ਪ੍ਰਯੋਗਸ਼ੀਲ ਪੰਜਾਬੀ ਕਵਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵੀਹਵੀਂ ਸਦੀ ਦੇ ਆਰੰਭ ਵਿੱਚ ਯੂਰਪ ਦੇ ਲੇਖਕਾਂ ਨੇ ਸਾਹਿਤ ਦੀ ਹਰ ਵੰਨਗੀ ਵਿੱਚ ਨਵੇਂ ਪ੍ਰਯੋਗ ਕਰਨੇ ਆਰੰਭ ਕੀਤੇ ਸਨ। ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਹੋਣ ਵਾਲੇ ਨਵੇਂ ਪ੍ਰਯੋਗਾਂ ਤੋਂ ਉਤਸ਼ਾਹਿਤ ਹੋ ਕੇ ਸਾਹਿਤਕਾਰਾਂ ਨੇ ਵੀ ਆਪਣੇ-ਆਪਣੇ ਖੇਤਰ ਵਿੱਚ ਨਵੇਂ ਪ੍ਰਯੋਗ ਦੀ ਜਰੂਰਤ ਅਨੁਭਵ ਕੀਤੀ। ਅਸਲ ਵਿੱਚ ਗਿਆਨ-ਵਿਗਿਆਨ ਨੇ ਭੌਤਿਕ ਜਗਤ ਦੇ ਸਰੂਪ ਨੂੰ ਹੀ ਬਦਲ ਦਿੱਤਾ ਸੀ। ਨਵੀਂਆਂ ਪਰਸਥਿਤੀਆਂ ਨੇ ਇੱਕ ਮਨੁੱਖ ਨੂੰ ਜਨਮ ਦਿੱਤਾ ਅਤੇ ਇਸ ਨਵੇਂ ਮਨੁੱਖ ਦੀ ਪੇਸ਼ਕਾਰੀ ਲਈ ਸਾਹਿਤ ਵਿੱਚ ਨਵੇਂ ਪ੍ਰਯੋਗਾਂ ਦੀ ਲੋੜ ਮਹਿਸੂਸ ਹੋਈ। ਇਸ ਤਰ੍ਹਾਂ ਸਾਹਿਤ ਵਿੱਚ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਵੀ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਪ੍ਰਯੋਗ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ।[1]

ਆਰੰਭ[ਸੋਧੋ]

ਪ੍ਰਯੋਗਸ਼ੀਲ ਕਵਿਤਾ, ਪ੍ਰਗਤੀਵਾਦੀ ਪੰਜਾਬੀ ਕਵਿਤਾ ਦੇ ਪ੍ਰਤੀਕਰਮ ਵਜੋਂ ਪੈਦਾ ਹੋਈ ਸੀ। 1955-56 ਵਿੱਚ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਦੀ ਪ੍ਰਗਤੀਵਾਦੀ ਲਹਿਰ ਨੂੰ ਢਾਹ ਲਾਉਣ ਵਾਲੀ ਪ੍ਰਯੋਗਸ਼ੀਲਤਾ ਦੀ ਲਹਿਰ ਪੈਦਾ ਹੋਈ। ਇਸ ਲਹਿਰ ਦੇ ਸਮਰਥਕਾਂ ਦਾ ਵਿਚਾਰ ਸੀ ਕਿ ਪ੍ਰਗਤੀਵਾਦੀ ਕਵੀਆਂ ਨੇ ਰੁਮਾਂਟਿਕ ਨਾਅਰੇਬਾਜੀ ਕੀਤੀ, ਪਰੰਤੂ ਹੁਣ ਯਥਾਰਥ ਨੂੰ ਪੇਸ਼ ਕਰਨ ਦੀ ਜਰੂਰਤ ਹੈ।

