ਮੁੰਨਾ ਹਲ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ਮੀਨ ਨੂੰ ਵਾਹੁਣ ਲਈ ਲੱਕੜ ਦੇ ਬਣੇ ਖੇਤੀ ਸੰਦ ਨੂੰ ਮੁੰਨਾ ਹਲ਼ ਕਹਿੰਦੇ ਹਨ। ਕਈ ਇਲਾਕਿਆਂ ਵਿਚ ਦੇਸੀ ਹਲ਼ ਅਤੇ ਕਈਆਂ ਵਿਚ ਹਲ਼ ਹੀ ਕਹਿੰਦੇ ਹਨ। ਹਲ਼ ਨੂੰ ਅੰਨ ਦੇਵਤੇ ਦੀ ਡੰਗੋਰੀ ਕਿਹਾ ਜਾਂਦਾ ਹੈ ਕਿਉਂ ਜੋ ਹਲ਼ ਨਾਲ ਜ਼ਮੀਨ ਵਾਹ ਕੇ ਅੰਨ ਪੈਦਾ ਹੁੰਦਾ ਹੈ। ਇਸ ਲਈ ਹਲ਼ ਦੀ ਪੂਜਾ ਵੀ ਕੀਤੀ ਜਾਂਦੀ ਹੈ। ਕਈ ਇਲਾਕਿਆਂ ਵਿਚ ਵਾਹੀ ਸ਼ੁਰੂ ਕਰਨ ਤੋਂ ਪਹਿਲਾਂ ਹਲ਼ ਦੇ ਵਿਆਹ ਕਰਨ ਦੀ ਰਸਮ ਵੀ ਅਦਾ ਕੀਤੀ ਜਾਂਦੀ ਸੀ। ਹਲ਼ ਨੂੰ ਸੰਧੂਰ ਅਤੇ ਸੁਰਮੇ ਨਾਲ ਸ਼ਿੰਗਾਰ ਕੇ ਲਾੜਾ ਬਣਾਇਆ ਜਾਂਦਾ ਸੀ। ਮਿੱਟੀ ਦੇ ਡਲੇ ਨੂੰ ਸੰਧੂਰ ਭੁੱਕ ਕੇ ਲਾੜੀ ਬਣਾਇਆ ਜਾਂਦਾ ਸੀ। ਫਿਰ ਦੋਵਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ। ਮੁੰਨਾ ਹਲ਼ ਦੀ ਵਰਤੋਂ ਵੱਢੀ ਹੋਈ ਫਸਲ ਦੇ ਵੱਢ ਨੂੰ ਵਾਹੁਣ ਲਈ ਤੇ ਨਵੀਂ ਫਸਲ ਬੀਜਣ ਲਈ ਖੇਤ ਤਿਆਰ ਕਰਨ ਲਈ ਕੀਤੀ ਜਾਂਦੀ ਸੀ। ਕਪਾਹ, ਨਰਮਾ ਅਤੇ ਮੱਕੀ ਦੀ ਫਸਲ ਨੂੰ ਸੀੜਨ ਲਈ ਵੀ ਮੁੰਨਾ ਹਲ਼ ਵਰਤਦੇ ਸਨ। ਬੀਜੀ ਫਸਲ ਵਿਚ ਹਲ਼ ਫੇਰਨ ਨੂੰ ਸੀੜਨਾ ਕਹਿੰਦੇ ਹਨ। ਪੋਰ ਨਾਲ ਫਸਲ ਬੀਜਣ ਲਈ ਵੀ ਪਹਿਲਾਂ ਮੁੰਨਾ ਹਲ਼ ਵਰਤਿਆ ਜਾਂਦਾ ਸੀ।

ਮੁੰਨੇ ਹਲ਼ ਦੇ ਪਿਛਲੇ ਮੋਟੇ ਹਿੱਸੇ ਨੂੰ ਮੁੰਨਾ ਕਹਿੰਦੇ ਹਨ। ਮੁੰਨੇ ਦੇ ਹੇਠਲੇ ਹਿੱਸੇ ਵਿਚ ਹੀ ਹੱਲ ਤੇ ਚਉ ਪਾਏ ਜਾਂਦੇ ਹਨ। ਮੁੰਨਾ ਉਪਰ ਤੋਂ ਪਤਲਾ ਤੇ ਹੇਠਾਂ ਨੂੰ ਮੋਟਾ ਹੁੰਦਾ ਜਾਂਦਾ ਹੈ।ਮੁੰਨੇ ਦੇ ਉਪਰਲੇ ਹਿੱਸੇ ਵਿਚ ਖੜ੍ਹੇ ਲੋਟ ਇਕ ਲੱਕੜ ਲੱਗੀ ਹੁੰਦੀ ਹੈ ਜਿਸ ਨੂੰ ਜੰਘੀ ਕਹਿੰਦੇ ਹਨ। ਇਸ ਜੰਘੀ ਦੇ ਸਿਰ ਉਪਰ ਹੀ ਹੱਥੀ ਲੱਗੀ ਹੁੰਦੀ ਹੈ। ਏਸ ਹੱਥੀ ਨੂੰ ਫੜ ਕੇ ਹੀ ਹਲ਼ ਚਲਾਇਆ ਜਾਂਦਾ ਹੈ। ਮੁੰਨੇ ਦੇ ਹੇਠਲੇ ਹਿੱਸੇ ਵਿਚ ਜੋ ਪਹਿਲੀ ਵੱਡੀ ਮੋਰੀ ਹੁੰਦੀ ਹੈ ਉਸ ਵਿਚ ਹੱਲ ਪਾਈ ਜਾਂਦੀ ਹੈ। ਹੱਲ ਦੀ ਲੰਬਾਈ 8 ਕੁ ਫੁੱਟ ਦੀ ਹੁੰਦੀ ਹੈ। ਇਹ ਦੋ ਲੱਕੜਾਂ ਨੂੰ ਜੋੜ ਕੇ ਬਣਾਈ ਜਾਂਦੀ ਹੈ। ਅਗਲੀ ਜੋੜੀ ਲੱਕੜ ਨੂੰ ਸੰਨ੍ਹਾ ਕਹਿੰਦੇ ਹਨ। ਹੱਲ ਦਾ ਜਿਹੜਾ ਹਿੱਸਾ ਮੁੰਨੇ ਵਿਚ ਠੋਕਿਆ ਜਾਂਦਾ ਹੈ, ਉਸ ਨੂੰ ਮਢਲ ਕਹਿੰਦੇ ਹਨ। ਕਈ ਇਲਾਕਿਆਂ ਵਿਚ ਹੱਲ ਨੂੰ ਹਲ਼ਸ ਕਹਿੰਦੇ ਹਨ। ਜਿਥੇ ਮੁੰਨੇ ਵਿਚ ਹੱਲ ਪਾਈ ਜਾਂਦੀ ਹੈ, ਉਥੇ ਲੱਕੜ ਦਾ ਇਕ ਫਾਨਾ ਦਿੱਤਾ ਹੁੰਦਾ ਹੈ ਜਿਸ ਨੂੰ ਓਗ ਕਹਿੰਦੇ ਹਨ। ਇਹ ਓਗ ਦੀ ਵਰਤੋਂ ਹਲ਼ ਨੂੰ ਡੂੰਘਾ ਵਾਹੁਣ ਅਤੇ ਘੱਟ ਡੂੰਘਾ ਵਾਹੁਣ ਲਈ ਕੀਤੀ ਜਾਂਦੀ ਹੈ। ਹੱਲ ਦੇ ਅਗਲੇ ਹਿੱਸੇ ਸੰਨ੍ਹੇ ਵਿਚ ਤਿੰਨ ਚਾਰ ਗਲੀਆਂ ਕੱਢੀਆਂ ਹੁੰਦੀਆਂ ਹਨ। ਇਨ੍ਹਾਂ ਗਲੀਆਂ ਵਿਚ ਬਲਦਾਂ ਦੇ ਗਲ ਪਾਈ ਪੰਜਾਲੀ ਵਿਚ ਪਾਈ ਹਰਨਾਲੀ ਪਾ ਕੇ ਕਿੱਲੀ ਪਾਈ ਜਾਂਦੀ ਹੈ। ਇਹ ਗਲੀਆਂ ਵੀ ਹੱਲ ਨੂੰ ਡੂੰਘਾ ਵਾਹੁਣ ਤੇ ਘੱਟ ਡੂੰਘਾ ਵਾਹੁਣ ਲਈ ਵਰਤੀਆਂ ਜਾਂਦੀਆਂ ਹਨ। ਮੁੰਨੇ ਦੇ ਸਭ ਤੋਂ ਹੇਠਲੇ ਹਿੱਸੇ ਵਿਚ ਇਕ ਹੋਰ ਵੱਡੀ ਗਲੀ ਹੁੰਦੀ ਹੈ ਜਿਸ ਵਿਚ ਲੱਕੜ ਦਾ ਚਊ ਪਾਇਆ ਜਾਂਦਾ ਹੈ। ਚਊ ਦੀ ਬਣਤਰ ਤਿਰਛੀ ਹੁੰਦੀ ਹੈ ਤੇ ਲੰਬਾਈ 2 ਕੁ ਫੁੱਟ ਹੁੰਦੀ ਹੈ। ਚਉ ਵਿਚ ਇਕ ਲੋਹੇ ਦੀ ਕੁੰਡੀ ਲੱਗੀ ਹੁੰਦੀ ਹੈ। ਇਸ ਕੁੰਡੀ ਵਿਚ ਲੋਹੇ ਦਾ ਫਾਲਾ ਪਾਇਆ ਜਾਂਦਾ ਹੈ, ਜੋ 14 ਕੁ ਫੁੱਟ ਲੰਮਾ ਹੁੰਦਾ ਹੈ। ਇਹ ਲੋਹੇ ਦਾ ਫਾਲਾ ਹੀ ਜ਼ਮੀਨ ਵਾਹੁੰਦਾ ਹੈ। ਪਾੜਦਾ ਹੈ। ਇਹ ਹੈ ਮੁੰਨਾ ਹਲ਼ ਦੀ ਬਣਤਰ।

ਪਹਿਲੇ ਸਮਿਆਂ ਵਿਚ ਮੁੰਨਾ ਹਲ਼ ਨੂੰ ਵਰਤਣ ਤੋਂ ਪਿਛੋਂ ਗੰਗਾ ਜਲ ਵਿਚ ਇਸ਼ਨਾਨ ਕਰਵਾਉਂਦੇ ਸਨ, ਸੰਧੂਰ ਭੁੱਕਦੇ ਸਨ। ਫੇਰ ਘਰ ਦੇ ਇਕ ਹਿੱਸੇ ਨੂੰ ਲਿੱਪਿਆ ਜਾਂਦਾ ਸੀ। ਫੇਰ ਉਸ ਥਾਂ 'ਤੇ ਮੁੰਨੇ ਹਲ਼ ਨੂੰ ਸੰਭਾਲ ਕੇ ਰੱਖ ਦਿੰਦੇ ਸਨ। ਇਸ ਤਰ੍ਹਾਂ ਹੀ ਪਹਿਲੇ ਸਮਿਆਂ ਵਿਚ ਮੁੰਨੇ ਹਲ਼ ਨਾਲ ਬਹੁਤ ਸਾਰੇ ਅੰਧ-ਵਿਸ਼ਵਾਸ ਜੋੜੇ ਹੋਏ ਸਨ। ਹੁਣ ਲੋਕ ਜਾਗ੍ਰਿਤ ਹੋ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਹੁਣ ਲੋਕੀ ਇਨ੍ਹਾਂ ਅੰਧ-ਵਿਸ਼ਵਾਸਾਂ ਵਿਚ ਬਿਲਕੁਲ ਹੀ ਵਿਸ਼ਵਾਸ ਨਹੀਂ ਕਰਦੇ।

ਹੁਣ ਜ਼ਮੀਨ ਦੀ ਵਾਹੀ, ਬਿਜਾਈ ਤੇ ਫਸਲਾਂ ਨੂੰ ਸੀੜਨ ਦਾ ਕੰਮ ਟਰੈਕਟਰਾਂ ਨਾਲ ਕੀਤਾ ਜਾਂਦਾ ਹੈ। ਇਸ ਲਈ ਮੁੰਨਾ ਹਲ਼/ਦੇਸੀ ਹਲ਼ ਅੱਜ ਦੀ ਖੇਤੀ ਵਿਚੋਂ ਅਲੋਪ ਹੋਣ ਦੇ ਨੇੜੇ ਹੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.