ਪੁਦੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੇਂਥਾ (ਪੁਦੀਨਾ)
ਮੇਂਥਾ ਲੋਂਗੀਫੋਲੀਆ
Scientific classification
Kingdom:
ਪਲਾਂਟ
(unranked):
(unranked):
(unranked):
Order:
Family:
Tribe:
Genus:
ਮੇਂਥਾ

Type species
ਮੇਂਥਾ ਸਪਿਕਾਟਾ
Species

See text

ਪੁਦੀਨਾ (ਵਿਗਿਆਨਕ ਨਾਮ: ਮੇਂਥਾ ਲੋਂਗੀਫੋਲੀਆ, ਅੰਗਰੇਜ਼ੀ - Mint) ਮੇਂਥਾ ਵੰਸ ਨਾਲ ਸਬੰਧਤ ਇੱਕ ਬਾਰ੍ਹਾਂਮਾਹੀ, ਖੁਸ਼ਬੂਦਾਰ ਜੜੀ ਬੂਟੀ ਹੈ। ਇਸ ਦੀਆਂ ਵੱਖ ਵੱਖ ਪ੍ਰਜਾਤੀਆਂ ਯੂਰਪ, ਅਮਰੀਕਾ, ਏਸ਼ੀਆ, ਅਫਰੀਕਾ ਅਤੇ ਆਸਟਰੇਲੀਆ ਵਿੱਚ ਮਿਲਦੀਆਂ ਹਨ, ਨਾਲ ਹੀ ਇਸ ਦੀਆਂ ਕਈ ਹਾਈਬ੍ਰਿਡ ਕਿਸਮਾਂ ਵੀ ਮਿਲਦੀਆਂ ਹਨ। ਇਹ ਪੌਦਾ 10 - 60 ਸੈ ਮੀ (ਸ਼ਾਇਦ ਹੀ ਕਦੇ 100 ਸੈ ਮੀ) ਲੰਮਾ ਵੱਧਦਾ ਹੈ। ਇਹਦੇ ਪੱਤੇ ਵਿਪਰੀਤ ਜੋੜੇ ਵਿੱਚ, ਸਰਲ, 2 – 6.5 ਸੈ ਮੀ ਲੰਮੇ ਅਤੇ 1 - 2 ਸੈ ਮੀ ਚੌੜੇ, ਲੂਈਦਾਰ ਹੁੰਦੇ ਹਨ ਅਤੇ ਇਨ੍ਹਾਂ ਦਾ ਖੁਰਦਰਾ ਦੰਦੇਦਾਰ ਹਾਸ਼ੀਆ ਹੁੰਦਾ ਹੈ। ਤਣੇ ਨਾਲ ਜੁੜੇ ਗੁੱਛੇ ਦੇ ਰੂਪ ਵਿੱਚ ਫੁਲ ਪੀਲੇ (ਕਦੇ ਕਦੇ ਸਫੇਦ ਜਾਂ ਗੁਲਾਬੀ) ਹੁੰਦੇ ਹਨ ਅਤੇ ਹਰੇਕ ਫੁਲ 3 - 4 ਮਿ ਮੀ ਲੰਮਾ ਹੁੰਦਾ ਹੈ।[1][2][3] ਪੁਦੀਨੇ ਦਾ ਬੌਟੈਨੀਕਲ ਨਾਮ ‘ਮੇਂਥਾ ਲੋਂਗੀਫੋਲੀਆ’ ਹੈ। ਯੂਰਪ, ਅਫ਼ਰੀਕਾ, ਏਸ਼ੀਆ, ਆਸਟਰੇਲੀਆ ਅਤੇ ਉੱਤਰੀ ਅਮਰੀਕਾ ਵਿੱਚ ਪੁਦੀਨੇ ਦੀਆਂ 13 ਤੋਂ 18 ਕਿਸਮਾਂ ਮਿਲਦੀਆਂ ਹਨ। ਦੁਨੀਆ ਭਰ ਵਿੱਚ ਆਮ ਤੌਰ ਉੱਤੇ ਤਾਜ਼ਾ ਪੁਦੀਨਾ ਸੁੱਕੇ ਪੁਦੀਨੇ ਨਾਲੋਂ ਵੱਧ ਵਰਤਿਆ ਜਾਂਦਾ ਹੈ ਕਿਉਂਕਿ ਇਸ ਦੇ ਪੱਤਿਆਂ ਵਿੱਚੋਂ ਬਹੁਤ ਹੀ ਪਿਆਰੀ ਖ਼ੁਸ਼ਬੋ ਨਿਕਲਦੀ ਹੈ ਜੋ ਢਿੱਡ ਅੰਦਰਲੇ ਰਸਾਂ ਨੂੰ ਵੀ ਵਧਾ ਦਿੰਦੀ ਹੈ। ਪੁਦੀਨੇ ਦੇ ਪੂਰੇ ਦੇ ਪੂਰੇ ਬੂਟੇ ਨੂੰ ਹੀ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਇਸ ਨੂੰ ਖਾਣ ਤੋਂ ਬਾਅਦ ਦਾ ਮੂੰਹ ਅੰਦਰ ਠੰਢਕ ਦਾ ਮਹਿਸੂਸ ਹੋਣਾ ਹੀ ਇਸ ਨੂੰ ਵਾਰ-ਵਾਰ ਖਾਣ ਉੱਤੇ ਮਜਬੂਰ ਕਰ ਦਿੰਦਾ ਹੈ।