ਪੰਜਾਬੀ ਕਵਿਤਾ ਵਿੱਚ, ਪ੍ਰਯੋਗਵਾਦੀ ਲਹਿਰ ਦਾ ਆਰੰਭ, ਪੰਜਾਬੀ ਸਾਹਿਤ ਪ੍ਰਯੋਗ ਅਕਾਦਮੀ ਵੱਲੋਂ, ਜੂਨ 1961 ਵਿੱਚ, ਡਲਹੋੋਜ਼ੀ ਵਿੱਚ ਕੀਤੇ ਸੈਮੀਨਾਰ ਤੋਂ ਮੰਨਿਆ ਜਾਂਦਾ ਹੈ। ਇਹ ਸੈਮੀਨਾਰ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਹਫ਼ਤਾ ਭਰ ਚੱਲਿਆ। ਇਸ ਸੈਮੀਨਾਰ ਵਿੱਚ ਹੇਠ ਲਿਖੇ ਫੈਸਲੇ ਲਏ ਗਏ- 1)ਅੰਮ੍ਰਿਤਾ ਪ੍ਰੀਤਮ ਤੇ ਮੋਹਨ ਸਿੰਘ ਪਰੰਪਰਾ ਦੀਆਂ ਜਰਜਰਿਤ, ਅਨੁਭਵ ਪ੍ਰਣਾਲੀਆਂ ਤੇ ਉਹਨਾਂ ਨਾਲ ਸੰਬੰਧਿਤ ਬਿੰਬ ਵਿਧਾਨ ਦਾ ਤਿਆਗ। 2)ਰੁਮਾਂਟਿਕ ਪ੍ਰੀਤ ਦੇ ਮਤ ਦਾ ਤਿਆਗ। 3)ਨਵੀਆਂ ਅਨੁਭਵ ਪ੍ਰਣਾਲੀਆਂ ਦੀ ਢੂੰਡ ਭਾਲ। 4)ਬਿੰਬ ਖੇਤਰ ਦਾ ਵਿਸਥਾਰ, ਤਾਂ ਜੋ ਉਸ ਵਿੱਚ ਵਰਤਮਾਨ ਜੀਵਨ ਤੋਂ ਇਲਾਵਾ, ਇਤਿਹਾਸ-ਪੁਰਾਣ ਨੂੰ ਯੋਗ ਸਥਾਨ ਮਿਲੇ, ਆਦਿ।

ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਪ੍ਰਯੋਗਸ਼ੀਲ ਜਾਂ ਪ੍ਰਯੋਗਵਾਦੀ ਕਵਿਤਾ ਦੀ ਕੋਈ ਲੰਬੀ ਪਰੰਪਰਾ ਨਹੀਂ ਬਣ ਸਕੀ। ਇਸ ਦਾ ਕਾਰਨ ਇਹ ਸੀ ਕਿ ਇਸ ਵਿੱਚ ਇੱਕ ਤੋਂ ਵਧੇਰੇ ਕਾਲ ਦੇ ਕਵੀ ਸ਼ਾਮਿਲ ਨਹੀਂ ਹੋਏ। ਪ੍ਰਯੋਗਸ਼ੀਲ ਕਵਿਤਾ ਇੱਕ ਬੁਖ਼ਾਰ ਵਾਂਗ ਸੀ ਜੋ ਕੁਝ ਕੁ ਸਾਲ ਕਵੀਆਂ ਨੂੰ ਚੜਿਆ ਰਿਹਾ। ਡਾ. ਰਜਿੰਦਰਪਾਲ ਸਿੰਘ ਦੇ ਅਨੁਸਾਰ,ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਇੱਕ ਲਹਿਰ ਵਾਂਗ ਉਠਿਆ ਵਰਤਾਰਾ ਸੀ ਅਤੇ ਜੋ ਛੇਤੀ ਹੀ ਖ਼ਤਮ ਹੋ ਗਿਆ। ਇਹ ਕਿਸੇ ਵਿਸ਼ੇਸ਼ ਦਾਰਸ਼ਨਿਕ ਮਤ ਨਾਲ ਸੰਬੰਧਿਤ ਨਹੀਂ ਸੀ। ਇਸ ਕਾਰਨ ਇਸ ਨੂੰ ਪ੍ਰਯੋਗਵਾਦ ਦੀ ਥਾਂ ਪ੍ਰਯੋਗਸ਼ੀਲ ਆਖਣਾ ਢੁੱਕਵਾਂ ਹੋਵੇਗਾ।[2] ਇਸ ਲਹਿਰ ਦੇ ਮੋਢੀਆ ਵਿੱਚ ਰਵਿੰਦਰ ਰਵੀ, ਡਾ. ਜ਼ਸਬੀਰ ਸਿੰਘ ਆਹਲੂਵਾਲੀਆ, ਅਜਾਇਬ ਕਮਾਲ ਅਤੇ ਸੁਖਪਾਲਵੀਰ ਸਿੰਘ ਹਸਰਤ ਦੇ ਨਾਂ ਵਰਨਣਯੋਗ ਹਨ।

