ਬਚਿੱਤਰ ਸਿੰਘ ਅਨਪੜ੍ਹ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਬਚਿੱਤਰ ਸਿੰਘ ਦਾ ਜਨਮ 1941 ਨੂੰ ਪਿੰਡ ਆਸੀ ਕਲਾਂ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਬਚਨ ਸਿੰਘ ਗਰੇਵਾਲ ਤੇ ਮਾਤਾ ਦਲੀਪ ਕੌਰ ਦੇ ਘਰ ਹੋਇਆ। ਉਹ ਸਕੂਲ ਨਾ ਜਾ ਸਕਿਆ ਤੇ ਕੋਰਾ ਅਨਪੜ੍ਹ ਹੀ ਰਿਹਾ। 1967 ਵਿੱਚ ਨੇੜਲੇ ਪਿੰਡ ਕਿਲਾ ਰਾਏਪੁਰ ਵਿਖੇ ਉਸ ਨੇ ਡਰਾਮਾ ਕਰਨਾ ਸੀ। ਪ੍ਰਬੰਧਕਾਂ ਨੇ ਉਸ ਦਾ ਨਾਂ ਅਖ਼ਬਾਰਾਂ ਵਿੱਚ ਦੇਣਾ ਸੀ। ਜਦੋਂ ਬਚਿੱਤਰ ਸਿੰਘ[1] ਨੂੰ ਉਸ ਦੇ ਤਖੱਲਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ‘ਮੈਂ ਤਾਂ ਬਿਲਕੁਲ ਅਨਪੜ੍ਹ ਹਾਂ- ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ।’ ਉਹ ਹੱਸ ਕੇ ਕਹਿਣ ਲੱਗੇ, ‘ਇਸ ਦਾ ਤਖੱਲਸ ‘ਅਨਪੜ੍ਹ’ ਹੀ ਰੱਖ ਦਿੰਦੇ ਹਾਂ। ਅਨਪੜ੍ਹ ਬੰਦਾ ਵੈਸੇ ਵੀ ਨਿਰਦੋਸ਼ ਹੁੰਦਾ ਹੈ।’
ਸੰਨ 1967 ਤੋਂ ਲੈ ਕੇ 1984 ਤੱਕ ਬਚਿੱਤਰ ਸਿੰਘ ਨੇ ਸੀ.ਪੀ.ਆਈ. ਤੇ ਸੀ.ਪੀ.ਐੱਮ. ਪਾਰਟੀ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਸੈਂਕੜੇ ਡਰਾਮੇ ਖੇਡੇ। ਡਰਾਮੇ ਖੇਡਦਿਆਂ ਉਸ ਨੂੰ ਹੌਲੀ-ਹੌਲੀ ਅੱਖਰਾਂ ਦੀ ਪਛਾਣ ਵੀ ਹੁੰਦੀ ਗਈ ਕਿਉਂਕਿ ਉਸ ਨੇ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ। ਪਹਿਲੀ ਤੋਂ ਲੈ ਕੇ ਕਾਲਜ ਪੱਧਰ ਤੱਕ ਦੀਆਂ ਕਿਤਾਬਾਂ ਪੜ੍ਹੀਆਂ। ਉਸ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰਾਂ ਤੇ ਸਾਹਿਤਕਾਰਾਂ, ਹੀਰ ਵਾਰਿਸ ਸ਼ਾਹ, ਹੀਰ ਦਮੋਦਰ, ਸ਼ਿਵ ਕੁਮਾਰ ਬਟਾਲਵੀ, ਪ੍ਰੋ. ਮੋਹਣ ਸਿੰਘ, ਨਾਵਲਕਾਰ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਗੁਰਬਖਸ਼ ਸਿੰਘ ਪ੍ਰੀਤਲੜੀ, ਰੂਸੀ ਲੇਖਕ ਰਸੂਲ ਹਮਜ਼ਾਤੋਵ ਤੇ ਹੋਰ ਲੇਖਕਾਂ ਨੂੰ ਪੜ੍ਹਿਆ।
ਉਸ ਦਾ ਸਭ ਤੋਂ ਪਹਿਲਾ ਗੀਤ 1975 ਵਿੱਚ ਗਾਇਕ ਦਰਸ਼ਨ ਭਗਤੀ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ਉਸ ਵਕਤ ਬਚਿੱਤਰ ਸਿੰਘ ਬਠਿੰਡੇ ਡਰਾਮਿਆਂ ਵਿੱਚ ਕੰਮ ਕਰਦਾ ਸੀ। ਮਾਨਸਾ ਸ਼ਹਿਰ ਵਿੱਚ ਕੁਲਦੀਪ ਮਾਣਕ ਦਾ ਇੱਕ ਸ਼ਾਗਿਰਦ ਸੁਖਦੇਵ ਸਫਰੀ[2] ਰਹਿੰਦਾ ਸੀ ਜਿਸ ਨੇ ਅਨਪੜ੍ਹ ਆਸੀ ਵਾਲੇ ਦੇ ਲਿਖੇ ਅੱਠ-ਦਸ ਗੀਤ ਰਿਕਾਰਡ ਕਰਵਾਏ ਸਨ। ਉਸ ਦਾ ਗੀਤ ‘ਜੱਟ ਰੂੜੀਆਂ ’ਚ ਬੈਠਾ ਰਿਹਾ ਸਾਰੀ ਰਾਤ’ ਕਾਫ਼ੀ ਚਰਚਿਤ ਰਿਹਾ ਸੀ। ਇਸ ਗੀਤ ਦੀ ਪ੍ਰਸਿੱਧੀ ਮਗਰੋਂ ਸਫਰੀ ਉਸ ਨੂੰ ਲੁਧਿਆਣਾ ਲੈ ਗਿਆ ਤੇ ਕੁਲਦੀਪ ਮਾਣਕ ਨਾਲ ਮਿਲਵਾਇਆ। ਮਾਣਕ ਨੇ ਕਈ ਗੀਤ ਰਿਕਾਰਡ[3] ਕਰਵਾਏ। ਇੱਥੋਂ ਹੀ ਅਨਪੜ੍ਹ ਦਾ ਕੰਪਨੀਆਂ ਵਿੱਚ ਆਉਣਾ-ਜਾਣਾ ਸ਼ੁਰੂ ਹੋ ਗਿਆ।
ਅਨਪੜ੍ਹ ਆਸੀ ਵਾਲੇ ਦੀ ਕਲਮ ਦੇ ਲਿਖੇ ਗੀਤਾਂ ਨੂੰ ਦਰਸ਼ਨ ਭਗਤੀ, ਸੁਖਦੇਵ ਸਫਰੀ, ਕੁਲਦੀਪ ਮਾਣਕ, ਕੁਲਦੀਪ ਪਾਰਸ, ਕਰਤਾਰ ਰਮਲਾ, ਕਰਨੈਲ ਗਿੱਲ, ਅਜੈਬ ਰਾਏ, ਸੁਰਿੰਦਰ ਛਿੰਦਾ, ਰਣਜੀਤ ਮਣੀ, ਸੁਖਵੰਤ ਸੁਖੀ, ਮੁਹੰਮਦ ਸਦੀਕ, ਰਣਜੀਤ ਕੌਰ, ਬੱਬੀ ਸੁਸ਼ਮਾ, ਨਰਿੰਦਰ ਬੀਬਾ, ਗੁਰਪ੍ਰੀਤ ਬਿੱਲਾ, ਰਵਿੰਦਰ ਗਰੇਵਾਲ, ਗੁਰਪਾਲ ਭਿੰਡਰ ਤੇ ਕਈ ਹੋਰ ਨਾਮੀ ਕਲਾਕਾਰਾਂ ਨੇ ਆਪਣੀਆਂ ਆਵਾਜ਼ਾਂ ਵਿੱਚ ਰਿਕਾਰਡ ਕਰਵਾਇਆ। ਅਨਪੜ੍ਹ ਦੇ ਲਿਖੇ ਸ਼ਿਅਰਾਂ ਨੂੰ ‘ਦਿਲ ਦਾ ਮਾਮਲਾ’ ਫਿਲਮ ਵਿੱਚ ਸੁਰਿੰਦਰ ਛਿੰਦਾ ਤੇ ‘ਬੂਹੇ-ਬਾਰੀਆਂ’ ਫਿਲਮ ’ਚ ਵੀਤ ਬਲਜੀਤ ਨੇ ਗਾਇਆ ਹੈ।
ਪੰਜਾਬੀ ਗੀਤਕਾਰੀ ਵਿੱਚ ਅਨਪੜ੍ਹ ਗੀਤਕਾਰ, ਕਈ ਪੜ੍ਹੇ ਲਿਖੇ ਗੀਤਕਾਰਾਂ ਨੂੰ ਮਾਤ ਪਾਉਂਦਾ ਸੀ। 2010 ਵਿੱਚ ਪੰਜਾਬੀ ਗੀਤਕਾਰਾਂ ਦੀ ਮਾਲਾ ਵਿੱਚੋਂ ਆਸੀ ਵਾਲਾ ਮਣਕਾ ਸਦਾ ਲਈ ਟੁੱਟ ਗਿਆ। ਉਸ ਦੇ ਗੀਤ ਅੱਜ ਵੀ ਪੰਜਾਬ ਦੀ ਫਿਜ਼ਾ ਵਿੱਚ ਗੂੰਜ ਰਹੇ ਹਨ।
ਉਸ ਦੇ ਇਹ ਸ਼ਿਅਰ ਕਾਫ਼ੀ ਚਰਚਾ ਵਿੱਚ ਰਹੇ ਹਨ:
ਆਬ ਹੁਸਨ ਦੀ ਹੋਵੇ ਨਾ ਜੇ ਮੁੱਖੜੇ ’ਤੇ
ਲਾਲੀ ਰੰਗ ਕੇ ਕੀਤੀ ਤਾਂ ਕੀ ਕੀਤੀ।
ਕਰਨੀ ਮੁੰਡੇ ਦੇ ਵਿਆਹ ਦੀ ਜੇ ਖ਼ੁਸ਼ੀ ਹੋਵੇ
ਵਿਆਹ ਲੰਘ ਕੇ ਕੀਤੀ ਤਾਂ ਕੀ ਕੀਤੀ।
ਮੁਲਾਕਾਤ ਸੱਜਣ ਦੇ ਨਾਲ ਪਹਿਲੀ
ਉਹ ਵੀ ਸੰਗ ਕੇ ਕੀਤੀ ਤਾਂ ਕੀ ਕੀਤੀ।
‘ਅਨਪੜ੍ਹ’ ਜੇ ਪੀਣ ਦਾ ਸ਼ੌਕ ਹੋਵੇ
ਦਾਰੂ ਮੰਗ ਕੇ ਪੀਤੀ ਤਾਂ ਕੀ ਪੀਤੀ।
* ਜੀਹਨੂੰ ਪੱਗ ਦੀ ਕੀਮਤ ਦਾ ਪਤਾ ਹੈ ਨ੍ਹੀਂ
ਉਸ ਨਾਲ ਪੱਗ ਵਟਾਉਣ ਦੀ ਲੋੜ ਕੀ ਐ।
ਜਿਹੜਾ ਮੱਲ ਅਖਾੜੇ ਵਿੱਚ ਨਿੱਤ ਢਹਿੰਦਾ
ਉਸ ਨੂੰ ਘਿਓ ਖਵਾਉਣ ਦੀ ਲੋੜ ਕੀ ਐ।
ਹਵਾਲੇ
[ਸੋਧੋ]- ↑ kumar, joginder (2024-03-30). "ਪੜ੍ਹੇ-ਲਿਖਿਆਂ ਨੂੰ ਮਾਤ ਪਾਉਣ ਵਾਲਾ ਅਨਪੜ੍ਹ ਆਸੀ ਵਾਲਾ". Punjabi Tribune (in ਅੰਗਰੇਜ਼ੀ (ਅਮਰੀਕੀ)). Retrieved 2024-11-16.
- ↑ Sidhu ਰੂੜੇਕੇ ਕਲਾਂ (2023-04-23), ਕੱਜਲੇ ਵਾਲੀਏ ਕੁੜੀਏ ਨੀ।ਸੁਖਦੇਵ ਸਫਰੀ ਤੇ ਬੀਬੀ ਚੰਦਾ। ਲੇਖਕ ਬਚਿੱਤਰ ਅਨਪੜ੍ਹ। ਸੰਗੀਤ। ਚਰਨਜੀਤ ਅਹੂਜਾ। 1985, retrieved 2024-11-16
- ↑ IK TARA MUSIC (2023-08-19), #shortvideoviral, retrieved 2024-11-16