ਬਲਦੇਵ ਦੂਹੜੇ
ਬਲਦੇਵ ਦੂਹੜੇ | |
|---|---|
| ਜਨਮ | 5 ਨਵੰਬਰ 1945 ਪੰਜਾਬ, ਭਾਰਤ |
| ਮੌਤ | 2025-11-04 |
| ਕਿੱਤਾ | ਕਵੀ, ਲੇਖਕ |
ਬਲਦੇਵ ਦੂਹੜੇ ਇੱਕ ਕੈਨੇਡਾ ਵਿੱਚ ਰਹਿੰਦਾ ਪੰਜਾਬੀ ਕਵੀ ਅਤੇ ਲੇਖਕ ਸੀ। ਉਸ ਦਾ ਜਨਮ 5 ਨਵੰਬਰ 1945 ਨੂੰ ਜਲੰਧਰ ਜਿ਼ਲ੍ਹੇ ਦੇ ਪਿੰਡ ਦੂਹੜਾ ਵਿਖੇ ਹੋਇਆ। ਉਹ 25 ਸਾਲ ਦੀ ਉਮਰ ਵਿੱਚ ਅਪ੍ਰੈਲ 1970 ਨੂੰ ਕੈਨੇਡਾ ਦੇ ਸ਼ਹਿਰ ਵੈਨਕੂਵਰ ਆ ਗਿਆ। ਰੋਟੀ-ਰੋਜ਼ੀ ਕਮਾਉਣ ਲਈ ਉਸ ਨੇ ਸ਼ੁਰੂ ਵਿੱਚ ਕਈ ਤਰ੍ਹਾਂ ਦੇ ਕੰਮ ਕੀਤੇ। ਫਿਰ ਉਹ ਕੋਰਟ ਇੰਟਰਪ੍ਰੇਟਰ (ਅਦਾਲਤ ਵਿੱਚ ਦੋਭਾਸ਼ੀਏ) ਦਾ ਕੰਮ ਕਰਨ ਲੱਗਾ। ਉਸ ਨੇ ਇਹ ਕੰਮ ਪਹਿਲਾਂ ਕਈ ਸਾਲ ਬ੍ਰਿਟਿਸ਼ ਕੋਲੰਬੀਆ ਦੀਆਂ ਅਦਾਲਤਾਂ ਵਿੱਚ ਕੀਤਾ ਅਤੇ ਬਾਅਦ ਵਿਚ ਉਨਟਾਰੀਓ ਵਿੱਚ ਮੂਵ ਹੋਣ ਬਾਅਦ ਉਹ ਇਹ ਕੰਮ ਉਨਟਾਰੀਓ ਦੀਆਂ ਅਦਾਲਤਾਂ ਵਿੱਚ ਕਰਦਾ ਰਿਹਾ। 4 ਨਵੰਬਰ 2025 ਨੂੰ ਉਨਟਾਰੀਓ ਦੇ ਸ਼ਹਿਰ ਗਲਫ ਵਿੱਚ ਉਸ ਦਾ ਦਿਹਾਂਤ ਹੋ ਗਿਆ[1] [2]
ਰਚਨਾਵਾਂ
[ਸੋਧੋ]ਬਲਦੇਵ ਦੂਹੜੇ ਘੱਟ ਲਿਖਣ ਵਾਲਾ ਲੇਖਕ ਸੀ। ਆਪਣੇ ਸਾਹਿਤਕ ਸਫਰ ਦੌਰਾਨ ਉਸ ਨੇ ਦਰਜਨ ਦੇ ਕਰੀਬ ਲੇਖ ਅਤੇ ਡੇਢ ਕੁ ਦਰਜਨ ਦੇ ਕਰੀਬ ਕਵਿਤਾਵਾਂ ਲਿਖੀਆਂ। ਉਸ ਦੀਆਂ ਇਹ ਲਿਖਤਾਂ ਸਮੇਂ ਸਮੇਂ ਕੈਨੇਡਾ ਅਤੇ ਪੰਜਾਬ ਵਿੱਚ ਮੈਗਜ਼ੀਨਾਂ ਅਤੇ ਅਖਬਾਰਾਂ ਵਿੱਚ ਛਪੀਆਂ ਹਨ। ਉਸ ਦੀਆਂ ਇਹਨਾਂ ਲਿਖਤਾਂ ਦੀ ਸੂਚੀ ਇਸ ਪ੍ਰਕਾਰ ਹੈ:
ਵਾਰਤਕ
[ਸੋਧੋ]- ਧਰਮ ਅਤੇ ਸਿਆਸਤ - ਭਾਗ 1 (ਕੈਨੇਡਾ ਦਰਪਣ, 22 ਜਨਵਰੀ 1988 ਸਫਾ, 23)
