਾਲ ਪਦਾਰਥਕ ਵਰਤਾਰੇ ਦੇ ਸੱਚ ਨੂੰ ਵੀ ਬਿਆਨਿਆ ਹੈ| 7. ਪੁਰਾਣੇ ਵਿਚਾਰ-ਪ੍ਬੰਧ ਦਾ ਖੰਡਨ ਕੀਤਾ ਜਾਂਦਾ ਹੈ| 8. ਸੰਸਾਰ/ਜੀਵ ਉਤਪਤੀ ਆਦਿ ਸਿਧਾਂਤਾਂ ਦੀ ਵਿਆਖਿਆ ਪੁਰਤਾਨ-ਵਿਸ਼ਵਾਸ ਪ੍ਰਬੰਧ ਨਾਲੋਂ ਹੱਟ ਕੇ ਨਵੀਨ ਵਿਗਾਆਨਕ ਆਧਾਰਾਂ'ਤੇ ਕੀਤੀ ਗਈ ਹੈ| 9. ਮਾਨਵ ਨੂੰ ਇੱਕੋ ਜੋਤ ਖ਼ਿਆਲ ਕੀਤਾ ਗਿਆ ਹੈ| ਮਾਨਵਤਾ ਨੂੰ ਪਿਆਰ ਕਰਨ ਦੀ ਰੁਚੀ ਹੈ| ਇਸੇ ਕਰਕੇ ਸਾਇੰਸ ਦੇ ਓੁਹਨਾਂ ਤਰੀਕਿਆਂ ਦਾ ਖੰਡਨ ਕੀਤਾ ਹੈ ਜੋ ਮਨੁੱਖਤਾ ਦੇ ਘਾਣ ਦਾ ਸਮਾਨ ਸਿੱਧ ਹੋਏ ਹਨ| 10. ਪਰਮਾਤਮਾ ਦੀ ਹੋਂਦ ਨੂੰ ਮਾਣਿਆ ਜਾਂਦਾ ਹੈ| 11. ਧਾਰਮਿਕ ਪੱਧਰ ਤੇ ਕੋਰੇ ਕਰਮਕਾਂਡਾ ਦਾ ਵਿਰੋਧ ਕੀਤਾ ਜਾਂਦਾ ਹੈ| 12. ਆਪਣੀ ਗੱਲ ਦੀ ਪ੍ਰੋੜਤਾ ਲਈ ਮਿਥਿਹਾਸਕ ਹਵਾਲੇ ਪ੍ਸ਼ਨਾਤਮਕ ਵਿਧੀ ਰਾਹੀਂ ਦਿੱਤੇ ਜਾਂਦੇ ਹਨ| 13. ਸਿਧਾਂਤਾਂ ਦਾ ਵਿਸ਼ਲੇਸ਼ਣ ਬੌਧਿਕ ਪੱਧਰ ਤੇ ਵਿਗਿਆਨਕ ਨਜ਼ਰੀਏ ਤੋਂ ਕੀਤਾ ਜਾਂਦਾ ਹੈ| 14. ਬੌਧਿਕਤਾ ਦੀ ਭਰਮਾਰ ਕਰਕੇ ਬਿੰਬ ਅਤੇ ਪ੍ਰਤੀਕ ਵੀ ਵਿਗਿਆਨ ਹੋ ਜਾਂਦੇ ਹਨ| 15. ਮਾਨਸਿਕ ਅਵਸਥਾ ਦਾ ਵਰਣਨ ਕਰਨ ਲਈ ਮਨੋਵਿਗਿਆਨ ਨੂੰ ਆਧਾਰ ਬਣਾਇਆ ਗਿਆ ਹੈ| ਸਪਸ਼ਟ ਹੈ ਕਿ ਵਿਗਿਆਨ ਨਵ-ਰਹੱਸਵਾਦ ਵਿੱਚ ਇੱਕ ਅਜਿਹੀ ਕੜੀ ਹੈ ਜੋ ਰਹੱਸਵਾਦ ਤੋਂ ਬਾਅਦ ਮਨੁੱਖੀ ਚੇਸ਼ਟਾ ਦਾ ਵਿਸ਼ਾ ਬਣੇ ਹਰ ਰਹੱਸ ਨੂ ਸਮਝਣ ਲਈ ਸਹਾਇਤਾ ਕਰਦਾ ਹੈ| ਸੰਸਾਰ ਦਾ ਹਰੇਕ ਧਰਮ ਵੀ ਰਹੱਸ ਦੇ ਸਰੂਪ ਨੂੰ ਸਮਝਣ ਦਾ ਇੱਕ ਮਾਰਗ ਮਾਤਰ ਹੈ| ਆਈਨਸਟਾਈਨ ਦਾ ਇਹ ਕਥਨ ਨਵ-ਰਹੱਸਵਾਦ ਦੇ ਓੁਸ ਪੜਾਅ ਦੀ ਪੇਸ਼ਕਾਰੀ ਕਰਦਾ ਹੈ ਜਿਥੇ ਵਿਗਿਆਨ ਅਤੇ ਰਹੱਸਵਾਦ ਆਪਸ ਵਿੱਚ ਮਿਲ ਜਾਂਦੇ ਹਨ| ਸਹੀ ਅਰਥਾਂ ਵਿੱਚ ਸਹਿਜ-ਅਨੁਭਵ ਅਤੇ ਵਿਗਿਆਨ ਦਾ ਸੁਮੇਲ ਹੀ ਨਵ-ਰਹੱਸਵਾਦ ਹੈ|[10]

ਹਵਾਲੇ[ਸੋਧੋ]

  1. ਡਾ.ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.13
  2. ਡਾ. ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.8,
  3. ਡਾ. ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.21-22
  4. ਡਾ. ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.22
  5. ਡਾ. ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.23
  6. ਡਾ. ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.9-10
  7. 7.0 7.1 ਡਾ. ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.14
  8. ਡਾ. ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.17
  9. 9.0 9.1 ਡਾ. ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.18
  10. ਡਾ. ਪਰਮਜੀਤ ਕੌਰ, ਨਵ ਰਹੱਸਵਾਦ ਤੇ ਨੇਕੀ ਪੰਨਾ ਨੰ.29-30