ਸਮੱਗਰੀ 'ਤੇ ਜਾਓ

ਪ੍ਰਤੱਖ ਚੋਣ ਪ੍ਰਣਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਤੱਖ ਚੋਣ ਪ੍ਰਣਾਲੀ ਜਾਂ ਸਿੱਧੀ ਚੋਣ ਤੋਂ ਭਾਵ ਹੈ ਵੋਟਰਾਂ ਦੁਆਰਾ ਪ੍ਰਤੱਖ ਰੂਪ ਨਾਲ ਚੋਣਾਂ ਵਿੱਚ ਹਿੱਸਾ ਲੈ ਕੇ ਪ੍ਰਤੀਨਿਧੀਆਂ ਦੀ ਚੋਣ ਕਰਨਾ।[1] ਇਸ ਪ੍ਰਣਾਲੀ ਵਿੱਚ ਹਰੇਕ ਵੋਟਰ ਚੋਣ-ਕੇਂਦਰ ਵਿੱਚ ਜਾ ਕੇ ਆਪਣੀ ਇੱਛਾ ਅਨੁਸਾਰ ਉਮੀਦਵਾਰ ਦੇ ਪੱਖ ਅਤੇ ਵਿਰੋਧ ਵਿੱਚ ਆਪਣੇ ਵੋਟ ਦੀ ਵਰਤੋਂ ਕਰਦਾ ਹੈ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣਾਂ ਵਿੱਚ ਸਭ ਤੋਂ ਜਿਆਦਾ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਸਫ਼ਲ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਅਕਸਰ ਸਾਰੇ ਲੋਕਤੰਤਰੀ ਦੇਸ਼ਾਂ ਵਿੱਚ ਇਸੇ ਚੋਣ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ। ਇਹ ਪ੍ਰਣਾਲੀ ਇੰਗਲੈਂਡ, ਭਾਰਤ, ਅਮਰੀਕਾ, ਕੈਨੇਡਾ, ਸਵਿਟਜ਼ਰਲੈਂਡ, ਰੂਸ ਆਦਿ ਦੇਸ਼ਾਂ ਵਿੱਚ ਵਿਧਾਨ-ਮੰਡਲ ਦੇ ਮੈਂਬਰਾਂ ਨੂੰ ਚੁਣਨ ਲਈ ਵਰਤੋਂ ਵਿੱਚ ਲਿਆਂਦੀ ਜਾ ਰਹੀ ਹੈ।

ਗੁਣ

[ਸੋਧੋ]

ਪ੍ਰਤੱਖ ਚੋਣ-ਪ੍ਰਣਾਲੀ ਦੇ ਹੇਠ ਲਿਖੇ ਗੁਣ ਹਨ:-[2]

  1. ਵੋਟਰਾਂ ਵਿੱਚ ਰਾਜਨੀਤਿਕ ਸਮੱਸਿਆਵਾ ਪ੍ਰਤੀ ਦਿਲਚਸਪੀ ਪੈਦਾ ਹੋਣਾ: ਇਸ ਪ੍ਰਣਾਲੀ ਵਿੱਚ ਵੋਟਰਾਂ ਵਿੱਚ ਰਾਜਨੀਤਿਕ ਸਮੱਸਿਆਵਾਂ ਪ੍ਰਤੀ ਦਿਲਚਸਪੀ ਪੈਦਾ ਹੁੰਦੀ ਹੈ ਕਿਉਂ ਕਿ ਹਰੇਕ ਵੋਟਰ ਇਹ ਜਾਣਦਾ ਹੁੰਦਾ ਹੈ ਕਿ ਉਸ ਦੀ ਵੋਟ ਦੁਆਰਾ ਪ੍ਰਤੀਨਿਧੀਆਂ ਦੀ ਸਿੱਧੇ ਰੂਪ ਵਿੱਚ ਚੋਣ ਹੋਵੇਗੀ, ਉਹ ਪ੍ਰਤੀਨਿਧੀਆਂ ਅਤੇ ਉਹਨਾਂ ਦੇ ਦਲਾਂ ਦੇ ਪ੍ਰੋਗਰਾਮਾਂ ਦੀ ਚੰਗਿਆਈ ਜਾਂ ਬੁਰਾਈ ਆਦਿ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦਾ ਹੈ।
  2. ਇਹ ਲੋਕਤੰਤਰਿਕ ਸਿਧਾਂਤਾ ਅਨੁਸਾਰ ਹੈ: ਲੋਕਤੰਤਰ ਵਿੱਚ ਅਖ਼ੀਰੀ ਸ਼ਕਤੀ ਜਨਤਾ ਕੋਲ ਹੁੰਦੀ ਹੈ ਅਤੇ ਪ੍ਰਤੱਖ ਚੋਣ-ਪ੍ਰਣਾਲੀ ਦੇ ਅਧੀਨ ਸਭ ਲੋਕਾਂ ਨੂੰ ਆਪਣੀ ਇਸ ਸ਼ਕਤੀ ਦੀ ਵਰਤੋਂ ਕਰਨ ਅਤੇ ਇੱਛਾ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ।
  3. ਪ੍ਰਤੀਨਿਧੀ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹਨ: ਬਾਲਗ ਵੋਟ-ਅਧਿਕਾਰ ਦੇ ਆਧਾਰ 'ਤੇ ਪ੍ਰਤੱਖ ਚੋਣ-ਪ੍ਰਣਾਲੀ ਦੇ ਅਨੁਸਾਰ ਚੁਣੇ ਗਏ ਪ੍ਰਤੀਨਿਧੀ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਜਿਆਦਾ ਜ਼ਿੰਮੇਵਾਰ ਮਹਿਸੂਸ ਕਰਦੇ ਹਨ ਕਿਉਂ ਕਿ ਉਹ ਸਾਰੇ ਵੋਟਰਾਂ ਦੁਆਰਾ ਚੁਣੇ ਜਾਂਦੇ ਹਨ।
  4. ਜਨਤਾ ਨੂੰ ਰਾਜਨੀਤਿਕ ਸਿੱਖਿਆ ਮਿਲਦੀ ਹੈ: ਸਾਰੇ ਵੋਟਰ ਇਸ ਵਿੱਚ ਭਾਗ ਲੈਂਦੇ ਹਨ ਇਸ ਲਈ ਲੋਕਾਂ ਵਿੱਚ ਰਾਜਨੀਤਿਕ ਜਾਗਰੂਕਤਾ ਪੈਦਾ ਹੁੰਦੀ ਹੈ। ਨਾਗਰਿਕਾਂ ਦਾ ਦ੍ਰਿਸ਼ਟੀਕੋਣ ਵਿਆਪਕ ਹੁੰਦਾ ਹੈ ਅਤੇ ਉਹ ਸਵੈ-ਸ਼ਾਸਨ ਕਲਾ ਵਿੱਚ ਨਿਪੁੰਨ ਹੋ ਜਾਂਦੇ ਹਨ।
