ਸਮੱਗਰੀ 'ਤੇ ਜਾਓ

ਭਗਤ ਪੂਰਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਗਤ ਪੂਰਨ ਸਿੰਘ
ਜਨਮ(1904-06-04)4 ਜੂਨ 1904
ਮੌਤ5 ਅਗਸਤ 1992(1992-08-05) (ਉਮਰ 88)
ਅੰਮ੍ਰਿਤਸਰ
ਰਾਸ਼ਟਰੀਅਤਾਭਾਰਤੀ
ਸਿੱਖਿਆਮੈਟਰਿਕ 1923
ਪੇਸ਼ਾਸਮਾਜਸੇਵੀ, ਵਾਤਾਵਰਣ ਪ੍ਰੇਮੀ ਅਪਾਹਜਾਂ ਦੀ ਨਿਸ਼ਕਾਮ ਸੇਵਾ , ਪਿੰਗਲਵਾੜਾ ਟ੍ਰੈਕਟਾਂ ਦੇ ਲਿਖਾਰੀ ਤੇ ਛਾਪਕ
ਸਰਗਰਮੀ ਦੇ ਸਾਲ1923-1992
ਸੰਗਠਨਪਿੰਗਲਵਾੜਾ
ਲਈ ਪ੍ਰਸਿੱਧਅਪਾਹਜਾਂ ਦੀ ਸੇਵਾ
ਜ਼ਿਕਰਯੋਗ ਕੰਮਪਿੰਗਲਵਾੜਾ ਦੀ ਸਥਾਪਨਾ ,
ਮਾਤਾ-ਪਿਤਾ
  • ਛਿੱਬੂ ਮਲ (ਪਿਤਾ)
  • ਮਹਿਤਾਬ ਕੌਰ (ਮਾਤਾ)

ਭਗਤ ਪੂਰਨ ਸਿੰਘ ਪੰਜਾਬ ਦੇ ਉੱਘੇ ਸਮਾਜਸੇਵੀ, ਚਿੰਤਕ, ਵਾਤਾਵਰਣ ਪ੍ਰੇਮੀ ਅਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ, ਅੰਮ੍ਰਿਤਸਰ ਦੇ ਮੋਢੀ ਸਨ। ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸਥਾਪਤ ਕਰਨ ਕਰ ਕੇ ਅਤੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਨਿਰਸੁਆਰਥ ਸੇਵਾ ਕਰਨ ਦੇ ਕਾਰਨ ਪੰਜਾਬ ਅਤੇ ਉੱਤਰ ਭਾਰਤ ਵਿੱਚ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।

ਮੁੱਢਲਾ ਜੀਵਨ

[ਸੋਧੋ]

ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ (ਰੋਹਣੋ) ਨੇੜੇ ਖੰਨਾ ਵਿੱਚ ਮਾਤਾ ਮਹਿਤਾਬ ਕੌਰ ਦੀ ਕੁਖੋਂ ਅਤੇ ਪਿਤਾ ਛਿੱਬੂ ਮੱਲ ਦੇ ਘਰ ਹੋਇਆ। ਪਿਤਾ ਸ਼ਾਹੂਕਾਰਾ ਕਰਦੇ ਸਨ। ਆਪ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਔਰਤ ਸੀ, ਜਿਸ ਨੇ ਆਪ ਦੇ ਦਿਲ ਵਿੱਚ ਦਇਆ ਭਾਵਨਾ ਪੈਦਾ ਕੀਤੀ। ਆਪ ਦਾ ਬਚਪਨ ਦਾ ਨਾਂ ਰਾਮਜੀ ਦਾਸ ਸੀ। ਆਪ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ। ਇੱਕ ਵਕਤ ਐਸਾ ਆਇਆ ਕਿ ਕਿਸੇ ਕਾਰਨ ਕਰ ਕੇ ਪਿਤਾ ਦਾ ਸ਼ਾਹੂਕਾਰਾ ਖਤਮ ਹੋ ਗਿਆ। ਗਰੀਬੀ ਨੇ ਘਰ ਵਿੱਚ ਆਣ ਪੈਰ ਪਸਾਰੇ। ਪਿਤਾ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦਿਆਂ ਆਪ ਦੀ ਮਾਤਾ ਨੇ ਆਪ ਦਾ ਪੜ੍ਹਨਾ ਜਾਰੀ ਰੱਖਿਆ, ਭਾਵੇਂ ਇਸ ਲਈ ਆਪ ਦੀ ਮਾਤਾ ਨੂੰ ਕਿਸੇ ਡਾਕਟਰ ਦੇ ਘਰ ਭਾਂਡੇ ਮਾਂਜਣ ਦੀ ਨੌਕਰੀ ਹੀ ਕਿਉਂ ਨਾ ਕਰਨੀ ਪਈ। ਸੰਨ 1923 ਵਿੱਚ ਆਪ ਨੇ ਲੁਧਿਆਣੇ ਜਦ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਆਪ ਦੇ ਜੀਵਨ ਵਿੱਚ ਇੱਕ ਘਟਨਾ ਘਟੀ, ਜਿਸ ਦੇ ਚੱਲਦਿਆਂ ਆਪ ਦਾ ਝੁਕਾਅ ਗੁਰੂਘਰ ਵੱਲ ਜ਼ਿਆਦਾ ਹੋ ਗਿਆ ਤੇ ਆਪ ਡੇਹਰਾ ਸਾਹਿਬ ਲਾਹੌਰ ਸੇਵਾ ਕਰਦੇ ਰਹੇ।

