ਮਾਂ ਬੋਲੀ (ਗੀਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਂ ਬੋਲੀ ਗੀਤ ਦਾ ਪੋਸਟਰ

ਮਾਂ ਬੋਲੀ ਗੀਤ ਪੰਜਾਬੀ ਮਾਤ ਭਾਸ਼ਾ ਬਾਰੇ ਲਿਖਿਆ ਗਿਆ ਇੱਕ ਗੀਤ ਹੈ ਜੋ ਪੰਜਾਬ ਦੇ ਨੌਜੁਆਨ ਗਾਇਕ ਯਾਕੂਬ ਨੇ ਗਾਇਆ ਹੈ ਅਤੇ ਪੰਜਾਬੀ ਦੇ ਸ਼ਾਇਰ ਹਰਵਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ। ਇਹ ਗੀਤ 21 ਫ਼ਰਵਰੀ 2018 ਨੂੰ ਪੰਜਾਬੀ ਦੇ ਸਿਰਮੌਰ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਜੀ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮੌਕੇ ਚੰਡੀਗੜ੍ਹ ਕਲਾ ਭਾਵਨ ਵਿਖੇ ਰਲੀਜ਼ ਕੀਤਾ ਗਿਆ।[1] [2]ਇਹ ਗੀਤ ਵਾਈਟ ਹਿੱਲ ਮਿਊਜਿਕ ਕੰਪਨੀ ਵੱਲੋਂ ਆਪਣੇ ਲੇਬਲ ਹੇਠਾਂ ਪ੍ਰਵਾਨ ਕਰਕੇ ਆਪਣੇ ਯੂ ਟਿਊਬ ਚੈਨਲ [3] ਤੇ ਪਾਇਆ ਹੋਇਆ ਹੈ।

ਗੀਤ ਦੇ ਬੋਲ[ਸੋਧੋ]

ਜਿਹੜੀ ਦਿੰਦੀ ਸੀ ਅਸੀਸ ਸੁੱਚੇ ਸ਼ਬਦਾਂ ਦੇ ਨਾਲ
ਮੇਰੇ ਸਾਹਮਣੇ ਉਹ ਮਾਂ ਬੋਲੀ ਮਰੀ ਜਾਂਦੀ ਆ
ਕੰਡ ਕਰਕੇ ਔਲਾਦ ਹੈ ਪੁਆਂਦੀ ਵੱਲ ਖੜੀ
ਭਰੇ ਮਨ ਨਾਲ ਵੇਖ ਕੇ ਮਾਂ ਜਰੀ ਜਾਂਦੀ ਆ
ਜਿਹੜੀ ਆਖਦੀ ਸੀ ਜੀਂਦਾ ਰਵ੍ਹੇੰ ਜੀਣ ਜੋਗਿਆ
ਮੇਰੇ ਸਾਹਮਣੇ ਉਹ ਮਾਂ ਮੇਰੀ ਮਰੀ ਜਾਦੀ ਆ
ਮੇਰੇ ਸਾਹਮਣੇ ਉਹ ਮਾਂ ਬੋਲੀ ਮਰੀ ਜਾਂਦੀ ਆ

ਨਾਥ ਜੋਗੀਆਂ ਦੇ ਵਿਹੜੇ ਖੇਡ ਹੋਈ ਮੁਟਿਆਰ
ਗੁਰੂ ਸੂਫੀਆਂ ਫਕੀਰਾਂ ਕੀਤਾ ਲਾਡ ਤੇ ਪਿਆਰ
ਕਿਤੇ ਬੁੱਲਾ ਨਾਲ ਨੱਚੇ ਕਿਤੇ ਰਾਂਝਾ ਨਾਲ ਗਾਵੇ
ਸਾਰੇ ਨਾਲ ਨੱਚ ਉਠੇ ਟਿੱਲੇ ਤਕੀਏ ਮਜ਼ਾਰ
ਤੁਰੀ ਜਾਂਦੀ ਦੀ ਮੜਕ ਉਦੋਂ ਲੋਕ ਤੱਕ ਕੇ
ਸਾਰੇ ਆਖਦੇ ਸੀ ਵੇਖੋ ਵੇਖੋ ਪਰੀ ਜਾਂਦੀ ਆ
ਮੇਰੇ ਸਾਹਮਣੇ ਉਹ ਮਾਂ ਬੋਲੀ ਮਰੀ ਜਾਂਦੀ ਆ