ਸੁਚੇਤ ਪ੍ਰਯੋਗਕਾਰ[ਸੋਧੋ]

ਡਾ. ਕੇਸਰ ਸਿੰਘ ਅਨੁਸਾਰਤਾਰਾ ਸਿੰਘ ਵਿਰਕ ਪੰਜਾਬੀ ਦਾ ਪਹਿਲਾ ਸੁਚੇਤ ਪ੍ਰਯੋਗਕਾਰ ਹੈ। ਜਿਸ ਦਾ ਕਾਵਿ-ਸੰਗ੍ਰਹਿ ‘ਧਰਤੀ ਦਾ ਚਿਹਰਾ’ 1959 ਵਿੱਚ ਛਪਿਆ ਤੇ ਮਗਰੋ ਉੱਪਰੋਕਤ ਕਵੀਆ ਦੇ ਯਤਨਾ ਨਾਲ ਇਸ ਦਾ ਨਾਮਕਰਨ ਹੋਇਆ ਹੋਂਦਵਾਦ, ਆਧੁਨਿਕਤਾਵਾਦ ਤੇ ਆਲੋਚਨਾਤਮਕ ਯਥਾਰਥ ਇਸ ਦੇ ਵਿਚਾਰਥਾਰਕ ਬਣੇ।”

ਸੁਖਪਾਲ ਵੀਰ ਹਸਰਤ[ਸੋਧੋ]

ਸੁਖਪਾਲ ਵੀਰ ਹਸਰਤ ਦੀ ਕਵਿਤਾ ਨਾਲ ਪ੍ਰਯੋਗਸ਼ੀਲ ਲਹਿਰ ਦਾ ਮੁੱਢ ਬਝਦਾ ਹੈ। ਉਸ ਦੀ ਪੁਸਤਕ ਹਿਯਾਤੀ ਦੇ ਸੋਮੇ(1960) ਪ੍ਰਯੋਗਵਾਦੀ ਸ਼ਾਇਰਾਂ ਵਿਚੋਂ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਹੋਈ।ਉਹ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿਚੋਂ ਸੀ। ਪਰ ਇਹ ਵੀ ਸੱਚਾਈ ਹੈ ਕਿ ਉਹ ਬਹੁਤੀ ਦੇਰ ਇਸ ਲਹਿਰ ਨਾਲ ਜੁੜ ਕੇ ਨਾ ਰਹਿ ਸਕਿਆ। ਇਸ ਦੇ ਪ੍ਰਭਾਵ ਅਧੀਨ ਉਸਨੇ ਵਣ ਕੰਬਿਆ, ਮੋਹ ਮਾਇਆ, ਸ਼ਕਤੀ ਨਾਦ, ਆਦਿ ਪੁਸਤਕਾਂ ਦੀ ਰਚਨਾ ਕੀਤੀ। ਇਸ ਪਿਛੋਂ ਉਸਨੇ ਸੂਰਜ ਦਾ ਕਾਫ਼ਿਲਾ, ਨੂਰ ਦਾ ਸਾਗਰ, ਕਾਲ ਮੁਕਤ, ਸੂਰਜ ਤੇ ਕਹਿਕਸ਼ਾਂ, ਦਿਲ ਦਾ ਦਰਵਾਜ਼ਾ, ਵਿਸਮਾਦ ਰੰਗ ਅਤੇ ਸੁੰਦਰਤਾ ਸੰਯੋਗ ਪੁਸਤਕਾਂ ਦੀ ਰਚਨਾ ਕੀਤੀ। ਉਸਦੀ ਪ੍ਰਯੋਗਸ਼ੀਲ ਕਵਿਤਾ ਦਾ ਇੱਕ ਨਮੂਨਾ-

