ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੰਸਾਰ ਵਿੱਚ ਕੁਝ ਧਾਰਮਿਕ ਕਰਮਕਾਂਡ
ਵਿਸ਼ਵ ਦੇ ਧਾਰਮਿਕ ਚਿੰਨ੍ਹਾਂ

ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸਭਿਆਚਾਰ ਸੰਸਥਾ ਹੈ, ਜਿਹੜੀ ਹੋਰ ਹਰ ਸੰਸਥਾ ਵਾਂਗ ਜੀਵਨ ਦੇ ਵਿਸ਼ੇਸ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ।

ਸਭਿਆਚਾਰ ਅਤੇ ਧਰਮ ਆਪਸ ਵਿੱਚ ਅੰਤਰ ਸੰਬੰਧਤ ਹਨ। ਭਾਵੇਂ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਬਿਨ੍ਹਾਂ ਰਾਜ ਹੋ ਸਕਦਾ ਹੈ ਪਰ ਰਾਜ ਬਿਨ੍ਹਾਂ ਧਰਮ ਨਹੀਂ ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਰਾਜ ਅਜਿਹਾ ਨਹੀਂ ਹੋਵੇਗਾ ਜਿੱਥੋਂ ਦੇ ਲੋਕਾਂ ਦੇ ਕੁੱਝ ਵਿਸ਼ਵਾਸ਼ ਨਾ ਹੋਣ ਇਹ ਵਿਸ਼ਵਾਸ ਹੀ ਧਰਮ ਦਾ ਆਧਾਰ ਹੁੰਦੇ ਹਨ। ਧਰਮ ਉਹ ਸੰਸਥਾ ਹੈ ਜੋ ਕਿਸੇ ਸਭਿਆਚਾਰ ਵਿੱਚ ਰਹਿਣ ਲਈ ਜੀਵ ਨੂੰ ਨੈਤਿਕ ਗੁਣ ਸਿਖਾਉਦਾ ਹੈ ਤੇ ਇਹ ਨੈਤਿਕ ਗੁਣ ਉਸ ਸਭਿਆਚਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ ਪਰ ਇਹ ਨੈਤਿਕ ਕਰਤੱਵ ਜੋ ਧਰਮ ਸਿਖਾਉਦਾਂ ਹੈ ਇਹ ਸਥਾਨਿਕ ਸਭਿਆਚਾਰ ਤੋ ਹੀ ਜਨਮ ਲੈਦੇ ਹਨ ਭਾਵ ਕੋਈ ਵੀ ਧਰਮ ਉੱਥੋ ਦੇ ਸਮਾਜ ਜਾਂ ਸਭਿਆਚਾਰ ਦੇ ਅਨੁਕੂਲ ਹੋਵੇਗਾ ਤੇ ਇਹ ਨੈਤਿਕ ਗੁਣ ਜਾਂ ਪੱਖ ਉਸ ਧਰਮ ਵਿਚੋਂ ਨਿਕਲਦੇ ਹਨ ਜੋ ਮੂਲ ਰੂਪ ਵਿੱਚ ਉੱਥੋ ਦੇ ਸਭਿਆਚਾਰ ਦੇ ਹੀ ਚੰਗੇ ਪੱਖ ਜਾਂ ਗੁਣ ਹੁੰਦੇ ਹਨ।