- ਧਰਮ ਅਤੇ ਸਿਆਸਤ - ਭਾਗ 2 (ਕੈਨੇਡਾ ਦਰਪਣ, 1-14 ਅਪ੍ਰੈਲ 1988, ਸਫਾ 21)
- ਧਰਮ ਅਤੇ ਸਿਆਸਤ - ਭਾਗ 3 (ਕੈਨੇਡਾ ਦਰਪਣ, 15-30 ਅਪ੍ਰੈਲ 1988, ਸਫਾ 28)
- ਇਤਿਹਾਸਕ ਵਿਕਾਸ (ਵਤਨ-ਅਕਤੂਬਰ/ਨਵੰਬਰ/ਦਸੰਬਰ 1989, ਸਫਾ 16)
- ਕਦਰ ਦਾ ਸਿਧਾਂਤ (ਵਤਨ- ਅਪ੍ਰੈਲ/ਮਈ/ਜੂਨ 1990, ਸਫਾ 17)
- ਸਦਾਚਾਰ ਇਕ ਜਾਣ ਪਛਾਣ (ਵਤਨ-ਜਨਵਰੀ/ਫਰਵਰੀ/ਮਾਰਚ 1992, ਸਫਾ 29)
- ਮਾਰਕਸਵਾਦ ਦੀ ਸਾਰਥਕਤਾ (ਸਿਰਜਣਾ, ਜੁਲਾਈ-ਸਤੰਵਰ 1999 ਸਫਾ 48)
- ਵਿਕਾਸ, ਪ੍ਰਗਤੀ ਅਤੇ ਇਨਸਾਨ (ਸੀਰਤ ਆਨਲਾਈਨ ਮੈਗਜ਼ੀਨ, ਜੁਲਾਈ 2011)
- ਅਜਮੇਰ ਸਿੰਘ ਦੀ ਸਮਾਲੋਚਨਾ - ਪੰਜਾਬ ਦੀ ਹਕੀਕਤ ਅਤੇ ਸੋਚ ਵਿੱਚ ਦੁਫਾੜ -1 (ਹੁਣ, ਜਨਵਰੀ-ਅਪ੍ਰੈਲ 2016, ਸਫਾ 147)
- ਅਜਮੇਰ ਸਿੰਘ ਦੀ ਸਮਾਲੋਚਨਾ - ਪੰਜਾਬ ਦੀ ਹਕੀਕਤ ਅਤੇ ਸੋਚ ਵਿੱਚ ਦੁਫਾੜ -2 (ਹੁਣ, ਮਈ-ਅਗਸਤ 2016, ਸਫਾ 180)
- ਪੰਜਾਬ ਦੀ ਆਰਥਕ ਮੁੜ ਬਹਾਲੀ (ਸੀਰਤ ਆਨਲਾਈਨ ਮੈਗਜ਼ੀਨ, ਅਪ੍ਰੈਲ 2017)
- ਗਿਆਨ ਸ਼ਾਸਤਰ ਅਤੇ ਸਾਪੇਖ-ਨਿਰਪੇਖ ਦਾ ਝਗੜਾ (ਹੁਣ, ਸਤੰਬਰ-ਦਸੰਬਰ 2017, ਸਫਾ 276)
- ਪੰਜਾਬ ਸੰਕਟ ਦਾ ਹੱਲ ਸਾਂਝੀ ਖੇਤੀ (ਪੰਜਾਬ ਟਾਈਮਜ਼, 3 ਅਪ੍ਰੈਲ 2019)
- ਗੁਰਦਵਾਰੇ ਉੱਤੇ ਖੜ੍ਹਾ ਆਦਮੀ (ਕਹਾਣੀ) - ਬਲਦੇਵ ਦੂਹੜੇ (ਪੰਜਾਬ ਟਾਈਮਜ਼, 7 ਅਕਤੂਬਰ 2020)
- ਪੰਜਾਬ ਦਾ ਖੇਤੀ ਸੰਕਟ - ਤੀਜੇ ਬਦਲ ਦੀ ਭਾਲ ਵਿੱਚ (ਪੰਜਾਬ ਟਾਈਮਜ਼, 26 ਜਨਵਰੀ 2022)
- ਅਜਮੇਰ ਸਿੰਘ ਦੀਆਂ ਕੁੱਝ ਬੱਜਰ ਗਲਤਫਹਿਮੀਆਂ (ਪੰਜਾਬ ਟਾਈਮਜ਼, 12 ਮਈ 2022)
- Ground To Stand On (social Democratic Ideology)[3]
- Is Bank of Canada On the Right Path (Jointly written with Sucha Singh Gill)
- Baba Nanak's Values and the Western Civilization (published in a book titled as Philosophy of Guru Nanak: Searching Peace , Harmony and Happiness (Ed,) Sucha Singh Gill, CRRID Publications, Chandigarh, 2020
ਕਿਤਾਬਾਂ ਦੇ ਰਿਵੀਊ
[ਸੋਧੋ]- ਰਿਸ਼ਤੇ ਦਰਿਆਵਾਂ ਦੇ (ਕਾਵਿ-ਸੰਗ੍ਰਹਿ)-ਲੇਖਕ: ਸਾਧੂ, (ਵਤਨ, ਅਪ੍ਰੈਲ/ਮਈ/ਜੂਨ 1992, ਸਫਾ 38)
- ਗੁਰਮੀਤ ਪਨਾਗ ਦੀ ਪਹਿਲੀ ਪੁਸਤਕ 'ਮੁਰਗਾਬੀਆਂ' (ਪੰਜਾਬ ਟਾਈਮਜ਼, 24 ਅਕਤੂਬਰ 2018)
- ਅਮਰਜੀਤ ਚਾਹਲ ਦੇ ਨਾਵਲ ਓਟ ਵਿੱਚ ਮਰਦ ਔਰਤ ਦੇ ਰਿਸ਼ਤਿਆਂ ਦੀ ਅਦਭੁੱਤ ਲੀਲਾ (ਪੰਜਾਬ ਟਾਈਮਜ਼, 1 ਦਸੰਬਰ, 2021)
ਪੰਜਾਬੀ ਲੇਖਕ ਮੰਚ ਨਾਲ ਰਿਸ਼ਤਾ
[ਸੋਧੋ]ਕੈਨੇਡਾ ਆਉਣ ਤੋਂ ਛੇਤੀਂ ਬਾਅਦ ਬਲਦੇਵ ਦੂਹੜੇ ਦਾ ਸੰਬੰਧ ਵੈਨਕੂਵਰ ਵਿੱਚ ਵਸਦੇ ਪੰਜਾਬੀ ਲੇਖਕਾਂ ਗੁਰਚਰਨ ਰਾਮਪੁਰੀ ਅਤੇ ਗੁਰਮੇਲ ਰਾਹੀ ਨਾਲ ਬਣ ਗਿਆ। ਉਹ ਗਾਹੇ ਬਗਾਹੇ ਇਕ ਦੂਜੇ ਨੂੰ ਮਿਲਣ ਲੱਗੇ। ਸੰਨ 1973 ਵਿੱਚ ਵੈਨਕੂਵਰ ਵਿੱਚ ਪੰਜਾਬੀ ਸਾਹਿਤ ਸਭਾ ਦੀ ਸਥਾਪਨਾ ਹੋਈ। ਬਲਦੇਵ ਇਸ ਸੰਸਥਾ ਦੀ ਸਥਾਪਤੀ ਸਮੇਂ ਇਸ ਵਿੱਚ ਸ਼ਾਮਲ ਹੋਣ ਵਾਲੇ ਸ਼ੁਰੂ ਦੇ ਮੈਂਬਰਾਂ ਵਿੱਚੋਂ ਇਕ ਸੀ। ਫਿਰ ਜਿੰਨਾ ਚਿਰ ਉਹ ਬੀ ਸੀ ਵਿੱਚ ਰਿਹਾ, ਉਨਾ ਚਿਰ ਉਸ ਦਾ ਇਸ ਸੰਸਥਾ ਨਾਲ ਸੰਬੰਧ ਬਣਿਆ ਰਿਹਾ। ਬਾਅਦ ਵਿੱਚ ਕੁੱਝ ਸਾਲ ਉਹ ਇਸ ਸੰਸਥਾ ਦਾ ਕੋਆਰੀਡੇਨੇਟਰ ਵੀ ਰਿਹਾ। ਇਕ ਇੰਟਰਵਿਊ ਦੌਰਾਨ ਉਸ ਨੂੰ ਪੁੱਛਿਆ ਗਿਆ ਕਿ ਇਸ ਸੰਸਥਾ (ਪੰਜਾਬੀ ਸਾਹਿਤ ਸਭਾ ਬਾਅਦ ਵਿੱਚ ਪੰਜਾਬੀ ਲੇਖਕ ਮੰਚ) ਨੇ ਤੁਹਾਨੂੰ ਕੀ ਦਿੱਤਾ। ਇਸ ਦਾ ਜੁਆਬ ਦਿੰਦਿਆਂ ਉਸ ਨੇ ਕਿਹਾ:[4]
"ਇਸ ਸੰਸਥਾ ਨੇ ਅਦੀਬਾਂ ਦਾ ਭਾਈਚਾਰਾ ਦਿੱਤਾ। ਸਾਹਿਤਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਵਿੱਚ ਮਦਦ ਕੀਤੀ। ਸੰਤਰਵਿਆਂ ਵਿੱਚ ਜਦੋਂ ਇਹ ਮੀਟਿੰਗਾਂ ਸ਼ੁਰੂ ਹੋਈਆਂ, ਕਨੇਡਾ ਵਿੱਚ ਸਨਅਤੀ ਯੁੱਗ ਚਲ ਰਿਹਾ ਸੀ ਅਤੇ ਕੰਮ ਬੜੇ ਔਖੇ ਅਤੇ ਮਸ਼ੀਨੀ ਪੁਨਰੁਕਤੀ ਵਾਲੇ ਸਨ ਜਿਸ ਨਾਲ ਇਨਸਾਨ ਇੱਕ ਮਸ਼ੀਨ ਬਣ ਕੇ ਰਹਿ ਜਾਂਦਾ ਸੀ। ਪਰਵਾਸ ਦੇ ਪਹਿਲੇ ਸਾਲਾਂ ਵਿੱਚ ਤਾਂ ਉਂਝ ਹੀ ਬਹੁਤ ਟੁੱਟ ਭੱਜ ਹੁੰਦੀ ਹੈ ਪਰ ਜਦੋਂ ਨਾਲ ਹੰਡ ਤੋੜਵੀਂ ਮਿਹਨਤ ਕਰਨੀ ਪਵੇ ਤਾਂ ਜ਼ਿੰਦਗੀ ਰੋਟੀ ਦੀ ਦੌੜ ਤੱਕ ਮਹਿਦੂਦ ਹੋ ਜਾਂਦੀ ਹੈ। ਇਸ ਬਾਰੇ ਮੈਂ ਇੱਕ ਕਵਿਤਾ 'ਸਭਿਆਚਾਰ ਦੀ ਮੌਤ' ਵੀ ਲਿਖੀ ਸੀ। ਪੰਜਾਬੀ ਸਾਹਿਤ ਸਭਾ ਜਾਂ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਨੇ ਸਾਹਿਤਕ ਕਦਰਾਂ ਕੀਮਤਾਂ ਨੂੰ ਕਾਇਮ ਰੱਖ ਕੇ ਸਾਡੀ ਰੂਹ ਨੂੰ ਮਰਨ ਤੋਂ ਬਚਾਇਆ। ਇਹ ਇਸ ਸੰਸਥਾ ਦੀ ਬਹੁਤ ਵੱਡੀ ਦੇਣ ਹੈ।"[5]
ਕਵਿਤਾ
[ਸੋਧੋ]ਬਲਦੇਵ ਦੀ ਕਵਿਤਾ ਦੀ ਇਕ ਵੰਨਗੀ ਪੇਸ਼ ਹੈ। ਉਸ ਦੀ ਇਹ ਕਵਿਤਾ ਪੰਜਾਬੀ ਲੇਖਕ ਮੰਚ ਵੈਨਕੂਵਰ ਵਲੋਂ 1993 ਵਿੱਚ ਛਾਪੇ ਗਏ ਕਾਵਿ-ਸੰਗ੍ਰਹਿ "ਮਨ ਪਰਦੇਸੀ ਜੇ ਥੀਐ" ਵਿੱਚ ਛਪੀ ਸੀ।[6]