  5. ਜਨਤਾ ਦਾ ਪ੍ਰਤੀਨਿਧੀਆਂ ਨਾਲ ਮੇਲ-ਜੋਲ: ਇਸ ਪ੍ਰਣਾਲੀ ਦੁਆਰਾ ਚੁਣੇ ਹੋਏ ਪ੍ਰਤੀਨਿਧੀ ਆਪਣੇ-ਆਪ ਨੂੰ ਵੋਟਰਾਂ ਦਾ ਪ੍ਰਤੀਨਿਧੀ ਸਮਝ ਕੇ ਉਹਨਾਂ ਨਾਲ ਮੇਲ-ਜੋਲ ਬਣਾਈ ਰੱਖਦੇ ਹਨ ਅਤੇ ਉਹਨਾਂ ਦੇ ਹਿੱਤ ਵਿੱਚ ਕੰਮ ਕਰਨ ਦੀ ਕੋਸ਼ਿਸ ਕਰਦੇ ਹਨ।
  6. ਭ੍ਰਿਸ਼ਟਾਚਾਰ ਦੀ ਘੱਟ ਸੰਭਾਵਨਾ: ਇਸ ਪ੍ਰਣਾਲੀ ਵਿੱਚ ਚੋਣਕਾਰਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਭ੍ਰਿਸ਼ਟਾਚਾਰ ਦੀ ਓਨੀ ਸੰਭਾਵਨਾ ਨਹੀਂ ਰਹਿੰਦੀ, ਜਿੰਨੀ ਕਿ ਅਪ੍ਰਤੱਖ ਚੋਣ-ਪ੍ਰਣਾਲੀ ਵਿੱਚ ਹੁੰਦੀ ਹੈ।
  7. ਵਿਵਹਾਰ ਵਿੱਚ ਬਹੁਤ ਜਿਆਦਾ ਸਰਲ ਪ੍ਰਣਾਲੀ: ਇਸ ਪ੍ਰਣਾਲੀ ਦੀ ਵਰਤੋਂ ਬਿਨਾਂ ਕਿਸੇ ਰੁਕਾਵਟ ਜਾਂ ਸਮੱਸਿਆ ਦੇ ਕੀਤੀ ਜਾ ਸਕਦੀ ਹੈ। ਸਿੱਟੇ ਵਜੋਂ ਇਹ ਸਭ ਤੋਂ ਜਿਆਦਾ ਲੋਕਤੰਤਰਿਕ ਪ੍ਰਣਾਲੀ ਮੰਨੀ ਜਾਂਦੀ ਹੈ।
  8. ਵੋਟਰਾਂ ਵਿੱਚ ਆਤਮ-ਸਨਮਾਨ ਦੀ ਭਾਵਨਾ ਆਉਂਦੀ ਹੈ: ਇਸ ਪ੍ਰਣਾਲੀ ਅਨੁਸਾਰ ਹਰੇਕ ਵੋਟਰ ਨੂੰ ਹਿੱਸਾ ਲੈਣ ਦਾ ਅਧਿਕਾਰ ਹੈ। ਇਸ ਲਈ ਵੋਟਰ ਆਪਣੇ ਆਪ ਨੂੰ ਸ਼ਾਸਨ-ਪ੍ਰਬੰਧ ਦਾ ਹਿੱਸਾ ਅਨੁਭਵ ਕਰਦੇ ਹਨ ਅਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ।
  9. ਬਰਾਬਰੀ ਦੀ ਭਾਵਨਾ: ਪ੍ਰਤੱਖ ਚੋਣ-ਪ੍ਰਣਾਲੀ ਵਿੱਚ ਹਰੇਕ ਵਿਅਕਤੀ ਨੂੰ ਬਰਾਬਰ ਰੂਪ ਵਿੱਚ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ ਇਸ ਲਈ ਨਾਗਰਿਕਾਂ ਵਿੱਚ ਬਰਾਬਰੀ ਦੀ ਭਾਵਨਾ ਆਉਂਦੀ ਹੈ।