ਸੰਸਾਰ ਵਿੱਚ ਹਰ ਥਾਂ ਤੇ ਅਲੱਗ ਅਲੱਗ ਸਭਿਆਚਾਰ ਤੇ ਧਰਮ ਪਾਏ ਜਾਂਦੇ ਹਨ ਜਿਨ੍ਹਾਂ ਦੇ ਆਪਣੇ ਅਲੱਗ ਅਲੱਗ ਨਿਯਮ ਹੋਣਗੇ। ਤੇ ਇਹ ਦੋਵੇਂ ਇੱਕ ਦੂਜੇ ਨਾਲ ਅੰਤਰ ਸੰਬੰਧਤ ਹੁੰਦੇ ਹਨ। ਭਾਵ ਹਰੇਕ ਸਭਿਆਚਾਰ ਉੱਥੋਂ ਦੇ ਧਰਮ ਦਾ ਸਰੂਪ ਨਿਸ਼ਚਿਤ ਕਰਦਾ ਹੈ ਤੇ ਹਰ ਧਰਮ ਉੱਥੋ ਦੇ ਸਭਿਆਚਾਰ ਦੇ ਸਰੂਪ ਤੇ ਆਪਦਾ ਪ੍ਰਭਾਵ ਪਾਉਂਦਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ’ਤੇ ਅਸੀਂ ਦੇਖੀਏ ਤਾਂ ਭਾਰਤੀ ਪੰਜਾਬ ਵਿੱਚ ਸਿੱਖ ਧਰਮ ਬਹੁ ਗਿਣਤੀ ਦਾ ਧਰਮ ਹੈ ਤੇ ਜਿਸ ਦੇ ਪ੍ਰਭਾਵ ਸਦਕਾ ਇੱਥੋ ਦਾ ਹਿੰਦੂ ਧਰਮ ਵੀ ਹਰਿਦੁਆਰ ਦੇ ਹਿੰਦੂ ਧਰਮ ਦੇ ਮੁਕਾਬਲੇ ਵਿੱਚ ਕਾਫੀ ਅਲੱਗ ਪ੍ਰਤੀਤ ਹੁੰਦਾ ਹੈ ਭਾਵੇ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਇਹ ਸਭ ਇੱਥੋਂ ਦੇ ਸਭਿਆਚਾਰ ਤੇ ਉਹਨਾਂ ਦੇ ਵਿਸ਼ੇਸ ਵਿਸਵਾਸਾਂ ਕਰਕੇ ਹੈ। ਇਸੇ ਤਰ੍ਹਾਂ ਇੱਕ ਭਾਰਤੀ ਪੰਜਾਬ ਦੇ ਸਿੱਖ ਤੇ ਇੱਕ ਵਿਦੇਸੀ ਸਿੱਖ ਦੇ ਰਹਿਣ ਸਹਿਣ ਵਿੱਚ ਵੀ ਫਰਕ ਹੋਵੇਗਾ ਭਾਵੇਂ ਇਹਨਾਂ ਦੇ ਵੀ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ।

ਸਭਿਆਚਾਰ ਅਤੇ ਧਰਮ[ਸੋਧੋ]