ਪੁਦੀਨਾ

ਮੂਲ ਸਥਾਨ ਅਤੇ ਭੂਗੋਲਿਕ ਵੰਡ[ਸੋਧੋ]

ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮੇਂਥਾ ਦੇ ਮੂਲ ਸਥਾਨ ਯੂਰਪ ਅਤੇ ਪੱਛਮੀ ਅਤੇ ਮਧ ਏਸ਼ੀਆ ਦੇ ਸਮਸ਼ੀਤ ਊਸ਼ਣ ਖੇਤਰ ਅਤੇ ਹਿਮਾਲਾ ਦੇ ਪੂਰਬ ਵਾਲਾ ਪਾਸਾ ਅਤੇ ਪੂਰਬੀ ਸਾਇਬੇਰੀਆ ਅਤੇ ਉੱਤਰੀ ਅਮਰੀਕਾ ਹਨ।[1][4][5] ਅਤੇ ਇਥੋਂ ਇਹ ਕੁਦਰਤੀ ਅਤੇ ਹੋਰ ਤਰੀਕਿਆਂ ਨਾਲ ਸੰਸਾਰ ਦੇ ਹੋਰ ਹਿੱਸਿਆਂ ਵਿੱਚ ਫੈਲਿਆ। ਜਾਪਾਨੀ ਪੋਦੀਨਾ, ਬਰਾਜੀਲ, ਪੈਰਾਗੁਏ, ਚੀਨ, ਅਰਜਨਟੀਨਾ, ਜਾਪਾਨ, ਥਾਈਲੈਂਡ, ਅੰਗੋਲਾ, ਅਤੇ ਹਿੰਦੁਸਤਾਨ ਵਿੱਚ ਉਗਾਇਆ ਜਾ ਰਿਹਾ ਹੈ। ਹਿੰਦੁਸਤਾਨ ਵਿੱਚ ਮੁੱਖ ਤੌਰ 'ਤੇ ਤਰਾਈ ਦੇ ਖੇਤਰਾਂ (ਨੈਨੀਤਾਲ, ਬਦਾਯੂੰ, ਬਿਲਾਸਪੁਰ, ਰਾਮਪੁਰ, ਮੁਰਾਦਾਬਾਦ ਅਤੇ ਬਰੇਲੀ) ਅਤੇ ਗੰਗਾ ਜਮੁਨਾ ਦੋਆਬ (ਬਾਰਾਬੰਕੀ, ਅਤੇ ਲਖਨਊ) ਅਤੇ ਪੰਜਾਬ ਦੇ ਕੁੱਝ ਖੇਤਰਾਂ (ਲੁਧਿਆਣਾ ਅਤੇ ਜੰਲਧਰ) ਵਿੱਚ, ਉੱਤਰੀ – ਪੱਛਮੀ ਭਾਰਤ ਦੇ ਖੇਤਰਾਂ ਵਿੱਚ ਇਸ ਦੀ ਖੇਤੀ ਕੀਤੀ ਜਾ ਰਹੀ ਹੈ।

