ਮੈਟਾ ਆਲੋਚਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਮੈਟਾ ਆਲੋਚਨਾ : ਅਤੀਤ ਤੇ ਵਰਤਮਾਨ[ਸੋਧੋ]

ਆਲੋਚਨਾ ਦਾ ਸ਼ਾਬਦਿਕ ਅਰਥ ਹੈ ਕਿਸੇ ਚੀਜ਼ ਨੂੰ ਧਿਆਨ ਨਾਲ ਦੇਖਣਾ ਜਾਂ ਉਸ ਬਾਰੇ ਵਿਚਾਰ ਕਰਨਾ। ਵਿਹਾਰਕ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਵਸਤੂ ਜਾਂ ਵਿਧਾ ਬਾਰੇ ਕੁਝ ਵਿਸ਼ੇਸ਼ ਆਧਾਰਾਂ ਤੋਂ ਵਿਚਾਰ ਕਰਨਾ। ਪ੍ਰੰਤੂ ਇਸ ਤੋਂ ਵੀ ਅਗਲਾ ਕੰਮ ਮੈਟਾ ਆਲੋਚਨਾ ਹੈ। ਮੈਟਾ ਆਲੋਚਨਾ ਉਸ ਆਲੋਚਨਾਤਮਕ ਕਾਰਜ ਦਾ ਨਾਮ ਹੈ, ਜਿਹੜਾ ਆਲੋਚਨਾ ਦੀ ਆਲੋਚਨਾ ਨਾਲ ਸੰਬੰਧਿਤ ਹੈ। ਮੈਟਾ-ਆਲੋਚਨਾ ਦਾ ਸੰਕਲਪ ਅਸੀਂ ਪੱਛਮੀ ਆਲੋਚਨਾ ਸ਼ਾਸਤਰ ਤੋਂ ਗ੍ਰਹਿਣ ਕੀਤਾ ਹੈ, ਇਸ ਕਾਰਨ ਪੰਜਾਬੀ ਵਿੱਚ ਇਸ ਸੰਕਲਪ ਦੇ ਨਾਮਕਰਨ ਦੀ ਸਮੱਸਿਆ ਵੀ ਬਣੀ ਹੋਈ ਸੀ। ਅੰਗਰੇਜ਼ੀ ਭਾਸ਼ਾ ਵਿੱਚ ਮੈਟਾ-ਆਲੋਚਨਾ ਲਈ Meta-Criticism ਹੈ। ਪ੍ਰੰਤੂ ਪੰਜਾਬੀ ਵਿੱਚ ਇਸ ਸੰਕਲਪ ਲਈ ਪਰਾ-ਅਲੋਚਨਾ, ਪਰਾ-ਸਮੀਖਿਆ ਅਤੇ ਮੈਟਾ ਆਲੋਚਨਾ ਸ਼ਬਦ ਵਰਤੇ ਜਾਂਦੇ ਹਨ। ਮੈਟਾ ਆਲੋਚਨਾ ਨੂੰ ਵੱਖ-ਵੱਖ ਵਿਦਵਾਨਾਂ ਵੱਲੋਂ ਇਸ ਤਰ੍ਹਾਂ ਪ੍ਰੀਭਾਸ਼ਿਤ ਕੀਤਾ ਜਾਂਦਾ ਹੈ:-