ਵਾਤਾਵਰਨ ਅਤੇ ਸਾਹਿਤ ਪ੍ਰੇਮੀ

[ਸੋਧੋ]

ਆਪ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਮੁਹਾਰਤ ਰੱਖਣ ਵਾਲੇ, ਸਾਹਿਤ ਰਸੀਏ ਸਨ। ਵਾਤਾਵਰਨ, ਪ੍ਰਦੂਸ਼ਣ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਆਦਿ ਮੁੱਦਿਆਂ ਦੀ ਸ਼ੁਰੂਆਤ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਨੇ ਕੀਤੀ ਸੀ। ਭਗਤ ਜੀ ਰੁੱਖ ਲਗਾਉਣ ਅਤੇ ਰੁੱਖ ਬਚਾਉਣ ਦੀ ਗੱਲ ਕਰਦੇ ਸਨ ਤਾਂ ਉਹ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਨਹੀਂ ਸਨ ਰਹਿੰਦੇ, ਸਗੋਂ ਹਕੀਕਤ ਵਿੱਚ ਕੁਝ ਕਰ ਕੇ ਵੀ ਵਿਖਾਉਂਦੇ ਸਨ। ਰੱਦੀ ਜਾਂ ਵਰਤੇ ਹੋਏ ਕਾਗਜ਼ ਦੇ ਇੱਕ ਪਾਸੇ ਲਿਖ ਕੇ ਦੂਸਰਾ ਪਾਸਾ ਖਾਲੀ ਛੱਡਿਆ ਜਾਂਦਾ ਹੈ, ਪਿੰਗਲਵਾੜੇ ਵਿੱਚ ਲਿਖਣ ਜਾਂ ਛਪਾਈ ਦੇ ਜਿੰਨੇ ਕੰਮ ਹੁੰਦੇ ਸਨ, ਉਹ ਸਾਰੇ ਕਾਗਜ਼ ਦੇ ਉਸ ਪਾਸੇ ਹੁੰਦੇ। ਜਿੰਨਾ ਵਧੇਰੇ ਕਾਗਜ਼ ਵਰਤਿਆ ਜਾਂਦਾ ਹੈ, ਓਨੇ ਵਧੇਰੇ ਰੁੱਖ ਕੱਟੇ ਜਾਂਦੇ ਹਨ। ਅੱਜ ਵੀ ਧਾਰਮਿਕ ਥਾਵਾਂ ’ਤੇ ਪਿੰਗਲਵਾੜਾ ਸੰਸਥਾ ਵੱਲੋਂ ਮੁਫ਼ਤ ਸਾਹਿਤ ਵੰਡਿਆ ਜਾਂਦਾ ਹੈ। ਭਗਤ ਜੀ ਪ੍ਰਦੂਸ਼ਣ ਪ੍ਰਤੀ ਜਾਗਰੂਕ ਸਨ ਤਾਂ ਹੀ ਉਹਨਾ ਨੇ ਕਾਰ ਜਾਂ ਬੱਸ ਰਾਹੀਂ ਬਹੁਤ ਘੱਟ ਸਫ਼ਰ ਕੀਤਾ ਹੋਵੇਗਾ। ਉਹ ਹਮੇਸ਼ਾ ਰੇਲ ਗੱਡੀ ਰਾਹੀਂ ਸਫ਼ਰ ਕਰਦੇ। ਭਗਤ ਜੀ ਨੇ ਪਿੰਗਲਵਾੜੇ ਵਿੱਚ ਏ.ਸੀ ਨਹੀਂ ਲੱਗਣ ਦਿੱਤਾ ਕਿਉਂਕੇ ਵਾਯੂ ਮੰਡਲ ਵਿਚਲੀ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਭਗਤ ਜੀ ਨੇ ਖੱਦਰ ਦਾ ਰੱਜ ਕੇ ਪ੍ਰਚਾਰ ਕੀਤਾ ਕਿਉਂਕੇ ਖਾਦੀ ਦੇ ਕੱਪੜੇ ਸਾਡੇ ਭਾਰਤੀ ਵਾਤਾਵਰਨ ਵਿੱਚ ਬਹੁਤ ਢੁਕਵੇਂ ਹਨ। ਭਗਤ ਜੀ ਨੇ ਆਪਣੀ ਜ਼ਿੰਦਗੀ ਵਿੱਚ ਅਣਗਿਣਤ ਤ੍ਰਿਵੈਣੀਆਂ ਲਗਵਾਈਆਂ। ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵਾਤਾਵਰਨ ਦੇ ਸੰਭਾਲ ਦੀ ਗੱਲ ਕਰਦੇ ਹਨ ਤਾਂ ਸੱਚੀ ਗੱਲ ਇਹ ਹੈ ਕਿ ਇਸ ਗੱਲ ਦੇ ਸਿਰਜਕ ਅਤੇ ਪ੍ਰਚਾਰਕ ਹੋਣ ਦਾ ਅਸਲ ਸਿਹਰਾ ਭਗਤ ਪੂਰਨ ਸਿੰਘ ਜੀ ਨੂੰ ਜਾਂਦਾ ਹੈ।