ਪ੍ਰਯੋਗ[ਸੋਧੋ]

ਮੇਂਥੋਲ ਦਾ ਪ੍ਰਯੋਗ ਵੱਡੀ ਮਾਤਰਾ ਵਿੱਚ ਦਵਾਈਆਂ, ਸੌਦਰਿਆ ਪ੍ਰਸਾਧਨਾਂ, ਕਾਲਫੇਕਸ਼ਨਰੀ, ਪਾਣੀ ਪਦਾਰਥਾਂ, ਸਿਗਰਟ, ਪਾਨ ਮਸਾਲਾ ਆਦਿ ਵਿੱਚ ਖੁਸ਼ਬੂ ਹੇਤੁ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਇਸ ਦਾ ਤੇਲ ਯੂਕੇਲਿਪਟਸ ਦੇ ਤੇਲ ਦੇ ਨਾਲ ਕਈ ਰੋਗਾਂ ਵਿੱਚ ਕੰਮ ਆਉਂਦਾ ਹੈ। ਇਹ ਕਦੇ - ਕਦੇ ਗੈਸ ਦੂਰ ਕਰਨ ਦੇ ਲਈ, ਦਰਦ ਨਿਵਾਰਕ ਵਜੋਂ ਅਤੇ ਗਠੀਆ ਆਦਿ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ।

ਰਾਸਾਇਣਕ ਸੰਰਚਨਾ[ਸੋਧੋ]

ਜਾਪਾਨੀ ਮਿੰਟ, ਮੈਂਥੋਲ ਦਾ ਮੁਢਲੀ ਚਸ਼ਮਾ ਹੈ। ਤਾਜਾ ਪੱਤੇ ਵਿੱਚ 0.4 - 0.6 % ਤੇਲ ਹੁੰਦਾ ਹੈ। ਤੇਲ ਦਾ ਮੁੱਖ ਘਟਕ ਮੇਂਥੋਲ (65 - 75 %), ਮੇਂਥੋਨ (7 - 10 %) ਅਤੇ ਮੇਂਥਾਇਲ ਐਸੀਟੇਟ (12 - 15 %) ਅਤੇ ਟਰਪੀਨ (ਪਿਪੀਨ, ਲਿਕੋਨੀਨ ਅਤੇ ਕੰਫੀਨ) ਹੈ। ਤੇਲ ਦਾ ਮੇਂਥੋਲ ਫ਼ੀਸਦੀ, ਮਾਹੌਲ ਦੀ ਕਿਸਮ ਉੱਤੇ ਵੀ ਨਿਰਭਰ ਕਰਦਾ ਹੈ।

ਵਰਤੋਂ[ਸੋਧੋ]