ਕਿੰਨੇ ਇਤਰਾਂ ਦੇ ਅਰਕ ਨੇ ਇਹਦੇ ‘ਚ ਸਮਾਏ
ਸੱਚੇ ਪਾਤਸ਼ਾਹ ਦੇ ਬੋਲ ,ਵਾਕ ਸ਼ਬਦ ਇਹ ਗਾਏ
ਇਹ ਮੱਕਿਆਂ ਦਾ ਹੱਜ ਤੇ ਕੁਰਾਨ ਦੀ ਅਜਾਨ
ਇਹਦੇ ਗੀਤਾਂ ਵਿਚੋਂ ਭਿੰਨੀ ਭਿੰਨੀ ਖੁਸ਼ਬੋਈ ਆਵੇ
ਜੋ ਸੀ ਕਦੇ ਪਟਰਾਣੀ ਗੋਲੀ ਬਣਗੀ ਨਿਤਾਣੀ
ਨਿਮੋਝੂਣੀ ਹੋ ਨਿਮਾਣੀ ਮਨ ਭਰੀ ਜਾਂਦੀ ਆ
ਮੇਰੇ ਸਾਹਮਣੇ ਉਹ ਮਾਂ ਬੋਲੀ ਮਰੀ ਜਾਂਦੀ ਆ

ਉੱਠੋ ਸ਼ੇਰ ਦੁਲਿਓ ਤੇ ਉੱਠੋ ਧੀਓ ਰਾਣੀਓਂ
ਦਰਦ ਵੰਡਾਓ ਮਾਂ ਦਾ ਮਰਜ਼ ਵੀ ਜਾਣੀਓ
ਮਾਲਵੇ ਦੇ ਪੁੱਤਰੋ ਮਝੈਲ ਤੇ ਦੁਆਬੀਓ
ਸਾਗਰਾਂ ਤੋਂ ਤੋਂ ਪਾਰ ਤੇ ਲਾਹੌਰ ਦੇ ਪੰਜਾਬੀਓ
ਕਿਸੇ ਨੇ ਆਖਣਾ ' ਓਏ! ਜੀਣ ਜੋਗਿਓ '
ਕਹਿਣ ਵਾਲੀ ਤੇ ਮਾਂ ਜਦੋਂ ਮਰੀ ਜਾਂਦੀ ਆ
ਮੇਰੇ ਸਾਹਮਣੇ ਉਹ ਮਾਂ ਬੋਲੀ ਮਰੀ ਜਾਂਦੀ ਆ

ਗੀਤ ਦਾ ਬਿਨਾ ਰਿਕਾਰਡ ਹੋਇਆ ਹਿੱਸਾ[ਸੋਧੋ]

ਇਹਦੇ ਕਰਮਾਂ ਤੇ ਧਰਮਾਂ ਨੇ ਡਾਕਾ ਮਾਰਿਆ
ਭਾਈ ਮੁੱਲਿਆਂ ਮੌਲਾਣਿਆਂ ਨੇ ਵੰਡ ਮਾਰਿਆ
ਇਹਨੂੰ ਆਪਣੀ ਔਲਾਦ ਨੇ ਹੀ ਦੁਰਕਾਰਿਆ
ਇਹਨੂੰ ਪੋਟਾ ਪੋਟਾ ਟੋਟਾ ਟੋਟਾ ਕਰ ਮਾਰਿਆ
ਇਹਦੀ ਏਨੀ ਹੋਈ ਵੰਡ ਜਿਹਨੇ ਤੋੜ ਸੁੱਟੀੁੱ ਕੰਡ
ਬੇਗੈਰਤੀ ਅਣਸ ਸਭ ਜਰੀ ਜਾਂਦੀ ਹੈ
ਜਿਹੜੀ ਦਿੰਦੀ ਸੀ ...

ਪੰਜ ਆਬਾਂ ਦੀ ਇਹ ਜਾਈ, ਸੁਰਖਾਬ ਮੁਰਗਾਈ
ਜਦ ਪੱਤਣਾ ਤੇ ਆਈ ਸਾਰੇ ਮੱਚਗੀ ਦੁਹਾਈ
ਪੰਛੀ ਕਿੰਨੇ ਪ੍ਰਵਾਸ ਦੇ ਵੀ ਨਾਲ ਇਹ ਲਿਆਈ
ਅੱਜ ਪਾਣੀ ਪਾਣੀ ਪਾਣੀਆਂ ‘ਚ ਆਪਣੇ ਪਰਾਈ
ਸਭ ਸੁੱਕ ਚੱਲੇ ਆਬ ,ਮੁੱਕ ਚੱਲੇ ਸਾਰੇ ਖਾਬ
ਸੁੱਕ ਚੱਲੇ ਇਹਦੇ ਮਾਪਿਆਂ ਜਏ ਰਾਵੀ ਤੇ ਚਨਾਬ
ਪਾਣੀ ਆਬਾਂ ਵਾਲਾ ਅੱਖੀਆਂ ‘ਚ ਭਰੀ ਜਾਂਦੀ ਆ
ਜਿਹੜੀ ਦਿੰਦੀ ਸੀ ਅਸੀਸ...

ਇਸ ਦੇਸ ਦੀਆਂ ਮਾਵਾਂ ਇਹਤੋਂ ਮੁੱਖ ਮੋੜਿਆ
ਉਹਨਾ ਬਾਲਾਂ ਨੂੰ ਵੀ ਇਹਦੇ ਬੋਲਾਂ ਤੋਂ ਵਿਛੋੜਿਆ
ਮਾਂ ਛੱਡ ਕੇ ਬੇਗਾਨਿਆਂ ਵੀਰਾਨਿਆਂ ਦੇ ਵਿੱਚ
ਧੀਆਂ ਪੁੱਤਰਾਂ ਨੇ ਵੱਡੇ ਘਰੀਂ ਸਾਕ ਜੋੜਿਆ
ਇਹਨੂੰ ਮੂਲੋਂ ਹੀ ਵਿਸਾਰ ਇਹਦਾ ਕਰ ਤ੍ਰਿਸਕਾਰ
ਇਹਦੇ ਦੁੱਧ ਦਾ ਕਰਜ਼ ਉਹਨਾ ਇੰਜ ਮੋੜਿਆ
ਕੱਲੀ ਕੂੰਜ ਕੁਰਲਾਵੇ ਟੁੱਟਾ ਮਾਣ ਸਾਰੇ ਦਾਅਵੇ
ਜੱਗੋਂ ਮੁੱਕ ਚੱਲਾ ਸੀਰ ਮਨੋ ਡਰੀ ਜਾਂਦੀ ਆ
ਜਿਹੜੀ ਦਿੰਦੀ ਸੀ ਅਸੀਸ ....


ਮਾਂ ਬੋਲੀ ਗੀਤ ਨੂੰ ਸਨਮਾਨ[ਸੋਧੋ]

ਮਾਂ ਬੋਲੀ ਗੀਤ ਨੂੰ ਰੇਡੀਓ ਮਿਰਚੀ ਵੱਲੋਂ ਸਾਲ 2018 ਦਾ ਉੱਤਮ ਗੀਤ (ਗੈਰ ਫਿਲਮੀ )ਸਨਮਾਨ ਦਿੱਤਾ ਗਿਆ । [4]ਇਹ ਸਨਮਾਨ ਇੱਕ ਵਿਸ਼ੇਸ਼ ਸਮਾਰੋਹ ਨੋਇਡਾ ਵਿਖੇ ਆਯੋਜਿਤ ਕਰਕੇ ਦਿੱਤਾ ਗਿਆ ਸੀ।

ਤਸਵੀਰਾਂ[ਸੋਧੋ]

ਗੀਤ ਰਲੀਜ਼ ਕਰਨ ਸਮੇਂ ਦੀਆਂ ਤਸਵੀਰਾਂ

ਰੇਡੀਓ ਮਿਰਚੀ ਸਨਮਾਨ ਸਮਾਰੋਹ ਦੀਆਂ ਤਸਵੀਰਾਂ

ਗੀਤ ਦਾ ਯੂ ਟਿਊਬ ਲਿੰਕ[ਸੋਧੋ]

ਮਾਂ ਬੋਲੀ ਗੀਤ ਦਾ ਯੂ ਟਿਊਬ ਲਿੰਕ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]