ਮਾਸਟਰ ਚਤਰ ਸਿੰਘ ਮਨੈਲੀ
ਮਾਸਟਰ ਚਤਰ ਸਿੰਘ (1 ਜੂਨ 1989 - 31 ਦਸੰਬਰ 1963) ਦਾ ਜਨਮ ਜੂਨ 1889 ਨੂੰ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਦੇ ਪਿੰਡ ਮਨੇਲੀ ਨੇੜੇ ਚਮਕੌਰ ਸਾਹਿਬ ਵਿੱਚ ਹੋਇਆ। ਉਹ ਇੱਕ ਪੰਜਾਬੀ ਯੋਧਾ ਸੀ। ਜਿਨ੍ਹਾਂ ਨੇ ਭਾਰਤ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਅਨੇਕਾਂ ਕਸ਼ਟ ਝੱਲੇ ਤੇ ਕੁਰਬਾਨੀਆਂ ਦਿੱਤੀਆਂ। ਅਜਿਹਾ ਹੀ ਪੰਜਾਬੀ ਯੋਧਾ ਤੇ ਆਜ਼ਾਦੀ ਘੁਲਾਟੀਆ ਸੀ।[1][2]
ਨਿੱਜੀ ਜ਼ਿੰਦਗੀ
[ਸੋਧੋ]ਮਾਸਟਰ ਚਤਰ ਸਿੰਘ ਦਾ ਜਨਮ ਜ਼ਿਲ੍ਹਾ ਫ਼ਤਹਿਗੜ੍ਹ ਵਿੱਚ ਪਿੰਡ ਮਨੇਲੀ ਨੇੜੇ ਚਮਕੌਰ ਸਾਹਿਬ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸਾਵਨ ਸਿੰਘ ਤੇ ਮਾਤਾ ਦਾ ਨਾਂ ਪੰਜਾਬ ਕੌਰ ਸੀ। ਦੱਸ ਸਾਲ ਦੀ ਉਮਰ ਵਿੱਚ ਉਹ ਪਿੰਡ ਸਾਹੂਵਾਲ ਜ਼ਿਲ੍ਹਾ ਹਿਸਾਰ ਦੇ ਸਕੂਲ ਵਿੱਚ ਪੜ੍ਹਨ ਲੱਗ ਪਏ। ਇੱਥੋਂ ਸੱਤਵੀਂ ਕੀਤੀ ਤੇ ਦਸਵੀਂ ਗੌਰਮਿੰਟ ਹਾਈ ਸਕੂਲ ਲਾਇਲਪੁਰ ਤੋਂ ਕੀਤੀ। ਉਹ ਲਾਇਲਪੁਰ ਖ਼ਾਲਸਾ ਸਕੂਲ ਵਿੱਚ ਅਧਿਆਪਕ ਲੱਗ ਗਏ। ਅੰਗਰੇਜ਼ੀ ਸਰਕਾਰ ਦੇ ਕਾਲੇ ਕਾਨੂੰਨਾਂ ਕਾਰਨ ਉਹ ਅੰਗਰੇਜ਼ਾਂ ਨੂੰ ਨਫ਼ਰਤ ਕਰਨ ਲੱਗੇ।
ਗਤੀਵਿਧੀਆਂ
[ਸੋਧੋ]ਜੁਲਾਈ 1914 ਵਿੱਚ ਪਹਿਲਾ ਵਿਸ਼ਵ ਯੁੱਧ ਛਿੜ ਪਿਆ ਤਾਂ ਬਾਹਰਲੇ ਮੁਲਕਾਂ ਵਿੱਚ ਵਸਦੇ ਗ਼ਦਰੀ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਖ਼ਿਲਾਫ਼ ਸੰਘਰਸ਼ ਕਰਨ ਭਾਰਤ ਆਉਣ ਲੱਗ ਪਏ। ਇਸੇ ਦੌਰਾਨ ਮਾਸਟਰ ਜੀ ਦਾ ਉਨ੍ਹਾਂ ਨਾਲ ਸੰਪਰਕ ਬਣ ਗਿਆ। 1914 ਨੂੰ ਵਾਪਰੀ ਕੌਮਾਗਾਟਾਮਾਰੂ ਦੀ ਘਟਨਾ ਨੇ ਮਾਸਟਰ ਜੀ ਦੀ ਅੰਗਰੇਜ਼ਾਂ ਪ੍ਰਤੀ ਨਫ਼ਰਤ ਨੂੰ ਹੋਰ ਵਧਾ ਦਿੱਤਾ। ਖਾਲਸਾ ਕਾਲਜ ਵਿੱਚ ਸਿਰਫ ਅੰਗ੍ਰੇਜ ਪ੍ਰੋਫ਼ੇੱਸਰਾਂ ਨੂੰ ਹੀ ਰੱਖਿਆ ਗਿਆ। ਦਸੰਬਰ 1914 ਦੀ ਰਾਤ ਨੂੰ ਖ਼ਾਲਸਾ ਕਾਲਜ ਦੇ ਅੰਗਰੇਜ਼ ਪ੍ਰੋਫ਼ੈਸਰ ’ਤੇ ਬਰਛੇ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਪਿੱਛੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਸੈਸ਼ਨ ਜੱਜ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਆਪਣਾ ਦੋਸ਼ ਕਬੂਲਦਿਆਂ ਇਹ ਬਿਆਨ ਦਿੱਤਾ, ‘‘ਸਾਡਾ ਦੇਸ਼ ਅੰਗਰੇਜ਼ਾਂ ਨੇ ਬੇਇਮਾਨੀ ਨਾਲ ਦਬਾ ਲਿਆ ਹੈ। ਅੰਗਰੇਜ਼ ਸਿਪਾਹੀਆਂ ਨੂੰ 100 ਰੁਪਏ ਤਨਖ਼ਾਹ ਦਿੱਤੀ ਜਾਂਦੀ ਹੈ ਜਦੋਂਕਿ ਸਾਡੇ ਦੇਸੀ ਸਿਪਾਹੀਆਂ ਨੂੰ ਸਿਰਫ਼ 18 ਰੁਪਏ ਮਹੀਨੇ ਦੇ ਮਿਲਦੇ ਹਨ। ਸਾਰੇ ਮਹਿਕਮਿਆਂ ਵਿੱਚ ਸਾਡੇ ਲੋਕਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ। ਮੈਂ ਅਤੇ ਮੇਰੇ ਸਾਥੀਆਂ ਨੇ ਪ੍ਰਣ ਕੀਤਾ ਹੈ ਕਿ ਅਸੀਂ ਅਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢ ਕੇ ਆਪਣੇੇ ਲੋਕਾਂ ਦਾ ਰਾਜ ਕਾਇਮ ਕਰੀਏ। ਸਾਡਾ ਇਹ ਪ੍ਰਣ ਹੈ ਕਿ ਹਰੇਕ ਦੇਸ਼ ਭਗਤ ਤਿੰਨ ਜਾਂ ਚਾਰ ਅੰਗਰੇਜ਼ਾਂ ਨੂੰ ਖ਼ਤਮ ਕਰ ਕੇ ਆਪ ਫਾਂਸੀ ਪ੍ਰਾਪਤ ਕਰੇਗਾ। ਸਾਨੂੰ ਉਮੀਦ ਹੈ ਕਿ ਸਾਡਾ ਬੀਜਿਆ ਹੋਇਆ ਇਹ ਬੀਜ ਕੁਝ ਸਾਲਾਂ ਤਕ ਹਰਾ ਹੋਵੇਗਾ ਤੇ ਸਾਡੇ ਲੋਕ ਜ਼ਰੂਰ ਅਗਰੇਜ਼ਾਂ ਨੂੰ ਇੱਥੋਂ ਕੱਢ ਦੇਣਗੇ।’ ਅਦਾਲਤ ਵਿੱਚ ਉਨ੍ਹਾਂ ਦੇ ਪਿਤਾ ਸਾਵਨ ਸਿੰਘ ਨੇ ਪੁੱਤਰ ਮੋਹ ਕਾਰਨ ਬਿਆਨ ਦਿੱਤਾ ਕਿ ਚਤਰ ਸਿੰਘ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੇ ਅੰਗਰੇਜ਼ ਪ੍ਰੋਫ਼ੈਸਰ ’ਤੇ ਹਮਲਾ ਕੀਤਾ ਹੈ। ਇਸ ’ਤੇ ਚਤਰ ਸਿੰਘ ਨੇ ਉੱਚੀ ਆਵਾਜ਼ ਵਿੱਚ ਜੱਜ ਨੂੰ ਕਿਹਾ ਕਿ ਉਹ ਪਾਗਲ ਨਹੀਂ ਹੈ। ਇਸ ਦੋਸ਼ ਅਧੀਨ ਉਨ੍ਹਾਂ ਨੂੰ ਧਾਰਾ 307 ਅਨੁਸਾਰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਨੂੰ ਪਹਿਲਾਂ ਲਾਹੌਰ ਸੈਂਟਰਲ ਵਿੱਚ ਜੇਲ੍ਹ ਰੱਖਿਆ ਗਿਆ। ਸਿੱਖ ਹੋਣ ਦੇ ਨਾਤੇ ਉੱਥੇ ਉਨ੍ਹਾਂ ਨੇ ਕੈਦੀਆਂ ਵਾਲੀ ਟੋਪੀ ਪਾਉਣ ਤੋਂ ਇਨਕਾਰ ਕਰ ਦਿੱਤਾ। ਜੇਲ੍ਹ ਵਾਲਿਆਂ ਨੇ ਉਨ੍ਹਾਂ ’ਤੇ ਬਹੁਤ ਤਸ਼ੱਦਦ ਕੀਤਾ। ਇਸ ਮੋਰਚੇ ਵਿੱਚ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਗ਼ਦਰੀ ਦੇਸ਼ ਭਗਤ, ਜਿਨ੍ਹਾਂ ਵਿੱਚ ਬਾਬਾ ਸੋਹਣ ਸਿੰਘ ਭਕਨਾ, ਵਿਸਾਖਾ ਸਿੰਘ ਦਦੇਹਰ, ਜਵਾਲਾ ਸਿੰਘ ਠੱਠੀਆਂ ਆਦਿ, ਜੋ ਇਸੇ ਜੇਲ੍ਹ ਵਿੱਚ ਕੈਦ ਹੋ ਕੇ ਆ ਗਏ ਸਨ, ਵੀ ਸ਼ਾਮਿਲ ਹੋ ਗਏ। ਅਖ਼ੀਰ ਸਿੱਖ ਕੈਦੀਆਂ ਨੂੰ ਟੋਪੀ ਦੀ ਥਾਂ ਪੰਜ ਗਜ ਦਾ ਸਾਫ਼ਾ ਦਿੱਤਾ ਜਾਣ ਲੱਗਾ।
ਆਖਰੀ ਸਮਾਂ
[ਸੋਧੋ]ਮਾਸਟਰ ਚਤਰ ਸਿੰਘ ਨੂੰ ਜੈਲ੍ਹ ਵਿੱਚ ਪਿਆਂ 1920 ਦਾ ਸਾਲ ਆ ਗਿਆ। ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਤੇ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਏ। 1926 ਵਿੱਚ ਅੰਗਰੇਜ਼ ਸਰਕਾਰ ਨੇ ਮਾਸਟਰ ਚਤਰ ਸਿੰਘ ਨੂੰ ਸਰੀਰਕ ਹਾਲਤ ਖ਼ਰਾਬ ਹੋਣ ਕਾਰਨ ਜੇਲ੍ਹ ਤੋਂ ਰਿਹਾਅ ਕਰ ਦਿੱਤਾ। 1930 ਤਕ ਉਨ੍ਹਾਂ ਨੂੰ ਪਿੰਡ ਵਿੱਚ ਨਜ਼ਰਬੰਦ ਰੱਖਿਆ ਗਿਆ। ਅੰਤ ਕੌਮ ਦਾ ਇਹ ਸ਼ਹੀਦ 31 ਦਸੰਬਰ 1963 ਨੂੰ ਸਾਥੋਂ ਸਦਾ ਲਈ ਵਿਛੜ ਗਿਆ।[1]
ਹਵਾਲੇ
[ਸੋਧੋ]- ↑ 1.0 1.1 ਕਵਲਬੀਰ ਸਿੰਘ ਪੰਨੂੰ (02 ਫ਼ਰਵਰੀ 2016). "ਦੇਸ਼ ਭਗਤ ਮਾਸਟਰ ਚਤਰ ਸਿੰਘ ਮਨੇਲੀ". Retrieved 16 ਫ਼ਰਵਰੀ 2016.
{{cite news}}
: Check date values in:|date=
(help) - ↑ Waraich, Malwinderjit Singh (2014-04-29). Ghadar Movement Original Documents (Vol.I-B) (in ਅੰਗਰੇਜ਼ੀ). Unistar Books. ISBN 978-93-5113-452-7.