 1. ਸਿਰਫ਼ ਚਟਨੀ ਹੀ ਨਹੀਂ ਇਸ ਨੂੰ ਚਾਹ, ਜੈਲੀ, ਠੰਢੇ, ਟਾਫ਼ੀਆਂ, ਆਈਸਕਰੀਮ ਅਤੇ ਸਿਗਰਟ (ਜਿਸ ਵਿੱਚ ਇਸ ਨੂੰ ਗਲੇ ਨੂੰ ਠੰਢਕ ਦੇਣ ਤੇ ਮੂੰਹ ਅੰਦਰੋਂ ਤੰਬਾਕੂ ਦੀ ਬਦਬੋ ਤੇ ਕੜਵਾਹਟ ਹਟਾਉਣ ਲਈ ਵਰਤਿਆ ਜਾ ਰਿਹਾ ਹੈ) ਵਿੱਚ ਵਰਤਿਆ ਜਾਂਦਾ ਹੈ।
 2. ਪੱਛਮੀ ਦੇਸ਼ਾਂ ਵਿੱਚ ਭੇਡ ਦੇ ਮੀਟ ਨਾਲ ਪੁਦੀਨੇ ਦੀ ਚਟਨੀ ਖਾਣੀ ਬਹੁਤ ਪਸੰਦ ਕੀਤੀ ਜਾਂਦੀ ਹੈ।
 3. ਯੂਰਪ ਵਿੱਚ ਪੁਦੀਨੇ ਨੂੰ ਕਮਰੇ ਅੰਦਰਲੀ ਹਵਾ ਮਹਿਕਾਉਣ ਲਈ ਵਰਤਿਆ ਜਾ ਰਿਹਾ ਹੈ ਅਤੇ ਅਜਿਹੀ ਅਰੋਮਾ ਥੈਰੇਪੀ ਤਹਿਤ ਅਰਬਾਂ ਰੁਪਏ ਦਾ ਕਾਰੋਬਾਰ ਦੁਨੀਆ ਭਰ ਵਿੱਚ ਚੱਲ ਰਿਹਾ ਹੈ। ਇਸ ਅਰੋਮਾ ਥੈਰੇਪੀ ਵਿੱਚ ਥਕਾਵਟ ਮਿਟਾਉਣ ਅਤੇ ਤਰੋ-ਤਾਜ਼ਾ ਰਹਿਣ, ਸਿਰਦਰਦ ਤੇ ਛਾਤੀ ਦੇ ਦਰਦ ਨੂੰ ਘਟਾ ਕੇ ਅਰਾਮ ਦਵਾਉਣ ਲਈ ਹਲਕੀ ਮਾਲਿਸ਼ ਤੇ ਪੁਦੀਨੇ ਦੀ ਖ਼ੁਸ਼ਬੋ ਦੀ ਵਰਤੋਂ ਕੀਤੀ ਜਾਂਦੀ ਹੈ।
 4. ਸਰੀਰ ਦੀਆਂ ਕਈ ਤਕਲੀਫ਼ਾਂ ਲਈ ਪੁਦੀਨਾ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ ਜਿਸ ਨਾਲ ਕਈ ਕਿਸਮ ਦੀਆਂ ਦਵਾਈਆਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।
 5. ਪੁਦੀਨੇ ਤੋਂ ਬਣੇ ਮੈਂਥੋਲ ਤੇਲ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਵੀ ਪਾ ਲਿਆ ਗਿਆ ਹੈ, ਖ਼ਾਸ ਕਰ ਕੇ ਸਿਰਦਰਦ ਲਈ ਬਣਾਈਆਂ ਜਾ ਰਹੀਆਂ ਦਵਾਈਆਂ ਵਿੱਚ।

ਗੁਣਕਾਰੀ ਤੱਤ[ਸੋਧੋ]