ਡਾ. ਟੀ.ਆਰ. ਵਿਨੌਦ ਮੈਟਾ ਆਲੋਚਨਾ ਨੂੰ ਪ੍ਰੀਭਾਸ਼ਿਤ ਕਰਦਿਆਂ ਕਹਿੰਦਾ ਹੈ ਕਿ :-

“ਮਨੁੱਖੀ ਚਿੰਤਨ ਦਾ ਮੁੱਢਲਾ ਮਜ਼ਮੂਨ ਖੁਦ ਮਨੁੱਖ ਅਤੇ ਉਸਦਾ ਪਰਿਵੇਸ਼ ਹੈ। ਮਨੁੱਖ ਦੇ ਦਿਮਾਗ ਤੇ ਇਸ ਦਾ ਜੋ ਅਕਸ ਪੈਦਾ ਹੈ, ਉਹ ਮਨੁੱਖੀ ਅਨੁਭਵ ਦੇ ਚਿੰਤਨ ਦਾ ਵਿਸ਼ਾ ਬਣ ਕੇ ਉਸ ਦੇ ਸਾਹਿਤ ਵਿੱਚ ਰੂਪਮਾਨ ਹੁੰਦਾ ਹੈ। ਇਹ ਦੂਸਰਾ ਪਾਠ ਹੈ ਜਿਸ ਨੂੰ ਪਾਠਕ ਪੜ੍ਹਦਾ ਮਾਣਦਾ ਹੈ। ਤੀਸਰਾ ਪਾਠ-ਸਾਹਿਤ ਪਾਠ ਬਾਰੇ ਪਾਠਕ ਦੇ ਚਿੰਤਨ ਨਾਲ ਸੰਬੰਧਿਤ ਹੈ, ਜਿਸ ਨੂੰ ਅਸੀਂ ਆਲੋਚਨਾ ਪਾਠ ਆਖ ਸਕਦੇ ਹਾਂ, ਜਦੋਂ ਇਸ ਆਲੋਚਨਾ ਪਾਠ ਨੂੰ ਵੀ ਤਕਨੀਕ ਦਾ ਵਿਸ਼ਾ ਬਣਾਇਆ ਜਾਂਦਾ ਹੈ ਤਾਂ ਚੌਥਾ ਪਾਠ ਹੋਂਦ ਵਿਚ ਆਉਂਦਾ ਹੈ ਜਿਸ ਨੂੰ ਮੈਟਾ ਆਲੋਚਨਾ ਜਾਂ ਪਰਾ-ਆਲੋਚਨਾ ਦਾ ਨਾਂ ਦਿੱਤਾ ਜਾਂਦਾ ਹੈ।”[1]

ਜਦੋਂ ਆਲੋਚਨਾ ਪਾਠਾਂ ਨੂੰ ਹੀ ਇੱਕ ਕੇਂਦਰ ਬਿੰਦੂ ਮਿੱਥ ਕੇ ਉਸ ਦੇ ਆਧਾਰ ਤੇ ਹੀ ਇੱਕ ਨਵੀਂ ਟੈਕਸਟ ਤਿਆਰ ਕਰਦੇ ਹਾਂ ਤਾਂ ਉਹ ਮੈਟਾ ਆਲੋਚਨਾ ਅਖਵਾਉਂਦੀ ਹੈ ਇਸ ਬਾਰੇ ਹਰਿਭਜਨ ਸਿੰਘ ਭਾਟੀਆ ਲਿਖਦੇ ਹਨ:

“ਜੇਕਰ ਆਲੋਚਨਾ ਪਾਠਾਂ ਨੂੰ ਇੱਕ ਦਾਇਰਾ ਮੰਨ ਲਿਆ ਜਾਵੇ ਤਾਂ ਉਸ ਦਾਇਰੇ ਨੂੰ ਟੈਕਸਟ ਜਾਂ ਕਾਗਜ ਖੇਤਰ ਵਜੋਂ ਗ੍ਰਹਿਣ ਕਰਕੇ ਉਸਾਰੀ ਗਈ ਨਵੀਂ ਟੈਕਸਟ ਜਿਸ ਦੇ ਆਪਣੇ ਨੇਮ ਵਿਧਾਨ ਹੋਣਗੇ ਨੂੰ ਮੈਟਾ ਅਧਿਐਨ ਦੀ ਸੰਗਿਆ ਪ੍ਰਦਾਨ ਕੀਤੀ ਜਾਂਦੀ ਹੈ।”[2]

