ਮੁਥੱਈਆ ਮੁਰਲੀਧਰਨ
ਦੇਸ਼ਬੰਧੂ ਮੁਥੱਈਆ ਮੁਰਲੀਧਰਨ (ਤਮਿਲ਼: முத்தையா முரளீதரன்; ਜਿਸਨੂੰ ਕਿ ਮੁਰਾਲੀਧਰਨ ਵੀ ਲਿਖ ਲਿਆ ਜਾਂਦਾ ਹੈ; ਜਨਮ 17 ਅਪ੍ਰੈਲ 1972) ਇੱਕ ਸਾਬਕਾ ਸ੍ਰੀ ਲੰਕਾਈ ਕ੍ਰਿਕਟ ਖਿਡਾਰੀ ਹੈ ਜਿਸਨੂੰ ਕਿ 2002 ਵਿੱਚ ਵਿਸਡਨ ਵੱਲੋਂ ਟੈਸਟ ਕ੍ਰਿਕਟ ਦਾ ਮਹਾਨ ਗੇਂਦਬਾਜ ਘੋਸ਼ਿਤ ਕੀਤਾ ਗਿਆ ਸੀ। 22 ਜੁਲਾਈ 2010 ਨੂੰ ਆਪਣਾ ਆਖਰੀ ਮੈਚ ਖੇਡ ਰਹੇ ਮੁਲੀ ਨੇ ਆਪਣੇ ਖੇਡ ਜੀਵਨ ਦੀ ਆਖਰੀ ਗੇਂਦ ਤੇ 800ਵੀਂ ਵਿਕਟ ਹਾਸਿਲ ਕੀਤੀ ਸੀ।[1] ਮੁਰਲੀ ਦੇ ਨਾਮ ਓ.ਡੀ.ਆਈ ਅਤੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਵਿਕਟਾਂ ਲੈਣ ਦਾ ਰਿਕਾਰਡ ਹੈ।
ਮੁਥੱਈਆ ਮੁਰਲੀਧਰਨ ਦੇ ਨਾਮ ਟੈਸਟ ਕ੍ਰਿਕਟ ਦੇ ਵਿੱਚ 800 ਵਿਕਟਾਂ ਲੈਣ ਦਾ ਵਿਸ਼ਵ ਰਿਕਾਰਡ ਹੈ। ਮੁਰਲੀਧਰਨ ਨੇ ਪ੍ਰਗਿਆਨ ਓਝਾ ਨੂੰ ਆਪਣਾ 800ਵਾਂ ਸ਼ਿਕਾਰ ਬਣਾਇਆ ਸੀ। ਇਸ ਦੇ ਨਾਲ ਹੀ ਮੁਰਲੀਧਰਨ ਨੇ ਸ੍ਰੀਲੰਕਾ ਨੂੰ ਭਾਰਤ 'ਤੇ ਸ਼ਾਨਦਾਰ ਜਿੱਤ ਦਿਵਾ ਦਿੱਤੀ ਸੀ ਅਤੇ ਮੁਰਲੀਧਰਨ ਨੇ ਇਸ ਮੈਚ ਵਿੱਚ ਭਾਰਤ ਦੇ ਅੱਠ ਖਿਡਾਰੀਆਂ ਨੂੰ ਆਊਟ ਕੀਤਾ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਰਲੀਧਰਨ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ ਸੀ। ਮੁਰਲੀਧਰਨ ਦਾ ਇਹ 133ਵਾਂ ਤੇ ਆਖਰੀ ਟੈਸਟ ਮੈਚ ਸੀ। ਇਸ ਤੋਂ ਪਹਿਲਾਂ ਮੁਰਲੀ ਦੀਆਂ 132 ਟੈਸਟ ਮੈਚਾਂ ਵਿੱਚ 792 ਵਿਕਟਾਂ ਸਨ। ਮੁਰਲੀ ਨੇ ਭਾਰਤ ਦੀ ਪਹਿਲੀ ਪਾਰੀ ਵਿੱਚ 5 ਖਿਡਾਰੀਆਂ ਨੂੰ ਅਤੇ ਦੂਸਰੀ ਪਾਰੀ 3 ਖਿਡਾਰੀਆਂ ਨੂੰ ਆਊਟ ਕੀਤਾ। ਇਸ ਦੇ ਨਾਲ ਮੁਰਲੀ ਨੇ ਭਾਰਤ ਖਿਲਾਫ਼ 100 ਵਿਕਟਾਂ ਵੀ ਪੂਰੀਆਂ ਕਰ ਲਈਆਂ ਸਨ। ਮੁਰਲੀ ਨੇ ਸਭ ਤੋਂ ਜ਼ਿਆਦਾ ਵਿਕਟਾਂ 112 ਇੰਗਲੈਂਡ ਖਿਲਾਫ਼ ਲਈਆਂ ਹਨ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਖਿਲਾਫ਼ ਉਹਨਾਂ ਨੇ 104 ਵਿਕਟਾਂ ਹਾਸਿਲ ਕੀਤੀਆਂ ਹਨ। 1972 ਵਿੱਚ ਜਨਮੇ ਮੁਰਲੀਧਰਨ ਨੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਸਾਲ 1992 ਵਿੱਚ ਆਸਟ੍ਰੇਲੀਆ ਖਿਲਾਫ਼ ਕੀਤੀ ਸੀ। ਮੁਰਲੀਧਰਨ ਸ਼ੁਰੂ-ਸ਼ੁਰੂ ਵਿੱਚ ਆਪਣੇ ਗੇਂਦਬਾਜ਼ ਐਕਸ਼ਨ ਲਈ ਵਿਵਾਦਾਂ ਵਿੱਚ ਵੀ ਘਿਰੇ ਰਿਹਾ ਸੀ ਪਰ ਬਾਅਦ ਵਿੱਚ ਉਹਨਾਂ ਦੇ ਇਸ ਐਕਸ਼ਨ ਨੂੰ ਬਿਲਕੁਲ ਸਹੀ ਪਾਇਆ ਗਿਆ। ਮੁਰਲੀਧਰਨ ਦੀਆਂ 133 ਮੈਚਾਂ ਵਿੱਚ 800 ਵਿਕਟਾਂ ਹਨ ਤੇ ਸ਼ੇਨ ਵਾਰਨ ਦੀਆਂ 145 ਟੈਸਟਾਂ ਵਿੱਚ 708, ਅਨਿਲ ਕੁੰਬਲੇ ਦੀਆਂ 132 ਟੈਸਟਾਂ ਵਿੱਚ 619 ਤੇ ਗਲੇਨ ਮੈਕਗ੍ਰਾਅ ਦੀਆਂ 124 ਮੈਚਾਂ ਵਿੱਚ 563 ਵਿਕਟਾਂ ਹਨ। ਇਹ ਸਾਰੇ ਖਿਡਾਰੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ।