ਮੰਜੇ ਇਕੱਠੇ ਕਰਨੇ
ਚਾਰ ਪਾਵਿਆਂ ਵਾਲੇ ਲੱਕੜੀ ਦੇ ਬਣੇ ਉਸ ਢਾਂਚੇ ਨੂੰ, ਜਿਸ ਨੂੰ ਮੁੰਜ ਜਾਂ ਸੁਣ ਦੀ ਰੱਸੀ ਨਾਲ ਜਾਂ ਸੂਤ ਦੀ ਰੱਸੀ ਨਾਲ ਜਾਂ ਨਮਾਰ ਨਾਲ ਬੁਣਿਆ ਜਾਂਦਾ ਹੈ, ਬੈਠਣ ਤੇ ਸੌਣ ਲਈ ਵਰਿਤਆ ਜਾਂਦਾ ਹੈ, ਮੰਜਾ ਕਹਿੰਦੇ ਹਨ। ਪੰਜਾਬ ਖੇਤੀ ਪ੍ਰਧਾਨ ਪਰਦੇਸ ਹੈ। ਅੱਜ ਤੋਂ ਕੋਈ 90 ਕੁ ਸਾਲ ਪਹਿਲਾਂ ਖੇਤੀ ਤੋਂ ਸੀਮਤ ਹੀ ਆਮਦਨ ਸੀ। ਲੋਕਾਂ ਦੀ ਆਈ ਚਲਾਈ ਹੀ ਪੂਰੀ ਹੁੰਦੀ ਸੀ। ਉਸ ਸਮੇਂ ਪੈਸੇ ਦੀ ਘਾਟ ਸੀ ਪਰ ਲੋਕਾਂ ਵਿਚ ਪਿਆਰ ਬਹੁਤ ਸੀ। ਮੇਲ ਮਿਲਾਪ ਬਹੁਤ ਸੀ। ਪਿੰਡ ਇਕ ਇਕਾਈ ਹੁੰਦਾ ਸੀ। ਇਕ ਪਰਿਵਾਰ ਦਾ ਮੁੰਡਾ/ਧੀ ਸਾਰੇ ਪਿੰਡ ਦਾ ਮੁੰਡਾ/ਧੀ ਮੰਨਿਆ ਜਾਂਦਾ ਸੀ। ਇਸ ਲਈ ਮੁੰਡੇ/ਕੁੜੀਆਂ ਦੇ ਵਿਆਹ ਤੇ ਹੋਰ ਸਾਰੇ ਕਾਰਜ ਲੋਕ ਰਲ ਮਿਲ ਕੇ ਕਰਦੇ ਸਨ। ਪਹਿਲੇ ਸਮਿਆਂ ਵਿਚ ਹਫ਼ਤਾ-ਹਫ਼ਤਾ ਵਿਆਹ ਚਲਦੇ ਰਹਿੰਦੇ ਸਨ। ਵਿਆਹ ਤੋਂ ਇਕ ਦੋ ਦਿਨ ਪਹਿਲਾਂ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਜਾਂਦੇ ਸਨ। ਦੋ ਤਿੰਨ ਰਾਤਾਂ ਬਰਾਤਾਂ ਰਹਿੰਦੀਆਂ ਸਨ। ਵਿਆਹ ਤੋਂ ਪਿੱਛੋਂ ਵੀ ਇਕ ਦੋ ਦਿਨ ਰਿਸ਼ਤੇਦਾਰ ਫੇਰ ਵੀ ਰਹਿ ਜਾਂਦੇ ਸਨ। ਇਸ ਕਰਕੇ ਵਿਆਹ ਲਈ ਸਾਰੇ ਪਿੰਡ ਵਿਚੋਂ ਮੰਜੇ ਇਕੱਠੇ ਕੀਤੇ ਜਾਂਦੇ ਸਨ।
ਸ਼ਰੀਕੇ ਵਾਲੇ 5/7 ਮੁੰਡੇ ਇਕੱਠੇ ਹੁੰਦੇ ਸਨ। ਆਟੇ ਦੀ ਲੇਟੀ ਬਣਾਈ ਜਾਂਦੀ ਸੀ। ਇਕ ਮੁੰਡੇ ਕੋਲ ਕਾਪੀ ਹੁੰਦੀ ਸੀ। ਨਾਲ ਉਸ ਨੇ ਕਾਪੀ ਦੇ ਕਾਗਜ਼ ਦੇ ਛੋਟੇ-ਛੋਟੇ ਟੁਕੜੇ ਬਣਾਏ ਹੁੰਦੇ ਸਨ। ਇਨ੍ਹਾਂ ਟੁਕੜਿਆਂ ਉੱਪਰ ਹੀ ਜਿਸ ਘਰ ਵਿਚੋਂ ਮੰਜਾ ਲਿਆ ਜਾਂਦਾ ਸੀ, ਉਸ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਂ ਲਿਖਿਆ ਜਾਂਦਾ ਸੀ। ਕਾਗਜ਼ ਦੇ ਉਸ ਟੁਕੜੇ ਨੂੰ ਫੇਰ ਮੰਜੇ ਦੇ ਸਰ੍ਹਾਣੇ ਵਾਲੇ ਇਕ ਪਾਵੇ ਤੇ ਲੇਟੀ ਨਾਲ ਜੋੜ ਦਿੱਤਾ ਜਾਂਦਾ ਸੀ। ਨਾਲ ਦੀ ਨਾਲ ਕਾਪੀ ਉੱਪਰ ਵੀ ਉਸ ਪਰਿਵਾਰ ਦਾ ਨਾਂ ਲਿਖ ਲੈਂਦੇ ਸਨ। ਇਸ ਤਰ੍ਹਾਂ ਜਿੰਨੇ ਮੰਜਿਆਂ ਦੀ ਲੋੜ ਹੁੰਦੀ ਸੀ, ਪਿੰਡ ਵਿਚੋਂ ਇਕੱਠੇ ਕਰ ਲੈਂਦੇ ਸਨ। ਜਦ ਵਿਆਹ ਖ਼ਤਮ ਹੋ ਜਾਂਦਾ ਸੀ ਤਾਂ ਮੰਜੇ ਵਾਪਸ ਕਰ ਦਿੱਤੇ ਜਾਂਦੇ ਸਨ ਜਾਂ ਘਰਾਂ ਵਾਲੇ ਆਪੇ ਹੀ ਆਪਣੇ ਮੰਜੇ ਪਛਾਣ ਕੇ ਵਿਆਹ ਵਾਲੇ ਘਰ ਲੈ ਜਾਂਦੇ ਸਨ।ਹੁਣ ਪਿੰਡਾਂ ਵਿਚ ਇਕ ਤਾਂ ਪਹਿਲੇ ਜਿਹਾ ਮੇਲ-ਮਿਲਾਪ ਤੇ ਪਿਆਰ ਨਹੀਂ ਰਿਹਾ। ਦੂਜੇ ਹੁਣ ਵਿਆਹ ਵੀ ਇਕ ਦਿਨ ਦਾ ਹੀ ਰਹਿ ਗਿਆ ਹੈ। ਤੀਜੇ ਬਹੁਤ ਵਿਆਹ ਹੁਣ ਹੁੰਦੇ ਹੀ ਵਿਆਹ ਭਵਨਾਂ ਵਿਚ ਹਨ। ਚੌਥੇ ਹੁਣ ਹਰ ਪਰਿਵਾਰ ਕੋਲ ਆਉਣ ਜਾਣ ਦੇ ਆਪਣੇ ਸਾਧਨ ਹਨ। ਇਸ ਲਈ ਵਿਆਹ ਵਿਚ ਥੋੜੇ ਜਿਹ ਗਿਣਤੀ ਦੇ ਰਿਸ਼ਤੇਦਾਰ ਹੀ ਰਾਤ ਕੱਟਦੇ ਹਨ। ਉਨ੍ਹੇ ਕੁ ਮੰਜੇ ਜਾਂ ਤਾਂ ਹਰ ਪਰਿਵਾਰ ਕੋਲ ਹੁੰਦੇ ਹਨ ਜਾਂ ਇਕ ਦੋ ਗੁਆਂਢੀਆਂ ਤੋਂ ਲੈ ਲਏ ਜਾਂਦੇ ਹਨ। ਇਸ ਲਈ ਹੁਣ ਪਹਿਲੇ ਦੀ ਤਰ੍ਹਾਂ ਪਿੰਡ ਵਿਚੋਂ ਮੰਜੇ ਇਕੱਠੇ ਕਰਨ ਦਾ ਰਿਵਾਜ ਕਾਫੀ ਘੱਟ ਗਿਆ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.