ਬੈੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਲਟ ਦੇ ਉਸ ਚੱਕਰ ਨੂੰ, ਜਿਸ ਉਪਰ ਮਾਲ੍ਹ ਚਲਦੀ ਹੈ, ਬੈੜ ਕਹਿੰਦੇ ਹਨ। ਇਸ ਬੈੜ ਉਪਰ ਦੀ ਹੀ ਪਾਣੀ ਦੀ ਭਰੀ ਹੋਈ ਮਾਲ੍ਹ ਚੱਲ ਕੇ ਖੂਹ ਵਿਚੋਂ ਪਾਣੀ ਕੱਢਦੀ ਹੈ। ਬੈੜ ਲੋਹੇ ਦੀ ਮੋਟੀ ਪੱਤੀ ਦਾ ਬਣਾਇਆ ਜਾਂਦਾ ਹੈ। ਪਹਿਲਾਂ ਪੱਤੀ ਦੇ 4 ਕੁ ਫੁੱਟ ਵਿਆਸ ਦੇ ਦੋ ਚੱਕਰ ਬਣਾਏ ਜਾਂਦੇ ਹਨ। ਫੇਰ ਇਨ੍ਹਾਂ ਦੋਹਾਂ ਚੱਕਰਾਂ ਨੂੰ ਇਕ ਕੁ ਫੁੱਟ ਦੀ ਦੂਰੀ ਰੱਖ ਕੇ ਲੋਹੇ ਦੇ ਇਕ ਕੁ ਫੁੱਟ ਚਪਟੇ ਡੰਡੇ ਲਾ ਕੇ ਆਪਸ ਵਿਚ ਜੋੜਿਆ ਜਾਂਦਾ ਹੈ। ਆਮ ਬੈੜ ਦੇ ਇਹ 17 ਕੁ ਡੰਡੇ ਲੱਗਦੇ ਹਨ। ਇਨ੍ਹਾਂ ਡੰਡਿਆਂ ਦੇ ਵਿਚਕਾਰ ਕੰਘੀਆਂ ਲਾਈਆਂ ਜਾਂਦੀਆਂ ਹਨ। ਕੰਘੀ ਦੀ ਬਣਤਰ ਥੋੜ੍ਹੀ ਜਿਹੀ ਟੇਪਰ ਹੁੰਦੀ ਹੈ। ਕੰਘੀ ਜਿਥੇ ਡੰਡੇ ਉੱਤੇ ਫਿੱਟ ਹੁੰਦੀ ਹੈ, ਉਥੇ ਉਸ ਦੀ ਚੌੜਾਈ 32 ਕੁ ਇੰਚ ਦੀ ਹੁੰਦੀ ਹੈ। ਹੇਠਾਂ ਆ ਕੇ ਇਹ 3 ਕੁ ਇੰਚ ਦੀ ਰਹਿ ਜਾਂਦੀ ਹੈ। ਤਿੰਨ ਕੁ ਇੰਚ ਦੀ ਇਸ ਦੀ ਲੰਬਾਈ ਹੁੰਦੀ ਹੈ।

ਬਣੇ ਗੋਲ ਚੱਕਰ ਦੇ ਅੱਧ ਤੱਕ/ਕੇਂਦਰ ਤੱਕ ਆਮ ਤੌਰ 'ਤੇ 7 ਮੋਟੇ ਲੋਹੇ ਦੇ ਚਪਟੇ ਡੰਡੇ ਲੱਗੇ ਹੁੰਦੇ ਹਨ। ਇਨ੍ਹਾਂ ਡੰਡਿਆਂ ਨੂੰ ਗਜ਼ ਕਹਿੰਦੇ ਹਨ। ਅੱਧ ਤੱਕ ਲੱਗੇ ਇਨ੍ਹਾਂ ਡੰਡਿਆਂ ਦੇ ਵਿਚਾਲੇ ਲੋਹੇ ਦੀ ਮੋਟੀ ਲੱਠ ਲੰਘਾਉਣ ਜੋਗੀ ਥਾਂ ਛੱਡ ਕੇ ਗਜ਼ਾਂ ਦੇ ਦੋਵੇਂ ਪਾਸੇ ਲੋਹੇ ਦੇ ਤਾਲੂਏ ਲਾ ਕੇ ਇਨ੍ਹਾਂ ਡੰਡਿਆਂ ਨੂੰ ਆਪਸ ਵਿਚ ਜੋੜਿਆ ਜਾਂਦਾ ਹੈ। ਇਸ ਤਰ੍ਹਾਂ ਬੈੜ ਬਣਦਾ ਹੈ। ਜਦ ਹਲਟ ਚਲਾਇਆ ਜਾਂਦਾ ਹੈ ਤਾਂ ਖੂਹ ਵਿਚੋਂ ਪਾਣੀ ਦੀਆਂ ਭਰੀਆਂ ਹੋਈਆਂ ਟਿੰਡਾਂ ਦੀ ਮਾਲ੍ਹ ਇਕ ਪਾਸੇ ਤੋਂ ਬੈੜ ਉਪਰ ਦੀ ਹੋ ਕੇ ਆਉਂਦੀ ਹੈ ਤੇ ਪਾਣੀ ਪਾੜਛੇ ਵਿਚ ਉਲੱਦ ਕੇ/ਖਾਲੀ ਕਰ ਕੇ ਮਾਲ੍ਹ ਬੇੜ ' ਰਾਹੀਂ ਦੁਬਾਰਾ ਪਾਣੀ ਭਰਨ ਲਈ ਚਲੀ ਜਾਂਦੀ ਹੈ। ਇਸ ਤਰ੍ਹਾਂ ਬੈੜ ਵਰਤੋਂ ਵਿਚ ਆਉਂਦਾ ਹੈ।[1]

ਹੁਣ ਕਿਤੇ ਵੀ ਹਲਟ ਨਹੀਂ ਹੈ। ਇਸ ਲਈ ਬੈੜ ਕਿੱਥੋਂ ਹੋਣੇ ਹਨ ।

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.