         ਹਰਿਭਜਨ ਭਾਟੀਆ ਮੈਟਾ ਆਲੋਚਨਾ ਬਾਰੇ ਇੱਕ ਹੋਰ ਮਤ ਪੇਸ਼ ਕਰਦਿਆਂ ਹੋਇਆ ਕਹਿੰਦਾ ਹੈ ਕਿ :-

“ਮੈਟਾ ਅਧਿਐਨ ਤੋਂ ਭਾਵ ਅਧਿਐਨ ਵਸਤੂ ਤੋਂ ਵਿੱਥ ਸਥਾਪਿਤ ਕਰਕੇ ਉਸ ਦੇ ਪ੍ਰਤੱਖ, ਅਪ੍ਰਤੱਖ ਜਾਂ ਅਦ੍ਰਿਸ਼ਟ ਪੱਧਰ ਦਾ ਵਿਸ਼ਲੇਸ਼ਣ ਮੁਲਾਂਕਣ ਕਰਨ ਅਤੇ ਅਧਿਐਨ ਵਸਤੂ ਨੂੰ ਕਾਲ ਕ੍ਰਮ ਅਨੁਸਾਰ ਪੇਸ਼ ਕਰਨ ਤੋਂ ਹੈ।”[3]

         ਇਸ ਤਰ੍ਹਾਂ ਮੈਟਾ ਆਲੋਚਨਾ ਬਾਰੇ ਵਿਦਵਾਨਾਂ ਨੇ ਵੱਖ-ਵੱਖ ਮਤ ਪੇਸ਼ ਕੀਤੇ ਹਨ।

         ਪੰਜਾਬੀ ਵਿੱਚ ਮੈਟਾ-ਆਲੋਚਨਾ ਦੀ ਪਰੰਪਰਾ ਭਾਵੇਂ ਬਹੁਤੀ ਪੁਰਾਣੀ ਨਹੀਂ ਹੈ, ਪ੍ਰੰਤੂ ਫੇਰ ਵੀ ਵਿਹਾਰਕ ਪੱਧਰ ਤੇ ਬਹੁਤ ਸਾਰਾ ਅਧਿਐਨ ਕਾਰਜ ਕੀਤਾ ਜਾ ਚੁੱਕਾ ਹੈ। ਪੰਜਾਬੀ ਆਲੋਚਨਾ ਦੇ ਅਤੀਤ ਵੱਲ ਧਿਆਨ ਮਾਰੀਏ ਤਾਂ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਦੀਵਾਨਾ ਨੇ ਆਪਣੇ ਸਾਹਿਤ ਦੇ ਇਤਿਹਾਸਾਂ ਵਿੱਚ ਡਾ. ਲਾਜਵੰਤੀ ਰਾਮਾ ਕ੍ਰਿਸ਼ਨ ਦੀਆਂ ਤੱਥਿਕ ਭੁੱਲਾਂ ਅਤੇ ਆਪਹੁਦਰੀ ਵਿਆਖਿਆ ਸੰਬੰਧੀ ਤਨਜ਼ੀਆ ਅੰਦਾਜ ਵਿੱਚ ਟੀਕਾ ਟਿੱਪਣੀ ਕੀਤੀ ਸੀ। ਡਾ. ਹਰਨਾਮ ਸਿੰਘ ਦੀ ਸੰਪਾਦਤ ਪੁਸਤਕ ‘ਪਰਖ ਪੜਚੋਲ’ ਦੀ ਭੂਮਿਕਾ ਵਿੱਚ ‘ਪਰਖ ਪੜਚੋਲ’ ਦੇ ਸਿਰਲੇਖ ਹੇਠ 1961 ਈ. ਵਿੱਚ ਇਸਦਾ ਹਲਕਾ ਜੇਹਾ ਮੁਹਾਂਦਰਾ ਉਲੀਕਣ ਦਾ ਕਾਰਜ ਕੀਤਾ ਗਿਆ। ਭਾਵੇਂ ਕਿ ਪੰਜਾਬੀ ਚਿੰਤਨ ਦੇ ਖੇਤਰ ਵਿੱਚ ਮੈਟਾ-ਅਧਿਐਨ ਦਾ ਆਰੰਭ ਤਾਂ ਬਹੁਤ ਦੇਰ ਬਾਅਦ ਹੋਇਆ, ਪ੍ਰੰਤੂ ਪੰਜਾਬੀ ਆਲੋਚਨਾ ਦੀ ਪਰੰਪਰਾ ਵਿਚੋਂ ਇਸਦੇ ਧੁੰਦਲੇ ਜਿਹੇ ਨਕਸਾ ਦੀ ਪਛਾਣ ਕੀਤੀ ਜਾ ਸਕਦੀ ਹੇ। ਮਸਲਨ ਪੰਜਾਬੀ ਦੀਆਂ ਰੂਪਵਾਦੀ/ਸੰਰਚਨਾਵਾਦੀ ਅਤੇ ਮਾਰਕਸਵਾਦੀ ਆਲੋਚਨਾ ਪ੍ਰਣਾਲੀਆਂ ਅਤੇ ਮਾਰਕਸਵਾਦੀ ਆਲੋਚਨਾ ਪ੍ਰਣਾਲੀਆਂ ਵਿਚਕਾਰ ਕਾਫੀ ਦੇਰ ਟਕਰਾਅ ਦੀ ਸਥਿਤੀ ਬਣੀ ਰਹੀ, ਪ੍ਰਿੰ. ਸੰਤ ਸਿੰਘ ਸੇਖੋਂ, ਪ੍ਰੋ. ਕਿਸ਼ਨ ਸਿੰਘ ਅਤੇ ਡਾ. ਹਰਿਭਜਨ ਆਦਿ ਆਲੋਚਕਾਂ ਨੇ ਆਪਣੇ ਤੋਂ ਪੂਰਵਲੀ ਅਤੇ ਸਮਕਾਲੀ ਆਲੋਚਨਾ ਸੰਬੰਧੀ ਇਕੋਲਿਤਰੇ ਆਲੋਚਨਾਤਮਕ ਨਿਬੰਧ ਲਿਖੇ। ਪ੍ਰੰਤੁ ਪੰਜਾਬੀ ਮੈਟਾ ਅਧਿਐਨ ਦਾ ਵਿਧੀਵਤ ਆਰੰਭ ਡਾ. ਹਰਿਭਜਨ ਸਿੰਘ ਭਾਟੀਆ ਦੇ ਖੋਜ-ਪ੍ਰਬੰਧ ‘ਪੰਜਾਬੀ ਆਲੋਚਨਾ ‘ਸਿਧਾਂਤ ਤੇ ਵਿਹਾਰ’ (1981) ਦੇ ਨਾਲ ਮੰਨਿਆ ਜਾਂਦਾ ਹੈ। ਇਹ ਅਧਿਐਨ ਕਾਰਜ 1988 ਈ. ਵਿਚ ਪ੍ਰਕਾਸ਼ਿਤ ਹੋਇਆ। ਇਸ ਪੁਸਤਕ ਵਿੱਚ ਡਾ. ਭਾਟੀਆ ਨੇ ਸੁਚੇਤ ਰੂਪ ਵਿੱਚ ਮੈਟਾ-ਅਧਿਐਨ ਦੇ ਅਨੁਸ਼ਾਸਨ ਦੀ ਵਰਤੋਂ ਕਰਕੇ ਪੰਜਾਬੀ ਦੇ ਪੰਜ ਪ੍ਰਮੁੱਖ ਆਲੋਚਨਾ ਕ੍ਰਮਵਾਰ ਪ੍ਰਿੰ. ਸੰਤ ਸਿੰਘ ਸੇਖੋਂ, ਪ੍ਰੋ. ਕਿਸ਼ਨ ਸਿੰਘ, ਡਾ. ਅਤਰ ਸਿੰਘ, ਨਜ਼ਮ ਹੁਸੈਨ ਸੱਯਦ ਅਤੇ ਡਾ. ਹਰਿਭਜਨ ਸਿੰਘ ਦੇ ਚਿੰਤਨ ਕਾਰਜ ਦਾ ਅਧਿਐਨ ਵਿਸ਼ਲੇਸ਼ਣ ਕੀਤਾ ਹੈ।