‘ਸਭਿਆਚਾਰ ਵਾਂਗ ਹੀ ਧਰਮ ਵੀ ਜਟਿਲ ਅਤੇ ਵਿਆਪਕ ਅਰਥਾਂ ਦਾ ਵਾਚਕ ਹੈ। ਮੁੱਢਲੇ ਕਾਲ ਦੇ ਮਾਨਵ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪ੍ਰਕਿਰਤੀ ਹੀ ਸੀ। ਪ੍ਰਕਿਰਤੀ ਇਕੋ ਸਮੇਂ ਮਨੁੱਖ ਦੇ ਸਾਹਮਣੇ ਦੋ ਰੂਪਾਂ ਵਿਚ ਮੌਜੂਦ ਸੀ, ਅਰਥਾਤ ਮਨੁੱਖ ਦੀ ਪੈਦਾਵਾਰ ਜੇ ਪ੍ਰਾਕਿਰਤਿਕ ਕਾਰਨਾਂ ਤੇ ਨਿਰਭਰ ਕਰਦੀ ਹੈ ਤਾਂ ਉਸ ਦੇ ਵਿਨਾਸ਼ ਦਾ ਕਾਰਨ ਵੀ ਪ੍ਰਾਕਿਰਤੀ ਹੀ ਬਣਦੀ ਹੈ। ਪ੍ਰਕਿਰਤੀ ਦੇ ਵਿਨਾਸ਼ਕਾਰੀ ਰੂਪ ਤੋਂ ਮਨੁੱਖ ਹਮੇਸ਼ਾਂ ਭੈਭੀਤ ਰਿਹਾ ਹੈ। ਇਹੋ ਕਾਰਨ ਹੈ ਕਿ ਮਨੁੱਖੀ ਕਲਪਨਾ ਅਤੇ ਵਿਸ਼ਵਾਸ ਨੇ ਪ੍ਰਕਿਰਤੀ ਦੇ ਮਾਰੂ ਪ੍ਰਭਾਵ ਨੂੰ ਭੂਤ, ਪ੍ਰੇਤ, ਜਿੰਨ, ਚੁੜੇਲ ਅਤੇ ਰਾਖਸਾਂ ਦੇ ਵਿਭਿੰਨ ਰੂਪਾਂ ਦਾ ਦਰਜਾ ਦੇ ਦਿੱਤਾ। ਪਰੰਤੂ ਨਾਲ ਪ੍ਰਕਿਰਤੀ ਮਨੁੱਖ ਲਈ ਉਸਾਰੂ ਕਾਰਜ ਵੀ ਕਰਦੀ ਰਹੀ ਹੈ। ਧੁਪ, ਹਵਾ, ਪਾਣੀ, ਅੱਗ ਅਨਾਜ ਇਹ ਮਨੁੱਖ ਨੂੰ ਜੀਵਤ ਰੱਖਣ ਲਈ, ਲਾਜ਼ਮੀ ਤੱਤ ਹਨ। ਇਸ ਕਰਕੇ ਇਹਨਾ ਨੂੰ ‘ਦੇਵ’ ਸ਼ਰੇਣੀ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ‘ਦੇਵ’ ਸ਼ਰੇਣੀ ਦਾ ਵਿਕਸਤ ਰੂਪ ਹੀ ਧਰਮ ਦਾ ਬੁਨਿਆਦੀ ਨੁਕਤਾ ਹੈ। ਪ੍ਰਕਿਰਤੀ ਦੇ ਉਸਾਰੂ ਪੱਖ ਨੂੰ ਮਨੁੱਖ ਦੈਵੀ ਸ਼ਕਤੀਆਂ ਦਾ ਰੂਪ ਮੰਨਦਾ ਹੈ।’1 “ਧਰਮ ਦਾ ਵਿਸ਼ਲੇਸ਼ਣ ਕੀਤੀਆਂ, ਇਸ ਦੇ ਤਿੰਨ ਪੱਖ ਉਘੜ ਕੇ ਸਾਮਹਣੇ ਆਉਂਦੇ ਹਨ:-

  • 1. ਇਹ ਕਈ ਸੰਸਾਰ-ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ,
  • 2. ਇਸ ਦ੍ਰਿਸ਼ਟੀਕੋਣ ਅਨੁਸਾਰ ਇਹ ਵਿਹਾਰ ਦੇ ਨਿਯਮ ਘੜਦਾ ਹੈ,
  • 3. ਅਤੇ ਇਹ ਇਕ ਸੰਗਠਨ ਪੇਸ਼ ਕਰਦਾ ਹੈ, ਜਿਹੜਾ ਹੋਰਨਾਂ ਕਾਰਜਾਂ ਤੋਂ ਇਲਾਵਾ ਆਪਣੇ ਅਨੁਆਈਆਂ ਵਿਚ ਸਾਂਝ ਅਤੇ ਇਕਮਿਕਤਾ ਪੈਦਾ ਕਰਦਾ ਹੈ।

