ਸਮੱਗਰੀ 'ਤੇ ਜਾਓ

ਪਰੀਹੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੋਟੀ ਪਰੋਸਣ ਵਾਲਿਆਂ/ਰੋਟੀ ਵਰਤਾਉਣ ਵਾਲਿਆਂ ਨੂੰ ਪਰੀਹੇ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਬਰਾਤਾਂ ਨੂੰ ਰੋਟੀ ਪਰੀਹੇ ਹੀ ਖਵਾਉਂਦੇ ਸਨ। ਪਰੀਹੇ ਵਿਆਹ ਵਿਚ ਆਏ ਰਿਸ਼ਤੇਦਾਰ, ਸ਼ਰੀਕੇ ਵਾਲੇ ਤੇ ਭਾਈਚਾਰੇ ਵਾਲੇ ਨੌਜੁਆਨ ਮੁੰਡੇ ਹੁੰਦੇ ਸਨ। ਪਹਿਲੇ ਸਮਿਆਂ ਵਿਚ ਬਰਾਤਾਂ ਨੂੰ ਰੋਟੀ ਥਾਲਾਂ ਵਿਚ, ਕੋਰਿਆਂ ਤੇ ਲਾਈਨਾਂ ਵਿਚ ਬੈਠਿਆਂ ਨੂੰ ਖਵਾਈ ਜਾਂਦੀ ਸੀ। ਰੋਟੀ ਵਰਤਾਉਣ ਦੇ ਦੋ ਢੰਗ ਸਨ। ਇਕ ਢੰਗ ਅਨੁਸਾਰ ਤਾਂ ਪਹਿਲਾਂ ਸਾਰੀ ਬਰਾਤ ਅੱਗੇ ਥਾਲ, ਕੌਲੀਆਂ ਤੇ ਗਲਾਸ ਰੱਖੇ ਜਾਂਦੇ ਸਨ। ਫੇਰ ਪਰੀਹੇ ਲੱਡੂ ਅਤੇ ਜਲੇਬੀਆਂ ਵਰਤਾ ਦਿੰਦੇ ਸਨ। ਉਨ੍ਹਾਂ ਸਮਿਆਂ ਵਿਚ ਲੱਡੂ ਅਤੇ ਜਲੇਬੀਆਂ ਹੀ ਇਕੋ ਇਕ ਮਠਿਆਈ ਹੁੰਦੀ ਸੀ। ਲੱਡੂ ਜਲੇਬੀਆਂ ਤੋਂ ਪਿੱਛੋਂ ਫੇਰ ਬਾਲਟੀਆਂ ਵਿਚ ਪਰੀਹੋ ਸਬਜ਼ੀ, ਦਾਲ, ਬੂੰਦੀ ਭਰ ਕੇ ਕੜਛੀਆਂ ਨਾਲ ਵਰਤਾ ਦਿੰਦੇ ਸਨ। ਨਾਲ ਦੀ ਨਾਲ ਫੁਲਕੇ ਤੇ ਪਾਣੀ ਵਰਤਾਈ ਜਾਂਦੇ ਸਨ। ਬਰਾਤ ਨੂੰ ਰੋਟੀ ਖਵਾਉਣ ਦਾ ਇਕ ਤਾਂ ਇਹ ਤਰੀਕਾ ਸੀ।

ਦੂਜੇ ਢੰਗ ਅਨੁਸਾਰ ਸਾਰੀ ਬਰਾਤ ਲਈ ਲੱਡੂ, ਜਲੇਬੀਆਂ, ਸਬਜ਼ੀ, ਦਾਲ, ਬੂੰਦੀ, ਫੁਲਕੇ (ਰੋਟੀਆਂ) ਥਾਲਾਂ ਵਿਚ ਪਰੋਸ ਲੈਂਦੇ ਸਨ। ਫੇਰ ਪਰੀਹੇ ਥੋੜ੍ਹੀ-ਥੋੜ੍ਹੀ ਦੂਰੀ ਤੇ ਖੜ੍ਹ ਕੇ ਥਾਲ ਅੱਗੇ ਤੋਂ ਅੱਗੇ ਵਾਲੇ ਪਰੀਹੇ ਨੂੰ ਫੜ੍ਹਾਈ ਜਾਂਦੇ ਸਨ। ਅਖੀਰਲਾ ਪਰੀਹਾ ਥਾਲਾਂ ਨੂੰ ਬਰਾਤੀਆਂ ਅੱਗੇ ਰੱਖਦਾ ਜਾਂਦਾ ਸੀ। ਇਸ ਤਰ੍ਹਾਂ ਸਾਰੀ ਬਰਾਤ ਨੂੰ ਰੋਟੀ ਪਰੋਸ ਦਿੱਤੀ ਜਾਂਦੀ ਸੀ। ਪਰੀਹੇ ਨਾਲ ਦੀ ਨਾਲ ਪਹਿਲਾਂ ਲੱਡੂ, ਜਲੇਬੀਆਂ ਫੇਰ ਸਬਜ਼ੀ ਦਾਲ ਵਰਤਾਉਂਦੇ ਰਹਿੰਦੇ ਸਨ। ਇਸ ਤਰ੍ਹਾਂ ਵੀ ਪਰੀਹੇ ਬਰਾਤ ਨੂੰ ਰੋਟੀ ਖਵਾਉਂਦੇ ਸਨ।ਹੁਣ ਤਾਂ ਬਹੁਤੇ ਵਿਆਹ ਮੈਰਿਜ ਪੈਲੇਸਾਂ ਵਿਚ ਹੁੰਦੇ ਹਨ। ਰੋਟੀ ਇਕ ਪਾਸੇ ਲੱਗੀ ਹੁੰਦੀ ਹੈ। ਬਰਾਤੀ ਅਤੇ ਕੁੜੀ ਵਾਲੇ ਪਲੇਟਾਂ ਚੁੱਕਦੇ ਹਨ। ਆਪਣੀ ਪਸੰਦ ਦੀ ਮਠਿਆਈ, ਸਬਜ਼ੀ, ਦਾਲ, ਫੁਲਕਾ ਪਾ ਕੇ ਖਾ ਲੈਂਦੇ ਹਨ। ਪਰੀਹਾਂ ਵੱਲੋਂ ਰੋਟੀ, ਖਵਾਉਣ ਦਾ ਰਿਵਾਜ ਹੁਣ ਬਿਲਕੁਲ ਖਤਮ ਹੋ ਗਿਆ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.

ਬਾਹਰੀ ਲਿੰਕ

[ਸੋਧੋ]