ਮਕੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਹਲੂ ਦੇ ਥਮ੍ਹਲੇ ਨਾਲ ਲੱਕੜ ਦਾ ਬੜਾ ਸਾਰਾ ਟੁੱਕੜਾ ਲੱਗਿਆ ਹੁੰਦਾ ਸੀ, ਇਸ ਟੁੱਕੜੇ ਵਿਚ ਗਰਧਨ ਦਾ ਉਪਰਲਾ ਹਿੱਸਾ ਫਸਾਇਆ ਜਾਂਦਾ ਸੀ। ਇਸ ਟੁੱਕੜੇ ਨੂੰ ਮਕੜਾ ਕਹਿੰਦੇ ਸਨ। ਕਈ ਇਲਾਕਿਆਂ ਵਿਚ ਹਲਟ ਦੀ ਗਰਧਨ ਨੂੰ ਵੀ ਮਕੜਾ ਕਹਿੰਦੇ ਸਨ। ਊਠ ਦੀ ਕਾਠੀ/ਬੀਂਡੀ ਦਾ ਜੋ ਹਿੱਸਾ ਊਠ ਦੀ ਪੂਛ ਉਪਰ ਆਉਂਦਾ ਸੀ, ਉਸ ਹਿੱਸੇ ਉਪਰ ਚਮੜੇ ਦੀ ਇਕ ਵੱਧਰੀ ਬੰਨ੍ਹੀ ਜਾਂਦੀ ਸੀ, ਉਸ ਵੱਧਰੀ ਨੂੰ ਵੀ ਮਕੜਾ ਕਹਿੰਦੇ ਸਨ। ਊਠ ਦੀ ਪੂਛ ਉਪਰੋਂ ਦੀ ਇਹ ਵੱਧਰੀ/ਮੱਕੜਾ ਬੰਨ੍ਹਿਆ ਹੋਣ ਕਰਕੇ ਊਠ ਪੂਛ ਨਹੀਂ ਮਾਰ ਸਕਦਾ ਸੀ। ਪੂਛ ਮਾਰਨ ਤੋਂ ਬਚਾਓ ਹੋ ਜਾਂਦਾ ਸੀ। ਪਰ ਮੈਂ ਤੁਹਾਨੂੰ ਜਿਨ੍ਹਾਂ ਮਕੜਿਆਂ ਬਾਰੇ ਦੱਸਣ ਲੱਗਿਆਂ ਹਾਂ, ਇਹ ਦਰੀ ਬੁਣਨ ਸਮੇਂ ਤਾਣੇ ਵਿਚ ਪਾਏ ਜਾਂਦੇ ਸਨ।

ਦਰੀ ਬੁਣਨ ਸਮੇਂ ਦਰੀ ਦੇ ਤਾਣੇ ਉਪਰ ਘੋੜੀ ਰੱਖੀ ਜਾਂਦੀ ਹੈ। ਘੋੜੀ ਦੇ ਇਕ ਅਗਲੇ ਪਾਸੇ ਅਤੇ ਇਕ ਪਿਛਲੇ ਪਾਸੇ ਦੋ 5 ਕੁ ਫੁੱਟ ਲੰਮੇ ਡੰਡੇ ਤਾਣੇ ਵਿਚ ਪਾਏ ਜਾਂਦੇ ਹਨ। ਇਨ੍ਹਾਂ ਡੰਡਿਆਂ ਨੂੰ ਮਕੜੇ ਕਹਿੰਦੇ ਹਨ। ਡੰਡਿਆਂ ਦੇ ਸਿਰਿਆਂ ਦੇ ਨੇੜੇ ਵਾਢੇ ਪਾਏ ਜਾਂਦੇ ਹਨ।ਘੋੜੀ ਦੇ ਉਪਰਲੇ ਫੱਲੜ ਦੇ ਸਿਰਿਆਂ ਕੋਲ ਇਕ ਇਕ ਕਾਟੋ ਪਾਈ ਹੁੰਦੀ ਹੈ। ਕਾਟੋ ਨਾਲ ਬੰਨ੍ਹੀਆਂ ਰੱਸੀਆਂ ਦਾ ਦੂਸਰਾ ਸਿਰਾ ਤਾਣੇ ਵਿਚ ਪਾਏ ਮਕੜਿਆਂ ਦੇ ਸਿਰਿਆਂ ਨਾਲ ਬੰਨ੍ਹਿਆ ਜਾਂਦਾ ਹੈ। ਦਰੀ ਬੁਣਨ ਵਾਲੀਆਂ ਜਨਾਨੀਆਂ ਕਾਟੋਆਂ ਨੂੰ ਹੱਥਾਂ ਨਾਲ ਇਕ ਵੇਰ ਫੱਲੜ ਦੇ ਅੱਗੇ ਅਤੇ ਇਕ ਫੇਰ ਪਿਛੇ ਸਿੱਟਦੀਆਂ ਹਨ।ਕਾਟੋਆਂ ਨੂੰ ਅੱਗੇ ਪਿੱਛੇ ਸਿੱਟਣ ਨੂੰ ਦਮ ਸਿੱਟਣਾ ਕਹਿੰਦੇ ਹਨ। ਕਾਟੋਆਂ ਨੂੰ ਅੱਗੇ ਪਿੱਛੇ ਸਿੱਟਣ ਨਾਲ ਮਕੜੇ ਤਾਣੇ ਨੂੰ ਉਪਰ ਹੇਠ ਕਰਦੇ ਰਹਿੰਦੇ ਹਨ। ਦਰੀ ਬੁਣਨ ਵਾਲੀਆਂ ਜਨਾਨੀਆਂ ਤਾਣੇ ਵਿਚ ਸੂਤ ਦੀਆਂ ਬਣਾਈਆਂ ਰੰਗਦਾਰ ਗੁੱਟੀਆਂ/ਗਜ਼ਾਂ ਦਾ ਧਾਗਾ ਹੱਥਾਂ ਨਾਲ ਲੰਘਾਈ ਜਾਂਦੀਆਂ ਹਨ। ਨਾਲ ਦੀ ਨਾਲ ਇਸ ਧਾਗੇ ਨੂੰ ਪੰਜੇ ਨਾਲ ਠੋਕ ਕੇ ਤਾਣੇ ਨਾਲ ਲਾਈ ਜਾਂਦੀਆਂ ਹਨ। ਇਸ ਵਿਧੀ ਨਾਲ ਮਕੜਿਆਂ ਦੀ ਵਰਤੋਂ ਨਾਲ ਤਾਣੇ ਨੂੰ ਉਪਰ ਹੇਠਾਂ ਕਰਕੇ ਸੂਤ ਦਾ ਪੇਟਾ ਪਾ ਕੇ ਪੂਰੀ ਦਰੀ ਬੁਣੀ ਜਾਂਦੀ ਹੈ। ਇਸ ਤਰ੍ਹਾਂ ਦਰੀ ਬੁਣਨ ਸਮੇਂ ਮਕੜੇ ਵਰਤੋਂ ਵਿਚ ਆਉਂਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.