 1. ਇਹ ਕੀਟਾਣੂ ਮਾਰਦਾ ਹੈ। (Antibacterial)
 2. ਇਹ ਬੁਖ਼ਾਰ ਠੀਕ ਕਰਦਾ ਹੈ।
 3. ਇਸ ਦਾ ਤੇਲ ਮੱਥੇ ਉੱਤੇ ਲਾਉਣ ਨਾਲ ਠੰਢਕ ਮਹਿਸੂਸ ਹੋਣ ਸਦਕਾ ਸਿਰ ਪੀੜ ਤੋਂ ਅਰਾਮ ਮਿਲਦਾ ਹੈ।
 4. ਇਸ ਦੀ ਵਰਤੋਂ ਨਾਲ ਢਿੱਡ ਪੀੜ ਠੀਕ ਹੁੰਦੀ ਹੈ। ਇਸ ਲਈ ਸੁੱਕੇ ਪੁਦੀਨੇ ਨੂੰ ਪਾਣੀ ਵਿੱਚ ਉਬਾਲ ਕੇ ਅਤੇ ਫੇਰ ਠੰਢਾ ਕਰ ਕੇ ਪੀਣਾ ਚਾਹੀਦਾ ਹੈ। ਇਸ ਨੂੰ ‘ਮੌਨਸਤਰੈਂਜ਼ੋ’ ਕਹਿੰਦੇ ਹਨ।
 5. ਇਹ ਜ਼ੁਕਾਮ-ਖੰਘ ਦੌਰਾਨ ਬੰਦ ਨੱਕ ਖੋਲ੍ਹ ਦਿੰਦਾ ਹੈ ਜਿਸ ਨਾਲ ਗਲ਼ੇ ਨੂੰ ਅਰਾਮ ਮਿਲਦਾ ਹੈ।
 6. ਉਲਟੀਆਂ ਰੋਕਣ ਵਿੱਚ ਵੀ ਪੁਦੀਨਾ ਬਹੁਤ ਅਸਰਦਾਰ ਹੈ। ਪੁਦੀਨੇ ਦੀਆਂ ਕੁਝ ਪੱਤੀਆਂ ਪਾਣੀ ਵਿੱਚ ਉਬਾਲ ਕੇ ਥੋੜ੍ਹਾ-ਥੋੜ੍ਹਾ ਕਰ ਕੇ ਹੌਲੀ-ਹੌਲੀ ਪੀਣ ਨਾਲ ਉਲਟੀਆਂ ਰੁਕ ਜਾਂਦੀਆਂ ਹਨ।
 7. ਇਸ ਦੀ ਵਰਤੋਂ ਨਾਲ ਹਾਜ਼ਮਾ ਠੀਕ ਹੁੰਦਾ ਹੈ।
 8. ਪੁਦੀਨੇ ਦੇ ਪੱਤਿਆਂ ਦਾ ਪੇਸਟ ਦੰਦਾਂ ਉੱਤੇ ਰਗੜਨ ਨਾਲ ਇਹ ਚਿੱਟੇ ਹੋ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਵੀ ਦੰਦਾਂ ਨੂੰ ਚਿੱਟਾ ਕਰਨ ਲਈ ਇਹੀ ਤਰੀਕਾ ਵਰਤਿਆ ਜਾਂਦਾ ਸੀ।
 9. ਮੂੰਹ ਦੀ ਬਦਬੋ ਹਟਾਉਣ ਲਈ ਵੀ ਪੁਦੀਨਾ ਕਾਰਗਰ ਸਾਬਿਤ ਹੋਇਆ ਹੈ।
 10. ਪੁਦੀਨੇ ਦੀ ਚਾਹ ਪੀਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਣ ਲੱਗ ਪੈਂਦਾ ਹੈ।
 11. ਇਹ ਕੀੜੇ ਜਾਂ ਮੱਛਰ ਲੜੇ ਉੱਤੇ ਹੋ ਰਹੀ ਖ਼ੁਰਕ ਨੂੰ ਅਰਾਮ ਦਿੰਦਾ ਹੈ।