         ਇਸ ਤੋਂ ਡਾ. ਸੁਰਜੀਤ ਸਿੰਘ ਭੱਟੀ ਨੂੰ ਪੰਜਾਬੀ ਦਾ ਪ੍ਰਮੁੱਖ ਮੈਟਾ-ਅਧਿਏਤਾ ਮੰਨਿਆ ਜਾਂਦਾ ਹੈ, ਉਹਨਾਂ ਦੀਆਂ ਤਿੰਨ-ਪੁਸਤਕਾਂ ਮਾਰਕਸਵਾਦੀ ਪੰਜਾਬੀ ਆਲੋਚਨਾ (1986) ਚਿੰਤਨ ਚੇਤਨਾ (1988) ‘ਪੰਜਾਬੀ ਆਲੋਚਨਾ : ਦਸ਼ਾ ਤੇ ਦਿਸ਼ਾ’ (2003) ਪੰਜਾਬੀ ਮੈਟਾ-ਅਧਿਐਨ ਦੇ ਖੇਤਰ ਵਿੱਚ ਮਹੱਤਵਪੂਰਨ ਸਥਾਨ ਰੱਖਦੀਆਂ ਹਨ।

         ਇਹਨਾਂ ਤੋਂ ਇਲਾਵਾ ਡਾ. ਸਰਬਜੀਤ ਸਿੰਘ, ਡਾ. ਗੁਰਨਾਇਬ, ਜਗਮੋਹਨ ਸਿੰਘ, ਕੰਵਲਜੀਤ ਕੌਰ ਢਿੱਲੋਂ, ਡਾ. ਰਵਿੰਦਰ ਸਿੰਘ ਰਵੀ, ਡਾ. ਟੀ.ਆਰ. ਵਿਨੋਦ, ਡਾ. ਸਤਿੰਦਰ ਸਿੰਘ ਨੂਰ, ਡਾ. ਗੁਰਚਰਨ ਸਿੰਘ ਅਰਸ਼ੀ, ਡਾ. ਸਤਨਾਮ ਸਿੰਘ ਸੰਧੂ ਅਤੇ ਡਾ. ਜਗਜੀਤ ਸਿੰਘ ਆਦਿ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ।

