ਸਮੱਗਰੀ 'ਤੇ ਜਾਓ

ਮਲੋਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਲੋਆ ਚੰਡੀਗੜ੍ਹ ਦਾ ਇੱਕ ਪਿੰਡ ਹੈ। ਮੌਜੂਦਾ ਭੂਗੌਲਿਕ ਸਥਿਤੀ ਅਨੁਸਾਰ ਇਹ ਸੈਕਟਰ 38 ਦੇ ਨਜ਼ਦੀਕ ਪੈਂਦਾ ਹੈ। ਮੁੱਢਲੇ ਦੌਰ ’ਚ ਤੀੜਾ-ਮਲੋਆ ਦੇ ਨਾਮ ਨਾਲ ਪ੍ਰਚੱਲਿਤ ਇਸ ਪਿੰਡ ਵਿੱਚ ਰਾਜਪੂਤ, ਰਾਮਦਾਸੀਆ ਸਿੱਖ, ਸੈਣੀ ਤੇ ਬਾਲਮੀਕੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਸ ਪਿੰਡ ਦਾ ਮੁੱਢ ਇੱਕ ਰਾਜਪੂਤ ਵਿਅਕਤੀ ਮੇਲੂ ਨੇ ਬੰਨ੍ਹਿਆ ਸੀ ਅਤੇ ਰਾਜਸਥਾਨ ਤੋਂ ਆਏ ਕੌਸ਼ਲ ਗੋਤ ਦੇ ਰਾਜਪੂਤ ਚੌਧਰੀਆਂ ਨੇ ਅਬਾਦ ਕੀਤਾ ਸੀ। ਉਸ ਵੇਲੇ ਮਲੋਆ ਦਾ ਮੌਜਾ 1250 ਏਕੜ ਦੇ ਕਰੀਬ ਸੀ ਜਦਕਿ ਇਸ ਤੋਂ ਇਲਾਵਾ ਸਲਾਹਪੁਰ ਦੇ ਬੇਚਰਾਗ ਮੌਜੇ ਵਜੋਂ ਜਾਣੀ ਜਾਂਦੀ ਜ਼ਮੀਨ 250 ਏਕੜ ਸੀ। ਉਦੋਂ ਪਿੰਡ ਦੀ ਆਬਾਦੀ 14 ਹਜ਼ਾਰ ਦੇ ਕਰੀਬ ਸੀ ਤੇ ਵੋਟਾਂ 3500 ਸਨ। ਚੰਡੀਗੜ੍ਹ ਸਰਕਾਰ ਵਲੋਂ ਲੋਕਾਂ ਕੋਲੋਂ ਵੱਡੇ ਪੱਧਰ ਉੱਪਰ ਜਮੀਨ ਖਰੀਦਣ ਕਰਕੇ ਪਿੰਡ ਦੀ ਜਮੀਨ ਹੁਣ ਸਿਰਫ 570 ਏਕੜ ਰਹੀ ਗਈ ਹੈ ਜਿਸ ਵਿਚੋਂ ਪਿੰਡ ਦਾ ਰਕਬਾ ਮਹਿਜ਼ 500 ਏਕੜ ਤੇ ਸ਼ਾਮਲਾਟ ਜ਼ਮੀਨ 70 ਏਕੜ ਦੇ ਕਰੀਬ ਹੈ। ਹੁਣ ਮਲੋਆ ਕਲੋਨੀ ਦੀ ਵੱਸੋਂ 40 ਹਜ਼ਾਰ ਨੂੰ ਟੱਪ ਗਈ ਹੈ ਤੇ ਕਲੋਨੀ ਦੀਆਂ 14 ਹਜ਼ਾਰ ਵੋਟਾਂ ਹਨ। ਹੁਣ ਇਹ ਪਿੰਡ ਨਗਰ ਨਿਗਮ ਦੇ ਵਾਰਡ ਨੰਬਰ 7 ਅਧੀਨ ਆਉਂਦਾ ਹੈ। ਇਸ ਪਿੰਡ ਦੀ ਜ਼ਮੀਨ ਉਪਰ ਸੈਕਟਰ -37, 38,39 ਤੇ 40 ਦੇ ਵੱਡੇ ਹਿੱਸੇ ਉਸਰੇ ਹਨ ਅਤੇ ਮਲੋਆ ਕਲੋਨੀ ਨਿਊ ਗਰੇਨ ਮਾਰਕੀਟ, ਵਾਟਰ ਵਰਕਸ, ਫਰੂਟ ਮੰਡੀ, ਮਿਲਕ ਕਲੋਨੀ ਤੇ ਸਨੇਹਆਲਿਆ ਵਰਗੇ ਸਥਾਨ ਵੀ ਇਸੇ ਪਿੰਡ ਦੀ ਜ਼ਮੀਨ ਉੱਤੇ ਉਪਜੇ ਹਨ।