ਇਹ ਤਿੰਨੇ ਹੀ ਪੱਖ ਮੁੱਖ ਤੌਰ ਉ-ੱਤੇ ਸਭਿਆਚਾਰ ਦੇ ਬੋਧਾਤਮਕ ਅਤੇ ਪ੍ਰਤਿਮਾਨਕ ਅੰਗਾਂ ਨਾਲ ਸੰਬੰਧ ਰੱਖਦੇ ਹਨ।”2 ‘ਧਰਮ ਨੂੰ ਕਈ ਵਾਰੀ ਸਭਿਾਅਚਾਰ ਦਾ ਸਮਾਨਾਰਥੀ ਇਸ ਦਾ ਜਨਮਦਾਤਾ ਇਸ ਦਾ ਆਧਾਰ ਜਾਂ ਇਸ ਦੀ ਚਾਲਕਸ਼ਕਤੀ ਦੱਸਿਆ ਜਾਂਦਾ ਹੈ। ਪਰ ਅਸਲ ਵਿੱਚ ਧਰਮ ਆਪ ਇੱਕ ਸਭਿਆਚਾਰਕ ਸਿਰਜਣਾ ਹੈ। ਇਸ ਦੇ ਚਿੰਤਨ ਦਾ ਪਿੜ੍ਹ ਕਿਉਂਕਿ ਇਸਦੇ ਵਰਤਾਰਿਆ ਦੇ ਅਣਜਾਤੇ ਅਤੇ ਅਗਿਆਤ ਖੇਤਰ ਹਨ, ਜਾਂ ਫਿਰ ਜੀਵਨ ਦੇ ਉਹ ਖੇਤਰ ਹਨ ਜਿਨ੍ਹਾਂ ਵਿਚ ਅਨਿਸਚਿਤਤਾ ਪਾਈ ਜਾਂਦੀ ਹੈ, ਜਿਹੜੀ ਮਨੁੱਖੀ ਦੁਬਿਧਾ ਅਤੇ ਕਿਸੇ ਅਟੱਲ ਮੁਸੀਬਤ ਦੇ ਲਟਕਵੇਂ ਡਰ ਦਾ ਆਧਾਰ ਵੀ ਬਣੀ ਰਹਿੰਦੀ ਹੈ, ਇਸ ਲਈ ਮਨੁੱਖੀ ਵਿਕਾਸ ਦੇ ਪਹਿਲੇ ਪੜਾਵਾਂ ਉ-ੱਤੇ ਧਰਮ ਜਿੰਦਗੀ ਜਿੰਨਾ ਹੀ ਸਰਬ-ਵਿਆਪਕ ਹੁੰਦਾ ਹੈ।ਉਦੋਂ ਅਜੇ ਜ਼ਿੰਦਗੀ ਦਾ ਹਰ ਖੇਤਰ ਹੀ ਅਣਗਾਹਿਆ ਅਤੇ ਅਣਜਾਤਾ ਹੁੰਦਾ ਹੈ ਅਤੇ ਨਿੱਕੀ ਤੋਂ ਲੈ ਕੇ ਵੱਡੀ ਤੱਕ ਹਰ ਮੁਸੀਬਤ ਬਿਨਾਂ ਕਿਸੇ ਕਾਰਨ ਮਨੁੱਖ ਨੂੰ ਸ਼ਿਕਾਰ ਬਣਾਉਣ ਬਈ ਗੈਬੋਂ ਉਤਰ ਆਉਂਦੀ ਹੈ। ਮਨੁੱਖ ਤੋਂ ਪ੍ਰਬਲ ਹੋਣ ਦੇ ਨਾਂਤੇ ਇਸ ਦਾ ਪੂਜਿਆ ਅਤੇ ਰੀਝਾਇਆ ਜਾਣਾ ਜ਼ਰੂਰੀ ਹੋ ਜਾਂਦਾ ਹੈ ਇਹੋ ਹੀ ਉਸ ਦੇ ਕਹਿਰ ਤੋਂ ਬਚਣ ਦਾ ਇਕੋ ਇਕ ਰਾਹ ਹੁੰਦਾ ਹੈ।’2

ਧਰਮ ਦੀ ਹੋਂਦ[ਸੋਧੋ]

