ਸਮੱਗਰੀ 'ਤੇ ਜਾਓ

ਪੂਰਨ ਭਗਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਕਾਦਰਯਾਰ ਦੇ ਲਿਖੇ ਪੰਜਾਬੀ ਕਿੱਸੇ ਪੂਰਨ ਭਗਤ ਦੇ ਇੱਕ ਐਡੀਸ਼ਨ ਦਾ ਕਵਰ

ਪੂਰਨ ਭਗਤ ਇੱਕ ਪੰਜਾਬੀ ਦੀ ਪੁਰਾਣੀ ਲੋਕ-ਗਾਥਾ ਹੈ ਅਤੇ ਇਹ ਲੋਕ-ਕਹਾਣੀ "ਪੂਰਨ" ਤੇ ਅਧਾਰਿਤ ਹੈ ਜਿਸ ਦਾ ਪਿਤਾ, ਸਲਵਾਨ, ਸਿਆਲਕੋਟ ਦਾ ਰਾਜਾ ਸੀ। ਸਿਆਲਕੋਟ ਦੇ ਇਸ ਰਾਜਕੁਮਾਰ, ਪੂਰਨ ਨੂੰ ਅੱਜ ਦੇ ਸਮੇਂ ਵਿੱਚ "ਬਾਬਾ ਸਹਿਜ ਨਾਥ ਜੀ" ਵਜੋਂ ਪੁਜਿਆ ਜਾਂਦਾ ਹੈ। ਇਸ ਕਥਾ ਤੇ ਅਧਾਰਿਤ ਕਿੱਸਾ ਕਾਦਰਯਾਰ ਦੁਆਰਾ ਰਚਿਆ ਗਿਆ। ਪੂਰਨ ਭਗਤ ਦੀ ਕਥਾ ਮੂਲ ਰੂਪ ਵਿੱਚ ਇੱਕ ਦੰਦ-ਕਥਾ ਹੈ।[1]

ਕਹਾਣੀ[ਸੋਧੋ]

ਪੂਰਨ ਨੇ ਰਾਜਾ ਸਲਵਾਨ ਦੀ ਪਹਿਲੀ ਪਤਨੀ"ਇੱਛਰਾ" ਦੀ ਕੁਖੋਂ ਤੋਂ ਜਨਮ ਲਿਆ।[2] ਜਦੋਂ ਪੂਰਨ ਨੇ ਜਨਮ ਲਿਆ ਤਾਂ ਉਸਦੇ ਪਿਤਾ ਸਲਵਾਨ ਨੇ ਜੋਤਸ਼ੀਆਂ ਨੂੰ ਪੂਰਨ ਦਾ ਭਵਿੱਖ ਦੱਸਣ ਲਈ ਬੁਲਾਇਆ। ਜੋਤਸ਼ੀਆਂ ਨੇ ਸਲਵਾਨ ਨੂੰ ਆਪਣੇ ਪੁੱਤਰ ਦਾ ਮੂੰਹ 12 ਸਾਲ ਵੇਖਣ ਤੋਂ ਮਨ੍ਹਾ ਕੀਤਾ ਕਿਉਂਕਿ ਉਹਨਾਂ ਮੁਤਾਬਿਕ ਪੂਰਨ ਆਪਣੇ ਪਿਤਾ ਲਈ ਮਨਹੂਸ ਸੀ ਜਿਸ ਕਾਰਣ ਸਲਵਾਨ ਨੇ ਉਸਨੂੰ ਨੂੰ 12 ਸਾਲ ਭੌਰੇ ਵਿੱਚ ਰੱਖਿਆ। ਪੂਰਨ ਦੇ ਭੌਰੇ ਵਿੱਚ ਰਹਿਣ ਉਪਰੰਤ ਉਸਦਾ ਪਿਤਾ ਛੋਟੀ ਉਮਰ ਦੀ ਇੱਕ ਕੁੜੀ, ਲੂਣਾ ਨਾਲ ਵਿਆਹ ਕਰਵਾ ਲੈਂਦਾ ਹੈ। ਉਹ ਨੀਵੀਂ ਜਾਤ ਦੀ ਇੱਕ ਬਹੁਤ ਸੁੰਦਰ ਕੁੜੀ ਸੀ। 