ਪਿੰਗਲਵਾੜਾ ਸੰਸਥਾਵਾਂ

[ਸੋਧੋ]

ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਕੋਈ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ। ਭਗਤ ਜੀ ਨੇ ਉਸ ਬੱਚੇ ਦੀ ਸੇਵਾ-ਸੰਭਾਲ 1934 ਤੋਂ ਕਰਨੀ ਸ਼ੁਰੂ ਕੀਤੀ ਤੇ ਉਸ ਦਾ ਨਾਂ ਪਿਆਰਾ ਸਿੰਘ ਰੱਖਿਆ। ਉਸ ਦਿਨ ਤੋਂ ਹੀ ਪਿੰਗਲਵਾੜਾ ਸੰਸਥਾ ਦਾ ਖਿਆਲ ( ਰਾਮਜੀ ਦਾਸ ) ਭਗਤ ਪੂਰਨ ਸਿੰਘ ਨੂੰ ਦ੍ਰਿਸਟਮਾਨ ਹੋਇਆ ।[1]ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਤੇ ਮਾਨੋ ਪਿੰਗਲਵਾੜਾ[2] ਸੰਸਥਾ ਦੀ ਸ਼ੁਰੂਆਤ ਹੋਈ। ਸੰਨ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ’ਤੇ ਜਦ ਭਾਰੀ ਕਹਿਰ ਟੁੱਟਾ ਤਾਂ ਆਪ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪਿਆਰਾ ਸਿੰਘ ਨੂੰ ਪਿੱਠ ’ਤੇ ਚੁੱਕ ਕੇ ਰਫਿਊਜੀ ਕੈਂਪ ਵਿੱਚ ਪਹੁੰਚੇ, ਜਿੱਥੇ ਆਪ ਨੇ ਤਨ-ਮਨ ਨਾਲ ਸੇਵਾ ਨਿਭਾਈ। ਸੰਨ 1958 ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ, ਸੰਗਰੂਰ, ਮਾਨਾਵਾਲਾ, ਪਲਸੌਰਾ ਅਤੇ ਗੋਇੰਦਵਾਲ ਬ੍ਰਾਂਚਾਂ ਵਿੱਚ 1200 ਦੇ ਕਰੀਬ ਲਾਵਾਰਸ ਮਰੀਜ਼ ਦਾਖਲ ਹਨ। ਉਨ੍ਹਾਂ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ਼ ਤਾਇਨਾਤ ਹੈ। ਪਿੰਗਲਵਾੜੇ ਵਿੱਚ ਮੁਢਲੀਆਂ ਡਾਕਟਰੀ ਸਹੂਲਤਾਂ ਵਾਲੀ ਟਰਾਮਾ ਵੈਨ, ਜੀ.ਟੀ.ਰੋਡ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਵਿੱਚ ਇੱਕ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ। ਜਿਥੇ ਅੰਗਹੀਣਾਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਂਦੇ ਹਨ। ਗਰੀਬ ਬੱਚਿਆਂ ਦੀ ਸਿੱਖਿਆ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਅਤੇ ਉਨ੍ਹਾਂ ਦੇ ਜਾਨਸ਼ੀਨ ਡਾ: ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ। ਏਹ ਜਨਮ ਤੁਮਾਰੇ ਲੇਖੇ ਨਾਂ ਦੀਇਹ ਇੱਕ ਫੀਚਰ ਫ਼ਿਲਮ ਹੈ ਜੋ ਭਗਤ ਜੀ ਦੇ ਜੀਵਨ ਤੇ ਬਣਾਈ ਹੈ।ਸਨਮਾਨ

[ਸੋਧੋ]

ਮੌਤ

[ਸੋਧੋ]

ਉਹ ਸਰੀਰਕ ਰੂਪ ਵਿੱਚ 5 ਅਗਸਤ 1992 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।

ਹਵਾਲੇ

[ਸੋਧੋ]
  1. "Information About Pingalwara - Founder of pingalwara". Pingalwara. Retrieved 2020-04-19.
  2. ਪਿੰਗਲਵਾੜੇ ਦੀ ਵਿਥਿਆ, All India Pingalwara Charitable Society(regd.), Amritsar
  3. "ਡੈਸ਼ਬੋਰਡ ਪਦਮਾਂ ਅਵਾਰਡਜ਼ ਭਾਰਤ ਸਰਕਾਰ". Padmaawards. Govt. of India. Retrieved 20 April 2020.[permanent dead link]