 
 ਕਾਫੀ ਦਾ ਘੁੱਟ ਜਿਵੇਂ ਬੁਲ੍ਹੀਆਂ ਦਾ ਚੁੰਮਣ,
 ਫੋਨ ਦੀ ਘੰਟੀ 'ਚੋਂ ਵਾਅਦੇ ਦੀ ਖੁਸ਼ਬੋ,
 ਕਦਮਾਂ ਚੋਂ ਸੈਂਡਲ ਦੇ ਚੀਰਨ ਦਾ ਹਾਸਾ,
 ਨੰਗੇ ਜਿਸਮ ਤੋਂ ਕਪੜੇ ਦੀ ਕਾਤਰ ਅਜੇ ਪਈ ਤਿਲ੍ਹ੍ਕੇ,
 ਹੋਟਲ ਦਾ ਕਮਰਾ ਬੜਾ ਸਜਿਆ ਹੈ।

ਜਸਬੀਰ ਸਿੰਘ ਆਹਲੂਵਾਲੀਆ[ਸੋਧੋ]

ਪ੍ਰਯੋਗਸ਼ੀਲ ਕਵਿਤਾ ਦੇ ਸਿਧਾਂਤ ਸੇਧ ਅਤੇ ਰੂਪ ਵਿਧੀ ਘੜ੍ਹਨ ਵਿੱਚ ਆਹਲੂਵਾਲੀਆ ਦਾ ਯੋਗਦਾਨ ਸਭ ਤੋਂ ਵਧੇਰੇ ਸੀ। ਉਸਨੇ ਇਸ ਲਹਿਰ ਦੇ ਪ੍ਰਭਾਵਹੀਣ ਹੋਣ ਤੋਂ ਬਾਅਦ ਵੀ ਕਾਵਿ ਸਿਰਜਣਾ ਜ਼ਾਰੀ ਰਖੀ। ਉਸ ਦੀਆਂ ਕਾਵਿ ਪੁਸਤਕਾਂ ਵਿੱਚ ਕਾਗਜ਼ ਦਾ ਰਾਵਣ, ਕੂੜ ਰਾਜਾ ਕੂੜ ਪਰਜਾ, ਸਚ ਕਿ ਬੇਲਾ, ਬਾਹਰੋਂ ਸਰਾਪੇ ਅੰਦਰੋਂ ਗਵਾਚੇ, ਵਰਨਣਯੋਗ ਹਨ। ਉਸਦੀ ਸਾਰੀ ਕਵਿਤਾ ਮੈਂ ਦੀ ਵਿਸ਼ਾਦਮਈ ਮਨੋਹੀਣੀ ਦੋ ਵਿਆਖਿਆ ਹੈ। ਇਹ ਉਸਦੀ ਡਾਵਾਂਡੋਲ ਮਨੋਸਥਿਤੀ ਹੈ।

ਇਹਨਾਂ ਕਵਿਤਾਵਾਂ ਕਾਰਨ ਉਸਦੀ ਅਤੇ ਸਮੁਚੇ ਪ੍ਰਯੋਗਸ਼ੀਲ ਕਾਵਿ ਦੀ ਬਹੁਤ ਆਲੋਚਨਾ ਹੋਈ-

 ਵਰਤ ਲਏ ਨੌਕਰ ਮੇਰਾ
 ਜੇ ਮੇਰੀ ਬੀਵੀ ਨੂੰ ਕੀਤੇ
 ਤਾਂ ਜਰ ਲਵਾਂ,
 ਪਰ ਜਰ ਕਦੇ ਸਕਦਾ ਨਹੀਂ ਹਾਂ
 ਕਿ ਬਿਨਾਕਾ ਬੁਰਸ਼ ਮੇਰਾ
 ਵਰਤ ਲਏ ਉਹ ਬਦਤਮੀਜ਼।

ਅਜਾਇਬ ਕਮਲ[ਸੋਧੋ]