“ਧਰਮ ਦੀ ਹੋਂਦ ਪੂਰਵ ਇਤਿਹਾਸਕ ਕਾਲ ਵਿਚ ਵੀ ਮਿਲਦੀ ਹੈ। ਨਵੀਨ ਖੋਜ ਨੇ ਇਹ ਪੂਰੀ ਤਰ੍ਹਾਂ ਸਾਬਤ ਕਰ ਦਿੱਤਾ ਹੈ ਕਿ ਆਰੀਆ ਲੋਕਾਂ ਤੋਂ ਪਹਿਲਾਂ ਵੀ ਇਸ ਧਰਤੀ ਉ-ੱਤੇ ਵਸਦੀਆਂ ਦਰਾਵੜ ਅਤੇ ਕੋਲ ਜਾਤੀਆਂ ਵਿੱਚ ਧਰਮ ਅਤੇ ਧਾਰਮਿਕ ਭਾਵਨਾਵਾਂ ਪੂਰੀ ਤਰ੍ਹਾਂ ਪ੍ਰਚਲਿਤ ਸਨ। ਹੜੱਪਾ ਮਹਿੰਜੋਦੜੋ ਆਦਿ ਸਥਾਨਾਂ ਤੇ ਹੋਈ ਖੁਦਾਈ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਮਾਧੀ ਵਿਚ ਬੈਠਾ ਵਿਅਕਤੀ ਮੰਦਰ, ਸਰੋਵਰ, ਪੂਜਾ, ਮੁਦਰਾਵਾਂ ਅਸਲ ਵਿੱਚ ਮੁੱਢਲੇ ਧਰਮ ਦੇ ਹੀ ਚਿੰਨ੍ਹ ਹਨ। ਮ੍ਰਿਤਕ ਸਰੀਰਾਂ ਦਾ ਕਬਰਾਂ ਵਿਚ ਦਫਨਾਏ ਜਾਣਾ, ਮ੍ਰਿਤਕ ਸਰੀਰ ਨਾਲ ਅਨੇਕ ਵਸਤਾਂ ਦਾ ਰੱਖੇ ਜਾਣਾ ਵੀ ਇਸ ਗੱਲ ਦਾ ਸੰਕੇਤ ਮਾਤਰ ਹੈ ਕਿ ਦਰਾਵੜ ਲੋਕ ਜ਼ਿੰਦਗੀ, ਮੌਤ ਉਪਰੰਤ ਜਿੰਦਗੀ ਬਾਰੇ ਵੀ ਵਿਚਾਰ ਰੱਖਦੇ ਹਨ।”1 “ਆਰੀਆ ਜਾਤੀ ਦੀਆਂ ਅਨੇਕਾਂ ਧਾਰਮਿਕ ਰਸਮਾਂ ਅਤੇ ਪੂਜਾ ਵਿਧੀਆਂ ਦਾ ਮੂਲ ਦਰਾਵੜ ਜਾਤੀ ਨਾਲ ਜੁੜਦਾ ਹੈ। ਦਰਾਵੜ ਦਾ ਵਿਸ਼ਵਾਸ ਸੀ ਕਿ ਮੌਤ ਤੋਂ ਮਗਰੋਂ ਰੂਹਾਂ ਰੁੱਖਾਂ ਪੰਖੇਰੂਆਂ ਜਾਂ ਡੰਗਰਾਂ ਵਿਚ ਚਲੀਆਂ ਜਾਂਦੀਆਂ ਹਨ। ਆਰੀਆਂ ਲੋਕਾਂ ਨੇ ਇਸੇ ਸੰਕਲਪ ਵਿਚ ਥੋੜ੍ਹੀ ਜਿੰਨੀ ਸੋਧ ਕਰਕੇ ਇਹ ਧਾਰਨਾ ਬਣਾ ਲਈ ਕਿ ਰੂਹ ਪਿਛਲੇ, ਜਨਮ ਦੇ ਫਲਸਰੂਪ ਹੀ ਨਵਾਂ ਸਰੀਰ ਧਾਰਨ ਕਰਦੀ ਹੈ। ਜਨਮ ਮਰਨ ਦੇ ਸੰਕਟ ਤੋਂ ਮੁਕਤ ਹੋਣ ਲਈ ਆਰੀਆ ਲੋਕਾਂ ਨੇ ‘ਮੁਕਤੀ’ ਦਾ ਸੰਕਲਪ ਅਪਣਾਇਆ ਹੌਲੀ-ਹੌਲੀ ਧਰਮ ਅਰਥ, ਕਾਮ, ਮੋਖ ਭਾਰਤੀ ਸਭਿਆਚਾਰ ਦੇ ਬੁਨਿਆਦੀ ਤੱਤ ਬਣ ਗਏ। ਦਰਾਵੜ ਭੂਤ, ਪ੍ਰੇਤ, ਪਿਸਾਚਾਂ ਅਤੇ ਰਾਖਸਾਂ ਤੇ ਦੂਜੀਆਂ ਬਦਰੂਹਾਂ ਨੂੰ ਵੀ ਮੰਨਦੇ ਸਨ ਅਤੇ ਦੈਵੀ ਸ਼ਕਤੀਆਂ ਨੂੰ ਪ੍ਰਸੰਨ ਕਰਨ ਲਈ ਉਹ ਪੂਜਾ ਕਰਦੇ ਸਨ। ਪਰ ਕੁੱਲ ਮਿਲਾ ਕੇ ਇਹ ਸਾਰੇ ਲੋਕ ਧਰਮ ਦਾ ਹੀ ਰੂਪ ਸਨ ਵਿਸ਼ਿਸਟ ਧਰਮ ਦੇ ਲੱਛਣ ਸਾਨੂੰ ਆਰੀਆ ਜਾਤੀ ਦੇ ਸਥਾਪਤ ਹੋਣ ਤੋਂ ਮਗਰੋਂ ਹੀ ਲੱਭਦੇ ਸਨ।”1