ਪਿੰਡ ਦੇ ਇਸ਼ਟ

[ਸੋਧੋ]

ਪਿੰਡ ਮਲੋਆ ਧਾਰਮਿਕ ਅਸਥਾਨਾਂ ਦਾ ਸਮੂਹ ਹੈ। ਇਸ ਪਿੰਡ ਵਿੱਚ ਕਈ ਧਾਰਮਿਕ ਸਮਾਧਾਂ ਹਨ। ਪਿੰਡ ਵਿਚਲੇ ਏਕਤਾ ਦੇ ਪ੍ਰਤੀਕ ਖੇੜੇ ਵਿਖੇ ਮੱਥਾ ਟੇਕਣ ਵਾਲਿਆਂ ਦੀਆਂ ਤੜਕੇ ਹੀ ਕਤਾਰਾਂ ਲੱਗ ਜਾਂਦੀਆਂ ਹਨ। ਇਸ ਪਿੰਡ ਵਿਚਲੇ ਪ੍ਰਾਚੀਨ ਸ਼ਿਵ ਦਿਆਲੇ ਦੀ ਅੱਜ ਵੀ ਆਪਣੀ ਮਹੱਤਤਾ ਹੈ ਅਤੇ ਗੁਰਦੁਆਰਾ ਨਾਨਕ ਦਰਬਾਰ ਵਾਲੇ ਅਸਥਾਨ ’ਤੇ ਸੰਤ ਭਗਵਾਨ ਦਾਸ ਜੀ ਦਾ ਤਪ ਅਸਥਾਨ ਵਿਲੱਖਣ ਮਹੱਤਤਾ ਰੱਖਦਾ ਹੈ। ਇਸ ਪਿੰਡ ਵਿੱਚ ਗੁਰਦੁਆਰਾ ਸੈਣੀਆਂ, ਬਾਬਾ ਭੂਤ ਨਾਥ ਜੀ, ਗੁਰਦੁਆਰਾ ਭਾਈ ਮਨੀ ਸਿੰਘ ਜੀ, ਬਾਬਾ ਖੜਾ ਸਾਧ ਮਹਾਵੀਰ ਗਿਰ ਜੀ, ਸੁਆਮੀ ਸੁਖਦੇਵ ਜੀ, ਮੰਦਿਰ ਬਾਬਾ ਬਾਲਕ ਨਾਥ ਆਦਿ ਹਨ। ਪਿੰਡ ਦੇ ਬਜ਼ੁਰਗਾਂ ਅਨੁਸਾਰ ਇੱਥੇ 25 ਦੇ ਕਰੀਬ ਧਾਰਮਿਕ ਅਸਥਾਨ ਹਨ। ਪਿੰਡ ਵਿੱਚ ਹਰੇਕ ਮਹੀਨੇ ਘੱਟੋ-ਘੱਟ ਇੱਕ ਭੰਡਾਰਾ ਜੁੜਦਾ ਹੈ। ਹਰ ਵਰ੍ਹੇ 12 ਮਾਰਚ ਨੂੰ ਬਾਬਾ ਬਾਲਕ ਨਾਥ ਜੀ ਦੇ ਭੰਡਾਰੇ ਮੌਕੇ ਸੈਂਕੜੇ ਸਾਧੂ ਇੱਥੇ ਪਧਾਰਦੇ ਹਨ। ਮੰਨਿਆ ਜਾਂਦਾ ਹੈ ਕਿ ਅੱਜ ਕੱਲ੍ਹ ਪਿੰਡ ਡੱਡੂਮਾਜਰਾ ਦੀ ਹੱਦ ਵਿੱਚ ਆਇਆ ਇਤਿਹਾਸਕ ਦਰੋਣਾਚਾਰੀਆ ਤੀਰਥ ਅਸਥਾਨ ਵੀ ਕਿਸੇ ਵੇਲੇ ਪਿੰਡ ਮਲੋਆ ਦੀ ਧਰਤ ਉਪਰ ਹੀ ਮੰਨਿਆ ਜਾਂਦਾ ਸੀ। ਸਰਦਾਰਾਂ ਦਾ ਕਿਲ੍ਹਾ ਵੀ ਇਸ ਪਿੰਡ ਦੀ ਵਿਰਾਸਤ ਮੰਨੀ ਜਾਂਦੀ ਹੈ।