ਅਜਾਇਬ ਕਮਲ ਨੇ ਕਵਿਤਾ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਨਾਲ ਨਾਲ ਗੁਣ ਵਿੱਚ ਵੀ ਵਾਧਾ ਕੀਤਾ ਹੈ। ਦੂਸਰੇ ਪ੍ਰਯੋਗਸ਼ੀਲ ਕਵੀਆਂ ਵਾਂਗ ਉਸਦੀ ਕਵਿਤਾ ਵਿੱਚ ਵੀ ਸਾਰਥਿਕਤਾ ਅਤੇ ਆਦਰਸ਼ ਦੀ ਗੈਰਹਾਜਰੀ ਹੈ-

 ਸੂਝਾਂ ਦੀ ਔਰਤ ਦੀ ਕੁੱਖੋਂ
 ਜਿਹੜਾ ਵੀ ਆਦਰਸ਼ ਜਨਮਦਾ
 ਇੱਕ ਸਤਮਾਹੇ ਬੱਚੇ ਵਾਂਗੂੰ
 ਛਿਣਾਂ ਪਲਾਂ ਵਿੱਚ ਮਰ ਮੁੱਕ ਜਾਂਦਾ
 ਸੜ ਸੁੱਕ ਜਾਂਦਾ।

ਸ਼ਿਵ ਕੁਮਾਰ[ਸੋਧੋ]

ਸ਼ਿਵ ਕੁਮਾਰ ਬਟਾਲਵੀ ਨੂੰ ‘ਬਿਰਹਾ ਤੂੰ ਸੁਲਤਾਨ’ ਕਰ ਕੇ ਜਾਣਿਆ ਜਾਂਦਾ ਹੈ। ਕਵੀਆਂ ਦਾ ਵਿਚਾਰ ਹੈ ਕਿ ਸ਼ਾਹ ਹੁਸੈਨ ਮਗਰੋਂ ਸ਼ਿਵ ਕੁਮਾਰ ਬਟਾਲਵੀ ਹੀ ਅਜਿਹਾ ਕਵੀ ਹੈ, ਜਿਸਨੇ ਬਿਰਹਾ ਦਾ ਅਧਿਆਨ ਇੰਨੇ ਪ੍ਰਚੰਡ ਪ੍ਰਤਿਭਾਸ਼ਾਲੀ ਰੂਪ ਵਿੱਚ ਕੀਤਾ। ਬਿਰਹਾ ਦੇ ਇਕਹਿਰੇ ਅਨੁਭਵ ਕਰ ਕੇ ਕਈ ਵਾਰੀ ਉਸ ਦੀ ਰਚਨਾ ਅਕੇਵੇ ਅਤੇ ਸਿਥਲਤਾ ਦਾ ਪ੍ਰਭਾਵ ਵੀ ਪਾਉਂਦੀ ਹੈ। ਉਸ ਦੇ ਕਈ ਗੀਤਾ ਅਤੇ ਗਜ਼ਲਾ ਬਹੁਤ ਪ੍ਰਸਿਧੀ ਪ੍ਰਾਪਤ ਕੀਤੀ ਹੈ। ਉਸ ਦਾ ਕਾਵਿ ਨਾਟ ‘ਲੂਣਾ’ ਜਿਸ ਨੂੰ ਕਹੀ ਵਿਦਵਾਨ ਮਹਾ-ਕਾਵਿ ਤੇ ਕਈ ਖੰਡ-ਕਾਵਿ ਕਹਿੰਦੇ ਹਨ, ਇੱਕ ਅਰਮ ਰਚਨਾ ਹੈ ਇਸਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਉਸ ਦੁਆਰਾ ਵਰਤੇ ਗਏ ਵੰਨ-ਸੁਵੰਨੇ ਅਲੰਕਾਰ ਬਿੰਬ ਤੇ ਪ੍ਰਤੀਕ ਕਵਿਤਾ ਦੇ ਖੇਤਰ ਵਿੱਚ ਨਵੇਂ ਪ੍ਰਯੋਗ ਸਨ।

ਡਾ. ਹਰਿਭਜਨ ਸਿੰਘ:[ਸੋਧੋ]