ਸਭਿਆਚਾਰ ਦੀ ਮੌਤ
ਮੈਨੂੰ ਅੱਜ ਵੀ ਉਹ ਦਿਨ,
ਐਨ ਯਾਦ ਹੈ,
ਜਿਸ ਦਿਨ, ਸਭਿਆਚਾਰ ਦੀ ਮੌਤ ਹੋਈ ਸੀ ।
ਉਸ ਦਿਨ, ਇੱਕ ਝਟਕੇ ਨਾਲ,
ਜ਼ਿੰਦਗੀ, ਰੋਟੀ ਦੀ ਦੌੜ ਤੱਕ,
ਸੀਮਤ ਕਰ ਦਿਤੀ ਗਈ ਸੀ ।
ਅਸੀਂ ਆਪਣੀ ਚਰਾਗਾਹ 'ਚ
ਭਰਪੂਰ ਜ਼ਿੰਦਗੀ ਜਿਊਂਦੇ
ਅਚਾਨਕ ਸਭ ਕੁਝ ਛੱਡ, ਤੁਰ ਆਏ ਸਾਂ।
ਹਰੇ ਖੇਤ, ਮਹਾਂ ਵਿਦਿਆਲੇ, ਕਾਫ਼ੀ ਹਾਉਸ
ਅਤੇ ਰਿਕਸ਼ਿਆਂ 'ਚੋਂ ਉਡਦੀਆਂ ਰੰਗੀਨ ਚੁੰਨੀਆਂ ।
ਦੂਰ ਦੁਰਾਡੇ, ਉਤਰੀ ਵੀਰਾਨ ਸ਼ਹਿਰਾਂ 'ਚ ਆ
ਘੜੀ ਦੀ ਸੂਈ ਵਾਂਗ ਘੁੰਮਣ ਲਗ ਪਏ ਸਾਂ ।
ਅਸੀਂ ਜੋ ਇਨਕਲਾਬੀ ਸ਼ੋਅਲੇ,
ਮੁਲਕ ਦੀ ਤਕਦੀਰ ਬਣ ਗੁਜ਼ਰਨਾ ਚਾਹੁੰਦੇ ਸਾਂ
ਵਿਦੇਸ਼ ਵਿੱਚ ਪਿਆਦੇ ਬਣ ਰੁਲਦੇ ਰਹੇ ।
ਹੁਣ ਜਦੋਂ ਇਸ ਆਰਥਕ ਸ਼ਤਰੰਜ ਜਿਹੇ,
ਅਜੀਵਨ ਵੱਲ ਮੁੜ ਤਕਦੇ ਹਾਂ
ਤਾਂ ਲਗਦਾ ਹੈ ਕਿ ਜ਼ਿੰਦਗੀ
ਬੇਹੂਦਗੀ ਵਿਰੁਧ ਇੱਕ ਨਿਰੰਤਰ ਘੋਲ ਹੈ ।
ਅਰਥਹੀਨਤਾ ਵੀਰਾਨਗੀ ਵਾਂਗ
ਲਗਾਤਾਰ ਫ਼ਤਿਹ ਕਰਨੀ ਪੈਂਦੀ ਹੈ ।
ਲੋੜਾਂ ਦੀ ਪੂਰਤੀ ਭਾਵੇਂ ਅਹਿਮ ਹੈ
ਪਰ ਜ਼ਿੰਦਗੀ ਨੂੰ ਆਰਥਕਤਾ ਤਕ ਸੀਮਤ ਕਰਨਾ
ਇੱਕ ਸੂਖ਼ਮ ਕਤਲ ਹੈ ।
ਇਨਸਾਨ ਦਾ ਖ਼ੁਸ਼ ਚਿਹਰਾ ਪੂਜਨੀਯ ਹੈ ।
ਇਸ ਸੰਦਰਭ ਵਿੱਚ,
ਬੋਲੀਆਂ, ਭੰਗੜੇ, ਮੇਲੇ 'ਤੇ ਮੁਸ਼ਾਇਰੇ,
ਵੇਦ ਪੁਰਾਨਾਂ ਤੋਂ ਘਟ ਪਵਿੱਤਰ ਨਹੀਂ ।
ਢਿੱਡ ਦੀ ਭੁੱਖ ਲਈ ਰੂਹ ਦਾ ਕਤਲ,
ਲੱਖਾਂ ਜੀਵਾਂ ਦੀ ਹੋਣੀ ਹੈ ਅਜੇ,
ਪਰ ਤਮ੍ਹਾ ਲਈ ਰੂਹ ਨੂੰ ਸਲੀਬ ਤੇ ਟੰਗਣਾ,
ਸਿਰਫ ਮਨੁੱਖ ਦੀ ਚੋਣ ਹੈ।
ਬਾਹਰਲੇ ਲਿੰਕ