 12. ਪੁਦੀਨੇ ਨਾਲ ਸਿਰ ਨਹਾਉਣ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਸਿਰ ਹਲਕਾ ਮਹਿਸੂਸ ਹੋਣ ਲੱਗ ਜਾਂਦਾ ਹੈ। ਇਸੇ ਲਈ ਹੁਣ ਇਹ ਕਈ ਤਰ੍ਹਾਂ ਦੇ ਸਿਰ ਨਹਾਉਣ ਵਾਲੇ ਸ਼ੈਂਪੂਆਂ ਵਿੱਚ ਵੀ ਇਹ ਵਰਤਿਆ ਜਾਣ ਲੱਗ ਪਿਆ ਹੈ।
 13. ਇਹ ਸਿਗਰਟ ਪੀਣ ਵਾਲੇ ਲੋਕਾਂ ਦੇ ਮੂੰਹ ਅੰਦਰਲੀ ਬਦਬੋ ਅਤੇ ਕੌੜੇ ਸੁਆਦ ਨੂੰ ਠੀਕ ਕਰਦਾ ਹੈ।
 14. ਰੋਮ ਵਿੱਚ ਪੜ੍ਹਾਈ ਤੋਂ ਥਕਾਵਟ ਮਹਿਸੂਸ ਕਰ ਰਹੇ ਬੱਚਿਆਂ ਦੇ ਕਮਰੇ ਵਿੱਚ ਪੁਦੀਨੇ ਦੇ ਗਮਲੇ ਰਖਵਾਉਣ ਨਾਲ ਉਹ ਤਰੋ-ਤਾਜ਼ਾ ਹੋ ਕੇ ਜ਼ਿਆਦਾ ਦੇਰ ਤਕ ਪੜ੍ਹਦੇ ਵੇਖੇ ਗਏ ਹਨ। ਇਸ ਲਈ ਹੁਣ ਥਕਾਵਟ ਨੂੰ ਦੂਰ ਕਰਨ ਲਈ ਇਸ ਦੀ ਖ਼ੁਸ਼ਬੋ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਦਿਮਾਗ਼ ਨੂੰ ਕਾਫ਼ੀ ਚਿਰ ਤਰੋ-ਤਾਜ਼ਾ ਰੱਖਦੀ ਹੈ।
 15. ਔਰਤਾਂ ਲਈ ਵਰਤੀਆਂ ਜਾ ਰਹੀਆਂ ਕੁਝ ਮਹਿੰਗੀਆਂ ਲਿਪਸਟਿਕਾਂ ਵਿੱਚ ਵੀ ਪੁਦੀਨਾ ਪਾਇਆ ਜਾਣ ਲੱਗ ਪਿਆ ਹੈ।
 16. ਕਈ ਪਰਫਿਊਮਾਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ।
 17. ਘਰ ’ਚ ਪੁਦੀਨਾ ਲਾਉਣਾ ਲਾਭਦਾਇਕ ਹੈ। ਇਹ ਕੀੜੇ-ਮਕੌੜਿਆਂ ਨੂੰ ਦੂਰ ਰੱਖਦਾ ਹੈ। ਇਸ ਨਾਲ ਆਸ-ਪਾਸ ਦੀ ਹਵਾ ਕੀਟਾਣੂਰਹਿਤ ਹੋ ਜਾਂਦੀ ਹੈ।
 18. ਜੇਕਰ ਕਿਸੇ ਦੀ ਭੁੱਖ ਮਰ ਰਹੀ ਹੋਵੇ ਤਾਂ ਪੁਦੀਨੇ ਅਤੇ ਧਨੀਏ ਦੀ ਚਟਨੀ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ਨਾਲ ਹੌਲੀ-ਹੌਲੀ ਭੁੱਖ ਲੱਗਣ ਲੱਗ ਜਾਂਦੀ ਹੈ।
 19. ਸ਼ਰਾਬ ਪੀਣ ਵਾਲਿਆਂ ਦੀ ਢਿੱਡ ਅੰਦਰ ਲੱਗ ਰਹੀ ਅੱਗ ਨੂੰ ਸ਼ਾਂਤ ਕਰਦਾ ਹੈ ਅਤੇ ਮੂੰਹ ਅੰਦਰੋਂ ਆ ਰਹੀ ਬਦਬੋ ਦੂਰ ਕਰਦਾ ਹੈ।

