ਪੂਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਜੀ ਹੋਈ ਰੂ ਨੂੰ ਪੂਣਸਲਾਈ ਤੋਂ ਵਲ੍ਹੇਟ ਕੇ ਕੱਤਣ ਲਈ ਬਣਾਈ ਗਈ ਵਸਤ ਨੂੰ ਪੂਣੀਆਂ ਕਹਿੰਦੇ ਹਨ। ਪੂਣਸਲਾਈ ਕਾਨੇ ਦੀ ਪੋਰੀ ਨੂੰ ਕਹਿੰਦੇ ਹਨ। ਪੂਣਸਲਾਈ ਨੂੰ ‘ਪੂਣੀ ਵੱਟਣੀ’ ਵੀ ਕਹਿੰਦੇ ਹਨ। ਵੇਲਨੇ ਨਾਲ ਪਹਿਲਾਂ ਕਪਾਹ ਵੇਲ ਕੇ ਵੜੇਵੇਂ ਅੱਡ ਅਤੇ ਰੂੰ ਅੱਡ ਕੀਤੀ ਜਾਂਦੀ ਹੈ। ਰੂੰ ਨੂੰ ਫੇਰ ਤਾੜੇ 'ਤੇ ਜਾਂ ਮਸ਼ੀਨ ਨਾਲ ਪਿੰਜਾਇਆ ਜਾਂਦਾ ਹੈ। ਪਿੰਜੀ ਹੋਈ ਰੂੰ ਦਾ ਥੋੜਾ ਜਿਹਾ ਹਿੱਸਾ ਲੈ ਕੇ ਰੋਟੀ ਵੇਲਨ ਵਾਲੇ ਚਕਲੇ ਜਾਂ ਕਿਸੇ ਫੱਟੀ ਉਪਰ ਰੱਖਿਆ ਜਾਂਦਾ ਹੈ। ਰੂੰ ਦੇ ਵਿਚਾਲੇ ਫੇਰ ਪੂਣਸਲਾਈ ਰੱਖੀ ਜਾਂਦੀ ਹੈ। ਖੱਬੇ ਹੱਥ ਨਾਲ ਪੂਣਸਲਾਈ ਦਾ ਇਕ ਸਿਰਾ ਫੜਿਆ ਜਾਂਦਾ ਹੈ। ਸੱਜੇ ਹੱਥ ਨਾਲ ਪੂਣਸਲਾਈ ਉਪਰ ਰੂੰ ਵਲ੍ਹੇਟੀ ਜਾਂਦੀ ਹੈ। ਇਸ ਤਰ੍ਹਾਂ ਪੂਣੀ ਬਣਦੀ ਹੈ। ਬਣੀ ਪੂਣੀ ਵਿਚੋਂ ਫੇਰ ਪੂਣਸਲਾਈ ਬਾਹਰ ਕੱਢ ਲਈ ਜਾਂਦੀ ਹੈ। ਕਾਫੀ ਸਾਰੀਆਂ ਵੱਟੀਆਂ ਪੂਣੀਆਂ ਨੂੰ ਇਕ ਥਾਂ ਇਕੱਠੀਆਂ ਕਰ ਕੇ ਦੋਵਾਂ ਹੱਥਾਂ ਨਾਲ ਗੋਲ ਜਿਹਾ ਕੀਤਾ ਜਾਂਦਾ ਹੈ। ਇਨ੍ਹਾਂ ਇਕੱਠੀਆਂ ਕੀਤੀਆਂ ਪੂਣੀਆਂ ਨੂੰ ਗੇਬੀ ਕਹਿੰਦੇ ਹਨ। ਪੂਣੀ ਨੂੰ ਚਰਖੇ ਦੇ ਤਕਲੇ ਨਾਲ ਜੋੜ ਕੇ ਤੰਦ ਕੱਢੀ ਜਾਂਦੀ ਹੈ। ਧਾਗਾ ਕੱਢਿਆ ਜਾਂਦਾ ਹੈ। ਸਾਰੀ ਪੂਣੀ ਕੱਤੀ ਜਾਣ ਤੋਂ ਪਿਛੋਂ ਪੂਣੀ ਦੀ ਹੋਂਦ ਖਤਮ ਹੋ ਜਾਂਦੀ ਹੈ। ਹੁਣ ਚਰਖਾ ਬਹੁਤ ਹੀ ਘੱਟ ਕੱਤਿਆ ਜਾਂਦਾ ਹੈ। ਇਸ ਲਈ ਪੂਣੀਆਂ ਵੀ ਘੱਟ ਹੀ ਵੱਟੀਆਂ ਜਾਂਦੀਆਂ ਹਨ। ਅੱਜ ਦੀਆਂ ਬਹੁਤੀਆਂ ਲੜਕੀਆਂ ਤਾਂ ਪੂਣੀ ਵਿਚੋਂ ਤੰਦ ਵੀ ਕੱਢਣ ਨਹੀਂ ਜਾਣਦੀਆਂ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.