         ਇਸ ਤਰ੍ਹਾਂ ਮੈਟਾ ਆਲੋਚਨਾ ਦੇ ਖੇਤਰ ਵਿੱਚ ਵੱਖ-ਵੱਖ ਵਿਦਵਾਨ ਨੇ ਕਾਰਜ ਕੀਤਾ ਹੈ। ਇਸ ਕਾਰਜ ਨੂੰ ਆਲੋਚਨਾ ਕਾਰਜ ਉੱਪਰ ਉਸਰੇ ਦੁਸਰੇ ਕਾਰਜਾਂ ਦਾ ਨਾਂ ਦੇ ਸਕਦੇ ਹਾਂ ਭਾਵ ਕਿ ਜਿੱਥੇ ਸਾਹਿਤ-ਕਿਰਤ ਦੇ ਅਧਿਏਤਾ ਦਾ ਕੰਮ ਖ਼ਤਮ ਹੁੰਦਾ ਹੈ। ਉੱਥੋਂ ਆਲੋਚਨਾ ਦੇ ਅਧਿਏਤਾ ਦਾ ਕੰਮ ਸ਼ੁਰੂ ਹੁੰਦਾ ਹੈ। ਅਰਥਾਤ ਉਹਦੇ ਕਾਰਜ ਵਿੱਚ ਆਲੋਚਨਾ-ਪਾਠਾਂ ਨੂੰ ਕੇਂਦਰੀ ਮਹੱਤਵ ਪ੍ਰਾਪਤ ਹੁੰਦਾ ਹੈ, ਉਸ ਨੇ ਆਲੋਚਨਾ ਪਾਠਾਂ ਦਾ ਅਧਿਐਨ-ਵਿਸ਼ਲੇਸ਼ਣ ਕਰਕੇ ਉਸ ਵਿੱਚੋਂ ਆਲੋਚਨਾ ਵਿਸ਼ਲੇਸ਼ਣ ਕਰਕੇ ਉਸ ਵਿੱਚੋਂ ਆਲੋਚਨਾ-ਸਿਧਾਂਤ ਦੀ ਪਛਾਣ ਕਰਨੀ ਪੈਂਦੀ ਹੈ। (ਇੱਕ ਮੈਟਾ ਆਲੋਚਕ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ) “ਕਿ ਆਲੋਚਕ ਸਾਹਿਤ-ਰਚਨਾ ਸਬੰਧੀ ਅਖਿਆਨ ਸਾਹਿਤ ਤੱਥ ਦੇ ਆਧਾਰ ਉੱਪਰ ਪੇਸ਼ ਕਰ ਰਿਹਾ ਹੈ ਜਾਂ ਕਿਸੇ ਸਾਹਿਤ-ਕਾਰਜ ਜਾ ਸਕਦਾ ਹੈ ਕਿ ਉਹਦੇ ਅਧਿਐਨ ਕਾਰਜ ਵਿੱਚ ਸਾਹਿਤ ਤੱਥ ਦੇ ਨਿਰਧਾਰਣ ਦਾ ਨਿਯੰਤ੍ਰਣ ਹੈ ਜਾਂ ਨਹੀਂ? ਕੀ ਉਹ ਸਾਹਿਤਕ ਦੀ ਬਜਾਏ ਗੈਰ ਸਾਹਿਤਕ ਸਮੱਸਿਆਵਾਂ ਵਿੱਚ ਦਿਲਚਸਪੀ ਤਾਂ ਨਹੀਂ ਲੈਂਦਾ? ਜਾਂ ਕਿ ਉਹਦੇ ਅਧਿਐਨ ਕਾਰਜ ਵਿੱਚ ਸਾਹਿਤ-ਰਚਨਾਵਾਂ ਦੇ ਨਵੇਕਲੇ ਵਜੂਦ ਜਾਂ ਆਤਮਸੰਪੰਨ ਹੋਂਦ ਨੂੰ ਮਹੱਤਵ ਪ੍ਰਾਪਤ ਹੈ ਜਾਂ ਉਹਨਾਂ ਸੰਬੰਧੀ ਵਿਚਾਰ-ਚਰਚਾ ਕਿਸੇ ਦੂਸਰੇ ਅਨੁਸਾਸਨ ਦੇ ਅਧੀਨ ਹੋ ਰਹੀ ਹੈ? ਕਈ ਆਲੋਚਕ ਨਾ ਤਾਂ ਸਾਹਿਤ ਕਿਰਤ ਨੂੰ ਉਹਦੀ ਆਪਣੀ ਹੋਂਦ ਵਿਧੀ ਦੇ ਸੰਦਰਭ ਵਿੱਚ ਹੀ ਪਰਖਦੇ ਹਨ, ਨਾ ਕਿਸੇ ਹੋਰ ਅਨੁਸਾਰ ਦੇ ਅਧੀਨ ਰੱਖ ਕੇ ਸਗੋਂ ਸਿਸਟਮ/ਵਿਆਕਰ ਤੋਂ ਵਿਛੁੰਨੇ ਉਚਾਰ ਪ੍ਰਸਤੁਤ ਕਰਦੇ ਹਨ।

         ਮੈਟਾ ਅਧਿਐਨ ਦੀ ਚਰਿਤ੍ਰ-ਪਛਾਣ ਵਿੱਚ ਆਲੋਚਨਾ, ਸਿਧਾਂਤ ਅਤੇ ਇਤਿਹਾਸ ਦੇ ਅੱਡੋ-ਅੱਡਰੇ ਖੇਤਰਾਂ ਦੀ ਪਛਾਣ ਕੀਤੀ ਜਾਂਦੀ ਹੈ। ਇਹ ਸਮਝ ਲੈਣਾ ਵੀ ਜਰੂਰੀ ਹੈ ਕਿ ਮੈਟਾ-ਅਧਿਐਨ ਦੀਆਂ ਤਿੰਨ ਦਿਸ਼ਾਵਾਂ ਆਲੋਚਨਾ, ਸਿਧਾਂਤ ਅਤੇ ਇਤਿਹਾਸ ਦੇ ਪਰਸਪਰ ਨਿਖੇੜ ਦਾ ਅਰਥ ਇਹ ਬਿਲਕੁਲ ਨਹੀਂ ਕਿ ਇਨ੍ਹਾਂ ਦਾ ਆਪਸ ਵਿੱਚ ਕੋਈ ਸਰੋਕਾਰ ਜਾਂ ਸੰਬੰਧ ਨਹੀਂ ਤਿੰਨੇ ਅਨੁਸ਼ਾਸ਼ਨ ਆਪਸ ਵਿੱਚ ਗਹਿਰੇ ਰਿਸ਼ਤੇ ਵਿੱਚ ਬੱਝੇ ਹੁੰਦੇ ਹਨ।