ਵਿਸ਼ਿਸਟ ਧਰਮ[ਸੋਧੋ]

‘ਵਿਸ਼ਿਸਟ ਧਰਮ’ ਜਾਂ ਸਥਾਈ ਧਰਮ ਤੋਂ ਭਾਵ ਧਰਮ ਦੇ ਉਸ ਰੂਪ ਤੋਂ ਹੈ ਜਿਸ ਦੀ ਸਥਾਪਨਾ ਕਿਸੇ ਵਿਅਕਤੀ/ਵਰਗ ਵੱਲੋਂ ਕੀਤੀ ਜਾਂਦੀ ਹੈ। ਹਰ ਵਿਸ਼ਿਸਟ ਧਰਮ ਦੀ ਆਪਣੀ ਵਖਰੀ ਵਿਚਾਰਧਾਰਾ ਹੁੰਦੀ ਹੈ। ਵਿਸ਼ਿਸਟ ਧਰਮ ਦਾ ਕੋਈ ਨਾਮ ਹੁੰਦਾ ਹੈ- ਜਿਵੇਂ ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ, ਇਸਲਾਮ ਧਰਮ ਅਤੇ ਸਿੱਖ ਧਰਮ ਆਦਿ।’1 “ਲੋਕ ਨੂੰ ਬੁਜਾਰੀ ਵਰਗ ਵੱਲੋਂ ਬੈਕੁੰਠ ਪ੍ਰਾਪਤ ਕਰਨ ਲਈ ਅਤੇ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਜੋ ਵੀ ਦੱਸਿਆ ਜਾਂਦਾ ਹੈ ਉਹ ਹੀ ਵਿਸ਼ਿਸਟ ਧਰਮ ਹੈ। ਵਿਸ਼ਿਸਟ ਧਰਮ ਦੀ ਇਕ ਹੋਰ ਵਿਸ਼ੇਸਤਾ ਇਹ ਹੈ ਕਿ ਇਸ ਦੇ ਨਿਯਮ ਮਨਾਹੀਆ ਅਤੇ ਹਿਦਾਇਤਾਂ ਲਿਖਤੀ ਰੂਪ ਵਿਚ ਸੁਰੱਖਿਅਤ ਹੁੰਦੀਆਂ ਹਨ।”3

ਲੋਕ ਧਰਮ[ਸੋਧੋ]

“ਲੋਕ ਧਰਮ ਵਿਸ਼ਿਸਟ ਧਰਮ ਤੋਂ ਵੱਖਰਾ ਸੰਕਲਪ ਹੈ। ਇਸ ਵਿੱਚ ਲੋਕ ਧਰਮ ਜੀਵਨ ਦੀਆਂ ਅਨੇਕਾਂ ਆਪ ਮੁਹਾਰੀਆਂ ਲਹਿਰਾਂ ਦੀ ਝਲਕ ਹੁੰਦੀ ਹੈ। ਵਹਿਮ ਭਰਮ ਅਤੇ ਲੋਕ ਵਿਸ਼ਵਾਸ ਲੋਕ ਧਰਮ ਦਾ ਆਧਾਰ ਹੁੰਦੇ ਹਨ।”1 “ਮਨੁੱਖ ਦਾ ਪਹਿਲਾ ਅਨੁਮਾਨ ਹੈ ਕਿ ਇਹ ਸੰਸਾਰ ਕਿਸੇ ਦੈਵੀ ਸ਼ਕਤੀ ਦੀ ਸਿਰਜਣਾ ਹੈ ਤੇ ਉਹ ਇਸਦਾ ਸੰਚਾਲਨ ਕਰਦੀ ਹੈ। ਮਨੁੱਖ ਸਿਰਫ਼ ਉਸ ਦੈਵੀ ਸ਼ਕਤੀ ਦੀ ਇੱਛਾ ਅਨੁਸਾਰ ਹੀ ਕੰਮ ਕਰਦਾ ਹੈ ਜੇਕਰ ਦੈਵੀ ਸ਼ਕਤੀ ਪ੍ਰਸ਼ਨ ਹੈ ਤਾਂ ਮਨੁੱਖ ਸੁੱਖੀ ਹੈ ਜੇਕਰ ਦੇਵੀ ਸ਼ਕਤੀ ਕਰੋਧ ’ਚ ਹੈ ਤਾਂ ਮਨੁੱਖ ਦੁੱਖੀ ਹੈ। ਇਸ ਦੈਵੀ ਸ਼ਕਤੀ ਦੀ ਤਲਾਸ਼ ਕਰਨ ਲਈ ਇਸਦੇ ਲੱਛਣਾ ਨੂੰ ਸਮਝਣ ਲਈ, ਮਨੁੱਖ ਨੂੰ ਸੁਖੀ ਕਰਨ ਲਈ, ਦੈਵੀ ਸ਼ਕਤੀ ਨੂੰ ਪ੍ਰਸੰਨ ਕਰਨ ਲਈ ਅਤੇ ਮੌਤ ਦਾ ਭੈ ਦੂਰ ਕਰਕੇ ਅਮਰ ਹੋਣ ਲਈ, ਇੱਕ ਪੂਰੇ ਵਿਧੀ ਵਿਧਾਨ ਨੇ ਜਨਮ ਲਿਆ ਜਿਸ ਨੂੰ ਧਰਮ ਕਿਹਾ ਜਾਂਦਾ ਹੈ। ਧਰਮ ਚੇਤਨ ਪੱਧਰ ਤੇ ਵੀ ਹੁੰਦਾ ਹੈ ਅਤੇ ਲੋਕ ਪੱਧਰ ਤੇ ਵੀ। ਲੋਕ ਆਪਣੇ ਕਿੱਤੇ ਸੰਬੰਧੀ, ਆਪਣੀ ਉਤਪਤੀ ਸੰਬੰਧੀ ਕੀ ਵਿਸ਼ਵਾਸ ਕਰਦੇ ਹਨ, ਇਹ ਲੋਕ ਧਰਮ ਹੈ।”