ਡਾ. ਹਰਿਭਜਨ ਸਿੰਘ ਦੀ ਸਮੁਚੀ ਕਵਿਤਾ ਰੁਮਾਂਟਿਕ ਤੇ ਪ੍ਰਗੀਤਕ ਕਾਵਿ-ਚੇਤਨਾ ਦਾ ਸੁਮੇਲ ਹੈ।‘ਨਾ ਧੁੱਪੇ ਨਾ ਛਾਵੇ’ ਕਾਵਿ-ਸੰਗ੍ਰਹਿ ਵਿੱਚ ਉਸ ਦੀ ਕਵਿਤਾ ਪ੍ਰਯੋਗਸ਼ੀਲ ਧੁਰੀ ਧਾਰਨ ਕਰਦੀ ਹੈ। ‘ਕੱਚ ਸੂਤਰ’ ਪ੍ਰਯੋਗਸ਼ੀਲ ਸ਼ੈਲੀ ਦੀ ਸੁੰਦਰ ਉਦਾਹਰਨ ਹੈ। ‘ਤਾਰ ਤੁਪਕਾ’ ਉਸ ਦਾ ਨਵਾ ਪ੍ਰਯੋਗ ਹੈ, ਇਸ ਵਿੱਚ ਐਟਮੀ ਯੁੱਗ ਦੇ ਵਿਰਾਟ ਤੇ ਵਿਨਾਸ਼ਕਾਰੀ ਰੂਪ ਨੂੰ ਚਿੰਨ੍ਹਵਾਦੀ ਢੰਗ ਨਾਲ ਬਿਆਨ ਕੀਤਾ ਹੈ।

ਜਸਵੰਤ ਸਿੰਘ ਨੇਕੀ[ਸੋਧੋ]

ਜਸਵੰਤ ਸਿੰਘ ਨੇਕੀ ਇੱਕ ਵਿਚਾਰਵਾਦੀ ਬੌਧਿਕ ਕਵੀ ਹੈ। ਆਧੁਨਿਕ ਮਨੋਵਿਗਿਆਨਿਕ ਦੇ ਡੂੰਘੇ ਅਧਿਐਨ ਸਦਕਾ ਪ੍ਰਾਪਤ ਅਨੁਭਵ ਨੂੰ ਉਹ ਅਭਿਵਿਅੰਜਨਾ ਵਿਧੀ ਨਾਲ ਇੱਕ ਸੁਰ ਕਰ ਕੇ ਨਵੀਨਤਮ-ਵਿਸ਼ਿਆ ਨੂੰ ਕਵਿਤਾ ਨੂੰ ਕਵਿਤਾ ਵਿੱਚ ਪੇਸ਼ ਕਰਦਾ ਹੈ। ਉਹ ਪ੍ਰਯੋਗਸ਼ੀਲ ਵੀ ਹੈ ਅਤੇ ਸ਼ਬਦਾਵਲੀ ਵਿਗਿਆਨਿਕ ਸ਼ਬਦਾ ਨਾਲ ਭਰਭੂਰ ਅਤੇ ਉਸ ਦਾ ਬਿਆਨ ਢੰਗ ਕੁਝ ਔਖਾ ਹੈ। ਉਹ ਸਮੂਰਤ ਪਿਛੇ ਲੁਕੇ ਅਮੂਰਤ ਵਲ ਵਾਰ-ਵਾਰ ਇਸ਼ਾਰਾ ਕਰਦਾ ਹੈ।

ਸੋਹਨ ਸਿੰਘ ਮੀਸ਼ਾ[ਸੋਧੋ]

ਸੋਹਨ ਸਿੰਘ ਮੀਸ਼ਾ ਦੀ ਰਚਨਾ ‘ਕੱਚ ਦੇ ਵਸਤਰ’ ਵਿੱਚ ਉਸ ਦੀ ਰਚਨਾਂ-ਜੁਗਤ ਬਿੰਬ ਸਿਰਜਨਾ ਨਹੀ, ਸਗੋ ਬਿੰਬ ਭਾਸ਼ਾ ਤੋ ਸੱਖਣੀ ਕਥਨ-ਬਿਰਤੀ ਹੈ। ਉਹ ਬਿੰਬਾ ਅਤੇ ਰੂਪਾ ਦੀ ਸਿਰਜਣਾ ਕਰਨ ਦੀ ਥਾ ਆਪਣੀ ਵਖਰੀ ਕਿਸਮ ਦੀ ਭਾਸ਼ਨ ਵਿਧੀ ਨਾਲ ਰਚਨਾ ਕਰਦਾ ਹੈ, ਜ਼ੋ ਉਸ ਦੀ ਪ੍ਰਯੋਗਵਾਦੀ ਰੂਚੀ ਦੇ ਲਖਾਇਕ ਹੈ।