ਆਲੋਚਨਾ ਪਾਠ

ਅਧਿਅਨ ਵਸਤੂ

ਇਤਿਹਾਸ ਸਿਰਜਣਾ                 ਆਲੋਚਨਾ                  ਸਿਧਾਂਤ ਉਸਾਰੀ

ਸਿਧਾਂਤ ਦੀ ਉਸਾਰੀ ਇਤਿਹਾਸ ਵਿਚੋਂ ਹੁੰਦੀ ਹੈ ਅਤੇ ਇਤਿਹਾਸ ਦੀ ਸਿਰਜਣਾ ਸਿਧਾਂਤਕ ਸੂਝ ਤੋਂ ਬਿਨ੍ਹਾਂ ਸੰਭਵ ਨਹੀਂ, ਸਿਧਾਂਤਕ ਸੂਝ ਤੋਂ ਬਿਨਾਂ ਆਲੋਚਨਾ ਅਤੇ ਗੈਰ-ਆਲੋਚਨਾ ਪਾਠਾਂ ਦੀ ਪਛਾਣ ਜੋ ਆਲੋਚਨਾ ਦੇ ਇਤਿਹਾਸਕਾਰ ਦਾ ਪ੍ਰਥਮ ਕਾਰਜ ਹੈ, ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਅਜੋਕੀ ਪੰਜਾਬੀ ਸਾਹਿਤ ਅਧਿਐਨ ਦੀ ਦਿਸ਼ਾ ਵਿਚ ਕੁਝ ਬੁਨਆਦੀ ਤਬਦੀਲੀਆਂ ਕਰਨ ਦੀ ਲੋੜ ਹੈ, ਤਾਂ ਜੋ ਇਸ ਦੀ ਵਰਤਮਾਨ ਦਸ਼ਾ ਨੂੰ ਸੁਧਾਰਿਆ ਅਤੇ ਵਰਤਮਾਨ ਚੁਣੌਤੀਆਂ ਅਤੇ ਸਵਾਲਾਂ ਦੇ ਸਨਮੁੱਖ ਹੋਇਆ ਜਾ ਸਕੇ। ਇਹ ਕਮੀਆਂ ਇਸ ਤਰ੍ਹਾਂ ਹਨ:

·        ਪੰਜਾਬੀ ਸਾਹਿਤ ਚਿੰਤਨ ਦੇ ਮੁੱਢ ਬਾਰੇ ਅਨੇਕਾਂ ਮਤ ਭੇਦ ਹਨ ਇਹਨਾਂ ਮਤਭੇਦਾਂ ਅਤੇ ਮੁੱਢਲੇ ਵਿਕਾਸ ਨੂੰ ਵਿਧੀਵਤ ਅਤੇ ਵਸਤੂਭਾਵੀ ਢੰਗ ਨਾਲ ਉਲੀਕੀਆਂ ਜਾਵੇ।