3 “ਧਰਮ ਦੇ ਇਹ ਦੋਵੇਂ ਰੂਪ ਸਭਿਆਚਾਰ ਦੇ ਮਹੱਤਵਪੂਰਨ ਪੱਖ ਤਾਂ ਹਨ ਪਰ ਇਹ ਸਭਿਆਚਾਰ ਦੇ ਸਮਾਨਾਰਥੀ ਨਹੀਂ ਹਨ। ਨਾ ਹੀ ਕੋਈ ਧਰਮ ਕਿਸੇ ਸਭਿਆਚਾਰ ਦਾ ਇਕੋ ਇਕ ਨਿਰਧਾਰਨੀ ਤੱਤ ਹੁੰਦਾ ਹੈ।” “ਧਰਮ ਮਨੁੱਖ ਦੀ ਸਭਿਆਚਾਰਕ ਪ੍ਰਾਪਤੀ ਹੈ। ਕਿਸੇ ਇਕੋ ਸਭਿਆਚਾਰ ਅੰਦਰ ਅਨੇਕਾਂ ਧਰਮ ਪਲ੍ਹਰ ਸਕਦੇ ਹਨ ਪਰ ਕਿਸੇ ਇਕ ਧਰਮ ਵਿੱਚ ਵੱਖ-ਵੱਖ ਸਭਿਆਚਾਰਾਂ ਦੇ ਸਮੁੱਚੇ ਰੂਪ ਸਮਾ ਸਕਣ, ਇਹ ਸੰਭਵ ਨਹੀਂ ਹੈ। ਧਰਮ ਅਤੇ ਸਭਿਆਚਾਰ ਦੋਵੇਂ ਪਰਿਵਰਤਨਸ਼ੀਲ ਹਨ। ਦੋਵੇਂ ਇੱਕ ਦੂਜੇ ਨੂੰ ਘੱਟ ਜਾਂ ਵੱਧ ਮਾਤਰਾ ਵਿੱਚ ਪ੍ਰਭਾਵਿਤ ਕਰਦੇ ਹਨ। ਪੁਰਾਤਨ ਸਭਿਆਚਾਰ ਉ-ੱਤੇ ਧਰਮ ਦਾ ਵਧੇਰੇ ਪ੍ਰਭਾਵ ਹੋਣ ਕਰਕੇ ਭਾਰਤੀ ਸਭਿਆਚਾਰ ਦਾ ਸਰੂਪ ਅਧਿਆਤਮਵਾਦੀ ਸੀ, ਪਰੰਤੂ ਆਧੁਨਿਕ ਸਮੇਂ ਵਿੱਚ ਪੱਛਮੀ ਪ੍ਰਭਾਵ ਅਧੀਨ ਭਾਰਤੀ ਸਭਿਆਚਾਰ ਵੀ ਭੌਤਿਕ ਲੱਛਣਾਂ ਵਾਲਾ ਹੁੰਦਾ ਜਾ ਰਿਹਾ ਹੈ।”1

ਹਵਾਲੇ[ਸੋਧੋ]

[੧]

  1. 1. ਸਭਿਆਚਾਰ ਸਿਧਾਂਤ ਤੇ ਵਿਚਾਰ, ਜੀਤ ਸਿੰਘ ਜੋਸ਼ੀ 2. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ, ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਂਕ 3. ਲੋਕਧਾਰਾ ਭਾਸ਼ਾ ਤੇ ਸਭਿਆਚਾਰ, ਡਾ. ਭੂਪਿੰਦਰ ਸਿੰਘ ਖਹਿਰਾ