[ਸੋਧੋ]ਬਲਦੇਵ ਦੂਹੜੇ: ਇੱਕ ਤਰਕਸ਼ੀਲ, ਮਾਨਵਵਾਦੀ ਅਤੇ ਅਗਾਂਹਵਧੂ ਸ਼ਖ਼ਸੀਅਤ : ਸੁੱਚਾ ਸਿੰਘ ਗਿੱਲ[7]
ਨਵੰਬਰ 12 ਨੂੰ ਬਲਦੇਵ ਦੂਹੜੇ ਦੇ ਸਸਕਾਰ ਬਾਰੇ ਓਮਨੀ ਨਿਊਜ਼ ਦੀ ਰਿਪੋਰਟ[8]
ਹਵਾਲੇ
[ਸੋਧੋ]- ↑ admin. "ਚਿੰਤਨੀ ਮਹਿਫ਼ਿਲਾਂ ਦਾ ਸ਼ਿੰਗਾਰ ਸੀ ਬਲਦੇਵ ਦੂਹੜੇ" (in ਅੰਗਰੇਜ਼ੀ (ਅਮਰੀਕੀ)). Retrieved 2025-11-26.
- ↑ ਪੰਜਾਬੀ ਲੇਖਕ ਮੰਚ (November 23, 2025). "ਮਨ ਪਰਦੇਸੀ ਜੇ ਥੀਆ" (PDF).
- ↑ http://www.a1webstores.com/ground-stand-on-social-democratic/itemdetail/8178830752/[permanent dead link]
- ↑ ਪੰਜਾਬੀ ਲੇਖਕ ਮੰਚ (2025-11-26). "ਸਿਰਜਣਾ ਦੇ 25 ਵਰ੍ਹੇ" (PDF).
- ↑ ਪੰਜਾਬੀ ਲੇਖਕ ਮੰਚ (2025-11-26). "ਸਿਰਜਣਾ ਦੇ 25 ਵਰ੍ਹੇ" (PDF).
- ↑ ਪੰਜਾਬੀ ਲੇਖਕ ਮੰਚ ਵੈਨਕੂਵਰ (2025-11-27). "ਮਨ ਪਰੇਦਸੀ ਜੇ ਥੀਐ: ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਮੈਂਬਰਾਂ ਦਾ ਸਾਂਝਾ ਕਾਵਿ-ਸੰਗ੍ਰਿਹ".
- ↑ admin. "ਬਲਦੇਵ ਦੂਹੜੇ: ਇੱਕ ਤਰਕਸ਼ੀਲ, ਮਾਨਵਵਾਦੀ ਅਤੇ ਅਗਾਂਹਵਧੂ ਸ਼ਖ਼ਸੀਅਤ" (in ਅੰਗਰੇਜ਼ੀ (ਅਮਰੀਕੀ)). Retrieved 2025-11-28.
- ↑ OMNI Television (2025-11-14), In Memory of Baldev Duhre: Community Reflects on His Legacy | OMNI News Punjabi, retrieved 2025-11-27
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |