ਬੋਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਸੇ ਚੀਜ਼ ਨੂੰ ਇਕੱਠੇ ਕਰਨ ਨੂੰ ਬੋਹਲ ਕਹਿੰਦੇ ਹਨ। ਬੋਹਲ ਆਮ ਤੌਰ 'ਤੇ ਕਣਕ, ਛੋਲੇ, ਜੌਂ, ਸਰ੍ਹੋਂ ਆਦਿ ਦੀਆਂ ਫਸਲਾਂ ਨੂੰ ਕੱਢ ਕੇ ਲਾਏ ਜਾਂਦੇ ਸਨ। ਪਹਿਲਾਂ ਫਲ੍ਹਿਆਂ ਨਾਲ ਫ਼ਸਲਾਂ ਨੂੰ ਗਾਹ ਕੇ ਦਾਣੇ ਕੱਢੇ ਜਾਂਦੇ ਸਨ। ਫ਼ਸਲ ਨੂੰ ਗਾਹ ਕੇ ਧੜਾਂ ਲਾਈਆਂ ਜਾਂਦੀਆਂ ਸਨ। ਧੜਾਂ ਨੂੰ ਤੰਗਲੀਆਂ ਨਾਲ ਉਡਾਈ ਕਰ ਕੇ ਦਾਣੇ ਅੱਡ ਅਤੇ ਤੂੜੀ ਅੱਡ ਕੀਤੀ ਜਾਂਦੀ ਸੀ। ਦਾਣਿਆਂ ਵਿਚ ਫੇਰ ਵੀ ਘੁੰਡੀਆਂ ਰਹਿ ਜਾਂਦੀਆਂ ਸਨ। ਦਾਣਿਆਂ ਅਤੇ ਘੁੰਡੀਆਂ ਦੇ ਇਸ ਮਿਸ਼ਰਣ ਨੂੰ ਸੈਂਡ ਕਹਿੰਦੇ ਹਨ। ਸੈਂਡ ਨੂੰ ਫੇਰ ਬਲਦਾਂ ਦੀ ਖੇੜ੍ਹ ਪਾ ਕੇ ਗਾਹਿਆ ਜਾਂਦਾ ਸੀ। ਫੇਰ ਗਾਹੇ ਸੈਂਡ ਨੂੰ ਛਜਲੀਆਂ ਵਿਚ ਭਰ ਕੇ ਪਹਿਲਾਂ ਸਿਰ 'ਤੇ ਰੱਖਦੇ ਸਨ। ਫੇਰ ਦੋਵਾਂ ਹੱਥਾਂ ਨਾਲ ਛਜਲੀ ਨੂੰ ਸਿਰ ਤੋਂ ਉਪਰ ਚੱਕ ਕੇ, ਇਕ ਹੱਥ ਨੂੰ ਛਜਲੀ ਦੇ ਵਿਚਾਲੇ ਜਿਹੇ ਰੱਖ ਕੇ ਦੂਸਰੇ ਹੱਥ ਨੂੰ ਛਜਲੀ ਦੇ ਇਕ ਸਿਰੇ ਨਾਲ ਲਾ ਕੇ ਹਲਾਉਂਦੇ ਰਹਿੰਦੇ ਸਨ। ਹਵਾ ਨਾਲ ਦਾਣਿਆਂ ਵਿਚੋਂ ਕੁਝ ਘੁੰਡੀਆਂ ਤਾਂ ਆਪਣੇ ਆਪ ਹੀ ਬਣ ਰਹੇ ਬੋਹਲ ਤੋਂ ਦੂਰ ਡਿੱਗਦੀਆਂ ਰਹਿੰਦੀਆਂ ਸਨ। ਪਰ ਜਿਹੜੀਆਂ ਘੁੰਡੀਆਂ ਬਣ ਰਹੇ ਬੋਹਲ ਦੇ ਉਪਰ ਡਿੱਗ ਪੈਂਦੀਆਂ ਸਨ, ਉਨ੍ਹਾਂ ਘੁੰਡੀਆਂ ਨੂੰ ਬੋਹਲ ਕੋਲ ਰੜਕਾ ਲਈ ਬੈਠਾ ਬੰਦਾ ਬੋਹਲ ਤੋਂ ਲਾਹੁੰਦਾ ਰਹਿੰਦਾ ਸੀ। ਇਸ ਤਰ੍ਹਾਂ ਸੈਂਡ ਵਿਚੋਂ ਬੋਹਲ ਬਣਾਇਆ ਜਾਂਦਾ ਸੀ। ਬਣੇ ਬੋਹਲ ਕੋਲ ਛਜਲੀਆਂ, ਤੰਗਲੀਆਂ, ਸੱਬਰਕੱਤਾ, ਰੜਕਾ ਅਤੇ ਹੋਰ ਦਾਣੇ ਕੱਢਣ ਵਾਲੇ ਸੰਦ ਰੱਖੇ ਜਾਂਦੇ ਸਨ।

ਹੁਣ ਦਾਣੇ ਕਿਉਂਕਿ ਕੰਬਾਈਨਾਂ ਨਾਲ ਕੱਢ ਕੇ ਸਿੱਧੇ ਟਰਾਲੀਆਂ ਵਿਚ ਪਾਏ ਜਾਂਦੇ ਹਨ, ਇਸ ਲਈ ਹੁਣ ਦਾਣਿਆਂ ਦੇ ਬੋਹਲ ਨਹੀਂ ਬਣਾਏ ਜਾਂਦੇ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.