ਪ੍ਰਤੱਖ ਚੋਣ-ਪ੍ਰਣਾਲੀ ਦੇ ਦੋਸ਼

[ਸੋਧੋ]

ਪ੍ਰਤੱਖ ਚੋਣ-ਪ੍ਰਣਾਲੀ ਦੇ ਕੁਝ ਦੋਸ਼ ਵੀ ਹਨ, ਜਿਹਨਾਂ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ:-[2]

  1. ਪ੍ਰਤੀਨਿਧੀਆਂ ਦੀ ਚੋਣ ਦੋਸ਼ਪੂਰਨ: ਸਧਾਰਨ ਵੋਟਰ ਅਕਸਰ ਇੰਨੇ ਯੋਗ ਨਹੀਂ ਹੁੰਦੇ ਕਿ ਉਹ ਆਪਣੀ ਵੋਟ ਦੀ ਵਰਤੋਂ ਠੀਕ ਢੰਗ ਨਾਲ ਕਰ ਸਕਣ। ਇਸ ਲਈ ਇਸ ਪ੍ਰਣਾਲੀ ਵਿੱਚ ਇਹ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਕਿ ਪ੍ਰਤੀਨਿਧੀਆਂ ਦੀ ਚੋਣ ਦੋਸ਼-ਰਹਿਤ ਨਾ ਹੋਵੇ।
  2. ਬਿਨਾਂ ਕਿਸੇ ਵਿਚਾਰ ਦੇ ਵੋਟ ਦੀ ਵਰਤੋਂ: ਇਸ ਤੋਂ ਇਲਾਵਾ ਪ੍ਰਤੱਖ ਚੋਣ ਦੇ ਚੋਣਕਾਰਾਂ ਨੂੰ ਰਾਜਨੀਤਿਕ ਸਮੱਸਿਆਵਾਂ ਬਾਰੇ ਪੂਰਨ ਗਿਆਨ ਨਹੀਂ ਹੁੰਦਾ ਅਤੇ ਉਹ ਅਕਸਰ ਭਾਵਨਾਵਾਂ ਵਿੱਚ ਵਹਿ ਕੇ ਆਪਣੀ ਵੋਟ ਦੀ ਵਰਤੋਂ ਕਰ ਜਾਂਦੇ ਹਨ, ਜਿਸ ਨਾਲ ਵੱਖ-ਵੱਖ ਰਾਜਨੀਤਿਕ ਦਲ ਆਪਣੇ-ਆਪਣੇ ਰਾਜਨੀਤਿਕ ਪ੍ਰਚਾਰ ਦੁਆਰਾ ਉਸ ਸਮੇਂ ਦੇ ਵਾਯੂਮੰਡਲ ਨੂੰ ਭਰ ਦਿੰਦੇ ਹਨ।
  3. ਯੋਗ ਅਤੇ ਬੁੱਧੀਮਾਨ ਵਿਅਕਤੀ ਚੋਣਾਂ ਲੜਨ ਤੋਂ ਡਰਦੇ ਹਨ: ਪ੍ਰਤੱਖ ਚੋਣ-ਪ੍ਰਣਾਲੀ ਅਧੀਨ ਯੋਗ ਅਤੇ ਬੁੱਧੀਮਾਨ ਵਿਅਕਤੀ ਚੋਣਾਂ ਤੋਂ ਦੂਰ ਰਹਿੰਦੇ ਹਨ, ਕਿਉਂ ਕਿ ਉਹ ਮੰਨਦੇ ਹਨ ਕਿ ਉਹ ਜ਼ੋਸ਼ੀਲੇ ਅਤੇ ਭਾਵਨਾਤਮਿਕ ਭਾਸ਼ਨਾਂ ਦੁਆਰਾ ਲੋਕਾ ਨੂੰ ਪਿੱਛੇ ਨਹੀਂ ਲਗਾ ਸਕਣਗੇ ਅਤੇ ਨਾ ਹੀ ਉਹ ਚੋਣਾਂ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਣਗੇ।
  4. ਇਹ ਖ਼ਰਚੀਲੀ ਪ੍ਰਣਾਲੀ ਹੈ: ਪ੍ਰਤੱਖ ਚੋਣ-ਪ੍ਰਣਾਲੀ ਵਿੱਚ ਚੋਣਾਂ ਕਰਵਾਉਣ ਲਈ ਵਿਆਪਕ ਪੱਧਰ 'ਤੇ ਚੋਣ-ਪ੍ਰਬੰਧ ਕਰਨੇ ਪੈਂਦੇ ਹਨ, ਜਿਹਨਾਂ 'ਤੇ ਬਹੁਤ ਜਨਤਕ ਧਨ ਖ਼ਰਚ ਕਰਨਾ ਪੈਂਦਾ ਹੈ ਜੋ ਕਿ ਰਾਜ ਵਿੱਚ ਰਹਿਣ ਵਾਲੇ ਲੋਕਾਂ 'ਤੇ ਵਾਧੂ ਬੋਝ ਹੈ।
  5. ਪ੍ਰਤੱਖ ਚੋਣ-ਪ੍ਰਣਾਲੀ ਤਹਿਤ ਚੋਣ-ਖੇਤਰ ਵੱਡੇ ਹੋਣ ਕਾਰਨ ਵੋਟਰਾਂ ਅਤੇ ਪ੍ਰਤੀਨਿਧੀਆਂ ਵਿਚਕਾਰ ਸਿੱਧੇ ਮੇਲ-ਜੋਲ ਦੀ ਘਾਟ ਹੁੰਦੀ ਹੈ।
  6. ਅਵਿਵਸਥਾ ਅਤੇ ਭ੍ਰਿਸ਼ਟਾਚਾਰ ਦੀ ਸੰਭਾਵਨਾ: ਵੋਟਰਾਂ ਦੀ ਬਹੁ ਗਿਣਤੀ ਹੋਣ ਕਾਰਨ ਵਾਤਾਵਰਣ ਜੋਸ਼ ਭਰਿਆ ਹੋ ਜਾਂਦਾ ਹੈ। ਇਸ ਲਈ ਤਣਾਉ ਅਤੇ ਅਵਿਵਸਥਾ ਫੈਲ ਜਾਂਦੀ ਹੈ। ਕਈ ਪ੍ਰਤੀਨਿਧੀ ਭ੍ਰਿਸ਼ਟ ਤਰੀਕਿਆਂ ਦੀ ਵਰਤੋਂ ਕਰਦੇ ਹਨ।
  7. ਰਾਜਨੀਤਿਕ ਦਲਾਂ ਦੇ ਬੁਰੇ ਪ੍ਰਭਾਵ: ਪ੍ਰਤੱਖ ਚੋਣ-ਪ੍ਰਣਾਲੀ ਵਿੱਚ ਰਾਜਨੀਤਿਕ ਦਲ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦੇ ਹਨ ਅਤੇ ਸੱਤਾ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਘਟੀਆ ਹਥਿਆਰ (ਤਰੀਕੇ) ਅਪਣਾਉਣ ਵਿੱਚ ਵੀ ਨਹੀਂ ਹਿੱਚਕਿਚਾਉਂਦੇ। ਆਖਰੀ ਰੂਪ ਵਿੱਚ ਇਹ ਸਭ ਕੁਝ ਜਨਤਾ ਦੇ ਨੈਤਿਕ ਪੱਧਰ ਨੂੰ ਪ੍ਰਭਾਵਿਤ ਕਰਦਾ ਹੈ।

ਹਵਾਲੇ

[ਸੋਧੋ]