ਬਹਿਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧਰਤੀ ਵਿਚ ਟੋਆ ਪੁੱਟ ਕੇ ਬਣੀ ਹੋਈ ਵੱਡੀ ਚੁਰ ਨੂੰ, ਜਿਸ ਉਪਰ ਗੁੜ ਬਣਾਉਣ ਲਈ ਗੰਨੇ ਦੇ ਰਸ ਦਾ ਕੜਾਹਾ ਰੱਖਿਆ ਜਾਂਦਾ ਹੈ, ਬਹਿਣੀ ਕਹਿੰਦੇ ਹਨ। ਕਈ ਇਲਾਕੇ ਵਿਚ ਇਸ ਨੂੰ ਚੁੰਭਾ ਕਹਿੰਦੇ ਹਨ। ਬਹਿਣੀ ਗੁਲਾਈਦਾਰ ਹੁੰਦੀ ਹੈ ਜਿਸ ਦਾ ਵਿਆਸ 4 ਕੁ ਫੁੱਟ ਹੁੰਦਾ ਹੈ। ਬਹਿਣੀ ਦੀ ਡੂੰਘਾਈ 22/3 ਕੁ ਫੁੱਟ ਹੁੰਦੀ ਹੈ। ਬਹਿਣੀ ਦੇ ਵਿਚ ਹੀ ਇਕ ਛੋਟੀ ਜਿਹੀ ਹੋਰ ਬਹਿਣੀ ਬਣਾਈ ਜਾਂਦੀ ਹੈ ਜਿਸ ਉਪਰ ਲੋਹੇ ਦੇ ਸਰੀਏ ਦਾ ਬਣਿਆ ਇਕ ਝਰਨਾ ਰੱਖਿਆ ਜਾਂਦਾ ਹੈ। ਝਰਨੇ ਰਾਹੀਂ ਹੀ ਬਹਿਣੀ ਦੀ ਸੁਆਹ ਇਸ ਵਿਚ ਡਿੱਗਦੀ ਰਹਿੰਦੀ ਹੈ। ਬਹਿਣੀ ਦੇ ਉਪਰਲੇ ਹਿੱਸੇ ਉਪਰ ਪੱਕੀਆਂ ਇੱਟਾਂ ਲਾਈਆਂ ਜਾਂਦੀਆਂ ਹਨ ਤਾਂ ਜੋ ਬਹਿਣੀ ਦੇ ਕਿਨਾਰੇ ਅੱਗ ਦੇ ਸੇਕ ਨਾਲ ਨਾ ਭਰਨ ਤੇ ਬਹਿਣੀ ਉਪਰ ਕੜਾਹਾ ਠੀਕ ਤਰ੍ਹਾਂ ਰੱਖਿਆ ਜਾਂਦਾ ਰਹੇ। ਬਹਿਣੀ ਦੇ ਇਕ ਪਾਸੇ ਬਹਿਣੀ ਦਾ ਮੂੰਹ ਹੁੰਦਾ ਹੈ ਜਿਹੜਾ ਧਰਤੀ ਤੋਂ ਇਕ ਕੁ ਫੁੱਟ ਦੇ ਕਰੀਬ ਨੀਵਾਂ ਹੁੰਦਾ ਹੈ। ਮੂੰਹ ਵਿਚੋਂ ਦੀ ਹੀ ਬਹਿਣੀ ਹੇਠ ਝੋਕਾ ਲਾਇਆ ਜਾਂਦਾ ਹੈ।ਬਹਿਣੀ ਦੇ ਮੂੰਹ ਦੇ ਹੇਠਾਂ ਬਹਿਣੀ ਦਾ ਇਕ ਹੋਰ ਮੂੰਹ ਹੁੰਦਾ ਹੈ ਜਿਸ ਰਾਹੀਂ ਝਰਨੇ ਹੇਠ ਪਈ ਸੁਆਹ ਨੂੰ ਲੋਹੇ ਦੇ ਇਕ ਲੰਮੇ ਸਾਰੇ ਕੜਛੇ ਨਾਲ ਬਾਹਰ ਕੱਢਦੇ ਰਹਿੰਦੇ ਹਨ। ਬਹਿਣੀ ਦੇ ਮੂੰਹ ਦੇ ਸਾਹਮਣੇ ਦੂਜੇ ਪਾਸੇ ਲੂੰਬਾ ਹੁੰਦਾ ਹੈ। ਲੂੰਬਾ ਧਰਤੀ ਤੋਂ 2/3 ਕੁ ਫੁੱਟ ਉੱਚਾ ਹੁੰਦਾ ਹੈ ਜਿਸ ਰਾਹੀਂ ਧੂੰਆਂ ਨਿਕਲਦਾ ਰਹਿੰਦਾ ਹੈ। ਇਸ ਤਰ੍ਹਾਂ ਬਹਿਣੀ ਬਣਦੀ ਹੈ। ਬਹਿਣੀ ਉਪਰ ਕੜਾਹਾ ਰੱਖਿਆ ਜਾਂਦਾ ਹੈ।ਕੜਾਹੇ ਵਿਚ ਰਸ ਪਾਇਆ ਜਾਂਦਾ ਹੈ। ਕੜਾਹੇ ਹੇਠ ਝੋਕਾ ਲਾ ਕੇ, ਰਸ ਪਕਾ ਕੇ ਗੁੜ ਬਣਾਇਆ ਜਾਂਦਾ ਹੈ।

ਪਹਿਲਾਂ ਹਰ ਘਰ ਗੰਨਾ ਬੀਜਦਾ ਸੀ। ਹਰ ਘਰ ਗੁੜ ਬਣਾਉਂਦਾ ਸੀ। ਇਸ ਲਈ ਗੁੜ ਬਣਾਉਣ ਲਈ ਬਹਿਣੀ ਬਣਾਈ ਜਾਂਦੀ ਸੀ। ਹੁਣ ਦੁਆਬੇ ਤੇ ਮਾਝੇ ਦੇ ਕਿਸੇ ਕਿਸੇ ਪਿੰਡ ਤੇ ਰੋਪੜ ਦੇ ਕੁਝ ਪਿੰਡਾਂ ਵਿਚ ਹੀ ਘੁਲ੍ਹਾੜੀਆਂ ਲੱਗਦੀਆਂ ਹਨ ਤੇ ਉਥੇ ਹੀ ਬਹਿਣੀਆਂ ਬਣਦੀਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.