12 ਸਾਲ ਪੂਰੇ ਹੋਣ ਤੋਂ ਬਾਅਦ ਪੂਰਨ ਅਤੇ ਸਲਵਾਨ ਇੱਕ ਦੂਜੇ ਨੂੰ ਮਿਲਣ ਲਈ ਬਹੁਤ ਕਾਹਲੇ ਪੈ ਜਾਂਦੇ ਹਨ। ਜਦੋਂ ਪੂਰਨ ਵਾਪਿਸ ਆਪਣੇ ਮਹਿਲ ਵਿੱਚ ਆਉਂਦਾ ਹੈ ਤਾਂ ਪੂਰਨ ਆਪਣੇ ਪਿਤਾ ਅਤੇ ਮਾਤਾ ਨੂੰ ਮਿਲਦਾ ਹੈ। ਜਦੋਂ ਪੂਰਨ ਨੂੰ ਪਤਾ ਲੱਗਦਾ ਹੈ ਕਿ ਉਸਦੇ ਪਿਤਾ ਨੇ ਇੱਕ ਹੋਰ ਵਿਆਹ ਕਰਵਾ ਲਿਆ ਹੈ ਤਾਂ ਉਹ ਆਪਣੀ ਮਾਂ ਸਮਾਨ "ਲੂਣਾ" ਨੂੰ ਮਿਲਣ ਜਾਂਦਾ ਹੈ। ਪੂਰਨ ਦੀ ਸੁੰਦਰਤਾ ਅਤੇ ਆਪਣਾ ਹਾਣੀ ਵੇਖ ਕੇ ਲੂਣਾ ਉਸ ਵਲ ਖਿੱਚੀ ਜਾਂਦੀ ਹੈ। ਲੂਣਾ, ਪੂਰਨ ਨੂੰ ਕਾਮ ਭਾਵਨਾਵਾਂ ਵਿੱਚ ਵਹਿ ਕੇ ਉਸਦੀ ਕਾਮ ਤ੍ਰਿਪਤੀ ਕਰਨ ਲਈ ਕਹਿੰਦੀ ਹੈ। ਪੂਰਨ, ਲੂਣਾ ਨੂੰ ਸਮਝਾਉਂਦਾ ਹੈ ਕਿ ਉਹ ਉਸ ਦੀ ਮਾਂ ਸਮਾਨ ਹੈ ਜਿਸ ਨਾਲ ਲੂਣਾ ਕ੍ਰੋਧਿਤ ਹੋ ਕੇ ਉਸ ਨੂੰ ਕਹਿੰਦੀ ਹੈ ਕਿ ਉਸ (ਪੂਰਨ) ਨੇ ਉਸਦੀ (ਲੂਣਾ) ਦੀ ਕੁਖੋਂ ਜਨਮ ਨਹੀਂ ਲਿਆ ਫ਼ੇਰ ਉਹ ਉਸਦੀ ਮਾਂ ਕਿਵੇਂ ਲੱਗੀ? ਲੂਣਾ ਦੇ ਉਕਸਾਉਣ ਅਤੇ ਵਾਰੀ ਵਾਰੀ ਕਹਿਣ ਤੇ ਵੀ ਪੂਰਨ ਨਹੀਂ ਮੰਨਦਾ। ਲੂਣਾ ਆਪਣੇ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ ਅਤੇ ਸਲਵਾਨ ਸਾਹਮਣੇ ਪੂਰਨ ਉੱਤੇ ਉਸਦੀ (ਲੂਣਾ) ਇਜ਼ਤ ਨਾਲ ਖਿਲਵਾੜ ਕਰਨ ਦਾ ਇਲਜ਼ਾਮ ਲਗਾਉਂਦੀ ਹੈ। ਇਹ ਸੁਣ ਕੇ ਰਾਜਾ ਬਹੁਤ ਕ੍ਰੋਧਿਤ ਹੁੰਦਾ ਹੈ ਤੇ ਪੂਰਨ ਦੀ ਹੱਤਿਆ ਦਾ ਹੁਕਮ ਸੁਣਾ ਦਿੰਦਾ ਹੈ। ਲੂਣਾ, ਪੂਰਨ ਨੂੰ ਆਖ਼ਰੀ ਵਾਰ ਉਸਦੀ ਗੱਲ ਮੰਨਣ ਲਈ ਕਹਿੰਦੀ ਪਰੰਤੂ ਪੂਰਨ ਆਪਣੇ ਫੈਸਲੇ ਉੱਪਰ ਅਡੋਲ ਰਹਿੰਦਾ ਹੈ। ਰਾਜਾ ਦੇ ਜਲਾਦ ਜਦੋਂ ਪੂਰਨ ਨੂੰ ਮਾਰਨ ਲਈ ਲੈ ਜਾਂਦੇ ਹਨ ਤਾਂ ਉਹ ਉਸ ਨੂੰ ਮਾਰਨ ਦੀ ਬਜਾਏ, ਪੂਰਨ ਦੇ ਹੱਥ-ਪੈਰ ਵੱਡ ਕੇ ਇੱਕ ਖੂਹ ਵਿੱਚ ਸੁੱਟ ਦਿੰਦੇ ਹਨ।

ਪੂਰਨ ਦੀ ਮਾਂ "ਇੱਛਰਾ" ਆਪਣੇ ਪੁੱਤਰ ਦੇ ਵਿਜੋਗ ਵਿੱਚ ਅੰਨ੍ਹੀ ਹੋ ਜਾਂਦੀ ਹੈ। ਪੂਰਨ 12 ਉਸ ਖੂਹ ਵਿੱਚ ਤੜਫਦਾ ਰਿਹਾ ਅਤੇ 12 ਸਾਲ ਬਾਅਦ ਗੁਰੂ ਗੋਰਖ ਨਾਥ ਆਪਣੇ ਚੇਲਿਆਂ ਨਾਲ ਉੱਥੋਂ ਲੰਗ ਰਿਹਾ ਸੀ। ਗੋਰਖ ਦਾ ਚੇਲਾ ਖੂਹ ਵਿਚੋਂ ਪਾਣੀ ਕੱਡਣ ਲਈ ਖੂਹ ਵਿੱਚ ਵੇਖਦਾ ਹੈ ਤਾਂ ਅਪੰਗ ਪੂਰਨ ਨੂੰ ਵੇੱਖ ਕੇ ਆਪਣੇ ਗੁਰੂ ਨੂੰ ਦੱਸਦਾ ਹੈ। ਗੁਰੂ ਗੋਰਖ, ਪੂਰਨ ਨੂੰ ਬਾਹਰ ਕੱਡਦਾ ਹੈ ਅਤੇ ਕਠਿਨ ਤਪਸਿਆ ਬਾਅਦ ਪੂਰਨ ਨੂੰ ਠੀਕ ਕਰ ਦਿੰਦਾ ਹੈ। ਪੂਰਨ ਦੇ ਠੀਕ ਹੋਣ ਬਾਅਦ ਗੁਰੂ ਗੋਰਖ ਉਹਨੂੰ ਉਸਦੀ ਇਸ ਹਾਲਤ ਦਾ ਕਰਨ ਪੁੱਛਦਾ ਹੈ ਤਾਂ ਪੂਰਨ ਸਾਰੀ ਕਹਾਣੀ ਗੁਰੂ ਨੂੰ ਸਣਾਉਂਦਾ ਹੈ। ਗੁਰੂ ਗੋਰਖ, ਪੂਰਨ ਨੂੰ ਵਾਪਿਸ ਮੁੜਨ ਅਤੇ ਆਪਣਾ ਰਾਜ-ਪਾਠ ਸੰਭਾਲਣ ਲਈ ਕਹਿੰਦਾ ਹੈ ਪ੍ਰੰਤੂ ਪੂਰਨ ਉਸਦੀ ਇੱਕ ਨਹੀਂ ਸੁਣਦਾ ਬਲਕਿ ਜੋਗ ਦੇਣ ਲਈ ਗੁਰੂ ਨੂੰ ਮਜਬੂਰ ਕਰ ਦਿੰਦਾ ਹੈ। ਗੁਰੂ ਗੋਰਖ, ਪੂਰਨ ਨੂੰ "ਰਾਣੀ ਸੁੰਦਰਾਂ" ਦੇ ਮਹਿਲ ਵਿੱਚ ਰਾਣੀ ਤੋਂ ਭਿੱਖਿਆ ਮੰਗਣ ਲੈ ਭੇਜਦਾ ਹੈ ਅਤੇ ਰਾਣੀ ਸੁੰਦਰਾਂ ਦੇਖਣ 'ਚ ਵੀ ਬਹੁਤ ਸੁੰਦਰ ਸੀ। ਜਦੋਂ ਪੂਰਨ ਭਿੱਖਿਆ ਲੈਣ ਰਾਣੀ ਦੇ ਮਹਿਲ ਪਹੁੰਚਿਆ ਤਾਂ ਰਾਣੀ ਦੀ ਨੌਕਰਾਣੀ ਉਸ ਨੂੰ ਭਿੱਖਿਆ ਦੇਣ ਆਈ ਪ੍ਰੰਤੂ ਪੂਰਨ ਇਹ ਕਹਿ ਕੇ ਭਿੱਖਿਆ ਲੈਣ ਤੋਂ ਮਨ੍ਹਾ ਕਰ ਦਿੰਦਾ ਹੈ ਕਿ ਉਹ ਰਾਣੀ ਦੇ ਹੱਥ ਤੋਂ ਹੀ ਕੁਝ ਲਵੇਗਾ। ਇਹ ਸੁਣ ਕੇ ਸੁੰਦਰਾਂ ਬਹੁਤ ਗੁੱਸੇ ਵਿੱਚ ਆ ਗਈ ਅਤੇ ਭਿਖਸ਼ੂ ਕੋਲ ਗਈ ਤਾਂ ਉਹ ਪੂਰਨ ਦਾ ਰੂਪ ਵੇਖ ਕੇ ਉਸ ਉੱਪਰ ਮੋਹਿਤ ਹੋ ਜਾਂਦੀ ਹੈ। ਸੁੰਦਰਾਂ, ਪੂਰਨ ਨੂੰ ਭਿੱਖਿਆ ਵਿੱਚ ਹੀਰੇ ਜਵਾਰਤ ਦਿੰਦੀ ਹੈ ਜਿਸਨੂੰ ਉਸਦਾ ਗੁਰੂ ਮੋੜ ਦਿੰਦਾ ਹੈ ਅਤੇ ਉਸ ਨੂੰ ਭਿੱਖਿਆ ਵਿੱਚ ਕੁਝ ਖਾਣ ਲਈ ਮੰਗ ਲਿਆਉਣ ਲਈ ਕਹਿੰਦਾ ਹੈ। ਪੂਰਨ, ਸੁੰਦਰਾਂ ਨੂੰ ਉਸ ਦੀ ਹੀਰੇ ਜਵਾਰਤ ਦੀ ਭਿੱਖਿਆ ਵਾਪਿਸ ਕਰਕੇ ਕੁਝ ਖਾਣ ਲਈ ਮੰਗਦਾ ਹੈ। ਪੂਰਨ ਦੇ ਕਹਿਣ ਤੋਂ ਬਾਅਦ ਰਾਣੀ ਆਪਣੀ ਗੋਲੀਆਂ ਨਾਲ ਮਿਲ ਕੇ 36 ਪ੍ਰਕਾਰ ਦਾ ਪਕਵਾਨ ਬਣਾ ਕੇ ਗੁਰੂ ਗੋਰਖ ਨਾਥ ਦੇ ਡੇਰੇ ਲੈ ਕੇ ਜਾਂਦੀ ਹੈ। ਭੋਜਨ ਖਾਨ ਤੋਂ ਬਾਅਦ ਗੁਰੂ ਸੁੰਦਰਾਂ ਨੂੰ ਕੁਝ ਮੰਗਣ ਲਈ ਕਹਿੰਦਾ ਹੈ ਤਾਂ ਉਹ ਵਰ ਵਿੱਚ ਪੂਰਨ ਨੂੰ ਮੰਗਦੀ। ਵਚਨਬਧ ਗੋਰਖ ਸੁੰਦਰਾਂ ਨੂੰ ਪੂਰਨ ਸੌਂਪ ਦਿੰਦਾ ਹੈ। ਪੂਰਨ ਕੁਝ ਸਮੇਂ ਬਾਅਦ ਰਾਣੀ ਕੋਲੋਂ ਭੱਜ ਕੇ ਵਾਪਿਸ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਜਿਸ ਨਾਲ ਰਾਣੀ ਦੇ ਮਨ ਨੂੰ ਬਹੁਤ ਠੇਸ ਪਹੁੰਚਦੀ ਹੈ ਤੇ ਉਹ ਸਦਮਾ ਬਰਦਾਸ਼ਤ ਨਾ ਕਰ ਪਾਉਣ ਕਾਰਣ ਆਪਣੇ ਮਹਿਲ ਦੀ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ-ਹੱਤਿਆ ਕਰ ਲੈਂਦੀ ਹੈ।

ਇਸਦੇ ਬਾਅਦ ਗੁਰੂ ਗੌਰਖ ਨਾਥ ਦੇ ਕਹਿਣ ਤੇ ਪੂਰਨ "ਸਿਆਲਕੋਟ" ਜਾਂਦਾ ਹੈ ਅਤੇ ਉਸ ਬਾਗ ਵਿੱਚ ਡੇਰਾ ਲਗਾਉਂਦਾ ਹੈ ਜੋ ਬਹੁਤ ਸਾਲ ਪਹਿਲਾਂ ਸੁੱਕ ਗਿਆ ਸੀ। ਪੂਰਨ ਦੇ ਆਉਣ ਨਾਲ ਇਹ ਬਾਗ ਦੁਬਾਰਾ ਖਿੜ ਗਿਆ ਸੀ ਅਤੇ ਇਸ ਮਹਾਨ ਜੋਗੀ ਨੂੰ ਸਾਰੇ ਲੋਕ ਵੇਖਣ ਆਉਣ ਲਗ ਪਏ। ਰਾਜਾ ਸਲਵਾਨ ਅਤੇ ਉਸਦੀ ਪਤਨੀ ਲੂਣਾ ਨੂੰ ਕੋਈ ਬੱਚਾ ਨਹੀਂ ਸੀ ਜਿਸ ਕਾਰਣ ਉਹ ਵੀ ਪੁੱਤਰ ਪ੍ਰਾਪਤੀ ਲਈ ਉਸ ਜੋਗੀ ਦੇ ਦਰਸ਼ਨ ਪਾਉਣ ਆਏ। ਪੂਰਨ ਉਹਨਾਂ ਨੂੰ ਕਹਿੰਦਾ ਹੈ ਕਿ ਪਹਿਲਾਂ ਵੀ ਇਸ ਮਹਿਲ ਵਿੱਚ ਇੱਕ ਪੁੱਤਰ ਜੰਮਿਆ ਸੀ ਜਿਸ ਨੂੰ ਬਿਨਾਂ ਕਾਰਣ ਮਾਰਿਆ ਗਿਆ। ਇਹ ਸੁਣ ਕੇ ਲੂਣਾ ਆਪਣੀ ਗਲਤੀ ਸਵੀਕਾਰਦੀ ਹੈ ਇਹ ਸੁਣ ਸਲਵਾਨ ਆਪਣੇ ਆਪ ਨੂੰ ਅਤੇ ਲੂਣਾ ਨੂੰ ਕੋਸਦਾ ਹੈ। ਜੋਗੀ, ਲੂਣਾ ਦੇ ਹੱਥ ਵਿੱਚ ਇੱਕ ਚੌਲ ਦਾ ਦਾਣਾ ਰੱਖਦਾ ਹੈ ਅਤੇ ਪੁੱਤਰ ਪ੍ਰਾਪਤੀ ਦਾ ਆਸ਼ੀਰਵਾਦ ਦਿੰਦਾ ਹੈ, ਜਿਸ ਨਾਲ ਉਸ ਘਰ ਇੱਕ ਪੁੱਤਰ ਨੇ ਵੀ ਜਨਮ ਲਿਆ ਸੀ, ਜੋ ਬਾਅਦ ਵਿੱਚ ਰਾਜਾ ਰਸਾਲੂ ਬਣਿਆ। ਪੂਰਨ ਦੀ ਮਾਂ ਇੱਛਰਾ ਅੰਨ੍ਹੀ ਹੋਣ ਦੇ ਬਾਵਜੂਦ ਵੀ ਪੂਰਨ ਨੂੰ ਪਛਾਣ ਜਾਂਦੀ ਹੈ ਅਤੇ ਉਸ ਦੀਆਂ ਅੱਖਾਂ ਠੀਕ ਹੋ ਜਾਂਦੀਆਂ ਹਨ। ਪੂਰਨ ਮਾਂ ਨੂੰ ਮਿਲਣ ਦਾ ਦੁਬਾਰਾ ਵਾਅਦਾ ਕਰ ਕੇ ਵਾਪਿਸ ਚਲਾ ਜਾਂਦਾ ਹੈੈ। ਕੁਝ ਸਾਲਾਂ ਬਾਅਦ ਮਾਂ ਨੂੰ ਦਿੱਤਾ ਵਚਨ ਨਿਭਾਉਣ ਲੈ ਉਹ ਵਾਪਿਸ ਸਿਆਲਕੋਟ ਜਾਂਦਾ ਹੈ ਜਿੱਥੇ ਸਾਰੇ ਲੋਕ ਦਰਸ਼ਨਾਂ ਲੈ ਆਉਂਦੇ ਹਨ। ਸਲਵਾਨ ਅਤੇ ਲੂਣਾ ਦੇ ਨਾਲ ਰਸਾਲੂ ਵੀ ਦਰਸ਼ਨਾਂ ਲਈ ਆਉਂਦਾ ਹੈ ਅਤੇ ਰਸਾਲੂ ਜੋਗੀ ਨੂੰ ਚਮਤਕਾਰ ਦਿਖਾਉਣ ਲੈ ਕਹਿੰਦਾ ਹੈੈ। ਪੂਰਨ ਆਪਣੇ ਗੁਰੂ ਨੂੰ ਯਾਦ ਕਰਕੇ ਆਪਣੀ ਝੋਲੀ ਵਿਚੋਂ ਸੋਨੇ ਦਾ ਕੜਾ ਕੱਡ ਦਿਖਾਉਂਦਾ ਜਿਸ ਨਾਲ ਰਸਾਲੂ ਵ ਉਸ ਨੂੰ ਸੀਸ ਨਿਵਾਉਂਦਾ ਹੈੈ। ਕਥਾ ਦਾ ਅੰਤ ਉੱਥੇ ਹੁੰਦਾ ਹੈ ਜਦੋਂ ਮਾਂ ਪੁੱਤਰ ਦਾ ਮਿਲਣ ਹੁੰਦਾ ਹੈ ਅਤੇ ਇੱਛਰਾ ਆਪਣੇ ਬੇਟੇ ਦੇ ਵਚਨ ਦੇ ਨਿਭਾਉਣ ਉੱਤੇ ਉਸ ਨੂੰ ਮਿਲਣ ਆਉਂਦਾ ਹੈ ਜਿਸ ਕਾਰਣ ਉਹ ਬਹੁਤ ਖੁਸ਼ ਹੁੰਦੀ ਹੈ।

ਹਵਾਲੇ[ਸੋਧੋ]

  1. ਬੇਦੀ ਵਣਜਾਰਾ, ਸੋਹਿੰਦਰ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਜਿਲਦ 7. ਦਿੱਲੀ: ਨੈਸ਼ਨਲ ਬੁਕ ਸ਼ਾਪ. p. 1719. ISBN 81-7116-164-2.
  2. Ram, Laddhu. Kissa Puran Bhagat. Lahore: Munshi Chiragdeen.