ਜਗਤਾਰ[ਸੋਧੋ]

ਜਗਤਾਰ ਨੇ ਭਾਵੇਂ ਪਰੰਪਰਾਵਾਦੀ ਸ਼ੈਲੀ ਰਾਹੀਂ ਪੰਜਾਬੀ ਕਾਵਿ-ਜਗਤ ਵਿੱਚ ਪ੍ਰਵੇਸ਼ ਕੀਤਾ ਸੀ, ਪਰੰਤੂ ਹੌਲੀ-ਹੌਲੀ ਉਸ ਦਾ ਬੌਧਿਕ ਵਿਅੰਗ ਤੇ ਸ਼ੁਹਿਰਦ ਅਨੁਭਵ ਇੱਕ ਸੇਧ ਵਲ ਨੂੰ ਵਿਕਾਸ ਕਰਦਾ ਗਿਆ। ਉਸਨੇ ਪਹਿਲਾ ‘ਪਪੀਹਾ’ ਨਾਮ ਹੇਠ ਲੋਕ-ਗੀਤ ਲਿਖੇ ਤੇ ਫਿਰ ਉਸ ਪ੍ਰਗਤੀਵਾਦੀ ਵਿਚਾਰਧਾਰਾ ਵਾਲੀਆ ਕਵਿਤਾਵਾਂ ਲਿਖੀਆਂ ਹਨ। ਫਿਰ ਉਸ ਉੱਪਰ ਪ੍ਰਯੋਗਸ਼ੀਲਤਾ ਲਹਿਰ ਦਾ ਪ੍ਰਭਾਵ ਵੀ ਪਿਆ, ਪਰੰਤੂ ਛੇਤੀ ਉਸਨੇ ਇਸ ਦਾ, ਤਿਆਗ ਕਰ ਦਿੱਤਾ। ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਜੁਝਾਰੂ ਕਵਿਤਾ ਲਿਖੀ।

ਰਵਿੰਦਰ ਰਵੀ[ਸੋਧੋ]

ਪ੍ਰਯੋਗਸ਼ੀਲ ਕਵਿਤਾ ਵਿੱਚ ਰਵਿੰਦਰ ਰਵੀ ਦਾ ਨਾ ਵਿਸ਼ੇਸ਼ ਮਹੱਤਵ ਰਖਦਾ ਹੈ। ਉਸਨੇ ਪੰਜਾਬੀ ਸਾਹਿਤ ਨੂੰ ‘ਦਿਲ ਦਰਿਆ ਸਮੰਦਰੋ ਡੁਘੇ’, ‘ਬੁਕਲ ਦੇ ਵਿੱਚ ਚੌਰ’, 'ਬਿੰਦੂ', 'ਮੌਨ ਹਾਦਸੇ', 'ਦਿਲ ਟਰਾਂਸਪਲਾਂਟ ਤੋਂ ਬਾਅਦ' ਆਦਿ ਪੁਸਤਕਾਂ ਪ੍ਰਯੋਗਸ਼ੀਲ ਲਹਿਰ ਦੇ ਅੰਤਰਗਤ ਲਿਖੀਆਂ। ਇਨ੍ਹਾਂ ਤੋਂ ਇਲਾਵਾ 'ਸ਼ਹਿਰ ਜੰਗਲੀ ਹੈ', 'ਮੇਰੇ ਮੌਸਮ ਦੀ ਵਾਰੀ', 'ਜਲ ਭਰਮਜਲ', 'ਚਿੱਟੇ-ਕਾਲੇ ਧੱਬੇ', 'ਸੀਮਾ ਆਕਾਸ਼', 'ਸ਼ੀਸ਼ੇ ਤੇ ਦਸਤਕ', 'ਆਪਣੇ ਖ਼ਿਲਾਫ਼', ‘ਸੂਰਜ ਤੇਰਾ ਮੇਰਾ’ ਕਾਵਿ ਸੰਗ੍ਰਹਿ ਦਿੱਤੇ ਹਨ। ਉਸ ਦੀ ਕਵਿਤਾ ਵਿੱਚ ਰੂਪ ਤੇ ਪਰੰਪਰਾਗਤ ਕਾਵਿ-ਵਿਧੀਆ ਤੋਂ ਸੱਪਸ਼ਟ ਅਰੁਚੀ ਪ੍ਰਗਟ ਹੁੰਦੀ ਹੈ। ਉਸ ਦੀ ਕਵਿਤਾ ਦਾ ਵਿਲੱਖਣ ਮੁਹਾਂਦਰਾ- ਪਤਨੀ ਇੱਕ ਧਾਰਾਵਾਹਕ ਨਾਵਲ ਕਹਾਣੀ ਰਸ ਲਈ ਚਾਹੇ ਅਚਾਹੇ ਜਿਸਦਾ ਨਿਮਖ ਨਿਮਖ ਕਿਸ਼ਤਵਾਰ ਸਾਰੀ ਉਮਰ ਭੋਗਦੇ ਹਾਂ। ਇਸ ਪ੍ਰਕਾਰ ਪ੍ਰਯੋਗਵਾਦੀ ਕਵਿਤਾ ਆਧੁਨਿਕ ਚੇਤਨਾ, ਸੰਵੇਦਨਸ਼ੀਲ ਤੇ ਬੋਧਿਕ ਮਨੁਖ ਦੀਆਂ ਬਹੁਪੱਖੀ ਤੇ ਬਹੁਪਸਾਰੀ ਸਮੱਸਿਆਵਾ ਚਿਤਰਨ ਲਈ ਨਿਰੰਤਰ ਯਤਨਸ਼ੀਲ ਹੈ।[3]

