ਸਮੱਗਰੀ 'ਤੇ ਜਾਓ

ਨਿਰਜਲਾ ਇਕਾਦਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਰਜਲਾ ਇਕਾਦਸ਼ੀ ਇੱਕ ਵਰਤ ਹੈ। ਨਿਰਜਲ ਦਾ ਅਰਥ ਹੈ ਪਾਣੀ ਤੋਂ ਬਿਨਾ। ਇਕਾਦਸ਼ੀ ਗਿਆਰ੍ਹਵੀਂ ਤਿੱਥ ਨੂੰ ਕਹਿੰਦੇ ਹਨ। ਇਸ ਲਈ ਨਿਰਜਲਾ ਇਕਾਦਸ਼ੀ ਜੇਠ ਸੁਦੀ ਇਕਾਦਸ਼ੀ ਦਾ ਉਹ ਵਰਤ ਹੈ ਜਿਸ ਵਰਤ ਵਿੱਚ ਪਾਣੀ ਵੀ ਨਹੀਂ ਪੀਤਾ ਜਾਂਦਾ। ਸੂਰਜ ਨਿਕਲਣ ਤੋਂ ਪਹਿਲਾਂ ਪਾਣੀ ਪੀ ਕੇ ਵਰਤ ਰੱਖਿਆ ਜਾਂਦਾ ਹੈ।

ਸਾਰਾ ਦਿਨ ਤੇ ਰਾਤ ਨੂੰ ਨਾ ਕੁਝ ਖਾਧਾ ਜਾਂਦਾ ਹੈ ਅਤੇ ਨਾ ਹੀ ਕੁਝ ਪੀਤਾ ਜਾਂਦਾ ਹੈ। ਅਗਲੀ ਸਵੇਰ ਨੂੰ ਵਰਤ ਖੋਲ੍ਹਿਆ ਜਾਂਦਾ ਹੈ। ਇਹ ਵਰਤ ਸਾਰੇ ਵਰਤਾਂ ਨਾਲੋਂ ਸਖ਼ਤ ਮੰਨਿਆ ਜਾਂਦਾ ਹੈ। ਨਿਰਜਲਾ ਇਕਾਦਸ਼ੀ ਨੂੰ ਨਿਮਾਣੀ ਇਕਾਦਸ਼ੀ ਵੀ ਕਹਿੰਦੇ ਹਨ। ਇਹ ਤਿਉਹਾਰ ਵਿਸਾਖੀ ਤੋਂ ਪਿੱਛੋਂ ਆਉਂਦਾ ਹੈ। ਪੇਂਡੂ ਕਿਸਾਨੀ ਵਿਚ ਨਿਰਜਲਾ ਇਕਾਦਸ਼ੀ ਨੂੰ ਸਾਲ ਦਾ ਸ਼ੁਰੂ ਮੰਨਿਆ ਜਾਂਦਾ ਹੈ। ਇਸ ਦਿਨ ਜਿਮੀਂਦਾਰ ਸੀਰੀ ਰਲਾਉਂਦੇ ਤੇ ਹਟਾਉਂਦੇ ਸਨ। ਸੀਰੀ ਉਸ ਕਾਮੇ ਨੂੰ ਕਹਿੰਦੇ ਹਨ ਜੋ ਜਿਮੀਂਦਾਰ ਆਪਣੇ ਨਾਲ ਪੈਦਾ ਕੀਤੀ ਫਸਲ ਦੇ ਕੁਝ ਪ੍ਰਤੀਸ਼ਤ ਦਾਣੇ ਦੇਣੇ ਕਰਕੇ ਰੱਖਦਾ ਹੈ। ਜਮੀਨਾਂ ਨੂੰ ਠੇਕੇ ਤੇ ਨਿਰਜਲਾ ਇਕਾਦਸ਼ੀ ਵਾਲੇ ਦਿਨ ਦਿੱਤਾ ਜਾਂਦਾ ਹੈ। ਕਰਜੇ ਦਾ ਦੇਣ ਲੈਣ ਵੀ ਵਹੀ ਖਾਤੇ ਤੇ ਇਸ ਦਿਨ ਕੀਤਾ ਜਾਂਦਾ ਹੈ। ਇਸ ਦਿਨ ਖਰਬੂਜ਼ੇ ਖਾਧੇ ਜਾਂਦੇ ਹਨ ਅਤੇ ਲੋਕਾਂ ਨੂੰ ਖਵਾਏ ਜਾਂਦੇ ਹਨ। ਮਿੱਠਾ ਪਾਣੀ ਪੀਤਾ ਜਾਂਦਾ ਹੈ। ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ। ਰਾਹੀਆਂ ਪਾਂਧੀਆਂ ਨੂੰ ਮਿੱਠਾ ਪਾਣੀ ਪਿਆਇਆ ਜਾਂਦਾ ਹੈ।

ਵਰਤਮਾਨ ਸਮੇਂ ਇਹ ਵਰਤ ਕੋਈ ਕੋਈ ਹੀ ਰੱਖਦਾ ਹੈ। ਸੀਰੀ ਰਲਾਉਣ ਦੀ ਪ੍ਰਥਾ ਹੁਣ ਖ਼ਤਮ ਹੋ ਗਈ ਹੈ।ਜ਼ਮੀਨਾ ਨੂੰ ਵੀ ਹੁਣ ਕਿਸੇ ਦਿਨ ਵੀ ਆਪਸੀ ਰਜਾਮੰਦੀ ਨਾਲ ਠੇਕੇ ਤੇ ਦੇ ਦਿੱਤਾ ਜਾਂਦਾ ਹੈ। ਸ਼ਾਹੂਕਾਰਾਂ ਵੱਲੋਂ ਕਰਜਾ ਦੇਣ ਦੀ ਪ੍ਰਥਾ ਵੀ ਘਟ ਹੋ ਗਈ ਹੈ। ਕਰਜਾ ਹੁਣ ਸਹਿਕਾਰੀ ਤੇ ਸਰਕਾਰੀ ਬੈਂਕ ਦਿੰਦੇ ਹਨ ਜਾਂ ਆੜ੍ਹਤੀਏ ਦਿੰਦੇ ਹਨ। ਪਰੰਤੂ ਨਿਰਜਲਾ ਇਕਾਦਸ਼ੀ ਤੇ ਮਿੱਠੇ ਪਾਣੀ ਦੀਆਂ ਛਬੀਲਾਂ ਜਰੂਰ ਲਾਈਆਂ ਜਾਂਦੀਆਂ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2022). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: ਯੂਨੀਸਟਾਰ. p. 484. ISBN 978-93-82246-99-2. ਨਿਰਜਲਾ ਇਕਾਦਸ਼ੀ