ਮਾੜੇ ਅਸਰ[ਸੋਧੋ]

ਜਿਹਨਾਂ ਨੂੰ ਪੁਦੀਨੇ ਤੋਂ ਐਲਰਜੀ ਹੋਵੇ, ਉਹਨਾਂ ਨੂੰ ਖਾਣ ਤਾਂ ਕੀ ਇਸ ਦੀ ਖ਼ੁਸ਼ਬੋ ਨਾਲ ਵੀ ਜਾਨ ’ਤੇ ਬਣ ਆਉਂਦੀ ਹੈ। ਕਈਆਂ ਨੂੰ ਹਲਕੀ ਢਿੱਡ ਪੀੜ ਜਾਂ ਸਿਰ ਪੀੜ ਹੋਣ ਲੱਗ ਜਾਂਦੀ ਹੈ ਪਰ ਕਈਆਂ ਨੂੰ ਢਿੱਡ ਵਿੱਚ ਕੜਵੱਲ, ਤਿੱਖੀ ਸਿਰ ਪੀੜ, ਦਿਲ ਕੱਚਾ ਹੋਣਾ, ਮੂੰਹ ਦੇ ਆਲੇ-ਦੁਆਲੇ ਸੂਈਆਂ ਚੁਭਣਾ ਜਾਂ ਸੁੰਨ ਹੋ ਜਾਣਾ, ਨੱਕ ਬੰਦ ਹੋਇਆ ਮਹਿਸੂਸ ਹੋਣਾ, ਸਾਹ ਲੈਣ ਵਿੱਚ ਦਿੱਕਤ, ਸਾਈਨਸ ਵਿੱਚ ਰੇਸ਼ਾ ਜਮ੍ਹਾਂ ਹੋਣਾ ਵਰਗੇ ਲੱਛਣ ਹੋ ਸਕਦੇ ਹਨ। ਕੁਝ ਤਾਂ ਚੱਕਰ ਖਾ ਕੇ ਡਿੱਗ ਵੀ ਸਕਦੇ ਹਨ। ਐਲਰਜੀ ਹੋਣ ਵਾਲੇ ਨੂੰ ਜੇ ਵਾਰ-ਵਾਰ ਪੁਦੀਨੇ ਨੂੰ ਸੁੰਘਣਾ ਜਾਂ ਖਾਣਾ ਪੈ ਜਾਵੇ ਤਾਂ ਕਈ ਵਾਰ ਸੀਰੀਅਸ ਲੱਛਣ ਦਿਸਣੇ ਸ਼ੁਰੂ ਹੋ ਜਾਂਦੇ ਹਨ ਤੇ ਵਿਅਕਤੀ ਨੂੰ ਹਸਪਤਾਲ ਵੀ ਦਾਖ਼ਲ ਕਰਨਾ ਪੈ ਸਕਦਾ ਹੈ। ਸਿਰਫ਼ ਪੁਦੀਨਾ ਖਾਣ ਨਾਲ ਹੀ ਨਹੀਂ ਇਸ ਤੋਂ ਬਣਿਆ ਟੂਥਪੇਸਟ ਵਰਤਣ, ਕਿਸੇ ਨੇੜੇ ਖੜ੍ਹੇ ਬੰਦੇ ਵੱਲੋਂ ਪੁਦੀਨੇ ਦੀ ਟਾਫ਼ੀ ਜਾਂ ਚਿੰਗਮ ਖਾਣ ਨਾਲ ਵੀ ਉਸ ਦੀ ਖ਼ੁਸ਼ਬੋ ਸਦਕਾ ਸਾਹ ਲੈਣ ਵਿੱਚ ਤਕਲੀਫ਼ ਹੋ ਸਕਦੀ ਹੈ। ਦਰਅਸਲ ਪੁਦੀਨੇ ਵਿਚਲੇ ਕਿਸੇ ਵੀ ਅੰਸ਼, ਸੈਲੀਸਿਲੇਟ, ਲਿਨਾਲੋਲ ਜਾਂ ਬੂਟੇ ਵਿਚਲੀ ਪ੍ਰੋਟੀਨ ਤੋਂ ਐਲਰਜੀ ਹੋ ਸਕਦੀ ਹੈ। ਜਿਹਨਾਂ ਨੂੰ ਐਲਰਜੀ ਨਹੀਂ, ਉਹ ਇਸ ਤੋਂ ਭਰਪੂਰ ਫ਼ਾਇਦਾ ਲੈ ਕੇ ਨਿੱਕੀ-ਮੋਟੀ ਤਕਲੀਫ਼ ਲਈ ਦਵਾਈਆਂ ਦੀ ਵਰਤੋਂ ਛੱਡ ਕੇ ਆਪਣੀ ਸਿਹਤ ਬਰਕਰਾਰ ਰੱਖ ਸਕਦੇ ਹਨ।

‘ਹਰਬ ਆਫ਼ ਹੌਸਪਿਟੈਲਿਟੀ’[ਸੋਧੋ]

ਪਹਿਲੇ ਸਮਿਆਂ ਵਿੱਚ ਪੁਦੀਨੇ ਨੂੰ ਏਨੀ ਉੱਚੀ ਪਦਵੀ ਦਿੱਤੀ ਗਈ ਸੀ ਕਿ ਗ੍ਰੀਕ ਵਿੱਚ ਇਸ ਨੂੰ ‘ਹਰਬ ਆਫ਼ ਹੌਸਪਿਟੈਲਿਟੀ’ ਕਿਹਾ ਜਾਂਦਾ ਸੀ।

ਹਵਾਲੇ[ਸੋਧੋ]

 1. 1.0 1.1 Flora of NW Europe: ਮੇਂਥਾ ਅਰਵੈਂਸਿਸ Archived 2008-03-11 at the Wayback Machine.
 2. Blamey, M. & Grey-Wilson, C. (1989). Flora of Britain and Northern Europe. ISBN 0-340-40170-2
 3. Huxley, A., ed. (1992). New RHS Dictionary of Gardening. Macmillan ISBN 0-333-47494-5.
 4. Euro+Med Plantbase Project: ਮੇਂਥਾ ਅਰਵੈਂਸਿਸ Archived 2011-07-18 at the Wayback Machine.
 5. Germplasm Resources Information Network: ਮੇਂਥਾ ਅਰਵੈਂਸਿਸ Archived 2008-10-28 at the Wayback Machine.