ਰਵੀ ਨੇ ਉਹੋ ਜਿਹੀ ਕਵਿਤਾ ਲਿਖੀ ਜਿਹੋ ਜਿਹੀ ਪ੍ਰਯੋਗਸ਼ੀਲ ਕਵਿਤਾ ਲਿਖੀ ਜਾਣੀ ਚਾਹੀਦੀ ਸੀ। ਮਿਸਾਲ ਵਜੋਂ ਉਸਦੀ ਕਵਿਤਾ ਵਿੱਚ ਆਧੁਨਿਕ ਮਨੁੱਖ ਦਾ ਸੰਤਾਪ ਭਰਪੂਰ ਪੇਸ਼ ਹੋਇਆ ਹੈ। ਉਸ ਦੀ ਕਵਿਤਾ ਨਿਰਾਸ਼ਾ ਦੀ ਥਾਂ ਚਿੰਤਨ ਵੱਲ ਵਧਦੀ ਹੈ।

 ਇਨ੍ਹਾਂ ਪ੍ਰਸ਼ਨਾਂ ਦੇ ਉਲਝੇਵੇਂ ਵਿਚ
 ਉਲਝੀ ਹੋਈ ਬੁੱਧੀ ਸੋਚ ਰਹੀ ਹੈ
 ਜੀਵਨ ਤੇ ਮੌਤ ਵਿੱਚ ਬੱਝੀ ਹੋਈ
 ਹਰ ਹਸਤੀ ਨੂੰ ਸਵੈ-ਅਵੱਗਿਆ ਹੈ
 ਕਾਰਨ ਤੇ ਕਾਰਜ ਦੀ ਵਿੱਥਿਆ
 ਰੁਕ ਗਈ ਇੱਕ ਅੰਨ੍ਹੇ ਨੁਕਤੇ ਤੇ।

ਹਵਾਲੇ[ਸੋਧੋ]

  1. http://newikis.com/pa/ਖ਼ਾਸ:ਖੋਜੋ/ਪੰਜਾਬੀ_ਕਵਿਤਾ.html
  2. ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ, 2006, ਪੰਨਾ-147
  3. http://newikis.com/pa/ਪ੍ਰਯੋਗਸ਼ੀਲ,_ਪਯੋਗਸ਼ੀਲ_ਪੰਜਾਬੀ_ਕਵਿਤਾ.html