ਪਿੰਡ ਦਾ ਭੂਗੌਲਿਕ ਇਤਿਹਾਸ

[ਸੋਧੋ]

ਮੁੱਢਲੇ ਦੌਰ ਵਿੱਚ ਪਿੰਡ ’ਚ ਲੱਜਾਂ ਵਾਲੇ ਇੱਕ ਦਰਜਨ ਤੋਂ ਵੱਧ ਖੂਹ ਸਨ। ਪਿੰਡ ਵਿਚਲੇ ਇੱਕ ਸਭ ਤੋਂ ਪੁਰਾਣੇ ਖੂਹ ਉਪਰ ਲੈਂਟਰ ਪਾ ਕੇ ਖਵਾਜਾ ਪੀਰ ਦੀ ਮੂਰਤੀ ਸਥਾਪਿਤ ਕੀਤੀ ਹੈ। ਪਿੰਡ ਵਿੱਚ ਪਹਿਲਾ ਨਲਕਾ 1944 ਵਿੱਚ ਚੌਧਰੀਆਂ ਦੇ ਘਰ ਲੱਗਾ ਸੀ। ਪਿੰਡ ਦੀ ਪਹਿਲੀ ਪੰਚਾਇਤ ਸਾਲ 1950-51 ਵਿੱਚ ਹੋਂਦ ਵਿੱਚ ਆਈ ਸੀ ਅਤੇ ਪਹਿਲਾ ਸਰਪੰਚ ਬਾਬਾ ਰਾਮ ਹਕੀਮ ਬਣਿਆ ਸੀ।

ਪਿੰਡ ਦਾ ਭਾਰਤ ਦੇ ਰਾਜਨੈਤਿਕ ਇਤਿਹਾਸ ਵਿੱਚ ਥਾਂ

[ਸੋਧੋ]

ਪਿੰਡ ਦਾ ਭਾਰਤ ਦੇ ਰਾਜਨੈਤਿਕ ਇਤਿਹਾਸ ਵਿੱਚ ਇੱਕ ਵੱਖਰਾ ਹੀ ਥਾਂ ਹੈ ਜਿਸ ਕਰਕੇ ਇਸ ਪਿੰਡ ਦਾ ਨਾਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਮੁੱਖ ਮੁਜਰਮ ਮੰਨੇ ਜਾਂਦੇ ਬੇਅੰਤ ਸਿੰਘ ਇਸੇ ਪਿੰਡ ਦੇ ਸਨ ਅਤੇ ਬਾਅਦ ਵਿੱਚ ਬੇਅੰਤ ਸਿੰਘ ਦੇ ਪਿਤਾ ਸੁੱਚਾ ਸਿੰਘ ਮਲੋਆ ਅਤੇ ਉਨ੍ਹਾਂ ਦੀ ਪਤਨੀ ਬਿਮਲ ਕੌਰ ਖਾਲਸਾ ਪੰਜਾਬ ਤੋਂ ਸੰਸਦ ਮੈਂਬਰ ਵੀ ਚੁਣੇ ਗਏ ਸਨ।