·        ਪੰਜਾਬੀ ਸਾਹਿਤ ਚਿੰਤਨ ਦੀ ਇਤਿਹਾਸ ਰੇਖਾ ਵਿੱਚ ਵਾਪਰੇ ਮੂਲ ਪਰਿਵਰਤਨਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨਾਲ ਸੰਵਾਦ ਅਤੇ ਮੁਲਾਂਕਣ ਦਾ ਨਾਤਾ ਜੋੜ ਕੇ ਉਨ੍ਹਾਂ ਵਿਚਲੇ ਉਲਾਰਾਂ ਅਤੇ ਅੰਤਰ-ਵਿਰੋਧਾਂ ਨੂੰ ਘੋਖਿਆ ਜਾਵੇ।

·        ਪੰਜਾਬੀ ਸਾਹਿਤ ਨੂੰ ਦੂਸਰੇ ਅਨੁਸ਼ਾਸਨਾਂ ਦੀ ਸਹਾਇਤਾ ਨਾਲ ਸਮਝਣ ਵਿਚੋਂ ਵੀ ਵਿਸ਼ੇਸ਼ ਭਾਂਤ ਦਾ ਸਾਹਿਤ ਚਿੰਤਨ ਪੈਦਾ ਹੋਇਆ ਹੈ। ਅਜਿਹੇ ਚਿੰਤਨ ਦੀਆਂ ਪ੍ਰਾਪਤੀਆਂ ਅਤੇ ਸੀਮਾਵਾਂ ਵੀ ਪੜਤਾਲ ਦੀ ਮੰਗ ਕਰਦੀਆਂ ਹਨ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਇਨ੍ਹਾਂ ਲੋੜਾਂ, ਮਸਲਿਆਂ, ਚੁਣੋਤਿਆਂ ਅਤੇ ਪਰਿਪੇਖਾਂ ਨਾਲ ਅਜੋਕਾ ਮੈਟਾ ਚਿੰਤਨ ਜੂਝ ਰਿਹਾ ਹੈ, ਬਿਨ੍ਹਾਂ ਸ਼ੱਕ ਬਹੁਪੱਖੀ ਯੋਗਤਾ ਦੀ ਜਰੂਰਤ ਕਰਕੇ ਇਹ ਮੁਸ਼ਕਲ ਕਾਰਜ ਹੈ। ਇਸ ਸੰਬੰਧੀ ਪੰਜਾਬੀ ਬੌਧਿਕ ਹਲਕਿਆਂ ਵਿੱਚ ਚਿੰਤਾਂ ਵੱਧ ਅਤੇ ਚਿੰਤਨ ਘੱਟ ਕੀਤਾ ਗਿਆ ਹੈ। ਪ੍ਰੰਤੂ ਇਨ੍ਹਾਂ ਸੰਬੰਧੀ ਫਿਕਰ ਵਿਹਾਰਕ ਸ਼ਕਲ ਅਖ਼ਤਿਆਰ ਕੀਤੇ ਜਾਣ ਦੀ ਮੰਗ ਕਰਦੇ ਹਨ।

ਟਿੱਪਣੀਆਂ ਅਤੇ ਹਵਾਲੇ:-

ਸੰਵਾਦ ਪੁਨਰ ਸੰਵਾਦ (ਸੰਪਾ.), ਹਰਭਜਨ ਸਿੰਘ ਭਾਟੀਆ।

  1. ਰਣਬੀਰ ਸਿੰਘ. ਹਰਭਜਨ ਸਿੰਘ ਭਾਟੀਆ ਦੀ ਆਲੋਚਨਾ ਦ੍ਰਿਸ਼ਟੀ, ਖੋਜਾਰਥੀ ,. p. 64 – via ਖੋਜ ਨਿਬੰਧ. 
  2. ਰਣਬੀਰ ਸਿੰਘ. ਹਰਭਜਨ ਸਿੰਘ ਭਾਟੀਆ ਦੀ ਆਲੋਚਨਾ ਦ੍ਰਿਸ਼ਟੀ. pp. ੬੪–੬੫ – via ਖੋਜ ਨਿਬੰਧ. 
  3. ਭਾਟੀਆ, (ਸੰਪਾ.) ਹਰਭਜਨ ਸਿੰਘ. ਪੰਜਾਬੀ ਆਲੋਚਨਾ ਸਿਧਾਂਤ ਤੇ ਵਿਹਾਰ,. p. 2.